ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, July 31, 2009

ਬਲਵਿੰਦਰ ਚਹਿਲ - ਨਜ਼ਮ

ਸਾਹਿਤਕ ਨਾਮ : ਬਲਵਿੰਦਰ ਚਹਿਲ
ਜਨਮ : ਮਾਨਸਾ, ਪੰਜਾਬ
ਅਜੋਕਾ ਨਿਵਾਸ : ਆਕਲੈਂਡ , ਨਿਊਜ਼ੀਲੈਂਡ
ਪ੍ਰਕਾਸ਼ਿਤ ਪੁਸਤਕਾਂ : ਪ੍ਰੋ. ਅਜਮੇਰ ਔਲਖ ਦੀ ਨਾਟਕ ਕਲਾ ( 1988 ), ਸੂਰਜ ਫੇਰ ਜਗਾਵੇਗਾ (2009)ਕਵਿਤਾ ਰਾਹੀਂ ਵਿਗਿਆਨ ( 2008), ਆਖਿਰ ਪਰਵਾਸ ਕਿਉਂ (2009)

-------

ਦੋਸਤੋ! ਮਾਨਸਾ ਵਸਦੇ ਲੇਖਕ ਗੁਰਪ੍ਰੀਤ ਜੀ ਨੇ ਬਲਵਿੰਦਰ ਚਹਿਲ ਜੀ ਦੀਆਂ ਇਹ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ ਲਈ ਭੇਜ ਕੇ ਉਹਨਾਂ ਦੀ ਅਦਬੀ ਮਹਿਫ਼ਿਲ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਉਹਨਾਂ ਦਾ ਬੇਹੱਦ ਸ਼ੁਕਰੀਆ ਬਲਵਿੰਦਰ ਚਹਿਲ ਜੀ ਨੂੰ ਆਰਸੀ ਦੇ ਤਮਾਮ ਲੇਖਕ / ਪਾਠਕ ਸਾਹਿਬਾਨ ਵੱਲੋਂ ਖ਼ੁਸ਼ਆਮਦੀਦ ਆਖਦੀ ਹੋਈ ਇਹਨਾਂ ਨਜ਼ਮਾਂ ਨੂੰ ਆਰਸੀ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*********

ਨਵੀਂ ਦੋਸਤੀ

ਨਜ਼ਮ

ਹੁਣ ਮੈਂ ਮਨੁੱਖਾਂ ਦੀ ਥਾਂ

ਖਿੜੇ ਹਸਦੇ ਫੁੱਲਾਂ

ਅਡੋਲ ਸ਼ਾਂਤ ਰੁੱਖਾਂ

ਚਮਕਦੇ ਤਾਰਿਆਂ

ਤੇ ਵਗਦੇ ਸ਼ੂਕਦੇ ਪਾਣੀਆਂ ਨਾਲ਼

ਦੋਸਤੀ ਪਾ ਲਈ ਹੈ

ਮਨੁੱਖ

ਤਾਂ ਸਿਰਫ

ਖ਼ੁਸ਼ਬੂਆਂ ਦੀ ਰੁੱਤ ਨੂੰ ਹੀ

ਪਿਆਰ ਕਰਦੇ ਨੇ

ਤਾਰਿਆਂ ਦੀਆਂ ਗੱਲਾਂ ਦਾ ਹੀ

ਹੁੰਘਾਰਾ ਭਰਦੇ ਨੇ

ਉਹ ਕੋਲੋਂ ਲੰਘਦਿਆਂ

ਬਿਨਾਂ ਅਹਿਸਾਸ ਦੇ ਹੀ

ਗੁਜ਼ਰ ਜਾਣਾ ਚਾਹੁੰਦੇ ਨੇ

ਤੇ ਪਿੱਛੋਂ ਠਿੱਬੀ ਲਾ ਹੱਸਣਾ

ਉਸੇ ਦੀਆਂ ਗੱਲਾਂ ਦੱਸਣਾ ਜਾਣਦੇ ਨੇ

ਇਸੇ ਲਈ ਤਾਂ

ਮੈਂ ਮਨੁੱਖਾਂ ਦੀ ਥਾਂ

ਫੁੱਲਾਂ

ਰੁੱਖਾਂ

ਤਾਰਿਆਂ

ਤੇ ਪਾਣੀਆਂ ਨਾਲ਼

ਦੋਸਤੀ ਪਾ ਲਈ ਹੈ

========

ਮੇਰਾ ਸੂਰਜ ਬਣ

ਨਜ਼ਮ

ਤੂੰ

ਮੇਰਾ ਪਾਣੀ ਬਣ

ਪੀ ਲਵਾਂ

ਜਾਂ ਫਿਰ

ਤਰ ਲਵਾਂ ਤੇਰੇ ਸੰਗ

ਤੂੰ

ਮੇਰੀ ਹਵਾ ਬਣ

ਸਾਹ ਲਵਾਂ

ਜਾਂ ਫਿਰ

ਸੁਨੇਹਾ ਦੇਵਾਂ ਤੇਰੇ ਸੰਗ

ਤੂੰ

ਮੇਰਾ ਤੂਫ਼ਾਨ ਬਣ

ਸੁੱਟ ਕਿਧਰੇ

ਜਾਂ ਫਿਰ

ਕਿਣਕਾ ਕਿਣਕਾ ਖਿਲਾਰ ਦੇ

ਤੂੰ

ਮੇਰਾ ਸੂਰਜ ਬਣ

ਰੁਸ਼ਨਾ ਦੇ

ਜਾਂ ਫਿਰ

ਭਸਮ ਕਰ ਦੇ ਸਭ ਕੁਝ ।।

Thursday, July 30, 2009

ਹਰਜਿੰਦਰ ਕੰਗ - ਗ਼ਜ਼ਲ

ਗ਼ਜ਼ਲ

ਹਿੱਸੇ ਆਉਂਦੀ ਕੰਧ ਉਠਾਈ ਚਿਰ ਤੋਂ ਤੁਰਿਆ ਫਿਰਦਾ ਹਾਂ।

ਥੰਮ ਜਿਹਾ ਨਾ ਹੋ ਜਾਵਾਂ ਮੈਂ ਲੱਭਦਾ ਕੰਧਾਂ ਜੋਗੀ ਥਾਂ।

----

ਦੁਨੀਆਂ ਦੇ ਸ਼ੀਸ਼ੇ ਦੇ ਸਾਹਵੇਂ ਚੰਦ ਕਦੇ ਸੂਰਜ ਹਾਂ ਪਰ,

ਆਉਂਦੇ ਜਾਂਦੇ ਸਾਹ ਕਹਿੰਦੇ ਨੇ ਜਗਦਾ ਬੁਝਦਾ ਜੁਗਨੂੰ ਹਾਂ।

----

ਇੱਕ ਵਾਰੀ ਤਾਂ ਕਹਿੰਦਾ ਹੋਣੈ ਰੁੱਖ ਵੀ ਲੱਕੜਹਾਰੇ ਨੂੰ,

ਠਹਿਰ ਜ਼ਰਾ! ਅਪਣੇ ਪੱਤਿਆਂ ਦੀ ਛਾਂ ਤਾਂ ਵਾਪਸ ਮੋੜ ਦਿਆਂ।

----

ਉਸ ਵੇਲ਼ੇ ਜੋ ਕੋਲ਼ ਨਹੀਂ ਸੀ ਉਹ ਸਭ ਢੂੰਡ ਲਿਆ ਹੈ ਮੈਂ,

ਉਸ ਵੇਲ਼ੇ ਜੋ ਕੋਲ਼ ਸੀ ਮੇਰੇ ਗੁੰਮ ਗਿਆ ਏ ਢੂੰਡ ਰਿਹਾਂ।

----

ਪਾਣੀ ਨਾਲ਼ ਪਿਆਸ ਬੁਝੇ ਨਾ ਰੂਹ ਜੇ ਰੀਝੇ ਕਿਣ ਮਿਣ ਨੂੰ,

ਦੇਖ ਫਰੋਲਣ ਤਪਦੀ ਧੁੱਦਲ਼ ਚਿੜੀਆਂ ਕਣੀਆਂ ਟੋਲ਼ਦੀਆਂ।

----

ਅਜ ਦਾ ਲੇਖਾ ਜੋਖਾ ਕਲ੍ਹ ਦੀ ਚਿੰਤਾ ਹਰਦਮ ਨਾਲ਼ ਰਹੇ,

ਕਾਸ਼! ਕਦੇ ਮੈਂ ਕੱਲਾ ਹੋਵਾਂ ਕੋਈ ਅਪਣੀ ਗੱਲ ਕਰਾਂ।

----

ਉਹ ਤਾਂ ਗੁੰਮ-ਗੁਆਚ ਗਏ ਜਿਉਂ ਰੂਹਾਂ ਗੁੰਮਣ ਜਿਸਮਾਂ ਚੋਂ,

ਹੁਣ ਉਹਨਾਂ ਦੀ ਭਾਲ਼ ਨੂੰ ਛੱਡੋ ਇਹ ਤਸਵੀਰਾਂ ਛਾਪਣੀਆਂ।


Wednesday, July 29, 2009

ਨਦੀਮ ਪਰਮਾਰ - ਗ਼ਜ਼ਲ

ਗ਼ਜ਼ਲ

ਚਲਨ ਅਪਣਾ ਫਬਨ ਅਪਣੀ ਤੇ ਰੂਹ ਨੂੰ ਮਾਰ ਆਇਆ ਸੀ।

ਮੈਂ ਆਉਂਦਾ ਅਸਤ ਅਪਣੇ ਇਕ ਨਦੀ ਵਿਚ ਤਾਰ ਆਇਆ ਸੀ।

----

ਉਹ ਪਰਛਾਵੇਂ ਉਨ੍ਹਾਂ ਦੀ ਪੈੜ ਮੇਰੇ ਤੀਕ ਆ ਪਹੁੰਚੀ,

ਜਿਨ੍ਹਾਂ ਤੋਂ ਦੌੜ ਕੇ ਮੈਂ ਸੱਤ ਸਮੁੰਦਰ ਪਾਰ ਆਇਆ ਸੀ।

----

ਧਰਮ ਚਿੰਨ੍ਹ ਕੀ, ਧਰਮ ਖ਼ੁਦ ਵੀ ਹੈ ਮੇਰੇ ਘਰ ਚ ਆ ਘੁਸਿਆ,

ਜਿਨ੍ਹਾਂ ਨੂੰ ਪਹਿਨਣੇ ਤੋਂ ਕਰ ਕੇ ਮੈਂ ਇਨਕਾਰ ਆਇਆ ਸੀ।

----

ਨਾ ਮੁੜ ਉਸਦੀ ਸ਼ਕਲ ਦੇਖੀ ਦਿਖਾਇਆ ਜਗਤ ਸੀ ਜਿਸ ਨੇ,

ਮੈਂ ਉਸ ਨੂੰ ਹਰ ਵਰ੍ਹੇ ਮਿਲ਼ਣੇ ਦਾ ਕਰ ਇਕਰਾਰ ਆਇਆ ਸੀ।

----

ਨਦੀਮਾ! ਕਹਿ ਗਏ ਨੇ ਅਲਵਿਦਾ ਉਹ ਵੀ ਜਿਨ੍ਹਾਂ ਵੱਲੋਂ,

ਕਦੀ ਚਿੱਠੀ, ਕਦੀ ਹੱਥੀਂ ਸੁਨੇਹਾ, ਪਿਆਰ ਆਇਆ ਸੀ।

Tuesday, July 28, 2009

ਕ੍ਰਿਸ਼ਨ ਭਨੋਟ - ਗ਼ਜ਼ਲ

ਗ਼ਜ਼ਲ

ਅਸੀਂ ਹਸਕੇ ਲੰਘਾ ਦੇਣੀ ਗ਼ਮਾਂ ਦੀ ਰਾਤ ਉੱਪਰ ਦੀ।

ਚੜ੍ਹੀ ਆਉਂਦੀ ਹਨੇਰੇ ਚੀਰਦੀ ਪ੍ਰਭਾਤ ਉੱਪਰ ਦੀ

----

ਮੈਂ ਆਖਰ ਜਿੱਤਣਾ ਹੈ ਮਿਲ਼ਣ ਹਾਰਾਂ ਸੈਂਕੜੇ ਵਾਰੀ,

ਯਕੀਨ ਐਨਾ ਕਿ ਹੋ ਸਕਦੀ ਨ ਮੈਥੋਂ ਮਾਤ ਉੱਪਰ ਦੀ।

----

ਤਿਰੇ ਹਿਜਰਾਂ ਚ ਲਾਈਆਂ ਮੇਰੀਆਂ ਅੱਖੀਆਂ ਨੇ ਉਹ ਝੜੀਆਂ,

ਇਨ੍ਹਾਂ ਝੜੀਆਂ ਤੋਂ ਹੋ ਸਕਦੀ ਨਹੀਂ ਬਰਸਾਤ ਉੱਪਰ ਦੀ।

----

ਅਨੇਕਾਂ ਮੁਸ਼ਕਲਾਂ ਮੈਂ ਆਪਣੇ ਹੱਥੀਂ ਹੰਢਾਈਆਂ ਨੇ,

ਨ ਮਾਰੀ ਮੁਸ਼ਕਲਾਂ ਤੇ ਓਪਰੀ ਮੈਂ ਝਾਤ ਉੱਪਰ ਦੀ।

----

ਸ਼ਰੀਫਾਂ ਨੂੰ ਭਲਾ ਹੁਣ ਕੌਣ ਪੁੱਛਦਾ ਹੈ ਤਿਰੀ ਨਗਰੀ,

ਸ਼ਰੀਫਾਂ ਚੋਂ ਤਾਂ ਹਰ ਖੇਤਰ ਚ ਨੇ ਕਮਜ਼ਾਤ ਉੱਪਰ ਦੀ।

----

ਅਜੇ ਕਿੰਨੀਆਂ ਨਿਵਾਣਾਂ ਵੱਲ ਜਾਣਾ ਹੋਰ ਹੈ ਇਸਨੇ,

ਕਹਾਉਂਦੀ ਸਾਰੀਆਂ ਜ਼ਾਤਾਂ ਚੋਂ ਆਦਮ ਜ਼ਾਤ ਉੱਪਰ ਦੀ।

----

ਰਹੇ ਹਾਲਾਤ ਵਿਚ ਤੇ ਜਜ਼ਬਿਆਂ ਵਿਚ ਘੋਲ਼ ਤਾਂ ਚਲਦਾ,

ਕਦੇ ਹਾਲਾਤ ਉੱਪਰ ਦੀ, ਕਦੇ ਜਜ਼ਬਾਤ ਉੱਪਰ ਦੀ।

----

ਕਿਸੇ ਨਿਰਵਾਣ ਦੀ, ਮੁਕਤੀ ਦੀ, ਮੈਨੂੰ ਲੋੜ ਨਾ ਕੋਈ,

ਮਿਲ਼ੀ ਮੁਕਤੀ ਦੇ ਨਾਲ਼ੋਂ ਜ਼ਿੰਦਗੀ ਦੀ ਦਾਤ ਉੱਪਰ ਦੀ।

----

ਕਹਾਉਨੈਂ ਸੰਤ, ਮਾਇਆ ਨਾਗਣੀ ਨੂੰ ਮਾਰਦੈਂ ਜੱਫ਼ੇ,

ਤਿਰਾ ਕਿਰਦਾਰ ਨੀਵਾਂ ਕ੍ਰਿਸ਼ਨ ਕਰਦੈਂ ਬਾਤ ਉੱਪਰ ਦੀ।
Monday, July 27, 2009

ਜਸਵਿੰਦਰ - ਗ਼ਜ਼ਲ

ਗ਼ਜ਼ਲ

ਸਮੁੰਦਰ ਵਿਚ ਵੀ ਨਾ ਇਹ ਜ਼ਿੰਦਗੀ ਲੰਮੀ ਸਜ਼ਾ ਹੁੰਦੀ।

ਜੇ ਮੇਰੇ ਬਾਦਬਾਨਾਂ ਵਿਚ ਮੇਰੇ ਘਰ ਦੀ ਹਵਾ ਹੁੰਦੀ।

----

ਤੱਸਵੁਰ ਵਿਚ ਮੈਂ ਇਹ ਕੇਹੋ ਜਿਹੀ ਮੂਰਤ ਬਣਾ ਬੈਠਾ,

ਨਾ ਇਸ ਵਿਚ ਰੰਗ ਭਰ ਹੁੰਦੇ ਨਾ ਇਹ ਦਿਲ ਤੋਂ ਮਿਟਾ ਹੁੰਦੀ।

----

ਸੁਰਾਂ ਵਿੱਚ ਸੇਕ ਹੈ ਤੇ ਬਰਫ਼ ਵਰਗੇ ਗੀਤ ਨੇ ਮੇਰੇ,

ਇਹ ਧੁਖਦੀ ਬੰਸਰੀ ਮੈਥੋਂ ਨਾ ਬੁੱਲ੍ਹਾਂ ਨੂੰ ਛੁਹਾ ਹੁੰਦੀ।

----

ਥਲਾਂ ਵਿੱਚ ਸਿਰ 'ਤੇ ਛਾਂ ਕਰਕੇ ਗੁਜ਼ਰ ਜਾਂਦੀ ਹੈ ਜੋ ਬਦਲ਼ੀ,

ਉਹ ਸਾਵੇ ਜੰਗਲਾਂ ਵਿੱਚ ਵੀ ਨਾ ਰਾਹੀ ਤੋਂ ਭੁਲਾ ਹੁੰਦੀ।

----

ਇਹ ਪਾਪਾਂ ਨਾਲ ਭਾਰੀ ਹੋ ਗਈ ਚੱਲ ਹੱਥ ਪਾ ਲਈਏ,

ਇਕੱਲੇ ਧੌਲ ਕੋਲੋਂ ਹੁਣ ਨਹੀਂ ਧਰਤੀ ਉਠਾ ਹੁੰਦੀ।

----

ਅਸੀਂ ਤਾਂ ਸਿਰਫ਼ ਰੂਹਾਂ ਚੋਂ ਕਸ਼ੀਦੇ ਦਰਦ ਲਿਖਦੇ ਹਾਂ,

ਅਸੀਂ ਕੀ ਜਾਣੀਏ ਇਹ ਸ਼ਾਇਰੀ ਹੈ ਕੀ ਬਲਾ ਹੁੰਦੀ


ਜਸਵਿੰਦਰ ਮਹਿਰਮ - ਗ਼ਜ਼ਲ

ਗ਼ਜ਼ਲ

ਕਰਦਾ ਰਿਹਾ ਮਹਿਬੂਬ, ਵਲ ਛਲ ਹਰ ਸਮੇਂ ਕਰਦਾ ਰਿਹਾ।

ਜਰਦਾ ਰਿਹਾ ਦਿਲ ਸਭ, ਸਮਝ ਉਸਦੀ ਰਜ਼ਾ ਜਰਦਾ ਰਿਹਾ।

----

ਮਰਦਾ, ਤਾਂ ਮੈਂ ਮਰਦ, ਉਦੇ ਈਮਾਨ ਤੇ ਇਖ਼ਲਾਕ ਤੇ,

ਦੀਵਾਨਗੀ ਸੀ ਜੋ ਉਦੇ, ਮੈਂ ਰੂਪ ਤੇ ਮਰਦਾ ਰਿਹਾ।

----

ਡਰਦਾ ਨਹੀਂ ਸੀ ਜੋ ਕਿਸੇ ਤੋਂ, ਜ਼ੁਲਮ ਕਰਦਾ ਰਾਤ ਦਿਨ,

ਸ਼ੀਸ਼ੇ ਖ਼ੁਦ ਨੂੰ ਦੇਖ, ਅਪਣੇ ਆਪ ਤੋਂ ਡਰਦਾ ਰਿਹਾ।

----

ਹਰਦਾ ਜਦੋਂ ਇਨਸਾਨ, ਦਿੰਦੀ ਹਾਰ ਵੀ ਹਿੰਮਤ ਬੜੀ ,

ਟੁੱਟਾ ਜਦੋਂ ਵਿਸ਼ਵਾਸ, ਬੰਦਾ ਜਿੱਤ ਕੇ ਹਰਦਾ ਰਿਹਾ।

----

ਕਰ ਤੂੰ ਭਲਾ ਮਜ਼ਲੂਮ ਦਾ, ਦੇਵੇ ਦੁਆ ਜੋ ਤਹਿ ਦਿਲੋਂ ,

ਮਿੱਟੀ ਬਣੂ ਅਹਿਸਾਨ, ਜੇ ਖ਼ੁਦਗਰਜ਼ ਤੇ ਕਰਦਾ ਰਿਹਾ।

----

ਠਰਦਾ ਨਹੀਂ ਸੀਨਾ ਮੇਰਾ, ਬਿਰਹਾ ਜਲਾਵੇ ਹਰ ਸਮੇਂ,

ਮਿਲਦੀ ਰਹੀ ਉਸ ਦੀ ਖ਼ਬਰ , ਹਿਰਦਾ ਮੇਰਾ ਠਰਦਾ ਰਿਹਾ।

----

ਭਰਿਆ ਨਹੀਂ ਦਿਲ ਦਾ ਕਦੇ ਵੀ ਜ਼ਖਮ , ਪਰ ਰਿਸਿਆ ਉਦੋਂ ,

ਕਰ ਕੇ ਕਿਸੇ ਨੂੰ ਯਾਦ, ਮੈਂ ਹੌਕਾ ਜਦੋਂ ਭਰਦਾ ਰਿਹਾ।

----

ਤਰਨਾ ਬੜਾ ਔਖਾ, ਜਦੋਂ ਬੇੜੀ ਫਸੇ ਮੰਝਧਾਰ ਵਿੱਚ ,

ਜੋ ਹੌਸਲਾ ਕਰਦਾ ਰਿਹਾ, ਦਰਿਆ ਉਹੀ ਤਰਦਾ ਰਿਹਾ।

----

ਡਰ ਸੀ ਉਦਾ ਜਾਂ ਵਹਿਮ ਸੀ, ਲੱਗਿਆ ਪਤਾ ਨਹੀਂ ਯਾਰ ਦਾ ,

ਇਜ਼ਹਾਰ ਵੀ ਕਰਦਾ ਰਿਹਾ, ਇਕਰਾਰ ਤੋਂ ਡਰਦਾ ਰਿਹਾ।

----

ਸਰਦਾ ਇਵੇਂ ਹੈ ' ਮਹਿਰਮਾ', ਸਭ ਦਾ ਕਿਸੇ ਦਿਲਦਾਰ ਬਿਨ ,

ਮੇਰਾ ਜਿਵੇਂ ਸਰਦਾ ਰਿਹਾ , ਤੇਰਾ ਜਿਵੇਂ ਸਰਦਾ ਰਿਹਾ।


Sunday, July 26, 2009

ਦਾਦਰ ਪੰਡੋਰਵੀ - ਗ਼ਜ਼ਲ

ਸਾਹਿਤਕ ਨਾਮ: ਦਾਦਰ ਪੰਡੋਰਵੀ

ਅਜੋਕਾ ਨਿਵਾਸ: ਪਿੰਡ ਢੱਕ ਪੰਡੋਰਵੀ, ਜ਼ਿਲ੍ਹਾ: ਕਪੂਰਥਲਾ (ਪੰਜਾਬ)

ਕਿਤਾਬਾਂ: ਗ਼ਜ਼ਲ-ਸੰਗ੍ਰਹਿ: ਅੰਦਰ ਦਾ ਸਫ਼ਰ ਪ੍ਰਕਾਸ਼ਿਤ ਹੋ ਚੁੱਕਿਆ ਹੈ।

----

ਅੱਜ ਦਾਦਰ ਪੰਡੋਰਵੀ ਜੀ ਨੇ ਆਰਸੀ ਚ ਪਹਿਲੀ ਵਾਰ ਸ਼ਿਰਕਤ ਕੀਤੀ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਅਦਬੀ ਮਹਿਫ਼ਿਲ ਆਪਣੀ ਹਾਜ਼ਰੀ ਲਵਾਉਂਣ ਤੇ ਖ਼ੁਸ਼ਆਮਦੀਦ ਆਖਦੀ ਹਾਂ। ਉਹਨਾਂ ਵੱਲੋਂ ਭੇਜੀਆਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨੂੰ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

************

ਗ਼ਜ਼ਲ

ਤਸੱਵੁਰ ਵਿਚ ਵੀ ਕੋਈ ਮੁਸ਼ਕਲਾਂ ਦਾ ਡਰ ਨਹੀ ਸੀ,

ਇਹ ਮੰਜ਼ਿਲ, ਇਹ ਸਫ਼ਰ ਹੀ ਬਸ ਮੇਰੀ ਖ਼ਾਤਰ ਨਹੀਂ ਸੀ!

----

ਮੈਂ ਬਣਕੇ ਖ਼ਾਬ ਕਿੱਦਾਂ ਪੇਸ਼ ਹੁੰਦਾ, ਤੇਰੇ ਨੈਣੀਂ,

ਉਡੀਕਾਂ ਹੀ ਉਡੀਕਾਂ ਸਨ, ਰਤਾ ਨੀਂਦਰ ਨਹੀਂ ਸੀ!

----

ਸਮੁੰਦਰ ਤੋਂ ਤਾਂ ਬਿਹਤਰ ਸੀ ਬਰੇਤੀ ਲੱਖ ਦਰਜ਼ੇ,

ਕਿ ਆਖ਼ਿਰ ਕਿਸ਼ਤੀਆਂ ਦੇ ਡੁੱਬਣੇ ਦਾ ਡਰ ਨਹੀਂ ਸੀ!

----

ਉਹ ਦਮ ਭਰਦੇ ਰਹੇ ਨੇ ਸ਼ੀਸ਼ਿਆਂ ਦੀ ਪੈਰਵੀ ਦਾ,

ਕਿਸੇ ਦੇ ਕੋਲ ਜਦ ਤਕ ਇੱਕ ਵੀ ਪੱਥਰ ਨਹੀਂ ਸੀ!

----

ਜਦੋਂ ਵਿਸ਼ਵਾਸ ਟੁੱਟੇ, ਭਰਮ ਪੈਦਾ ਹੋਣ ਲੱਗੇ,

ਮੈਂ ਤੇਰੀ ਹੋਂਦ ਤੋਂ ਪਹਿਲਾਂ ਕਦੀ ਮੁਨਕਰ ਨਹੀਂ ਸੀ!

----

ਜਦੋਂ ਮੈਂ ਆਪ ਅਪਣੇ ਰਸਤਿਆਂ ਦੀ ਭਾਲ ਕੀਤੀ,

ਤਾਂ ਖ਼ੁਸ਼ ਮੇਰੇ ਤੇ ਮੇਰਾ ਅਪਣਾ ਵੀ ਰਹਿਬਰ ਨਹੀਂ ਸੀ!

----

ਕਿਵੇਂ ਮਨਜ਼ੂਰ ਕਰ ਲੈਂਦੇ ਅਸੀਂ ਦੀਵਾਰ ਬਣਨਾ,

ਜਦੋਂ ਹਿੱਸੇ ਚ ਸਾਡੇ ਖਿੜਕੀਆਂ ਤੇ ਦਰ ਨਹੀਂ ਸੀ!

----

ਮੈਂ ਮੁੜ ਆਇਆਂ ਹਾਂ ਤੇਹ ਦੇ ਤੋੜ ਕੇ ਚੱਕਰਵਿਊ ਨੂੰ,

ਨਿਰਾ ਹੀ ਰੇਤ ਛਲ ਸੀ, ਉਹ ਕੋਈ ਸਾਗਰ ਨਹੀਂ ਸੀ!

========

ਗ਼ਜ਼ਲ

ਨਵਾਂ ਰੰਗ ਮਿਲਦਿਆਂ ਹੀ ਆਪਣੀ ਰੰਗਤ ਬਦਲ ਜਾਵੇ,

ਸ਼ਿਕਾਇਤ ਬਰਤਨਾਂ ਦੀ ਹੈ, ਇਹ ਪਾਣੀ ਰੋਜ਼ ਛਲ ਜਾਵੇ!

----

ਉਹ ਸਾਰੀ ਰਾਤ ਉਸਤੋਂ ਰੌਸ਼ਨੀ ਦੀ ਮੰਗ ਕਰਦਾ ਹੈ,

ਬਿਸ਼ਕ ਉਸ ਮੋਮਬੱਤੀ ਦਾ ਬਦਨ ਸਾਰਾ ਪਿਘਲ ਜਾਵੇ!

----

ਕਰੋਗੇ ਕੀ ਤੁਸੀਂ ਉਪਚਾਰ ਇਸ ਸੰਗੀਨ ਮੌਸਮ ਦਾ,

ਦਿਨੇ ਜੋ ਹਾਦਸੇ ਦੇਵੇ ਤੇ ਰਾਤੀਂ ਰਾਹ ਨਿਗਲ਼ ਜਾਵੇ!

----

ਘੜਾ ਕੱਚਾ ਹੀ ਮਿਲਦਾ ਹੈ, ਮੁਹੱਬਤ ਦੇ ਝਨਾਂ ਅੰਦਰ,

ਹੁਣੇ ਹੀ ਵਰਜ਼ ਸੋਹਣੀ ਨੂੰ ਸੁਧਰ ਜਾਵੇ, ਸੰਭਲ਼ ਜਾਵੇ!

----

ਪਰਿੰਦੇ ਪਰਤਦੇ ਵੇਖੇ ਉਹ ਜਦ ਪੂਰਬ ਚੋਂ ਪੱਛਮ ਨੂੰ,

ਤਾਂ ਇਕ ਹਉਂਕਾ ਜਿਹਾ ਉੱਠੇ,ਤੇ ਡਾਰਾਂ ਨਾਲ ਰਲ਼ ਜਾਵੇ!

----

ਬਣਾ ਲੈ ਠੋਸ ਅਪਣੇ ਆਪ ਨੂੰ ਤੂੰ ਪੱਥਰਾਂ ਵਰਗਾ,

ਇਹ ਸੰਭਵ ਹੈ, ਕੋਈ ਫੁੱਲ ਸਮਝ ਕੇ ਪੈਰੀਂ ਮਸਲ਼ ਜਾਵੇ!

----

ਅਚਾਨਕ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਈ ਵਾਰੀ,

ਕੋਈ ਅਪਣਾ, ਜਿਵੇਂ ਕੋਲੋਂ,ਹਵਾ ਬਣਕੇ ਨਿਕਲ਼ ਜਾਵੇ!

----

ਅਸੀਂ ਮੰਜ਼ਿਲ ਦੇ ਰਾਹ ਵਿੱਚ ਮਿੰਟ ਵੀ ਬਰਬਾਦ ਕਿਉਂ ਕਰੀਏ,

ਜਾਂ ਆ ਜਾਵੇ ਨਦੀ ਨੇੜੇ ਜਾਂ ਸਾਡੀ ਪਿਆਸ ਟਲ਼ ਜਾਵੇ!

----

ਹਿਫ਼ਾਜ਼ਤ ਦੀਵਿਆਂ ਦੀ ਆਲ੍ਹਿਆਂ ਤੋਂ ਖੋਹਣ ਤੋਂ ਪਹਿਲਾਂ,

ਜ਼ਰਾ ਧੀਰਜ਼ ਧਰੋ, ਸ਼ਾਇਦ ਹਵਾ ਦਾ ਰੁਖ਼ ਬਦਲ ਜਾਵੇ!

----

ਉਦ੍ਹੀ ਪਹਿਚਾਣ ਦਾਦਰਭੀੜ ਦੇ ਅੰਦਰ ਨਹੀਂ ਰੁਲਦੀ,

ਜੋ ਲੈ ਕੇ ਜਾਗਦਾ ਸਿਰ ਭੀੜ ਚੋਂ ਵੱਖਰਾ ਨਿਕਲ਼ ਜਾਵੇ!


Saturday, July 25, 2009

ਕੁਲਵਿੰਦਰ - ਗ਼ਜ਼ਲ

ਗ਼ਜ਼ਲ

ਮੈਂ ਹਰੇ ਮੌਸਮ ਚ ਫਿਰ ਪੁੰਗਰਣ ਦੀ ਲਾ ਬੈਠਾ ਸਾਂ ਆਸ।

ਝੜ ਰਹੇ ਪੱਤੇ ਮੇਰੇ ਨਾ ਕਰ ਸਕੇ ਮੈਨੂੰ ਉਦਾਸ।

----

ਸੋਚਦਾ ਹਾਂ ਥਲ ਚ ਤੈਨੂੰ ਛਾਂ ਕਰਾਂ ਪਰ ਕਿੰਝ ਕਰਾਂ,

ਹੁਣ ਤਾਂ ਮੇਰਾ ਆਪਣਾ ਸਾਇਆ ਨਹੀਂ ਹੈ ਮੇਰੇ ਪਾਸ।

----

ਕਿਸ ਤਰ੍ਹਾਂ ਦਾ ਹੈ ਇਹ ਮੌਸਮ ਕਿਸ ਤਰ੍ਹਾਂ ਦਾ ਹੈ ਸਮਾਂ,

ਨਾ ਰਹੀ ਸੀਨੇ ਚ ਧੜਕਣ ਨਾ ਰਹੀ ਫੁੱਲਾਂ ਚ ਬਾਸ।

----

ਕੀ ਪਤਾ ਕਿਹੜੇ ਥਲਾਂ ਵਿੱਚੋਂ ਹੈ ਗੁਜ਼ਰੀ ਇਹ ਨਦੀ,

ਇਕ ਸਮੁੰਦਰ ਪੀ ਕੇ ਵੀ ਇਸਦੀ ਅਜੇ ਬਾਕੀ ਹੈ ਪਿਆਸ।

----

ਉਹ ਮੇਰੇ ਦਿਲ ਦੀ ਹਰਿਕ ਧੜਕਣ ਚ ਹੀ ਹਾਜ਼ਿਰ ਰਿਹਾ,

ਇਸ ਲਈ ਮੈਂ ਹਿਜਰ ਦੇ ਮੌਸਮ ਚ ਨਾ ਹੋਇਆ ਉਦਾਸ।


ਦਵਿੰਦਰ ਸਿੰਘ ਪੂਨੀਆ - ਗ਼ਜ਼ਲ

ਗ਼ਜ਼ਲ

ਐ ਮਦ-ਨਦੀ ਤੂੰ ਮਿਲ਼ ਕਦੀ ਤੇਰੇ ਬਿਨ੍ਹਾਂ ਰੂਹ ਤੜਫ਼ਦੀ।

ਤੂੰ ਨੂਰ ਹੈਂ ਕਿਓਂ ਦੂਰ ਹੈਂ ਹਰ ਪਲ ਮਿਰਾ ਹੈ ਇਕ ਸਦੀ।

----

ਤੂੰ ਆਰਜ਼ੂ ਤੂੰ ਜੁਸਤਜੂ ਹੋ ਰੂਬਰੂ ਕਰ ਗੁਫ਼ਤਗੂ,

ਹੈਂ ਅਮੋਲ ਤੂੰ ਆ ਕੋਲ਼ ਤੂੰ ਕੁਝ ਬੋਲ ਤੂੰ ਕੁਝ ਸੁਣ ਕਦੀ।

----

ਤੂੰ ਆਸਮਾਂ ਮੇਰਾ ਸਮਾਂ ਮੇਰਾ ਜਹਾਂ ਮੈਂ ਕੀ ਕਹਾਂ,

ਇਕ ਪਿਆਸ ਹੈ ਤੇਰੀ ਆਸ ਹੈ ਅਹਿਸਾਸ ਹੈ ਰੂਹ ਮੰਨਦੀ।

----

ਤੂੰ ਕਰਾਰ ਹੈਂ ਇਤਬਾਰ ਹੈਂ ਤੂੰ ਪਿਆਰ ਹੈਂ ਸੰਸਾਰ ਹੈਂ

ਇਹ ਚਾਹਤਾਂ ਇਹ ਰਾਹਤਾਂ ਤੇਰੇ ਨਾਲ਼ ਹੀ ਜਿੰਦ ਮਹਿਕਦੀ।

----

ਹੈਂ ਸ਼ਬਦ ਤੂੰ ਸੰਗੀਤ ਤੂੰ ਹੈਂ ਦਿਲ ਵੀ ਤੂੰ ਤੇ ਪ੍ਰੀਤ ਤੂੰ,

ਤੂੰ ਵੇਦਨਾ ਸੰਵੇਦਨਾ ਤੂੰ ਚੇਤਨਾ ਏਂ ਧੜਕਦੀ।

----

ਕਿਓਂ ਫਾਸਲਾ ਹੈ ਇਹ ਭਲਾ ਲੱਗੇ ਬੁਰੀ ਇਹ ਬੁਰੀ ਬਲਾ,

ਇਹ ਮਿਟਾ ਦੇ ਤੂੰ ਜ਼ਰਾ ਕੋਲ਼ ਆ, ਜਾ ਮਹਿਕ ਵਾਂਗੂੰ ਫੈਲਦੀ।


Friday, July 24, 2009

ਵਿਸ਼ਾਲ - ਨਜ਼ਮ

ਸਾਹਿਤਕ ਨਾਮ: ਵਿਸ਼ਾਲ

ਜਨਮ: ਬਿਆਸ ( ਪੰਜਾਬ)

ਅਜੋਕਾ ਨਿਵਾਸ: ਪਿਛਲੇ ਨੌਂ ਕੁ ਸਾਲਾਂ ਤੋਂ ਇਟਲੀ ਰਹਿ ਰਹੇ ਹਨ।

ਕਿਤਾਬਾਂ: ਕਾਵਿ-ਸੰਗ੍ਰਹਿ: ਤਿਤਲੀ ਤੇ ਕਾਲ਼ੀ ਹਵਾ, ਕੈਨਵਸ ਕੋਲ਼ ਪਈ ਬੰਸਰੀ, ਮੈਂ ਅਜੇ ਹੋਣਾ ਹੈ ਅਤੇ ਵਾਰਤਕ-ਸੰਗ੍ਰਹਿ: ਥਾਰੀ ਯਾਦ ਚੋਖੀ ਆਵੈ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਵਿਸ਼ਾਲ ਜੀ ਦੀਆਂ ਨਜ਼ਮਾਂ ਅਲੱਗ-ਅਲੱਗ ਭਾਰਤੀ ਭਾਸ਼ਾਵਾਂ ਚ ਅਨੁਵਾਦ ਹੋ ਕੇ ਬਲੌਗਾਂ ਦਾ ਸ਼ਿੰਗਾਰ ਬਣ ਚੁੱਕੀਆਂ ਹਨ ਅਤੇ ਪੰਜਾਬੀ ਦੇ ਸਿਰਕੱਢ ਸਾਹਿਤਕ ਮੈਗਜ਼ੀਨਾਂ ਤੇ ਅਖ਼ਬਾਰਾਂ ਚ ਛਪਦੀਆਂ ਰਹਿੰਦੀਆਂ ਹਨ।

ਸੰਪਾਦਨ: ਵਿਸ਼ਾਲ ਜੀ ਇਟਲੀ ਤੋਂ ਛਪਦੇ 'ਇੰਡੋ-ਇਟਾਲੀਅਨ ਯੂਰਪ ਟਾਈਮਜ਼' ਦੇ ਸੰਪਾਦਕ ਵੀ ਹਨ।

---

ਦੋਸਤੋ! ਅੱਜ ਇਟਲੀ ਤੋਂ ਵਿਸ਼ਾਲ ਜੀ ਨੇ ਆਪਣੀਆਂ ਦੋ ਬੇਹੱਦ ਖ਼ੂਬਸੂਰਤ ਨਜ਼ਮਾਂ ਨਾਲ਼ ਆਰਸੀ ਦੀ ਅਦਬੀ ਮਹਿਫਿਲ ਚ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਮੈਂ ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਖ਼ੁਸ਼ਆਮਦੀਦ ਆਖਦੀ ਹੋਈ, ਦੋਵਾਂ ਨਜ਼ਮਾਂ ਨੂੰ ਅੱਜ ਦੀ ਪੋਸਟ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ।

********************

ਆਪਣੇ ਮੱਠ ਵੱਲ

ਨਜ਼ਮ

ਵਕ਼ਤ ਦੇ ਗੇੜ ਚ ਰਿੜਕਦਾ

ਆਪਣੇ ਅੰਦਰ ਹੀ ਥਿੜਕਦਾ...ਸੰਭਲ਼ਦਾ

ਘਰ ਵਰਗੇ ਸਾਰੇ ਅਰਥਾਂ ਦੀ ਜੁਗਾਲ਼ੀ ਕਰਕੇ

ਨਾ ਮੁੱਕਣ ਵਾਲ਼ੇ ਸਫ਼ਰ ਅੱਖਾਂ ਚ ਰੱਖ ਕੇ

ਮੈਂ ਬਹੁਤ ਦੂਰ ਨਿਕਲ਼ ਆਇਆ ਹਾਂ

ਤੂੰ ਰਹਿ ਰਹਿ ਕੇ ਆਵਾਜ਼ ਨਾ ਦੇ

ਇਸ ਕਦਰ ਯਾਦ ਨਾ ਕਰ ਮੈਨੂੰ

ਪਰਤਣਾ ਹੁੰਦਾ ਤਾਂ

ਮੈਂ ਬਹੁਤ ਪਹਿਲਾਂ ਹੀ ਪਰਤ ਆਉਂਣਾ ਸੀ

................

ਸਮੁੰਦਰ, ਹੱਦਾਂ, ਸਰਹੱਦਾਂ ਵੀ

ਬਹੁਤ ਛੋਟੇ ਨੇ ਮੇਰੇ ਸਫ਼ਰਾਂ ਤੋਂ

ਚਮਕਦੇ ਦੇਸ਼ ਦੀਆਂ ਰੌਸ਼ਨੀਆਂ

ਬਹੁਤ ਮੱਧਮ ਨੇ ਮੇਰੇ ਹਨੇਰਿਆਂ ਲਈ

...................

ਪਤਾ ਨਹੀਂ ਕਿ ਮੈਂ ਤਲਾਸ਼ ਵੱਲ ਹਾਂ

ਕਿ ਤਲਾਸ਼ ਮੇਰੇ ਵੱਲ ਤੁਰੀ ਹੈ

ਮੈਨੂੰ ਨਾ ਬੁਲਾ

ਸਿਕਲੀਗਰ ਪਰਤ ਕੇ ਨਹੀਂ ਵੇਖਦੇ

ਮੈਂ ਆਪਣੀ ਹੋਂਦ ਤੇ

ਦੰਭੀ ਰਿਸ਼ਤਿਆਂ ਦੇ ਕਸੀਦੇ ਨਹੀਂ ਕੱਢਣੇ ਹੁਣ

...................

ਇਕ ਉਮਰ ਬੀਤ ਗਈ ਹੈ

ਆਪਣੇ ਵਿਰੋਧ ਚ ਭੱਜਦਿਆਂ

ਮੈਂ ਰਿਸ਼ਤਿਆਂ ਤੇ ਸਲੀਕਿਆਂ ਦੀਆਂ ਆਂਦਰਾਂ ਟੁੱਕ ਕੇ

ਆਪਣਾ ਸਰਲ ਅਨੁਵਾਦ ਤੇ ਵਿਸਥਾਰ ਕਰ ਲਿਆ ਹੈ

ਤਲਿਸਮ ਦੇ ਅਰਥ ਬਦਲ ਗਏ ਨੇ ਮੇਰੇ ਲਈ

.........................

ਰਕਬਾ ਛੋਟਾ ਹੋ ਗਿਆ ਹੈ ਮੇਰੇ ਫੈਲਾਅ ਤੋਂ

ਇਹ ਤਾਂ ਮੇਰੇ ਪਾਣੀਆਂ ਦੀ ਕਰਾਮਾਤ ਹੈ

ਕਿ ਦਿਸ਼ਾਵਾਂ ਤੋਂ ਪਾਰ ਦੀ ਮਿੱਟੀ ਸਿੰਜਣੀ ਚਾਹੁੰਦਾ ਹਾਂ

ਜਿੱਥੇ ਕਿਤੇ ਸਮੁੰਦਰ ਮੁੱਕਦੇ ਨੇ

ਮੈਂ ਉਥੇ ਵਗਣਾ ਚਾਹੁੰਦਾ ਹਾਂ

.....................

ਰਮਤੇ ਕਦੋਂ ਮੱਠਾਂ ਨੂੰ ਅਲਵਿਦਾ ਆਖਦੇ ਨੇ

ਤਾਂ ਆਪਣਾ ਜਿਸਮ

ਧੂਣੀ ਤੇ ਰੱਖ ਕੇ ਹੀ ਆਉਂਦੇ ਨੇ...!

==========

ਨਾਥਾਂ ਦਾ ਉਤਸਵ

ਨਜ਼ਮ

ਉਨ੍ਹਾਂ ਤਾਂ ਜਾਣਾ ਹੀ ਸੀ

ਜਦੋਂ ਰੋਕਣ ਵਾਲ਼ੀਆਂ ਬਾਹਵਾਂ ਨਾ ਹੋਣ

ਵੇਖਣ ਵਾਲ਼ੀ ਨਜ਼ਰ ਨਾ ਹੋਵੇ

ਸਮਝਣ ਤੇ ਸਮਝਾਉਂਣ ਵਾਲ਼ੀ ਕੋਈ ਗੱਲ ਨਾ ਬਚੇ

.....................

ਜੇ ਉਹ ਘਰਾਂ ਦੇ ਨਹੀਂ ਹੋਏ

ਤਾਂ ਘਰਾਂ ਨੇ ਵੀ ਉਨ੍ਹਾਂ ਨੂੰ ਕੀ ਦਿੱਤਾ

ਤੇ ਫੇਰ ਜੋਗੀਆਂ...ਮਲੰਗਾਂ...ਸਾਧਾਂ

ਫੱਕਰਾਂ....ਬਨਵਾਸਾਂ....ਨਾਥਾਂ

ਨਾਲ਼ ਨਾ ਜਾ ਰਲ਼ਦੇ

ਤਾਂ ਕਰਦੇ ਵੀ ਕੀ

................

ਉਹ ਬੱਸ ਇਹੋ ਹੀ ਕਰ ਸਕਦੇ ਸਨ

ਆਪਣੀ ਰੂਹ ਦੀ ਕੰਬਲ਼ੀ ਦੀ ਬੁੱਕਲ਼ ਮਾਰਦੇ

ਸਮਝੌਤਿਆਂ ਦੇ ਅਸ਼ਟਾਮ ਪਾੜਦੇ

ਆਪਣੇ ਗਵਾਹ ਆਪ ਬਣਦੇ

ਆਪਣੀ ਹਾਂ ਨਾਲ਼ ਹਾਂ ਮਿਲ਼ਾਉਂਦੇ

ਆਪਣੇ ਧਿਆਨ ਮੰਡਲ

ਸਾਂਭ ਕੇ ਆਪਣੀ ਸ਼੍ਰਿਸ਼ਟੀ

ਛੱਡ ਕੇ ਜਿਸਮ ਦਾ ਆਸ਼ਰਮ

ਆਪਣੇ ਉਨੀਂਦਰਿਆਂ ਦੀਆਂ ਚਿਲਮਾਂ ਭਰ ਕੇ

ਤੁਰ ਪੈਂਦੇ ਤੇ ਬਸ ਤੁਰ ਪੈਂਦੇ

.......................

ਫਿਰ ਉਨ੍ਹਾਂ ਇੰਝ ਹੀ ਕੀਤਾ

ਕੋਈ ਧੂਣੀ ਨਹੀਂ ਬਾਲ਼ੀ

ਪਰ ਅੱਗ ਆਪਣੀ ਨਾਲ਼

ਸੇਕਿਆ ਆਪਣੇ ਆਪ ਨੂੰ

ਕੋਈ ਭੇਸ ਨਹੀਂ ਬਦਲਿਆ

ਪਰ ਉਹ ਅੰਦਰੋਂ ਹੀ ਜਟਾਧਾਰੀ ਹੋ ਗਏ

ਕਿਸੇ ਨਾਲ਼ ਬੋਲ ਅਲਾਪ ਸਾਂਝੇ ਨਾ ਕੀਤੇ

ਨਾ ਸੁਣਿਆ ਨਾ ਸੁਣਾਇਆ

ਨਾ ਪਾਇਆ ਨਾ ਗਵਾਇਆ

ਬਸ ਉਹ ਤਾਂ ਅੰਦਰੋਂ ਹੀ ਰਿਸ਼ੀ ਹੋ ਗਏ

ਖੜਾਵਾਂ ਉਹਨਾਂ ਦੇ ਪੈਰਾਂ ਚ ਨਹੀਂ....ਅੰਦਰ ਸਨ

.......................

ਉਹਨਾਂ ਦੇ ਪੈਰਾਂ ਚ ਤਾਲ ਨਹੀਂ

ਸਗੋਂ ਤਾਲ ਚ ਉਹਨਾਂ ਦੇ ਪੈਰ ਸਨ

ਭਗਵੇਂ ਕੱਪੜੇ ਨਹੀਂ ਪਾਏ ਉਹਨਾਂ

ਉਹ ਤਾਂ ਅੰਦਰੋਂ ਹੀ ਭਗਵੇਂ ਹੋ ਗਏ

..................

ਉਹਨਾਂ ਆਪਣੀ ਮਿੱਟੀ ਚੋਂ

ਸੁਗੰਧੀਆਂ ਲੱਭਣ ਜਾਣਾ ਹੀ ਸੀ

ਫਿਰ ਉਹ ਕਦੇ ਉਪਰਾਮ ਨਹੀਂ ਹੋਏ

ਸਗੋਂ ਹਮੇਸ਼ਾ ਹੀ ਉਤਸਵ ਚ ਰਹੇ

ਕਈਆਂ ਦਾ ਨਾ ਹੋਣਾ ਹੀ

ਉਹਨਾਂ ਦਾ ਹੋਣਾ ਹੁੰਦਾ ਹੈ!


Thursday, July 23, 2009

ਗੁਰਦਰਸ਼ਨ ਬਾਦਲ - ਗ਼ਜ਼ਲ

ਗ਼ਜ਼ਲ

ਸਦਾ ਹੀ ਹੱਦ ਰੱਖੀ ਹੈ, ਤੂੰ ਚਿਹਰੇ ਦੀ ਬਨਾਵਟ ਤੀਕ।

ਗੁਣਾਂ ਉੱਪਰ ਵੀ ਝਾਤੀ ਪਾ, ਨਾ ਰਹਿ ਬਾਹਰੀ ਸਜਾਵਟ ਤੀਕ।

----

ਮੁਕੱਦਰ ਜਾਗ ਉੱਠੇਗਾ, ਸੁਹਾਣੇ ਆਣਗੇ ਸੁਪਨੇ,

ਜ਼ਰਾ ਤੂੰ ਪਹੁੰਚ ਤਾਂ ਰਾਹੀ, ਕਦੇ ਚਲ ਕੇ ਥਕਾਵਟ ਤੀਕ।

----

ਮਿਰੀ ਝੁੱਗੀ ਦੇ ਅੰਦਰ ਜੋ, ਤੂੰ ਚਿੜੀਆਂ, ਮੋਰ ਉਕਰੇ ਨੇ,

ਮੁਨਾਰੇ ਪਹੁੰਚ ਨਈਂ ਸਕਣੇ, ਕਦੇ ਇਸ ਦੀ ਸਜਾਵਟ ਤੀਕ।

----

ਇਹ ਮਾਇਆ ਛੱਡ ਚੱਲਿਆ ਏਂ, ਬੜੇ ਪਾਪੜ ਤੂੰ ਵੇਲੇ ਸੀ,

ਜਮ੍ਹਾ-ਖ਼ੋਰੀ ਕਦੇ ਕੀਤੀ, ਕਦੇ ਕੀਤੀ ਮਿਲਾਵਟ ਤੀਕ।

----

ਨਜ਼ਰ ਆਂਦਾ ਹੈ ਜੋ ਝੱਲਾ, ਹਕੀਕਤ ਹੋਰ ਹੈ ਉਸਦੀ,

ਟਿਕਾ ਕੇ ਹੱਥ ਤੇ ਸਰਸੋਂ, ਮਸਲ਼ਦਾ ਹੈ ਤਰਾਵਟ ਤੀਕ।

----

ਖਿੜੇ ਰਹਿਣਾ ਹੀ ਜੀਵਨ ਹੈ, ਤੇ ਚਲਣਾ ਜਿੱਤ ਦਾ ਸੂਚਕ,

ਇਰਾਦੇ ਹੋਣ ਜੇ ਉੱਚੇ, ਹਟਾ ਦੇਵਣ ਰੁਕਾਵਟ ਤੀਕ।

----

ਕਦੇ ਉਠਣਾ ਵੀ ਚਾਹੇਂ ਤਾਂ, ਅਸੰਭਵ ਨਾ ਰਹੇ ਜਿੱਥੋਂ,

ਗਿਰੀਂ ਨਾ ਭੁੱਲ ਕੇ ਬਾਦਲ, ਕਦੇ ਏਨੀ ਗਿਰਾਵਟ ਤੀਕ।


Wednesday, July 22, 2009

ਸੁਰਿੰਦਰ ਸੋਹਲ - ਗ਼ਜ਼ਲ

*****************************************

ਗ਼ਜ਼ਲ

ਇਸ ਵਾਰੀ ਤੂੰ ਮੈਨੂੰ ਕਿੰਨੀਆਂ ਚੰਗੀਆਂ ਘਲੀਆਂ ਸੀਨਰੀਆਂ।

ਪਰਬਤ, ਝੀਲਾਂ, ਬਿਰਖਾਂ ਦੀ ਥਾਂ ਧੂੰਆਂ ਧੂੰਆਂ ਸੀਨਰੀਆਂ।

----

ਕੱਲਰ ਲਗਿਆ, ਖੇਪੜ ਲੱਥੇ, ਚੋਈ ਛੱਤ ਦੇ ਧੱਬੇ ਨੇ,

ਕੱਚੇ ਘਰ ਦੀਆਂ ਕੰਧਾਂ ਉੱਤੇ ਬਣੀਆਂ ਕੇਹੀਆਂ ਸੀਨਰੀਆਂ।

----

ਇਸ ਘਰ ਅੰਦਰ ਸੜਦੇ ਬੂਟੇ ਤਰਸਣ ਤਿਪ ਕੁ ਪਾਣੀ ਨੂੰ,

ਇਸ ਵਿਚ ਭਾਵੇਂ ਨਦੀਆਂ ਤੇ ਬਦਲ਼ਾਂ ਦੀਆਂ ਲਗੀਆਂ ਸੀਨਰੀਆਂ।

----

ਸੌਂਦਾ ਹੈ ਫ਼ੁਟਪਾਥ ਤੇ ਜਿਹੜਾ ਚਾਦਰ ਲੈ ਕੇ ਅੰਬਰ ਦੀ,

ਵੇਚ ਰਿਹਾ ਉਹ ਬੱਚਾ ਫੁੱਲਾਂ ਲੱਦੇ ਘਰ ਦੀਆਂ ਸੀਨਰੀਆਂ।

----

ਡੁਬਦਾ ਸੂਰਜ, ਪੀਂਘ ਰੰਗੀਲੀ, ਘੁੱਗੀ ਰੰਗੇ ਬੱਦਲ਼ ਨੇ,

ਨੀਲੇ ਅੰਬਰ ਉੱਤੇ ਸਜੀਆਂ ਰੰਗ-ਬਿਰੰਗੀਆਂ ਸੀਨਰੀਆਂ।

----

ਮੇਰੇ ਸਾਵ੍ਹੇਂ ਸੁੰਨ-ਮਸੁੰਨੀ ਇਕ ਦੀਵਾਰ ਉਦਾਸ ਖੜ੍ਹੀ,

ਤੇਜ਼ ਹਨੇਰੀ ਦੇ ਵਿਚ ਜਿਸ ਦੇ ਉੱਤੋਂ ਉੜੀਆਂ ਸੀਨਰੀਆਂ।

----

ਸ਼ਬਦਾਂ ਵਿਚ ਉਹ ਹਾਦਸਿਆਂ ਦਾ ਵਰਣਨ ਏਦਾਂ ਕਰਦਾ ਹੈ,

ਉਸ ਦੇ ਖ਼ਤ ਜੋ ਆਉਂਦੇ ਮੈਨੂੰ ਲਗਦੇ ਨਿਰੀਆਂ ਸੀਨਰੀਆਂ।

----

ਜਦ ਮੈਂ ਅਪਣੇ ਦਿਲ ਦੀ ਬੈਠਕ ਅੰਦਰ ਝਾਤੀ ਮਾਰਾਂ ਤਾਂ,

ਦਿਸਦੇ ਗ਼ਮ ਦੇ ਜਾਲ਼ੇ, ਤਿੜਕੇ ਸ਼ੀਸ਼ੇ, ਫਟੀਆਂ ਸੀਨਰੀਆਂ।
Tuesday, July 21, 2009

ਦਰਵੇਸ਼ - ਨਜ਼ਮ

ਵਾਪਸ ਪਰਤ ਆ...

ਨਜ਼ਮ

ਤੂੰ ਅੱਥਰੂਆਂ ਨੂੰ

ਮਿਲ਼ ਕੇ ਮੜ੍ਹੀ ਤੇ

ਵਾਪਸ ਹੀ ਪਰਤ ਆ

..............

ਇੱਥੇ ਤਾਂ ਹਰ ਕੋਈ

ਉਹਨਾਂ ਦੇ ਸਿਰ

ਇਲਜ਼ਾਮਾਂ ਦਾ

ਸਿਹਰਾ ਬੰਨ੍ਹਣ ਹੀ ਆਉਂਦਾ ਹੈ

ਅਤੇ ਉਹਨਾਂ ਦੀ ਸਲਤਨਤ ਦੀ

ਪਰਕਰਮਾ ਕਰਦਾ

ਆਪਣੇ ਰਾਹਾਂ ਤੇ ਜਾ ਕੇ ਕਹਿਕਹੇ ਲਾਉਂਦਾ ਹੈ

.............

ਤੂੰ ਅੱਥਰੂਆਂ ਨੂੰ

ਮਿਲ਼ ਕੇ ਮੜ੍ਹੀ ਤੇ

ਵਾਪਸ ਹੀ ਪਰਤ ਆ

..................

ਬੜਾ ਇਤਿਹਾਸ ਭੋਗਿਆ ਹੈ ਉਹਨਾਂ-

ਜਦੋਂ ਖੰਡਰ ਬਣੇ ਸਨ

ਤਾਂ-

ਸਾਰੇ ਦੇ ਸਾਰੇ ਗ਼ਰਕ ਹੋ ਜਾਂਦੇ ਸਨ

ਮੀਨਾਰ-

ਤਾਂ ਨੀਂਹਾਂ ਚੋਂ

ਕਈ ਹੱਸਦੇ ਚਿਹਰੇ ਨਜ਼ਰ ਆਉਂਦੇ ਸਨ

.................

ਚਾਨਣ ਬਣਦੇ ਸਨ

ਤਾਂ-

ਪਥਰੀਲੇ ਬੋਲਾਂ ਨੂੰ ਵੀ

ਬੰਸਰੀ ਬਣ ਕੇ ਮੁਖ਼ਾਤਿਬ ਹੁੰਦੇ ਸਨ

ਤੇ ਜਦ ਹਨੇਰਾ

ਤਾਂ-

ਕਬਰਾਂ ਚੋਂ ਸਿਸਕੀਆਂ ਸੁਣਦੀਆਂ ਸਨ

..............................

ਹਾਦਸਾ ਤਾਂ

ਤੇਰੇ ਅੱਥਰੂਆਂ ਦੀ

ਤਲ਼ੀ ਤੇ ਉੱਕਰਿਆ ਵੀ

ਗੁੰਮਨਾਮੀ ਦੀ ਉਮਰ ਹੀ ਭੋਗਦਾ ਸੀ

.....................

ਜਦ ਉਹ ਕਿਸੇ ਵੀ ਗੀਤ ਨੂੰ

ਮਰਸੀਆ ਬਣਿਆ ਤੱਕਦੇ ਸਨ

ਤਾਂ-

ਆਪਣੇ ਹੀ

ਅਣ-ਪਛਾਣੇ ਬੋਲਾਂ ਦੇ ਪਰਦੇ ਚ ਤੁਰਦੇ

ਇੰਨੇ ਖ਼ਾਮੋਸ਼ ਹੋ ਜਾਂਦੇ ਸਨ

ਕਿ-

ਕ਼ਤਲਗਾਹ ਦਾ ਖ਼ੌਫ਼ ਵੀ

ਚਲਿਆ ਜਾਂਦਾ ਸੀ

ਦੂਰ

...........

ਤੇਰੇ ਸਿਵਾ ਉਹਨਾਂ ਨੂੰ

ਕੋਈ ਨਾ ਮਿਲ਼ਿਆ

ਜੋ ਉਹਨਾਂ ਦੀ ਕ਼ਬਰ ਦੇ ਕੁਤਬੇ ਤੇ

ਵਿਰਲਾਪ ਦੀਆਂ

ਚਾਰ

ਆਇਤਾਂ ਲਿਖ ਸਕੇ

ਉਹਨਾਂ ਦੀ ਰੂਹ ਦੇ ਸ਼ਲੋਕਾਂ ਨੂੰ

ਆਪਣੇ ਮਨ ਚ ਉਤਾਰ ਸਕੇ

ਅਤੇ-

ਉਹਨਾਂ ਦੇ ਚਿਹਰੇ ਦੀ ਚੁੱਪ ਨੂੰ

ਆਪਣੇ ਮੱਥੇ ਚ ਸਿਰਜ ਸਕੇ

......................

ਹੁਣ ਤਾਂ

ਉਹਨਾਂ ਨੂੰ ਜੋ ਵੀ ਤੱਕਦਾ ਹੈ

ਬੱਸ ਰੇਤਲਾ ਹਾਸਾ ਹੱਸਦਾ ਹੈ

ਅਤੇ ਉਹਨਾਂ ਦੇ ਤਪ ਨੂੰ

ਦਰ-ਬ-ਦਰ ਦਾ

ਕਾਲ਼ਾ ਦਾਗ਼ ਕਹਿ ਕੇ ਭੰਡਦਾ ਹੈ

...............

ਤੂੰ ਅੱਥਰੂਆਂ ਨੂੰ

ਮਿਲ਼ ਕੇ ਮੜ੍ਹੀ ਤੇ

ਵਾਪਸ ਹੀ ਪਰਤ ਆ...