ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, February 28, 2010

ਕੁਲਵਿੰਦਰ - ਗ਼ਜ਼ਲ

ਗ਼ਜ਼ਲ

ਵਣ ਚ ਘਰ ਦੀ ਯਾਦ ਆਈ, ਪਰ ਕਿਸੇ ਦਾ ਗ਼ਮ ਨ ਸੀ।

ਸੀ ਮੇਰਾ ਦਿਲ ਵੀ ਨਿਰਾ ਪੱਥਰ, ਮਗਰ ਗੌਤਮ ਨ ਸੀ।

-----

ਕੁਝ ਪਲਾਂ ਅੰਦਰ ਹੀ ਉਸਨੇ ਸੜ ਕੇ ਹੋ ਜਾਣਾ ਸੀ ਰਾਖ਼,

ਟੁੱਟਦੇ ਤਾਰੇ ਦੀ ਫਿਰ ਵੀ ਰੌਸ਼ਨੀ ਮੱਧਮ ਨ ਸੀ।

-----

ਕੀ ਪਤਾ ਉਹ ਬਿਰਖ਼ ਨਾਲ਼ੋਂ ਕਿੰਝ ਵਿਛੜੀ ਹੋਏਗੀ,

ਬੰਸਰੀ ਚੋਂ ਚੀਕ ਨਿਕਲ਼ਦੀ ਸੀ, ਪਰ ਸਰਗਮ ਨ ਸੀ।

-----

ਦੂਰ ਤੋਂ ਤਕਿਆ ਤਾਂ ਸਾਬਤ, ਨੇੜ ਤੋਂ ਜਦ ਦੇਖਿਆ,

ਖ਼ੂਬਸੂਰਤ ਸ਼ਹਿਰ ਦਾ ਇਕ ਸ਼ਖ਼ਸ ਵੀ ਸਾਲਮ ਨ ਸੀ।

-----

ਕਿਸ ਤਰ੍ਹਾਂ ਦੀ ਰਾਤ ਕਿ ਜਿਸਦੀ ਨ ਸੀ ਕੋਈ ਸਵੇਰ,

ਕਿਸ ਤਰ੍ਹਾਂ ਦੀ ਪੀੜ ਕਿ ਜਿਸਦੀ ਕੋਈ ਮਰਹਮ ਨ ਸੀ।

ਜਗਜੀਤ ਸੰਧੂ - ਨਜ਼ਮ

ਸੁਪਨੇ ਜੋਗੀ ਨੀਂਦਰ ਦੇ ਦੇ...
ਨਜ਼ਮ

ਸੁਪਨੇ ਜੋਗੀ ਨੀਂਦਰ ਦੇ ਦੇ, ਨੀਂਦ ਕੁ ਜੋਗਾ ਨੇਰ੍ਹਾ ਦੇ

ਹੱਸਣ, ਰੋਵਣ, ਜੀਵਣ ਦੇ ਲਈ, ਜਗਦਾ, ਬੁਝਦਾ, ਹਿਰਦਾ ਦੇ

-----

ਅੰਤਰਯਾਮੀ, ਸਰਵ-ਸੁਆਮੀ ਕਾਰਨ ਦੇ ਹਰ ਕਾਰਜ ਨੂੰ,

ਉਪਜਣ, ਉਗਮਣ, ਮੌਲਣ ਦੇ ਲਈ, ਕਿਣਕਾ, ਤੁਪਕਾ, ਰੁਮਕਾ ਦੇ

-----

ਪਲ ਪਲ ਤਰਸਾਂ, ਤਰਸ ਕੇ ਛੋਹਾਂ, ਤੜਪ ਕੇ ਚੁੰਮਾਂ ਹੋਠਾਂ ਨੂੰ,

ਤਰਸਣ, ਤੜਪਣ, ਚੁੰਮਣ ਦੇ ਲਈ ਵਾਦਾ, ਮੌਕਾ, ਪਰਦਾ ਦੇ

-----

ਮੇਰਾ ਤਾਂ ਪਰਛਾਵਾਂ ਤੱਕ ਵੀ ਤੇਰੀ ਹੀ ਲੋ ਕਰਕੇ ਹੈ,

ਪਰਖਣ, ਪੁੱਗਣ, ਮਾਨਣ ਦੇ ਲਈ ਮੇਰਾ, ਪੁਖ਼ਤਾ, ਨਾਤਾ, ਦੇ

-----

ਮੇਰਾ ਅੰਦਰ ਡੁਬਦਾ ਤਰਦਾ, ਮੇਰਾ ਬਾਹਰ ਲਹਿੰਦਾ ਚੜ੍ਹਦਾ,

ਡੋਲਣ, ਉਖੜਨ, ਸੰਭਲਣ ਦੇ ਲਈ, ਵਕ਼ਫ਼ਾ, ਰਫ਼ਤਾ, ਅਰਸਾ ਦੇ

Saturday, February 27, 2010

ਸੁਖਦਰਸ਼ਨ ਧਾਲੀਵਾਲ – ਉਰਦੂ ਰੰਗ

ਗ਼ਜ਼ਲ

ਇਲਾਜੇ-ਗ਼ਮ ਹੈ ਯਿਹ, ਸੋਜ਼ੇ-ਮੁਹੱਬਤ ਹੈ, ਜਵਾਨੀ ਹੈ

ਸ਼ਰਾਬੇ-ਹੁਸਨ ਕੇ ਆਗੇ ਯਿਹ ਪਾਨੀ ਫਿਰ ਭੀ ਪਾਨੀ ਹੈ

-----

ਯਿਹ ਤੇਰੀ ਹੀ ਇਨਾਯਤ ਹੈ ਕਿ ਮੈਂ ਤੇਰੀ ਨਜ਼ਰ ਮੇਂ ਹੂੰ,

ਮਿਲੀ ਹੈਂ ਜਬ ਸੇ ਨਜ਼ਰੇਂ, ਵਜਦ ਮੇਂ ਰਕਸਾਂ ਜਵਾਨੀ ਹੈ

-----

ਰੁਲਾਤੇ ਹੋ ਕਭੀ ਮੁਝ ਕੋ, ਹਸਾਤੇ ਹੋ ਕਭੀ ਮੁਝ ਕੋ,

ਯਿਹ ਉਲਫ਼ਤ ਕੀ ਅਦਾ ਮੁਝ ਪੇ ਯੂੰ ਕਬ ਤਕ ਆਜ਼ਮਾਨੀ ਹੈ

-----

ਚਿਰਾਗ਼ੇ ਇਸ਼ਕ਼ ਆਂਖੋਂ ਮੇਂ ਜਲਾ ਕਰ ਰੌਸ਼ਨੀ ਕਰ ਦੋ,

ਕਿ ਅਬ ਆਂਖੋਂ ਮੇਂ ਨਫ਼ਰਤ ਕੇ ਅੰਧੇਰੋਂ ਕੀ ਰਵਾਨੀ ਹੈ

-----

ਪਿਲਾ ਦੇ ਮੁਝ ਕੋ ਜਾਮੇ-ਮਯ ਕਿ ਹੋਸ਼ ਆਏ ਮੁਝੇ ਸਾਕੀ,

ਸ਼ਬੇ-ਫ਼ੁਰਕਤ ਮੇਂ ਪੀ ਕਰ ਆਤਿਸ਼ੇ-ਉਲਫ਼ਤ ਬੁਝਾਨੀ ਹੈ

-----

ਮਿਟਾ ਕੇ ਖ਼ੁਦ ਕੋ ਐ ਦਰਸ਼ਨਬਦਲਤੇ ਹੈਂ ਜ਼ਮਾਨੇ ਕੋ,

ਲਹੂ ਸੇ ਸੀਂਚਨੇ ਗੁਲਸ਼ਨ, ਅਸੀਰੋਂ ਕੀ ਨਿਸ਼ਾਨੀ ਹੈ

Friday, February 26, 2010

ਸਾਜਿਦ ਚੌਧਰੀ - ਨਜ਼ਮ

ਸਾਹਿਤਕ ਨਾਮ: ਸਾਜਿਦ ਚੌਧਰੀ

ਅਜੋਕਾ ਨਿਵਾਸ: ਲਾਹੌਰ, ਪਾਕਿਸਤਾਨ

ਪ੍ਰਕਾਸ਼ਿਤ ਕਿਤਾਬਾਂ: ਜਿਉਂ ਹੀ ਜਾਣਕਾਰੀ ਪ੍ਰਾਪਤ ਹੋਈ, ਅਪਡੇਟ ਕਰ ਦਿੱਤੀ ਜਾਵੇਗੀ।

-----

ਦੋਸਤੋ! ਅੱਜ ਲਹਿੰਦੇ ਪੰਜਾਬ ਵਸਦੇ ਦੋਸਤ ਆਸਿਫ਼ ਜੀ ਨੇ ਸਾਜਿਦ ਚੌਧਰੀ ਸਾਹਿਬ ਦੀਆਂ ਬੇਹੱਦ ਖ਼ੂਬਸੂਰਤ ਨਜ਼ਮਾਂ ਘੱਲ ਕੇ ਉਹਨਾਂ ਦੀ ਆਰਸੀ ਪਰਿਵਾਰ ਨਾਲ਼ ਪਹਿਲੀ ਵਾਰ ਸਾਂਝ ਪਵਾਈ ਹੈ। ਮੈਂ ਆਸਿਫ਼ ਜੀ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ। ਅੱਜ ਚੌਧਰੀ ਸਾਹਿਬ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦਿਆਂ, ਇਹਨਾਂ ਨਜ਼ਮਾਂ ਨੂੰ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ, ਜਿਨ੍ਹਾਂ ਚ ਤੁਹਾਨੂੰ ਪੰਜਾਬੀ ਬੋਲੀ ਦਾ ਇੱਕ ਵੱਖਰਾ ਤੇ ਮਿੱਠਾ ਜਿਹਾ ਰੰਗ ਨਜ਼ਰ ਆਏਗਾ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

********

ਪੀੜਾਂ

ਨਜ਼ਮ

ਪੀੜਾਂ ਜਦੋਂ ਪੁਰਾਣੀਆਂ ਹੋਈਆਂ

ਪੱਖੀਵਾਸ ਨਿਆਣਿਆਂ ਵਾਂਗੂੰ

ਲੀਰਾਂ ਪਾ ਸਿਆਣੀਆਂ ਹੋਈਆਂ

.........

ਪੀੜਾਂ ਜਦੋਂ ਸਿਆਪੇ ਗਈਆਂ

ਛੁੱਟੜਾਂ ਹੋ ਕੇ ਮਾਪੇ ਵਈਆਂ

ਚੁੱਪ ਦਾ ਬੁੱਤ, ਕਹਾਣੀਆਂ ਹੋਈਆਂ

.........

ਠੂਠਾ ਫੜ ਜਦ ਮੰਗਣ ਚੜ੍ਹੀਆਂ

ਕੰਨ ਪਾਟੇ ਗਲ਼ ਮੁੰਦਰਾਂ ਪਈਆਂ

ਘੁੰਡ ਵਿਚ ਪੀੜਾਂ ਰਾਣੀਆਂ ਹੋਈਆਂ

=====

ਪਰਦੇਸ

ਨਜ਼ਮ

ਸੱਜਣਾ! ਟੁਰ ਪਰਦੇਸ ਗਿਓਂ ਜਿੱਥੇ ਕਾਂ ਵੀ ਰੰਗ ਦੇ ਗੋਰੇ

ਗਿਰਝਾਂ ਵਾਂਗੂੰ ਮਾਸ ਖੁਸੇਂਦੇ, ਦੇਣ ਸੁਨੇਹੇ ਕੋਰੇ

ਗਲ਼ੀਆਂ ਦੇ ਵਿੱਚ ਕੱਖ ਵੀ ਨਾ ਜਿੱਥੇ ਕਮਲ਼ੀ ਰੋਲ਼ੇ ਝੋਰੇ

ਆ ਮੁੜ ਵਤਨੀਂ ਤੇਰੇ ਬਿਨ ਜਿੱਥੇ ਰਾਹ ਨੇ ਡੌਰੇ ਭੌਰੇ

=====

ਪਠਾਨੇ ਖ਼ਾਨ ਦੀ ਵੇਲ

ਨਜ਼ਮ

ਆ ਸੱਜਣ! ਮੱਤ ਲੱਗ ਅਸਾਡੀ ਤੋਂ ਤਾਂ ਵਿਚ ਕੇਲੇ ਘਿਣ ਅੰਬਾਂ

ਅੰਬ ਫਲੀਂਦੇ ਸਾਹਾਂ ਅੰਦਰ ਕੇਲੇ ਬੂਰ ਨਾ ਕੰਮਾਂ

ਤੇਰੇ ਆਲ਼ ਦੁਆਲ਼ੇ ਬੇਲੇ, ਗ਼ੈਰ ਨੇ ਰੁੱਖਾਂ ਵੱਲਾਂ

ਆ ਬਹਿ ਛਾਵੇਂ ਜੰਡਾਂ ਦੇ ਜਿੱਥੇ ਸੁਫ਼ਨਾ ਨਵਾਂ ਸੁਅੱਨਾਂ

=====

ਕੁਝ ਨਿੱਕੀਆਂ ਨਜ਼ਮਾਂ

1 - ਦਿਲ ਦੀ ਬੁੱਕਲ਼ ਮਾਰ ਕੇ ਕੱਜਿਆ ਨੰਗ ਸਰੀਰ

ਕੱਚਾ ਭਾਂਡਾ ਖੁਰ ਗਿਆ, ਜੋ ਇਸਦੀ ਤਕਦੀਰ

ਤਰਦੀ ਰਹੀ ਝਨਾਅ 'ਤੇ ਜੁੱਸੇ ਦੀ ਇਕ ਲੀਰ

ਆਪਣਾ ਮਾਸ ਖਵਾਉਣ ਹੁਣ ਕੀਹਨੂੰ ਸੰਤ ਫ਼ਕੀਰ

-----

2 - ਮੋਟਾ ਚੰਮ ਗ਼ਰੀਬ ਦਾ ਜੁੱਤੀ ਲਓ ਬਣਾਅ

ਇੱਜ਼ਤ ਉਸਦੀ ਪੇਤਲੀ, ਬਿਸਤਰ ਪਵੋ ਵਿਛਾਅ

ਹੱਡੀਆਂ ਉਸਦੀਆਂ ਬਾਲ਼ ਕੇ ਸੇਕੋ ਅੱਗ ਦਾ ਤਾਅ

ਚੜ੍ਹਦੇ ਮਿਰਜ਼ੇ ਖ਼ਾਨ ਨੂੰ ਜੱਟ ਵੰਝਲ਼ ਦਏ ਸੁਝਾਅ

-----

3 - ਫ਼ਸਲਾਂ ਗੱਡੀਆਂ ਖਾਣ ਲਈ ਅੰਦਰ ਨਾਗ ਪਲ਼ੇ

ਇਕ ਇਕ ਬੂਟੇ ਮੌਤ ਦੇ ਜ਼ਹਿਰੀ ਰੰਗ ਚੜ੍ਹੇ

ਨੰਗਾ ਪਿੰਡਾ ਖ਼ਲਕ ਦਾ ਕਿਹੜਾ ਕੱਜੇ ਆ

ਇਕ ਇਕ ਕਰਕੇ ਮਾਂਦਰੀ ਸੱਪਾਂ ਲਏ ਰਲ਼ਾਅ

-----

4 - ਕਣਕਾਂ ਦਾ ਬੀ ਬੀਜਿਆ ਉੱਗਿਆ ਨਿਰਾ ਭੁਕਾਟ

ਚਾਨਣ ਦੀ ਥਾਂ ਸਾੜਦੀ, ਘਰ ਦੀਵੇ ਦੀ ਲਾਟ

ਧਰਤੀ ਫਾਵੀ ਹੋ ਗਈ ਜੰਮ ਸਤਮਾਹੇ ਬਾਲ

ਵਧਦੇ ਜਾਂਦੇ ਹੋਂਦ ਦੇ ਮੁੱਢਲੇ ਸਭ ਸਵਾਲ

=====

ਉਹ ਤੇ ਮੈਂ

ਨਜ਼ਮ

ਮੁੱਖ ਤੇ ਚਾਨਣ ਯਾਰਾਂ ਵਾਲਾ ਅੱਖ ਵਿਚ ਬੇ-ਪਰਵਾਹੀ ਸੀ

ਧੁੱਪ 'ਚ ਜਿਵੇਂ ਗੁੰਨ੍ਹ ਹਨੇਰਾ ਸ਼ਾਮ ਸਲੋਨੀ ਆਈ ਸੀ

ਨਾ ਉਸ ਨੇ ਦਿਲਦਾਰੀ ਕੀਤੀ, ਨਾ ਹੀ ਉਹ ਹਰਜਾਈ ਸੀ

ਇਸ ਦਾ ਵਸਲ ਹਿਜਰ ਦਾ ਹੌਕਾ, ਦਰਦਾਂ ਭਰੀ ਜੁਦਾਈ ਸੀ

ਪਤਾ ਨਹੀਂ ਕਿਉਂ ਮੇਰਾ ਉਸਦਾ ਰਸਤਾ ਏਡਾ ਸਾਂਝਾ ਸੀ

ਨਾ ਉਹ ਮੇਰੀ ਹੀਰ ਸਿਆਲਣ ਨਾ ਮੈਂ ਉਸਦਾ ਰਾਂਝਾ ਸੀ

Thursday, February 25, 2010

ਸੁਖਿੰਦਰ - ਨਜ਼ਮ

ਗਲੋਬਲ ਪਿੰਡ

ਨਜ਼ਮ

ਹੇਤੀ ਵਿੱਚ ਆਈਆਂ

ਭੂਚਾਲ ਦੀਆਂ ਤਰੰਗਾਂ ਨੇ

ਵਿਸ਼ਵ ਭਰ ਦੇ ਲੋਕਾਂ ਦੇ ਦਿਲਾਂ ਵਿੱਚ

ਸਨੇਹ ਦੀਆਂ ਤਰੰਗਾਂ ਛੇੜ ਦਿੱਤੀਆਂ ਹਨ

................

ਹਰ ਕੋਈ

ਹੇਤੀ ਦੇ ਪੀੜਤ ਲੋਕਾਂ ਦੇ ਦੁੱਖ ਨੂੰ

ਆਪਣਾ ਦੁੱਖ ਸਮਝਣ ਲੱਗਾ

ਰਾਜਨੀਤੀਵਾਨ, ਪੱਤਰਕਾਰ, ਲੇਖਕ

ਗਾਇਕ, ਸੰਗੀਤਕਾਰ, ਅਦਾਕਾਰ

ਵਿਸ਼ਵ-ਅਮਨ ਅਤੇ ਖ਼ੁਸ਼ਹਾਲੀ ਦੀ

ਬਾਤ ਪਾਉਣ ਲੱਗੇ

..............

ਹਵਾਵਾਂ ਵਿੱਚ ਗੀਤ ਗੂੰਜ ਪਏ:

ਅਸੀਂ ਇੱਕ ਹਾਂ

ਸਾਡਾ ਸੁਪਨਾ ਇੱਕ ਹੈ

ਸਾਡੀ ਖ਼ੁਸ਼ੀ ਇੱਕ ਹੈ

ਸਾਡਾ ਦੁੱਖ ਇੱਕ ਹੈ

ਸਾਡਾ ਮਰਨਾ ਇੱਕ ਹੈ

ਸਾਡਾ ਜੀਣਾ ਇੱਕ ਹੈ

..................

ਰੰਗਾਂ ਦੇ ਭੇਦ ਤੋਂ ਉੱਪਰ ਉੱਠ

ਧਰਮਾਂ ਦੀ ਤੰਗ ਵਲਗਣ ਚੋਂ ਬਾਹਰ ਆ

ਸਭਿਆਚਾਰਾਂ ਦੇ ਟਕਰਾਵਾਂ ਨੂੰ ਭੁੱਲ

ਵਿਚਾਰਧਾਰਾਵਾਂ ਦੀ ਠੰਡੀ ਜੰਗ ਦੇ

ਭਾਂਬੜਾਂ ਨੂੰ ਬੁਝਾ

ਅਮਨਅਤੇ ਖ਼ੁਸ਼ਹਾਲੀ ਸਭਨਾਂ ਲਈ’, ਵਰਗੇ

ਮਨੁੱਖਵਾਦੀ ਬੋਲਾਂ ਦਾ ਹਵਾ ਵਿੱਚ ਗੂੰਜਣਾ

ਬਦਲ ਰਹੇ ਸਮਿਆਂ ਵਿੱਚ

ਗਲੋਬਲ ਪਿੰਡ ਦਾ

ਇੱਕ ਅਰਥ ਇਹ ਵੀ ਹੈ...!!


Wednesday, February 24, 2010

ਅਫ਼ਜ਼ਲ ਸਾਹਿਰ - ਨਜ਼ਮ

ਸਾਹਿਤਕ ਨਜ਼ਮ: ਅਫ਼ਜ਼ਲ ਸਾਹਿਰ

ਅਜੋਕਾ ਨਿਵਾਸ: ਲਾਹੌਰ, ਪਾਕਿਸਤਾਨ

ਪ੍ਰਕਾਸ਼ਿਤ ਕਿਤਾਬਾਂ: ਜਿਉਂ ਹੀ ਜਾਣਕਾਰੀ ਪ੍ਰਾਪਤ ਹੋਈ, ਅਪਡੇਟ ਕਰ ਦਿੱਤੀ ਜਾਵੇਗੀ।

-----

ਦੋਸਤੋ! ਅੱਜ ਲਹਿੰਦੇ ਪੰਜਾਬ ਵਸਦੇ ਦੋਸਤ ਆਸਿਫ਼ ਜੀ ਨੇ ਅਫ਼ਜ਼ਲ ਸਾਹਿਰ ਸਾਹਿਬ ਦੀਆਂ ਬੇਹੱਦ ਖ਼ੂਬਸੂਰਤ ਨਜ਼ਮਾਂ ਘੱਲ ਕੇ ਉਹਨਾਂ ਦੀ ਆਰਸੀ ਪਰਿਵਾਰ ਨਾਲ਼ ਪਹਿਲੀ ਵਾਰ ਸਾਂਝ ਪਵਾਈ ਹੈ। ਲਹਿੰਦੇ ਪੰਜਾਬ ਤੋਂ ਪੰਜਾਬੀ ਲੇਖਕ ਸਾਹਿਬਾਨ ਦੀ ਹਾਜ਼ਰੀ ਦਾ ਸਿਲਸਿਲਾ ਜੋ ਅਸੀਂ ਅੱਜ ਤੋਂ ਆਰੰਭਿਆ ਹੈ, ਉਹ ਆਸਿਫ਼ ਸਾਹਿਬ ਦੀ ਹੱਲਾ-ਸ਼ੇਰੀ ਅਤੇ ਦਿਲੀ-ਸਹਿਯੋਗ ਤੋਂ ਬਿਨ੍ਹਾ ਕਿਆਸ ਕਰਨਾ ਸੰਭਵ ਨਹੀਂ ਸੀ। ਇਸ ਕਦਮ ਨਾਲ਼ ਸਾਡੀ ਸਾਹਿਤਕ ਦੋਸਤੀ ਦਾ ਘੇਰਾ ਹੋਰ ਵੀ ਵਸੀਹ ਹੋ ਜਾਵੇਗਾ। ਆਰਸੀ ਦੇ ਸ਼ਾਹਮੁਖੀ ਕਾਲਮ ਦੀ ਰੂਪ-ਰੇਖਾ ਤਿਆਰ ਕਰਨ ਲਈ ਉਹ ਦਿਨ-ਰਾਤ ਕੰਮ ਕਰ ਰਹੇ ਹਨ। ਆਸ ਹੈ ਇਹ ਕਾਲਮ ਜਲਦੀ ਹੀ ਤੁਹਾਡੇ ਪੜ੍ਹਨ ਲਈ ਤਿਆਰ ਹੋ ਜਾਵੇਗਾ। ਮੈਂ ਉਹਨਾਂ ਦੀ ਤਹਿ-ਦਿਲੋਂ ਮਸ਼ਕੂਰ ਹਾਂ। ਤੁਹਾਡੇ ਵੱਲੋਂ ਵੀ ਹਮੇਸ਼ਾ ਦੀ ਤਰ੍ਹਾਂ ਭਰਪੂਰ ਹੁੰਗਾਰੇ ਦੀ ਆਸ ਕਰਦੇ ਹਾਂ। ਅੱਜ ਸਾਹਿਰ ਸਾਹਿਬ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦਿਆਂ, ਇਹਨਾਂ ਤਿੰਨਾਂ ਨਜ਼ਮਾਂ ਨੂੰ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

***********

ਸੁਫ਼ਨੇ ਰਹਿ ਗਏ ਕੋਰੇ

ਨਜ਼ਮ

ਸੱਜਣ! ਸਾਡੇ ਸੁਫ਼ਨੇ ਰਹਿ ਗਏ ਕੋਰੇ

ਅੱਖੀਆਂ ਅੰਦਰ ਪਾੜ ਪਏ,

ਜਿਉਂ ਕੰਧਾਂ ਵਿਚ ਮਘੋਰੇ....

ਸੱਜਣ! ਸਾਡੇ ਸੁਫ਼ਨੇ ਰਹਿ ਗਏ ਕੋਰੇ।

-----

ਜੱਗ ਕੂੜ ਪਸਾਰਾ ਕਹਿਰ ਦਾ

ਸਾਨੂੰ ਚਸਕਾ ਲੱਗਾ ਜ਼ਹਿਰ ਦਾ

ਦਿਲ ਪਾਰਾ ਕਿਤੇ ਨਾ ਠਹਿਰਦਾ

ਸਾਨੂੰ ਧੁੜਕੂ ਅੱਠੇ ਪਹਿਰ ਦਾ

ਇਕ ਪਾਸਾ ਮਰਿਆ ਸ਼ਹਿਰ ਦਾ

ਵਿਚ ਭੁੱਖਾ ਫਨੀਅਰ ਲਹਿਰ ਦਾ

ਮਾਵਾਂ ਨੇ ਖੀਸੇ ਫੋਲ਼ ਕੇ,

ਪੁੱਤ ਸਫ਼ਰਾਂ ਤੇ ਟੋਰੇ....

ਸਾਡੇ ਸੁਫ਼ਨੇ ਰਹਿ ਗਏ ਕੋਰੇ।

-----

ਅਸੀਂ ਸਈਆਂ ਨੈਣਾਂ ਵਾਲ਼ੀਆਂ

ਸਾਨੂੰ ਜੋਇਆ ਅੰਨ੍ਹੇ ਹਾਲ਼ੀਆਂ

ਮਨ ਖੋਭੇ ਸੱਧਰਾਂ ਗਾਲ਼ੀਆਂ

ਸਾਡਾ ਜੀਵਨ ਵਿੱਚ ਕੁਠਾਲ਼ੀਆਂ

ਖ਼ਸਮਾਂ ਦੀਆਂ ਅੱਗਾਂ ਬਾਲ਼ੀਆਂ

ਦਿਲ ਗੁੰਨ੍ਹੇ ਵਿਚ ਕਨਾਲ਼ੀਆਂ

ਇਸ ਔਂਤਰ ਜਾਣੇ ਸਮੇਂ ਨੇ

ਸਾਹ ਬਰਫ਼ਾਂ ਵਾਂਗੂੰ ਖੌਰੇ...

ਸਾਡੇ ਸੁਫ਼ਨੇ ਰਹਿ ਗਏ ਕੋਰੇ।

====

ਜਿੰਦੇ ਨੀ! ਤੂੰ ਕੀਕਣ ਜੰਮੀ

ਨਜ਼ਮ

ਜਿੰਦੇ ਨੀ! ਤੂੰ ਕੀਕਣ ਜੰਮੀ

ਪੈਰ ਪੈਰ ਤੇ ਨਿੱਤ ਬਖੇੜੇ

ਜੀਵਣ ਦੀ ਰਾਹ ਲੰਮੀ

-----

ਜਿੰਦੇ ਨੀ! ਕੀ ਲੱਛਣ ਤੇਰੇ

ਫਨੀਅਰ ਨਾਲ ਯਰਾਨੇ ਵੀ ਨੇ

ਜੋਗੀ ਵੱਲ ਵੀ ਫੇਰੇ

-----

ਜਿੰਦੇ ਨੀ! ਕੀ ਸਾਕ ਸਹੇੜੇ

ਇਕ ਬੁੱਕਲ਼ ਵਿਚ ਰਾਂਝਣ ਮਾਹੀ

ਦੂਜੀ ਦੇ ਵਿੱਚ ਖੇੜੇ

-----

ਜਿੰਦੇ ਨੀ! ਕੀ ਕਾਰੇ ਕੀਤੇ

ਆਪੇ ਆਸ ਦੇ ਚੋਲ਼ੇ ਪਾੜੇ

ਆਪੇ ਬਹਿ ਕੇ ਸੀਤੇ!

-----

ਜਿੰਦੇ ਨੀ! ਤੱਕ ਚੇਤ ਵਿਸਾਖਾਂ

ਤੂੰ ਫਿਰਦੀ ਐਂ ਮੈਲ਼ ਕੁਚੈਲ਼ੀ

ਦੱਸ! ਤੈਨੂੰ ਕੀ ਆਖਾਂ?

-----

ਜਿੰਦੇ ਨੀ! ਤੇਰਾ ਕਾਰਜ ਕੂੜਾ

ਸਿਰ ਤੇ ਸ਼ਗਨਾਂ ਵਾਲ਼ੀਆਂ ਘੜੀਆਂ

ਕੱਢ ਵਿਛਾਇਆ ਈ ਫੂਹੜਾ!!

-----

ਜਿੰਦੇ ਨੀ! ਤੈਨੂੰ ਕਿਹੜਾ ਦੱਸੇ

ਲੂੰ ਲੂੰ ਤੇਰਾ ਐਬਾਂ ਭਰਿਆ

ਮੌਤ ਵਟੇਂਦੀ ਰੱਸੇ

-----

ਜਿੰਦੇ ਨੀ! ਤੇਰੇ ਸਾਹ ਨਕਾਰੇ

ਮੋਏ ਮੂੰਹ ਨਾਲ਼ ਆ ਬੈਠੀ ਏਂ

ਜੀਵਨ ਦੇ ਦਰਬਾਰੇ

-----

ਜਿੰਦੇ ਨੀ! ਕੀ ਅੱਤਾਂ ਚਾਈਆਂ

ਹੱਸ ਖੇਡਣ ਦੀ ਵਿਹਲ ਨਾ ਤੈਨੂੰ

ਕਰਦੀ ਫਿਰੇਂ ਲੜਾਈਆਂ

====

ਜਿੰਦੇ ਨੀ! ਕੀ ਵੇਲ਼ੇ ਆਏ

ਨਜ਼ਮ

ਜਿੰਦੇ ਨੀ! ਕੀ ਵੇਲ਼ੇ ਆਏ

ਇਕ ਦੂਜੇ ਦੀ ਜਾਨ ਦੇ ਵੈਰੀ

ਇੱਕੋ ਮਾਂ ਦੇ ਜਾਏ

-----

ਜਿੰਦੇ ਨੀ! ਤੇਰੇ ਜੀਵਣ ਮਾਪੇ

ਆਪੇ ਹੱਥੀਂ ਡੋਲੀ ਚਾੜ੍ਹਨ

ਆਪੇ ਕਰਨ ਸਿਆਪੇ

-----

ਜਿੰਦੇ ਨੀ! ਕਿਸ ਟੂਣੇ ਕੀਤੇ

ਦਿਲ ਦਰਿਆ ਤੇ ਨੈਣ ਸਮੁੰਦਰ

ਰੋਵਣ ਬੈਠੇ ਚੁੱਪ ਚੁਪੀਤੇ

-----

ਜਿੰਦੇ ਨੀ! ਕੀ ਖੇਡਾਂ ਹੋਈਆਂ

ਪਿਓ ਪੁੱਤਰਾਂ ਦੇ ਪੈਰੀਂ ਪੈ ਕੇ

ਮਾਵਾਂ ਧੀਆਂ ਰੋਈਆਂ

-----

ਜਿੰਦੇ ਨੀ! ਕੀ ਕਾਜ ਕਮਾਏ

ਜਿੰਨੇ ਵੀ ਤੂੰ ਸੰਗ ਸਹੇੜੇ

ਰੂਹ ਦੇ ਮੇਚ ਨਾ ਆਏ

-----

ਜਿੰਦੇ ਨੀ! ਕੀ ਹੋਣੀਆਂ ਹੋਈਆਂ

ਇਸ਼ਕ਼ੇ ਦੇ ਘਰ ਰਹਿ ਕੇ ਅੱਖੀਆਂ

ਨਾ ਹੱਸੀਆਂ ਨਾ ਰੋਈਆਂ

-----

ਜਿੰਦੇ ਨੀ! ਤੇਰੇ ਸਾਹ ਕਚਾਵੇ

ਰੋਜ਼ ਦਿਹਾੜੇ ਮਰਨਾ ਪੈਂਦਾ

ਫਿਰ ਵੀ ਮੌਤ ਡਰਾਵੇ


Tuesday, February 23, 2010

ਰਵਿੰਦਰ ਰਵੀ - ਨਜ਼ਮ

ਮਾਂ ਦਾ ਇਕ ਸਿਰਨਾਵਾਂ
ਨਜ਼ਮ

ਕੱਕੜੀ ਦੇ ਫੰਬੇ ਖਿੰਡੇ,

ਬਿਖਰੇ ਵਿਚ ਹਵਾਵਾਂ!

ਸਵੈ-ਪਹਿਚਾਣ ਚ ਉਡੇ, ਭਟਕੇ

ਦੇਸ਼, ਦੀਪ, ਦਿਸ਼ਾਵਾਂ!

.................

ਬਾਹਰੋਂ ਅੰਦਰ, ਅੰਦਰੋਂ ਬਾਹਰ

ਭਟਕੇ ਚਾਨਣ, ਚਾਨਣ ਦਾ ਪਰਛਾਵਾਂ!

ਮਾਂ-ਬੋਲੀ ਚੋਂ ਮਮਤਾ ਢੂੰਡਣ,

ਤੜਪ ਰਹੇ ਬਿਨ ਮਾਵਾਂ!

ਮੰਗਦੀ ਹੈ ਪਹਿਚਾਣ ਇਨ੍ਹਾਂ ਦੀ,

ਅੱਜ ਜੜ੍ਹ ਦਾ ਸਿਰਨਾਵਾਂ!

..............

ਜੜ੍ਹਾਂ ਵਾਲਿਓ! ਜੜ੍ਹ ਦੇ ਸੁਫਨੇ,

ਲੱਥੇ ਵਿਚ ਖ਼ਲਾਵਾਂ!

ਮਾਂ-ਭੋਂ ਬਾਝੋਂ, ਕਿਥੇ ਪੱਲ੍ਹਰਣ?

ਸਭ ਬੇਗਾਨੀਆਂ ਥਾਵਾਂ!

ਮੋਹ-ਮਾਇਆ ਦੇ ਕਈ ਸਿਰਨਾਵੇਂ,

ਮਾਂ ਦਾ ਇਕ ਸਿਰਨਾਵਾਂ!!!

====

ਸੂਰਜਾਂ ਦੇ ਜਨਮ ਦੀ ਰੁੱਤ

ਨਜ਼ਮ

ਚਕਾ-ਚੌਂਧ ਚਾਨਣ

ਤੇ ਫਿਰ

ਘੁੱਪ ਅਨ੍ਹੇਰਾ ਹੈ

ਪਿੱਛੇ ਟੋਆ ਵੀ ਹੈ ਸਕਦਾ ਹੈ,

ਅੱਗੇ ਖੂਹ

ਹੱਥ ਨੂੰ ਹੱਥ ਵਿਖਾਈ ਨਹੀਂ ਦਿੰਦਾ!

............

ਇਸ ਸਮੇਂ

ਬਾਹਰ ਵੱਲ ਨਹੀਂ

ਅੰਦਰ ਵੱਲ ਵੇਖੀਦਾ ਹੈ:

.........

ਏਥੇ ਹੀ ਕਦੇ

ਈਸਾ, ਬੁੱਧ, ਗੁਰੂ ਨਾਨਕ

ਮਾਰਕਸ ਤੇ ਸਾਰਤ ਦੇ ਸੂਰਜ ਚੜ੍ਹੇ ਸਨ!!

..........

ਭੌਂ ਵੱਤਰ ਹੈ, ਹੁਣ

ਸੂਰਜਾਂ ਦੇ ਜਨਮ ਦੀ ਰੁੱਤ ਹੈ!!!

=====

ਖੜੋਤ: ਇਕ ਪ੍ਰਭਾਵ ਸਕੇਪ

ਨਜ਼ਮ

ਜਦੋਂ ਤੁਰਦੇ ਰਹਿਣ ਵਾਲ਼ੇ

ਅਚਾਨਕ ਖੜ੍ਹ ਜਾਣ

ਤਾਂ ਸਭ ਕੁਝ

ਖੜ੍ਹ ਗਿਆ, ਪ੍ਰਤੀਤ ਹੁੰਦਾ ਹੈ

ਹਵਾ ਰੁਕ, ਨਦੀ ਸੁੱਕ ਜਾਂਦੀ ਹੈ

..........

ਪਰਬਤ ਬਣੇ ਆਕਾਸ਼ ਦੇ ਬੋਝ ਹੇਠ

ਹਿੰਮਤ ਹੀ ਨਹੀਂ,

ਪਲਕ, ਨਜ਼ਰ, ਕਮਰ ਝੁਕ ਜਾਂਦੀ ਹੈ

Sunday, February 21, 2010

ਹਰਚੰਦ ਸਿੰਘ ਬਾਗੜੀ - ਕਾਵਿ-ਵਿਅੰਗ

ਦੋਸਤੋ! ਬਾਹਰਲੇ ਦੇਸ਼ਾਂ ਵਿਚ ਵਸਦਾ ਆਪਣੇ ਵਿਚੋਂ ਹਰ ਕੋਈ ਇਹੀ ਸੋਚਦਾ ਹੈ ਕਿ 65 ਸਾਲ ਦੀ ਉਮਰ ਹੋਵੇ ਤੇ ਰਿਟਾਇਡ ਹੋ ਕੇ ਜ਼ਿੰਦਗੀ ਦਾ ਲੁਤਫ਼ ਲਈਏ। ਏਥੇ ਰਿਟਾਇਡ ਹੋ ਕੇ ਹੋਰ ਜ਼ਿੰਮੇਵਾਰੀਆਂ ਜਾਂ ਬੇਗਾਰਾਂ ਪੱਲੇ ਪੈ ਜਾਂਦੀਆਂ ਨੇ। ਹੋਰ ਨਈਂ ਤਾਂ ਦੋਹਤੇ-ਦੋਹਤੀਆਂ, ਪੋਤੇ-ਪੋਤੀਆਂ ਸਾਂਭਣ ਦਾ ਹੁਕਮ ਮਿਲ਼ ਜਾਂਦਾ ਹੈ। ਸਾਰਾ ਦਿਨ ਉਹਨਾਂ ਨੂੰ ਸਾਂਭੋ ਤੇ ਸ਼ਾਮ ਪਈ ਮਾਂ-ਬਾਪ ਦੇ ਘਰੇ ਆਉਂਦਿਆਂ ਬੱਚੇ ਸ਼ਿਕਾਇਤਾਂ ਦੀ ਝੜੀ ਲਾ ਦਿੰਦੇ ਨੇ ਕਿ ਅੱਜ ਨਾਨੀ/ਨਾਨਾ, ਦਾਦਾ/ ਦਾਦੀ ਨੇ ਸਾਨੂੰ ਘੂਰਿਆ ਸੀ, ਫੂਡ ਟਾਈਮ ਤੇ ਨਹੀਂ ਦਿੱਤਾ, ਡਾਇਪਰ ਨਹੀਂ ਬਦਲੇ...ਵਗੈਰਾ-ਵਗੈਰਾ। ਬੱਚਿਆ ਦੇ ਮਾਂ-ਬਾਪ ਨੇ ਆਪਣੇ ਮਾਪਿਆਂ ਦਾ ਸ਼ੁਕਰੀਆ ਤਾਂ ਕੀ ਅਦਾ ਕਰਨਾ ਹੁੰਦਾ ਹੈ ਉੱਤੋਂ ਬਜ਼ੁਰਗਾਂ ਤੇ ਬਰਸਣ ਲੱਗਦੇ ਨੇ ਕਿ ਤੁਸੀਂ ਆਹ ਨੀ ਕੀਤਾ, ਅਹੁ ਨੀ ਕੀਤਾ, ਡਿਨਰ ਤੱਕ ਨ੍ਹੀਂ ਬਣਾਇਆ, ਸਾਰਾ ਦਿਨ ਘਰੇ ਵਿਹਲੇ ਹੀ ਸੀ। ਜਦਕਿ ਆਪਾਂ ਸਾਰੇ ਜਾਣਦੇ ਹਾਂ ਕਿ ਇਹਨਾਂ ਦੇਸ਼ਾਂ ਚ ਦੋ ਬੱਚਿਆਂ ਦੀ ਬੇਬੀ ਸਿਟਿੰਗ ਕਰਨੀ ਇੰਡੀਆ ਚ ਦਸ ਪਸ਼ੂਆਂ ਨੂੰ ਸਾਂਭਣ ਦੇ ਬਰਾਬਰ ਹੈ। ਕੋਈ ਪੁੱਛੇ ਕਿ ਮਾਪੇ ਨੇ ਕਿ ਤੁਹਾਡੇ ਨੌਕਰ ਨੇ?? ਕੀ ਇਹਨਾਂ ਕੰਮਾਂ ਲਈ ਉਹਨਾਂ ਨੂੰ ਸਪਾਂਸਰ ਕਰਕੇ ਇੰਡੀਆ ਤੋਂ ਬੁਲਾਉਂਦੇ ਹੋਂ ਕਿ ਪਹਿਲਾਂ ਤੁਹਾਨੂੰ ਪਾਲ਼ਿਐ, ਹੁਣ ਤੁਹਾਡੇ ਬੱਚੇ ਪਾਲ਼ਣ??? ਨੂੰਹਾਂ-ਪੁੱਤਾਂ ਦੀ ਗੱਲ ਛੱਡੋ, ਏਥੇ ਤਾਂ ਲੋਕ ਧੀਆਂ ਦੇ ਵੀ ਸਤਾਏ ਹੋਏ ਨੇ।

-----

ਮੈਂ ਇਕ ਦਿਨ ਡਾ: ਫ਼ਿਲ ਦਾ ਸ਼ੋਅ ਵੇਖ ਰਹੀ ਸੀ, ਉਸ ਵਿਚ ਇਕ ਗੋਰੀ ਦਾਦੀ ਧਾਹਾਂ ਮਾਰ-ਮਾਰ ਰੋ ਰਹੀ ਸੀ ਕਿ ਉਸਦੀ ਨੂੰਹ ਉਸਨੂੰ ਉਸਦੇ ਪੋਤੇ-ਪੋਤੀਆਂ ਨੂੰ ਨਈਂ ਮਿਲ਼ਣ ਦਿੰਦੀ ਤੇ ਸ਼ਰਤਾਂ ਲਾਉਂਦੀ ਹੈ ਕਿ ਜੇ ਬੱਚਿਆਂ ਨੂੰ ਮਿਲ਼ਣਾ ਹੈ ਤਾਂ ਬੇਬੀ ਸਿਟਿੰਗ ਕਰ ਤੇ ਘਰ ਦਾ ਸਾਰਾ ਕੰਮ ਕਰ। ਘੰਟੇ ਭਰ ਦੇ ਸ਼ੋਅ ਦਾ ਡਾ: ਫ਼ਿਲ ਨੇ ਇਹ ਨਤੀਜਾ ਕੱਢਿਆ ਕਿ ਪਹਿਲਾਂ ਮਨ ਵਿੱਚੋਂ ਇਹ ਗੱਲ ਸਾਰੇ ਨਾਨੇ-ਨਾਨੀਆਂ ਤੇ ਦਾਦੇ-ਦਾਦੀਆਂ ਨੂੰ ਕੱਢ ਦੇਣੀ ਚਾਹੀਦੀ ਹੈ ਕਿ ਤੁਹਾਡੇ ਪੋਤੇ/ਪੋਤੀਆਂ, ਦੋਹਤੇ/ਦੋਹਤੀਆਂ ਤੁਹਾਡੇ ਬੱਚੇ ਹਨ। ਬਲਕਿ ਇਹ ਸੋਚਣਾ ਚਾਹੀਦਾ ਹੈ ਕਿ ਉਹ ਸਾਡੇ ਬੱਚਿਆਂ ਦੇ ਬੱਚੇ ਹਨ ਤੇ ਓਨੀ ਕੁ ਹੀ ਭਾਵੁਕਤਾ ਦੇ ਨਾਮ ਤੇ ਸ਼ੋਸ਼ਣ ਕਰਨ ਦੀ ਆਗਿਆ ਆਪਣੇ ਨੂੰਹਾਂ-ਪੁੱਤਾਂ ਅਤੇ ਧੀਆਂ-ਜਵਾਈਆਂ ਨੂੰ ਦੇਣੀ ਚਾਹੀਦੀ ਹੈ, ਕਿਉਂਕਿ ਆਪਣੇ ਬੱਚੇ ਪਾਲ਼ ਕੇ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ ਹੈ। ਹੁਣ ਪੋਤੇ/ਪੋਤੀਆਂ, ਦੋਹਤੇ/ਦੋਹਤੀਆਂ ਨੂੰ ਤੁਸੀਂ ਕਿੰਨੇ ਵਕ਼ਤ ਦੇਣਾ ਚਾਹੁਦੇ ਓ, ਤੁਹਾਡੇ ਨਿਮਰ ਸੁਭਾਅ ਅਤੇ ਤੁਹਾਡੇ ਰੁਝੇਵਿਆਂ ਤੇ ਨਿਰਭਰ ਕਰਦਾ ਹੈ। 'ਮੂਲ ਨਾਲ਼ੋਂ ਵਿਆਜ ਪਿਆਰਾ' ਵਾਲ਼ੀ ਗੱਲ ਛੱਡੋ ਕਿਉਂਕਿ ਜ਼ਿੰਦਗੀ ਇਕ ਵਾਰ ਹੀ ਮਿਲ਼ਦੀ ਹੈ, ਇਸਦਾ ਭਰਪੂਰ ਆਨੰਦ ਲਓ।

----

ਇਹ ਤਾਂ ਸੀ ਘਰਦਿਆਂ ਦੀ ਗੱਲ, ਰਿਟਾਇਡ ਅਤੇ ਘਰ ਰਹਿਣ ਵਾਲ਼ੇ ਇਨਸਾਨ ਨੂੰ ਉਸਦੇ ਦੋਸਤ-ਮਿੱਤਰ ਵੀ ਨਹੀਂ ਬਖ਼ਸ਼ਦੇ, ਨਿੱਤ ਨਵੀਆਂ ਬੇਗਾਰਾਂ ਪਾਈ ਜਾਣਗੇ ਕਿ ਘਰੇ ਵਿਹਲੇ ਈ ਓਂ...ਸਾਡਾ ਹੱਥ ਈ ਵਟਾ ਜਾਓ। ਭਲਾ ਇਹ ਰਿਟਾਇਰਮੈਂਟ ਹੋਈ ??? ਮੇਰੇ ਖ਼ਿਆਲ ਚ ਕੰਮ ਤੋਂ ਸੇਵਾ-ਮੁਕਤ ਬੰਦਾ ਏਥੇ ਜ਼ਿਆਦਾ ਰੁੱਝਿਆ ਹੋਇਆ ਹੁੰਦਾ ਹੈ। ਹਾਂ! ਕਦੇਕਦਾਈਂ ਜੇਕਰ ਕੋਈ ਆਪਣੀ ਮਰਜ਼ੀ ਨਾਲ਼ ਮੱਦਦ ਕਰਨਾ ਚਾਹੁੰਦਾ ਹੈ ਤਾਂ ਉਸ ਵਿਚ ਕੋਈ ਹਰਜ਼ ਨਹੀਂ। ਮੈਂ ਹੁਣ ਚੁੱਪ ਕਰਦੀ ਹਾਂ ਤੇ ਹੁਣ ਤਾਂ ਕੋਕਿਟਲਮ ਵਸਦੇ ਲੇਖਕ ਸ: ਹਰਚੰਦ ਸਿੰਘ ਬਾਗੜੀ ਸਾਹਿਬ ਕਾਵਿ-ਵਿਅੰਗ ਚ ਦੱਸਣਗੇ ਕਿ ਰਿਟਾਇਡ ਹੋ ਕੇ ਉਹਨਾਂ ਕਿੰਨਾ ਕੁ ਜ਼ਿੰਦਗੀ ਨੂੰ ਮਾਣਿਆ ਹੈ। ਜਦੋਂ ਦੀ ਮੈਂ ਨਜ਼ਮ ਸੁਣੀ ਹੈ, ਮੈਂ ਵਾਹ-ਵਾਹ ਕਰੀ ਜਾ ਰਹੀ ਹਾਂ। ਬਾਗੜੀ ਸਾਹਿਬ! ਏਨਾ ਖ਼ੂਬਸੂਰਤ ਕਾਵਿ-ਵਿਅੰਗ ਲਿਖਣ ਤੇ ਆਰਸੀ ਪਰਿਵਾਰ ਵੱਲੋਂ ਮੁਬਾਰਕਬਾਦ ਕਬੂਲ ਕਰੋ ਜੀ। ਡੈਡੀ ਜੀ ਬਾਦਲ ਸਾਹਿਬ ਇਹ ਆਖ ਕੇ ਸਪੈਸ਼ਲ ਵਧਾਈਆਂ ਦੇ ਰਹੇ ਨੇ ਕਿ ਬਾਗੜੀ ਸਾਹਿਬ ਸਾਡੇ ਲਾਅਨ ਦਾ ਘਾਹ ਵੀ ਕੱਟਣ ਵਾਲ਼ਾ ਹੈ, ਕਦੇ ਏਧਰੋਂ ਵੀ ਲੰਘਦੇ ਜਾਇਓ J ਇਹ ਤਾਂ ਸੀ ਮਜ਼ਾਕ ਦੀ ਗੱਲ। ਬਾਗੜੀ ਸਾਹਿਬ ਨਜ਼ਮ ਸਭ ਨਾਲ਼ ਸਾਂਝੀ ਕਰਨ ਦਾ ਬੇਹੱਦ ਸ਼ੁਕਰੀਆ। ਆਸ ਹੈ ਇਸ ਨਜ਼ਮ ਵਿਚਲਾ ਵਿਅੰਗ ਕਿਸੇ 'ਤੇ ਤਾਂ ਅਸਰ ਕਰੇਗਾ ਹੀ।

ਅਦਬ ਸਹਿਤ

ਤਨਦੀਪ ਤਮੰਨਾ

**************

ਬੇਗਾਰਾਂ ਜੋਗਾ ਰਹਿ ਗਿਆ

ਕਾਵਿ-ਵਿਅੰਗ

ਜਦੋਂ ਦਾ ਘਰ ਹਾਂ ਰਿਟਾਇਡ ਹੋ ਕੇ ਬਹਿ ਗਿਆ।

ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ ਰਹਿ ਗਿਆ।

ਆਮਦਨ ਘਟ ਗਈ ਖ਼ਰਚਾ ਵਧਾ ਲਿਆ।

ਕਾਰ ਪੈਟਰੋਲ ਦਿਆਂ ਖ਼ਰਚਿਆਂ ਨੇ ਖਾ ਲਿਆ।

ਕੰਮ ਤੋਂ ਜ਼ਿਆਦਾ ਗੱਡੀ ਸੜਕਾਂ ਤੇ ਘੁਕਦੀ।

ਹਫ਼ਤੇ ਚ ਭਰਿਆ ਭਰਾਇਆ ਟੈਂਕ ਫ਼ੂਕਦੀ।

ਮੂੰਹ-ਕੂਲ ਬੰਦੇ ਤਾਈਂ ਗਧੀ ਗੇੜ ਪੈ ਗਿਆ...

ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....

------

ਦੇਸੋਂ ਆਇਆ ਕਹਿੰਦਾ ਮੈਨੂੰ ਕਾਰ ਈ ਸਿਖਾ ਦੇ।

ਕੰਮ ਜੋਗਾ ਹੋ ਜਾਂ ਲਾਇਸੈਂਸ ਈ ਦੁਆ ਦੇ।

ਕਾਰਾਂ ਸਿਖਾਉਣ ਵਾਲ਼ੇ ਪੈਸੇ ਬੜੇ ਝਾੜਦੇ।

ਤੈਨੂੰ ਕੀ ਫ਼ਰਕ ਪੈਂਦੈ, ਮੇਰਾ ਕੰਮ ਸਾਰ ਦੇ।

ਦੂਰ ਦਾ ਲਿਹਾਜ਼ੀ ਆ ਕੇ ਮੇਰੇ ਘਰੇ ਬਹਿ ਗਿਆ....

ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....

-----

ਇਕ ਕਹਿੰਦਾ ਮੇਰੇ ਤਾਂ ਕਿਰਾਏਦਾਰ ਭੱਜਗੇ।

ਸਾਰਾ ਨਿੱਕ-ਸੁਕ ਮੇਰੇ ਘਰ ਵਿਚ ਛੱਡਗੇ।

ਵਿਹਲਾ ਈ ਐਂ ਮੇਰਾ ਜ਼ਰਾ ਹੱਥ ਈ ਵਟਾ ਜਾਹ।

ਕਰਗੇ ਖ਼ਰਾਬ ਕੰਧਾਂ ਪੇਂਟ ਵੀ ਕਰਾ ਜਾਹ।

ਸੋਚਾਂ ਦਾ ਪਹਾੜ ਮੇਰੇ ਸਿਰ ਉੱਤੇ ਢਹਿ ਗਿਆ...

ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....

-----

ਫ਼ੋਨ ਉੱਤੇ ਕਹਿੰਦੀ ਭਰਜਾਈ ਉੱਚੀ ਬੋਲ ਕੇ।

ਕੁੱਤਾ ਘਰੋਂ ਭੱਜਿਆ, ਲਿਆਈਂ ਜ਼ਰਾ ਟੋਲ਼ ਕੇ।

ਸਰਕਾਰੀ ਬੰਦਾ ਪਹਿਲਾਂ ਲੈ ਗਿਆ ਸੀ ਫੜਕੇ।

ਢਾਈ ਸੌ ਦਾ ਬਿਲ ਸਾਡੇ ਸੀਨੇ ਵਿਚ ਰੜਕੇ।

ਮੈਨੂੰ ਕੀ ਪਤਾ ਸੀ ਕੁੱਤਾ ਕਿਹੜੇ ਰਾਹ ਪੈ ਗਿਆ...

ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....

-----

ਭਰ ਗਿਆ ਬਾਥਰੂਮ, ਕਿਚਨ ਤੇ ਸੀੜ੍ਹੀਆਂ।

ਸਾਡੇ ਘਰ ਆ ਵੜੇ ਕੀੜੇ ਅਤੇ ਕੀੜੀਆਂ।

ਕੀੜੇਮਾਰ ਲੈ ਆ ਦਵਾਈ ਕਿਤੋਂ ਭਾਲ਼ ਕੇ।

ਇਕ ਵਾਰ ਛਿੜਕੀ ਸੀ ਜਿਹੜੀ ਤੂੰ ਪਾਲ ਕੇ।

ਸਾਰਾ ਪਰਿਵਾਰ ਚੜ੍ਹ ਸੋਫ਼ਿਆਂ ਤੇ ਬਹਿ ਗਿਆ...

ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....

-----

ਅਸੀਂ ਜਾਣਾ ਦੇਸ਼ ਨੂੰ ਜਹਾਜ ਆਈਂ ਚਾੜ੍ਹ ਕੇ।

ਅਟੈਚੀਆਂ ਦਾ ਭਾਰ ਨਾਲ਼ੇ ਦੇਖ ਲਈਂ ਹਾੜ ਕੇ।

ਮੁੜਾਂਗੇ ਮਹੀਨੇ ਤੱਕ ਅਸੀਂ ਗੇੜਾ ਮਾਰ ਕੇ।

ਟੈਮ ਨਾਲ਼ ਆਜੀਂ ਤੇ ਜਹਾਜੋਂ ਲੈਜੀਂ ਤਾਰ ਕੇ।

ਸਾਡੀ ਤਾਂ ਕਾਰ ਪੱਪੂ ਕੰਮ ਉੱਤੇ ਲੈ ਗਿਆ....

ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....

-----

ਭਾਰੇ ਸੀ ਅਟੈਚੀ ਅਤੇ ਚੁੱਕ ਮੇਰੇ ਪੈ ਗਈ।

ਪੀੜਾਂ ਮਾਰੀ ਜਿੰਦ ਸਾਡੀ ਮੰਜੇ ਜੋਗੀ ਰਹਿ ਗਈ।

ਘਰਵਾਲ਼ੀ ਗ਼ੁੱਸੇ ਵਿਚ ਬੁੜ ਬੁੜ ਕਰਦੀ।

ਟੈਚੀ ਨੇ ਜਾ ਚੱਕਦਾ ਤਾਂ ਨਾੜ ਕਾਹਨੂੰ ਚੜ੍ਹਦੀ?

ਸੇਵਾ ਦਾ ਸਵਾਦ ਤੈਨੂੰ ਇਹ ਕਿੱਥੋਂ ਪੈ ਗਿਆ....

ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....

-----

ਖੁੱਲ੍ਹਾ-ਡੁੱਲ੍ਹਾ ਘਰ ਆਪਾਂ ਨਵਾਂ ਹੋਰ ਪਾ ਲਿਆ।

ਸਬਜ਼ੀਆਂ ਲਈ ਕਾਫੀ ਥਾਂ ਵੀ ਬਣਾ ਲਿਆ।

ਢੇਰ ਦਾ ਟਰੱਕ ਅੱਜ ਦਸ ਵਜੇ ਆਣਾ ਏਂ।

ਵੀਲ੍ਹ ਬੈਰਲ ਲੈ ਆ ਢੋਅ ਕੇ ਮਗਰ ਲਿਜਾਣਾ ਏਂ।

ਫ਼ੋਨ ਸੁਣ ਢੂਹੀ ਚ ਕੜਿੱਲ ਮੇਰੇ ਪੈ ਗਿਆ....

ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....

-----

ਨਲ਼ਕੇ ਨੇ ਚੋਂਦੇ ਤਾਇਆ ਜਾਈਂ ਤੂੰ ਹਟਾ ਕੇ।

ਨਾਲ਼ੇ ਟੱਬ ਬੰਦ ਐ, ਡਰੇਨੋ ਜਾਈਂ ਪਾ ਕੇ।

ਲੈ ਆ ਮਸ਼ੀਨ ਘਰ ਪਾਵਰ ਵਾਸ਼ ਕਰ ਜਾਹ।

ਜਿਪਰੌਕ ਗਲ਼ੀ ਜਾਵੇ ਸਿਲੀਕੌਨ ਭਰ ਜਾਹ।

ਸਾਰਿਆਂ ਦਾ ਕੰਮ ਹੁਣ ਮੇਰੇ ਹੱਥ ਪੈ ਗਿਆ...

ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....

-----

ਜਿਸਨੂੰ ਜਵਾਬ ਦੇਵਾਂ ਉਹੀ ਰੁੱਸ ਜਾਂਵਦਾ।

ਉਸਨੇ ਕੀ ਆਉਣਾ, ਉਹਦਾ ਫ਼ੋਨ ਵੀ ਨਈਂ ਆਂਵਦਾ।

ਉਮਰ ਸਿਆਣੀ ਭਾਰੇ ਕੰਮਾਂ ਜੋਗੇ ਅੰਗ ਨਾ।

ਭਲੇ ਲੋਕਾਂ ਤਾਈਂ ਪਰ ਰਤਾ ਆਵੇ ਸੰਗ ਨਾ।

ਸ਼ਰਮ-ਹਯਾ ਦਾ ਘੁੰਡ ਦੁਨੀਆਂ ਦਾ ਲਹਿ ਗਿਆ....

ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....

-----

ਕਿੰਨੇ ਟੈਚੀ ਚੁੱਕੇਗਾ ਤੇ ਕਿੰਨੇ ਢੇਰ ਢੋਵੇਂਗਾ?

ਕੀਹਦੇ ਕੀੜੇ ਮਾਰੇਂਗਾ ਤੇ ਕੁੱਤੇ ਮੋੜ 'ਆਵੇਂਗਾ?

ਵਹੁਟੀ ਕਹਿੰਦੀ ਮੁੜ ਕੇ ਪੰਜਾਲ਼ੀ ਕੰਧੇ ਧਰ ਲੈ।

ਇਸ ਨਾਲ਼ੋਂ ਚੰਗਾ ਚੰਦ ਚੌਂਕੀਦਾਰਾ ਕਰ ਲੈ।

ਨਾਲ਼ੇ ਕੀਤੇ ਕੰਮ ਤੇ ਨਾਲ਼ੇ ਵੈਰ ਪੈ ਗਿਆ...

ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....

Saturday, February 20, 2010

ਦਰਵੇਸ਼ - ਨਜ਼ਮ

ਤਾਂ ਹੀ ਤਾਂ

ਨਜ਼ਮ

ਬੱਸ ਜਿਊਂਈ ਜਾਂਦਾ ਹਾਂ

ਕਿ-

ਇਕ ਨਹੀਂ

ਕਿੰਨ੍ਹਿਆਂ ਹੀ ਸੂਰਜਾਂ ਦਾ ਉਲ੍ਹਾਂਭਾ

ਸਿਰ ਤੇ ਹੈ

ਕਿ ਚੰਦ ਦੁਆਲ਼ੇ ਜੁੜੀਆਂ

ਖਿੱਤੀਆਂ ਦਾ ਚਾਨਣ

ਵੈਂਗਣੀ ਫੁੱਲਾਂ ਵਰਗਾ ਮੋਹ ਪਾ ਬੈਠੇ।

..............

ਕਦੇ ਕਦੇ

ਜਦੋਂ ਅੰਬਰ ਤੇ ਬਣੇ

ਛੜਿਆਂ ਦੇ ਰਾਹ ਤੋਂ ਉਡਦੀ

ਧੂੜ ਵੇਖਦਾਂ

ਤਾਂ ਆਪਣੇ ਆਪ

ਇਕ ਬੂਹਾ ਜਿਹਾ ਖੁੱਲ੍ਹ ਜਾਂਦੈ

ਤੇ ਯਾਦ ਆ ਜਾਂਦੇ ਨੇ

ਉਹ ਸੰਵੇਦਨੀ ਪਲ

ਜਦੋਂ ਤੈਨੂੰ ਕਹਿੰਦਾ ਸਾਂ

..... ਆ ਕਿ ਦੋ ਪਲ

ਸਿਰਨਾਵਿਆਂ ਦੀ ਖੇਡ, ਖੇਡ ਲਈਏ

ਆ ਕਿ ਕੁਝ ਘੜੀਆਂ ਬੈਠ ਕੇ

ਹੁੰਗਾਰਿਆਂ ਦਾ ਆਸਣ ਲਾ ਲਈਏ

...............

ਨਾ ਤੈਥੋਂ ਸਿਰਨਾਵਿਆਂ ਦੀ ਖੇਡ ਖੇਡੀ ਗਈ

ਤੇ ਨਾ ਹੀ

ਹੁੰਗਾਰਿਆਂ ਦੇ ਆਸਣ ਤੇ ਬਹਿ ਕੇ

ਚਹੁੰ ਅੱਖਾਂ

ਕੁਝ ਭਾਵਨਾਵਾਂ ਭਰੀਆਂ ਗਈਆਂ

ਕਿ ਬੇਗੀਆਂ ਉੱਤੇ

ਬਾਦਸ਼ਾਹਾਂ ਦਾ ਰਾਜ

ਸਾਡੇ ਵੇਖਦੇ ਵੇਖਦੇ ਹੀ ਹੋ ਗਿਆ

ਜ਼ਮੀਨ ਪਾਟ ਗਈ

ਤੇ-

ਸਾਡੀ ਮੁਹੱਬਤ ਦੀ ਗੋਰੀ ਦਾਸਤਾਂ

ਇਕ ਕਾਲ਼ੀ ਬੋਲ਼ੀ ਰਾਤ ਦੇ

ਵਕਫ਼ੇ ਵਿਚ

ਦਫ਼ਨ ਹੋ ਗਈ।

................

ਹਰ ਰਾਤ ਅੱਥਰੂ

ਤਲ਼ੀਆਂ ਤੇ ਡਿੱਗਦੇ ਮਰਦੇ ਰਹੇ

ਤੇ ਮੈਂ-

ਉਹਨਾਂ ਅੱਥਰੂਆਂ ਦੇ ਗੋਡੇ ਮੁੱਢ ਬਹਿ ਕੇ

ਜ਼ਮੀਨ ਖੁਰਚਦਾ ਰਹਿੰਨਾਂ

ਅਤੇ-

ਉਸੇ ਕਰਜ਼ ਹੇਠ ਦੱਬਿਆ ਹੀ ਮੈਂ

ਤਾਂ ਹੀ ਤਾਂ ਜਿਊਂਈ ਜਾਨਾਂ

ਕਿ-

ਇਕ ਨਹੀਂ

ਕਿੰਨ੍ਹਿਆਂ ਹੀ ਸੂਰਜਾਂ ਦਾ ਉਲ੍ਹਾਂਭਾ

ਸਿਰ ਤੇ ਹੈ

ਕਿ ਚੰਦ ਦੁਆਲ਼ੇ ਜੁੜੀਆਂ

ਖਿੱਤੀਆਂ ਦਾ ਚਾਨਣ

ਵੈਂਗਣੀ ਫੁੱਲਾਂ ਵਰਗਾ ਮੋਹ ਪਾ ਬੈਠੇ।

ਗਗਨਦੀਪ ਸ਼ਰਮਾ - ਨਜ਼ਮ

ਤੇਰੇ ਤੋਂ ਪਾਰ

ਨਜ਼ਮ

ਤੇਰਾ ਮੋਹ ਸੀ ਬੜਾ

ਮੋਹ-ਮੋਹ ਵਿਚ ਬਣ ਗਿਆ

ਤੂੰ ਹਰ ਪਲ ਦਾ ਮਾਲਕ

ਬਿਨ ਤੇਰੇ ਮੈਂ ਸਾਹ ਨਾ ਲੈਂਦੀ

.............

ਮੈਂ ਤੁਰਦੀ

ਤੂੰ ਅੰਗ-ਸੰਗ ਤੁਰਦਾ

ਹੱਥ ਵਿਛਾਉਂਦਾ

ਮੇਰੇ ਪੈਰੀਂ

ਇੱਕ ਟੋਟਾ ਵੀ ਧੁੱਪ ਦਾ ਆਉਂਦਾ

ਤੂੰ ਮੇਰੀ ਛਤਰੀ ਬਣ ਜਾਂਦਾ

............

ਨਿੱਕੇ-ਨਿੱਕੇ ਸਾਂ ਦੋਵੇਂ ਜਦ

ਮੋਹ ਨੇ ਆਪਣੀ ਜੜ੍ਹ ਲਾਈ ਸੀ

ਸੰਗ ਨਿਭਣ ਦੇ ਕੌਲ ਹੋ ਗਏ

ਆਪ-ਮੁਹਾਰੇ

ਚੁੱਪ-ਚੁਪੀਤੇ

ਏਸੇ ਮੋਹ ਵਿਚ ਬੀਤ ਗਿਆ ਸੀ ਮੇਰਾ ਬਚਪਨ

ਪਰ ਤੇਰਾ ਮੋਹ

ਮੈਨੂੰ ਬੱਚਿਆਂ ਵਾਂਗ ਰੱਖਦਾ

ਸਭ ਕੁਝ ਸੀ ਤੇਰੇ ਤੇ ਨਿਰਭਰ

ਖ਼ੁਸ਼ ਸੀ ਮੇਰੀ ਜਿੰਦ ਕੁਆਰੀ

ਜੋ ਤੇਰੀ ਜਾਗੀਰ ਬਣੀ ਸੀ

...............

ਮੈਨੂੰ ਕੁਝ ਨਾ ਦਿਸਦਾ ਸੀ

ਤੇਰੇ ਤੋਂ ਬਾਹਰ

ਤੇਰੇ ਅੰਦਰ

ਮੇਰੇ ਭਾਣੇ ਜੱਗ ਵਸਦਾ ਸੀ

ਫਿਰ ਇੱਕ ਦਿਨ ਕੀ ਪਰਲੋ ਆਈ

ਕਿਸੇ ਸਰਾਪ ਨੇ ਡੰਗਿਆ ਮੈਨੂੰ

ਤੇ ਤੂੰ ਮੈਥੋਂ ਦੂਰ ਹੋ ਗਿਆ

ਸੁੰਨਾ ਹੋ ਗਿਆ ਸਭ ਜੱਗ ਮੇਰਾ

ਹਵਾ ਚ ਉੱਡ ਗਈ ਛਤਰੀ ਮੇਰੀ

ਧੁੱਪ ਚ ਸੜਨੇ ਜੋਗੀ ਰਹਿ ਗਈ

ਜਿੰਦ ਕੁਆਰੀ

ਕੱਲੀ-ਕਾਰੀ

ਤੈਨੂੰ ਲੱਭਦੀ ਨਜ਼ਰ ਘੁਮਾਉਂਦੀ

ਚੌਹੀਂ ਪਾਸੀਂ

ਪਰ ਹਰ ਪਾਸੇ ਨ੍ਹੇਰਾ ਦਿਸਦਾ

ਮਨ ਕਰਦਾ ਬੀਤਾਬਣ ਜਾਵਾਂ

ਨਹਿਰ, ਸੜਕ ਜਾਂ ਲਾਈਨ ਰੇਲ ਦੀ

ਹਰਦਮ ਮੈਨੂੰ ਵਾਜਾਂ ਲਾਉਂਦੇ

............

ਪਰ ਫਿਰ ਇਕ ਆਵਾਜ਼ ਸੀ

ਮੇਰੇ ਅੰਦਰੋਂ ਆਈ

ਜੀਵਨ ਦੇ ਸੂਰਜ ਦੀ

ਜਿਉਂ ਇਕ ਕਿਰਨ ਦਿਸੀ ਸੀ

ਪਿੱਛੇ ਮੁੜ ਕੇ ਤੱਕਿਆ ਤਾਂ

ਅਫ਼ਸੋਸ ਹੀ ਹੋਇਆ

ਆਪਣਾ ਆਪਾ ਕੈਦ ਕਰੀਂ ਰੱਖਿਆ ਮੈਂ ਕਿਉਂਕਰ

ਸੋਚ-ਉਡਾਰੀ

ਕਦੇ ਨਾ ਮਾਰੀ

............

ਫਿਰ ਤਾਂ ਮੈਂ ਦਰਵੇਸ਼ ਹੋ ਗਈ

ਮਨ ਵਿਚਲੇ ਸਭ ਗੀਤ ਸੀ ਗਾਏ

ਦਿਲ ਕਹਿੰਦਾ ਜਿੱਧਰ

ਤੁਰ ਜਾਂਦੀ

ਖ਼ੁਦ ਜਾਗੀਰ ਸਾਂ ਪਹਿਲਾਂ

ਤੇ ਹੁਣ ਫਿਰਾਂ

ਸਾਗਰਾਂ ਦੀ ਥਹੁ ਪਾਉਂਦੀ

...........

ਹੁਣ ਜਿਊਂਦੀ ਹਾਂ

ਪਲ-ਪਲ

ਛਿਣ-ਛਿਣ

ਸਭ ਕੁਝ ਸਹਿਜ-ਸੁਭਾਅ ਵਿੱਚ ਹੁੰਦਾ ਹੈ

ਤੇਰੇ ਬਿਨ