ਆਰਸੀ 'ਤੇ ਖ਼ੁਸ਼ਆਮਦੀਦ
ਦੋਸਤੋ! ਆਰਸੀ ਦੀ ਅੱਜ ਦੀ ਪੋਸਟ ‘ਚ ਮੈਂ ਜਿਸ ਸ਼ਾਇਰ ਦੀਆਂ ਰਚਨਾਵਾਂ ਸ਼ਾਮਿਲ ਕਰਨ ਜਾ ਰਹੀ ਹਾਂ....ਸ਼ਾਇਰੀ ... ਉਸ ਲਈ ਪਾਕਿ ਮੁਹੱਬਤ ਹੈ..ਤੇ ਮੁਹੱਬਤ ਵਿਚ ਉਸਨੂੰ ਰਤਾ ਕੁ ਵੀ ਮਜ਼ਾਕ ਗਵਾਰਾ ਨਹੀਂ। ਸਹਰਾ ‘ਚ ਰਹਿ ਕੇ ਸਮੁੰਦਰ ਵਰਗੀਆਂ ਗ਼ਜ਼ਲਾਂ ਕਹਿਣੀਆਂ ਤੇ ਫੇਰ ਉਹਨਾਂ ਨੂੰ ਦੋਸਤਾਂ ਦੇ ਨਾਮ ਕਰ ਦੇਣਾ....ਉਸਨੂੰ ਚੰਗਾ ਲਗਦਾ ਏ....ਪਰ ਇਹ ਸ਼ਿਕਵਾ ਕਦੇ ਨਾ ਕਦੇ ਉਸਦੇ ਲਬਾਂ ‘ਤੇ ਆ ਹੀ ਜਾਂਦੈ ਕਿ : “ਮੈਂ ਤਾਂ ਸਮੁੰਦਰ ‘ਚੋਂ ਘੋਗੇ, ਸਿੱਪੀਆਂ ਲੱਭਣੇ ਚਾਹੁੰਨਾ.....ਪਰ ਸਮੁੰਦਰ ਹੀ ਮੈਨੂੰ ਨੇੜੇ ਨਹੀਂ ਲੱਗਣ ਦਿੰਦਾ... ਦੱਸ ਕੀ ਕਰਾਂ?” ਸ਼ਾਇਰੀ ਕਰਦੇ ਵਕ਼ਤ ਦਿਲ ਦੀ ਸੁਣਦਾ ਹੈ...ਵਿਦਵਤਾ ਝਾੜਨ ਦੀ ਉਸਨੂੰ ਜ਼ਰੂਰਤ ਹੀ ਨਹੀਂ ਪੈਂਦੀ ਕਿਉਂਕਿ ਸੁਆਲ ਅਤੇ ਉਹਨਾਂ ਦੇ ਜਵਾਬ ਤਾਂ ਉਸਦੀਆਂ ਤਰਕ ਭਰੀਆਂ ਸੋਚਾਂ ‘ਚ ਹੀ ਕਿਧਰੇ ਲੁਕੇ ਹੁੰਦੇ ਨੇ....
ਸ਼ਾਇਰੀ ਵਿਚਲੀ ਮੁਹੱਬਤ ਉਸ ਲਈ...ਇਕ ਸ਼ਖ਼ਸ ਵੀ ਹੈ...ਕਾਰਣ ਵੀ ਹੈ....ਮਕਸਦ ਵੀ ਹੈ...ਤੇ ਕੁਦਰਤ ਨਾਲ਼ ਜੁੜਨ ਦਾ ਇਕ ਹੁਨਰ ਵੀ। ਉਸਦੇ ਸ਼ਬਦਾਂ ਵਿਚਲੇ ਸਾਰੇ ਰੰਗ ਰੇਤਲੇ ਟਿੱਬਿਆਂ ਦਾ ਮੌਸਮ ਬਦਲਣ ਦੀ ਸਮਰੱਥਾ ਵੀ ਰੱਖਦੇ ਨੇ....ਉੱਥੇ, ਜਿੱਥੇ ਮੌਸਮ ਬਸ ਨਾ-ਮਾਤਰ ਹੀ ਬਦਲਦਾ ਹੈ। ਅਤੇ ਇਹਨਾਂ ਸਾਰੇ ਮੌਸਮਾਂ ਦੀ ਇਕ ਸਟਿਲ ਲਾਈਫ ਤਿਆਰ ਹੋ ਕੇ ਉਸਦੀ ਕੰਧ ‘ਤੇ ਜੜੀ ਜਾਂਦੀ ਹੈ ਤਾਂ ਆਪਣੀ ਸ਼ਾਇਰੀ ਨੂੰ ਚੁੱਪ ਅਤੇ ਜ਼ਿੰਦਗੀ ਨਾਲ਼ ਜੋੜਦੇ ਕਿਸੇ ਤਿਲਿਸਮ ਦਾ ਨਾਮ ਦਿੰਦਾ ਏ....ਰੇਤਲੇ ਟਿੱਬਿਆਂ ਵਿਚ ਰਹਿਣਾ, ਗਰਮ ਮੌਸਮ ਦਾ ਕਹਿਰ ਜਰਨਾ, ਰੁੱਖੀਆਂ ਹਵਾਵਾਂ ਬਦਨ ‘ਤੇ ਝੱਲਣੀਆਂ...ਉਹ ਸਭ ਸਿੱਖ ਗਿਐ.. ਜਾਣਦਾ ਵੀ ਹੈ ਕਿ ਪਲ ਪਲ ਰੇਤ ਦਾ ਮੁਹਾਂਦਰਾ ਬਦਲ ਜਾਂਦੈ...ਪਰ ਰੇਤੇ ‘ਚੋਂ ਪੈੜਾਂ ਲੱਭਣ ਦਾ ਉਸਦਾ ਝੱਲ ਅਜੇ ਵੀ ਬਰਕਰਾਰ ਹੈ.....
ਦੋਸਤੋ! ਆਬੂ-ਧਾਬੀ ਵਸਦੇ ਸੁਪ੍ਰਸਿੱਧ ਸ਼ਾਇਰ ਜਨਾਬ ਅਮਰੀਕ ਗ਼ਾਫ਼ਿਲ ਸਾਹਿਬ ਦੇ ਨਾਮ ਤੋਂ ਮੈਂ ਭਲੀ-ਭਾਂਤ ਵਾਕਿਫ਼ ਸਾਂ, ਪਰ ਉਹਨਾਂ ਨਾਲ਼ ਸੰਪਰਕ ਫੇਸਬੁੱਕ ‘ਤੇ ਹੀ ਹੋਇਆ। ਮੇਰੀ ਆਰਸੀ ਵੱਲੋਂ ਘੱਲੀ ਰਿਕੂਐਸਟ ਉਹਨਾਂ ਦੇ ਇਨ-ਬੌਕਸ ‘ਚ ਬਹੁਤ ਦੇਰ ਪਈ ਰਹੀ....ਮੈਂ ਵੀ ਜ਼ਿਆਦਾ ਜ਼ੋਰ ਦੇ ਕੇ ਯਾਦ ਕਰਾਉਣਾ ਮੁਨਾਸਿਬ ਨਾ ਸਮਝਿਆ....ਕਿਉਂਕਿ ਗ਼ਾਫ਼ਿਲ ਸਾਹਿਬ ਦੀ ਦੋਸਤੀ ਲਿਸਟ ‘ਤੇ ਥੋੜ੍ਹੇ ਅਤੇ ਚੋਣਵੇਂ ਜਿਹੇ ਦੋਸਤ ਸਨ...ਨਾਲ਼ੇ ਮੈਂ ਸੋਚਿਆ ਕਿ ਜ਼ਰੂਰ ਮੇਰੇ ਵਰਗੇ ਹੀ ਵਿਚਾਰ ਹੋਣਗੇ......ਅੰਤਰਮੁਖੀ ਹੋਣਗੇ....ਸ਼ੋਰ ਵਿਚ ਗੁੰਮਣਾ ਨਹੀਂ ਚਾਹੁੰਦੇ ਹੋਣਗੇ...ਜਲਦੀ ਕਿਸੇ ਨਾਲ਼ ਦੋਸਤੀ ਨਹੀਂ ਕਰਦੇ ਹੋਣੇ...ਵਗੈਰਾ..ਵਗੈਰਾ:) ਆਖ਼ਿਰ ਇਕ ਦਿਨ ਬੇਨਤੀ ਮਨਜ਼ੂਰ ਹੋਈ ਨਾਲ਼ ਹੀ ਸੰਖੇਪ ਜਿਹਾ ਜਵਾਬ ਵੀ ਲਿਖਿਆ ਆਇਆ: “ਸਵਾਗਤ ਹੈ ਤਨਦੀਪ ਜੀ!” ਫੇਰ ਈਮੇਲ ਆਈ: “ ਤਨਦੀਪ ਜੀ! ਮੈਂ ਜਲਦੀ ਕਿਸੇ ਨਾਲ਼ ਦੋਸਤੀ ਨਹੀਂ ਕਰਦਾ ...ਤੇ ਜੇ ਕਰ ਲਵਾਂ..ਤਾਂ ਉਹਦਾ ਖਹਿੜਾ ਨਹੀਂ ਛੱਡਦਾ..”...ਸੋ ਇਹ ਸਾਡੀ ਸਾਹਿਤਕ ਦੋਸਤੀ ਦੀ ਸ਼ੁਰੂਆਤ ਸੀ ਜਾਂ ਇੰਝ ਕਹਿ ਲਵਾਂ ਕਿ ਫੇਸਬੁੱਕ ‘ਤੇ ਇਹ ਦੋਸਤੀ ਆਰਸੀ ਦਾ ਹੀ ਨਹੀਂ, ਮੇਰਾ ਵੀ ਹਾਸਿਲ ਹੈ।
ਗ਼ਾਫ਼ਿਲ ਸਾਹਿਬ ਬਹੁਤ ਹੀ ਨਰਮ, ਨਿੱਘੇ ਸੁਭਾਅ ਦੇ ਮਾਲਿਕ ਅਤੇ ਖ਼ੁਸ਼ਮਿਜ਼ਾਜ ਸ਼ਖ਼ਸ ਹਨ....ਪਰਪੱਕ ਗ਼ਜ਼ਲਗੋ ਹੋਣ ਦੇ ਬਾਵਜੂਦ ਆਪਣੇ-ਆਪ ਨੂੰ ‘ਛੋਟਾ-ਮੋਟਾ ਕਲਮ ਘੜੀਸ’ ਦੱਸਦੇ ਹਨ। ਉਸਤਾਦ ( ਮਰਹੂਮ ) ਜਨਾਬ ਚਾਨਣ ਗੋਬਿੰਦਪੁਰੀ ਸਾਹਿਬ ਨੂੰ ਆਪਣਾ ਉਸਤਾਦ ਧਾਰ ਕੇ ਪਿਛਲੇ ਵੀਹ ਸਾਲ ਤੋਂ ਗ਼ਜ਼ਲ ਦੀ ਵਿਧਾ ਨਾਲ਼ ਜੁੜੇ ਹੋਏ ਹਨ, ਪੰਜਾਬੀ, ਹਿੰਦੀ, ਉਰਦੂ ਅਤੇ ਅਰਬੀ ਅਤੇ ਅੰਗਰੇਜ਼ੀ ਜ਼ਬਾਨਾਂ ਦਾ ਗਿਆਨ ਬਾਖ਼ੂਬੀ ਰੱਖਦੇ ਹਨ। ‘ਦਰਪਣ’ ਨਾਮ ਦੇ ਤ੍ਰੈ-ਮਾਸਿਕ ਸਾਹਿਤਕ ਰਸਾਲੇ ਦਾ ਸੰਪਾਦਨ ਵੀ ਕਰਦੇ ਹਨ। ਹੁਣ ਫੇਸਬੁੱਕ ‘ਤੇ ਆਰਸੀ ਸਾਹਿਤਕ ਦੋਸਤਾਂ ਦੇ ਕਲੱਬ ਦੇ ਕੋ-ਐਡਮਿਨ ਵੀ ਹਨ। ਜ਼ਿੰਦਗੀ ਦੇ ਲੰਮੇ ਸਫ਼ਿਆਂ ‘ਤੇ ਉਹਨਾਂ ਨੇ ਸਾਰਾ ਤਜਰਬਾ....ਗ਼ਜ਼ਲਾਂ, ਗੀਤਾਂ ਨਾਲ਼ ਕਹਿ ਦਿੱਤੈ....ਮੇਰੇ ਵਾਂਗ ਹੀ ਉਹਨਾਂ ਦੀ ਬਹੁਤ ਵਰ੍ਹਿਆਂ ਦੀ ਚੁੱਪ ਟੁੱਟੀ ਏ.....ਕਿਤੇ ਹੁਣ ਮੇਰੇ ਵਰਗੇ ਦੋਸਤਾਂ ਦੇ ਆਖੇ ਲੱਗ ਕੇ ਕਿਤਾਬ ਛਪਵਾ ਲੈਣ...ਆਮੀਨ!
ਅੱਜ ਉਹਨਾਂ ਦੀਆਂ ਚੰਦ ਬੇਹੱਦ ਖ਼ੁਬਸੂਰਤ ਗ਼ਜ਼ਲਾਂ ਆਰਸੀ ਬਲੌਗ ‘ਚ ਸ਼ਾਮਿਲ ਕਰਦਿਆਂ ਮੈਂ ਦਿਲੀ ਖ਼ੁਸ਼ੀ ਦਾ ਅਨੁਭਵ ਕਰ ਰਹੀ ਹਾਂ। ਗ਼ਾਫ਼ਿਲ ਸਾਹਿਬ! ਆਰਸੀ ਪਰਿਵਾਰ ਵੱਲੋਂ ਨਿੱਘੀ ਜੀ ਆਇਆਂ ਜੀ.....ਭਵਿੱਖ ਵਿਚ ਵੀ ਹਾਜ਼ਰੀ ਲਵਾ ਕੇ ਧੰਨਵਾਦੀ ਬਣਾਉਂਦੇ ਰਹਿਣਾ ਜੀ.....ਨਵਾਜ਼ਿਸ਼!
ਅਦਬ ਸਹਿਤ
ਤਨਦੀਪ
*******
ਗ਼ਜ਼ਲ
ਉਮਰ ਤਾਂ ਗੁਜ਼ਰੀ ਹੈ ਮੇਰੀ, ਤਿਸ਼ਨਗੀ ਦੇ ਰੂਬਰੂ।
ਲਾਸ਼ ਨੂੰ ਕਿਉਂ ਲੈ ਕੇ ਚੱਲੇ ਹੋ ਨਦੀ ਦੇ ਰੂਬਰੂ।
ਦੇਖਿਓ ਮਹਿਸ਼ਰ ਚੋਂ ਵੀ ਬੇਦਾਗ਼ ਮੁੜ ਆਵੇਗਾ ਉਹ,
ਸਭ ਗੁਨਾਹ ਛੋਟੇ ਨੇ ਉਹਦੀ ਸਾਦਗੀ ਦੇ ਰੂਬਰੂ।
ਯਾ ਇਲਾਹੀ ਕਿਉਂ ਇਹ ਮੰਜ਼ਰ ਤੈਨੂੰ ਦਹਿਲਾਉਂਦਾ ਨਹੀਂ,
ਮੌਤ ਰੱਖ ਦਿੰਦੇ ਨੇ ਜਦ ਉਹ ਜ਼ਿੰਦਗੀ ਦੇ ਰੂਬਰੂ।
ਮੰਨ ਲੈਂਦਾ ਹਾਂ ਸਵੇਰਾ ਦੂਰ ਏ ਫਿਰ ਵੀ ਤਾਂ ਕੁਝ,
ਰੌਸ਼ਨੀ ਰਖਣੀ ਪਵੇਗੀ ਇਸ ਬਦੀ ਦੇ ਰੂਬਰੂ।
ਕਿਹੜੀ ਮੰਜ਼ਿਲ ਕਿਹੜੇ ਮਕ਼ਸਦ ਬਾਰੇ ਸੋਚਣ ਬਦਨਸੀਬ,
ਜਦ ਕਿ ਜੀਣਾ ਵੀ ਹੈ ਮੁਸ਼ਕਿਲ ਮੁਫ਼ਲਿਸੀ ਦੇ ਰੂਬਰੂ।
ਬੋਲਦੇ ਨੇ ਸੱਚ ਸ਼ੀਸ਼ੇ ਆਵੇਗਾ ਫਿਰ ਹੀ ਯਕੀਨ,
ਰਖ ਤਿਰਾ ਕਿਰਦਾਰ ਮੇਰੀ ਸ਼ਾਇਰੀ ਦੇ ਰੂਬਰੂ।
ਹਾਦਸੇ ਏਦਾਂ ਗੁਜ਼ਰ ਜਾਂਦੇ ਨੇ ਹੁਣ ਦਿਨ ਰਾਤ ਮੈਂ,
ਮੁਜਰਿਮਾਂ ਵਾਂਗੂ ਖਲੋਵਾਂ ਬੇਬਸੀ ਦੇ ਰੂਬਰੂ।
ਕਿੱਧਰੋਂ ਭਾਬੜ ਮਚੇ ਸਨ ਕਿਸ ਤਰਾਂ ਜੰਗਲ ਸੜੇ,
ਦੇਖ ਇਹ ਕਿੱਸਾ ਨਾ ਛੇੜੀਂ ਵੰਝਲੀ ਦੇ ਰੂਬਰੂ।
*****
ਗ਼ਜ਼ਲ
ਤਿੜਕੇ ਸ਼ੀਸ਼ੇ ਸਹਿਮੇ ਚਿਹਰੇ ਬਿਖਰੇ ਮੰਜ਼ਰ ਦਿਸਦੇ ਨੇ।
ਅੱਲ੍ਹਾ ਬਖ਼ਸ਼ੇ ਖ਼ਾਬ ਅਜੇਹੇ ਮੈਨੂੰ ਅਕਸਰ ਦਿਸਦੇ ਨੇ।
ਖ਼ੌਫ਼ ਜਿਹਾ ਆਉਂਦਾ ਏ ਮੈਨੂੰ ਮਦਰੱਸੇ ਦੇ ਰਾਹਾਂ ਚੋਂ,
ਬਾਲਾਂ ਦੇ ਬਸਤੇ ਵਿੱਚ ਪੁਸਤਕ ਦੀ ਥਾਂ ਖ਼ੰਜਰ ਦਿਸਦੇ ਨੇ।
ਕਾਲੀ ਬੋਲ਼ੀ ਰਾਤ ਸਰਾਪੀ ਪੌਣ ਚਿਰਾਗ਼ਾਂ ਦੀ ਹੋਣੀ,
ਰੋਵਾਂ ਜਦ ਵੀ ਛੱਬੀ ਸਾਲ ਪੁਰਾਣੇ ਚਿੱਤਰ ਦਿਸਦੇ ਨੇ।
ਖ਼ੁਦ ਚੀਚੀ ਨੂੰ ਖ਼ੂਨ ਲਗਾ ਕੇ ਹੋਣ ਸ਼ੁਮਾਰ ਸ਼ਹੀਦਾਂ ਵਿੱਚ,
ਉਹ ਜਿਹਨਾਂ ਨੂੰ ਜ਼ਖ਼ਮ ਅਸਾਡੇ ਕੂੜ ਚਲਿੱਤਰ ਦਿਸਦੇ ਨੇ।
ਇਹ ਕੀ ਅਜਬ ਤਮਾਸ਼ਾ ਗ਼ਾਫ਼ਿਲ ,ਵਹਿਣ ਕਸੂਤਾ ਵਹਿੰਦਾ ਹੈ,
ਇੱਕ ਨਦੀ ਦਾ ਪਾਣੀ ਭਰਦੇ ਸੱਤ ਸਮੁੰਦਰ ਦਿਸਦੇ ਨੇ।
******
ਗ਼ਜ਼ਲ
ਜਿਹਦੇ ਹਿੱਸੇ ਨਾ ਇਕ ਖ਼ੁਸ਼ੀ ਆਵੇ।
ਉਸ ਵਿਚਾਰੇ ਨੂੰ ਚੈਨ ਕੀ ਆਵੇ।
ਮੈਂ ਵੀ ਸਹਰਾ ਹਾਂ ਮੈਂ ਵੀ ਪਿਆਸਾ ਹਾਂ,
ਮੇਰੀ ਖ਼ਾਤਿਰ ਵੀ ਇਕ ਨਦੀ ਆਵੇ।
ਮੇਰੇ ਰੱਬਾ ਮੇਰੀ ਗੁਜ਼ਾਰਿਸ਼ ਹੈ,
ਜ਼ਿੰਦਗੀ ਵਾਂਗ ਜ਼ਿੰਦਗੀ ਆਵੇ।
ਮੇਰੇ ਘਰ ਵਿੱਚ ਵੀ ਪੈਰ ਪਾ ਤਾਂ ਜੋ,
ਮੇਰੇ ਘਰ ਵਿਚ ਵੀ ਰੌਸ਼ਨੀ ਆਵੇ।
ਇਸਨੂੰ ਭੁਲਣਾ ਕਹਾਂ ਕਿ ਯਾਦ ਕਹਾਂ,
ਯਾਦ ਉਹ ਜੇ ਕਦੀ ਕਦੀ ਆਵੇ।
ਤੇਰੀ ਬੁੱਕਲ ,ਚ ਹੋਵੇ ਸਿਰ ਮੇਰਾ,
ਮੈਨੂੰ ਹਿਚਕੀ ਜੇ ਆਖ਼ਰੀ ਆਵੇ।
ਕਿੰਨਾ ਵੱਡਾ ਮਜ਼ਾਕ ਹੈ ਰੱਬ ਦਾ,
ਮੌਤ ਖ਼ਾਤਰ ਹੀ ਜ਼ਿੰਦਗੀ ਆਵੇ।
ਲਗਦੈ ਜੋਗੀ ਬਣਾ ਕੇ ਛੱਡੇਗੀ,
ਮਹਿਕ ਤੇਰੇ ਚੋਂ ਹੀਰ ਦੀ ਆਵੇ।
ਦਾਣਾ ਪਾਣੀ ਵਤਨ ‘ਚੋਂ ਉਠ ਚਲਿਆ,
ਮੇਰੇ ਖ਼ਾਬਾਂ ਚ ਇਕ ਪਰੀ ਆਵੇ।
******
ਗ਼ਜ਼ਲ
ਧੁੰਦਲੇ-ਵੁੰਦਲੇ ਅੱਖਰ ਵੱਖਰ।
ਚਿੱਤਰ ਵਿੱਤਰ ਪੱਤਰ ਵੱਤਰ।
ਵੋਟਾਂ-ਸ਼ੋਟਾਂ ਚੱਕਰ -ਵੱਕਰ।
ਮਸਜਿਦ-ਮੁਸਜਦ ਮੰਦਰ-ਸ਼ੰਦਰ।
ਮਾਪੇ ਭੁੱਖੇ, ਖਾਣ ਕਪੁੱਤਰ,
ਪੀਜ਼ੇ-ਵੀਜ਼ੇ ਬਰਗਰ-ਸ਼ਰਗਰ।
ਹਿਜਰ ਦੇ ਮਾਰੇ ਨੂੰ ਕਦ ਭਾਉਂਦੇ
ਬਿਸਤਰ-ਵੁਸਤਰ, ਨੀਂਦਰ ਸ਼ੀਂਦਰ।
ਪਿਆਸੇ ਕਾਂ ਨੂੰ ਹੁਣ ਨਾ ਲੱਭਦੇ,
ਗਾਗਰ-ਵਾਗਰ ਕੰਕਰ-ਵੰਕਰ।
ਚੰਗੇ ਅਮਲਾਂ ਬਾਝ ਅਕਾਰਥ,
ਜਾਗੇ-ਵਾਗੇ ਲੰਗਰ-ਸ਼ੰਗਰ।
ਮੌਜਾਂ ਲੁਟਦੇ ਜੇ ਬਣ ਜਾਂਦੇ,
ਬਾਬੇ-ਬੂਬੇ ਲੀਡਰ-ਸ਼ੀਡਰ।
ਸਤਿਆ ਬੰਦਾ ਮਾਰ ਹੀ ਬਹਿੰਦੈ,
ਨਾਰਾ-ਵਾਰਾ ਛਿੱਤਰ -ਛੁੱਤਰ।
ਸ਼ਾਇਰ ਦੇ ਝੂੰਗੇ ਚੋਂ ਖਾਵਣ,
ਛਾਪਕ-ਛੂਪਕ ਸਿੰਗਰ-ਵਿੰਗਰ।
ਮੁਕ ਜਾਵਣ ਤਾਂ ਚੰਗੈ ਗ਼ਾਫ਼ਿਲ,
ਮਸਲੇ-ਵਸਲੇ ਦੁੱਸਰ-ਤਿੱਸਰ।