ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਕੇਸਰ ਸਿੰਘ ਨੀਰ. Show all posts
Showing posts with label ਕੇਸਰ ਸਿੰਘ ਨੀਰ. Show all posts

Tuesday, December 29, 2009

ਕੇਸਰ ਸਿੰਘ ਨੀਰ - ਗ਼ਜ਼ਲ

ਗ਼ਜ਼ਲ

ਭੇਤ ਵਿਚੋਂ ਭੇਤ ਕੋਈ ਟੋਲ਼ਦਾ ਫਿਰਦਾ ਹਾਂ ਮੈਂ।

ਇੰਝ ਛਾਤੀ ਤਾਰਿਆਂ ਦੀ ਫੋਲ਼ਦਾ ਫਿਰਦਾ ਹਾਂ ਮੈਂ।

-----

ਮੈਂ ਖ਼ੁਦਾ ਹਾਂ, ਮੈਂ ਖ਼ੁਦਾ ਹਾਂ, ਬੋਲਦਾ ਫਿਰਦਾ ਹਾਂ ਮੈਂ।

ਕੁਦਰਤਾਂ ਦੇ ਭੇਤ ਸੈਆਂ ਖੋਲ੍ਹਦਾ ਫਿਰਦਾ ਹਾਂ ਮੈਂ।

-----

ਜਾਗ ਕੇ ਰਾਤਾਂ ਨੂੰ ਰਿੜਕਾਂ ਚਾਨਣੀ ਦੇ ਦੁੱਧ ਨੂੰ,

ਇੰਝ ਮੋਤੀ ਸੋਚ ਵਾਲ਼ੇ ਰੋਲ਼ਦਾ ਫਿਰਦਾ ਹਾਂ ਮੈਂ।

-----

ਮੈਂ ਬੜਾ ਆਕਲ, ਬਹਾਦਰ, ਸੂਰਮਾ, ਗੁਣਵਾਨ ਹਾਂ,

ਫੇਰ ਵੀ ਜੀਵਨ ‘ਚ ਥਾਂ, ਥਾਂ ਡੋਲਦਾ ਫਿਰਦਾ ਹਾਂ ਮੈਂ।

-----

ਚੰਦ ਉੱਤੇ ਅੱਪੜ ਕੇ ਵੀ ਚਾਹ ਮਿਰੀ ਹਾਰੀ ਨਹੀਂ,

ਹੋਰ ਉੱਚਾ ਜਾਣ ਨੂੰ ਪਰ ਤੋਲਦਾ ਫਿਰਦਾ ਹਾਂ ਮੈਂ।

-----

ਜੱਗ ਨੂੰ ਉਪਦੇਸ਼ ਦੇਵਾਂ, ਸ਼ਾਂਤੀ ਤੇ ਪਿਆਰ ਦਾ,

ਆਪ ਕਾਂਜੀ ਨਫ਼ਰਤਾਂ ਦੀ ਘੋਲ਼ਦਾ ਫਿਰਦਾ ਹਾਂ ਮੈਂ।

-----

ਜ਼ਿੰਦਗੀ ਵਿਚ ਸ਼ਾਇਰੀ ਦੀ ਦਾਤ ਤਾਂ ਹੈ ਮਿਲ਼ ਗਈ,

ਰੱਬ ਜਾਣੇ! ਹੋਰ ਕੀ ਸ਼ੈ ਟੋਲ਼ਦਾ ਫਿਰਦਾ ਹਾਂ ਮੈਂ।

Sunday, November 15, 2009

ਕੇਸਰ ਸਿੰਘ ਨੀਰ - ਗ਼ਜ਼ਲ

ਗ਼ਜ਼ਲ

ਕਾਲ਼ੀ ਘਟ ‘ਚੋਂ ਹੌਲ਼ੀ ਹੌਲ਼ੀ ਬਾਹਰ ਆਇਆ ਸੂਰਜ।

ਠੁਰ, ਠੁਰ ਕਰਦੀ ਧਰਤੀ ਦਾ, ਲੂੰ ਲੂੰ ਗਰਮਾਇਆ ਸੂਰਜ।

-----

ਵਿਚ ਘਟਾਵਾਂ ਲੁਕ ਕੇ ਲੋਕਾਂ ਨੂੰ ਤੜਪਾਇਆ ਸੂਰਜ।

ਬਾਹਰ ਆਇਆ ਤਾਂ ਲੋਕਾਂ ਨੂੰ ਡਾਢਾ ਭਾਇਆ ਸੂਰਜ।

-----

ਤੋਰ ਸਮੇਂ ਦੀ ਮੈਨੂੰ ਤਾਂ ਲਗਦੀ ਸੀ ਥਿੜਕੀ, ਥਿੜਕੀ,

ਕਾਲ਼ੀ ਘਟ ਨੇ ਚਾਰ ਦਿਹਾੜੇ ਜਦੋਂ ਲੁਕਾਇਆ ਸੂਰਜ।

-----

ਚਾਅ ਜੀਵਨ ਦਾ ਠਰਿਆ ਠਰਿਆ, ਦਿਲ ਸੀ ਬੁਝਿਆ ਬੁਝਿਆ,

ਤਨ ਦਾ ਲੂੰ, ਲੂੰ ਮਨ ਦਾ ਹਰ ਚਾਅ, ਹੈ ਧੜਕਾਇਆ ਸੂਰਜ।

-----

ਸੂਰਜ ਆਇਆ ਧਰਤੀ ਜੀਕਰ ਫੇਰ ਸੁਹਾਗਣ ਹੋਈ,

ਧਰਤੀ ਦੇ ਜਾਇਆਂ ਨੇ ਤਾਹੀਂ ਸੀਸ ਬਿਠਾਇਆ ਸੂਰਜ।

-----

ਬੂਟਾ, ਬੂਟਾ, ਡਾਲੀ, ਡਾਲੀ, ਪੱਤਾ, ਪੱਤਾ ਝੂਮੇਂ,

ਧਰਤੀ ਦੇ ਕਣ ਕਣ ਦੇ ਤਾਈਂ ਹੈ ਨਸ਼ਿਆਇਆ ਸੂਰਜ।

-----

ਮੀਂਹਾਂ ਅੰਦਰ ਕੱਚੇ ਕੋਠੀਂ, ਬੈਠੇ ਕਾਮੇ ਝੂਰਨ,

ਆ ਕੇ ਧੀਰ ਬੰਨ੍ਹਾਇਆ, ਸਭ ਨੂੰ ਕੰਮੀਂ ਲਾਇਆ ਸੂਰਜ।

-----

ਹਾਰ ਖ਼ੁਸ਼ੀ ਦੇ ਲੋਕਾਂ ਨੇ, ਜਦ ਸੂਰਜ ਦੇ ਗਲ਼ ਪਾਏ,

ਆਦਰ, ਮਾਣ ਦੇਖ ਕੇ ਅਪਣਾ ਹੈ ਮੁਸਕਾਇਆ ਸੂਰਜ।

Tuesday, July 7, 2009

ਕੇਸਰ ਸਿੰਘ ਨੀਰ - ਗੀਤ

ਗੀਤ

ਮਿੱਠੀ ਮਿੱਠੀ ਪੀੜ ਕਿਹੀ ਦਿੱਤੀ ਏ ਵੇ ਮਹਿਰਮਾ!

ਮਿੱਠੀ ਮਿੱਠੀ ਜਿੰਦ ਗਈ ਹੋ।

----

ਨਿੱਕੀ ਨਿੱਕੀ ਨੀਝ ਤੇਰਾ ਮੁੱਖੜਾ ਨਿਹਾਰਿਆ,

ਸੁੱਚੀ ਸੁੱਚੀ ਜਗੀ ਨੈਣੀਂ ਲੋਅ।

----

ਭਿੰਨੀ ਭਿੰਨੀ ਉੱਠੀ ਮੇਰੇ ਲੂੰਆਂ ‘ਚੋਂ ਸੁਗੰਧੜੀ,

ਨਿੱਕੀ ਨਿੱਕੀ ਦਿੱਤੀ ਕਿਹੀ ਛੋਹ।

----

ਭੋਰਾ ਭੋਰਾ ਜਿੰਦ ਅਸਾਂ ਮੁੱਲ ‘ਚ ਚੁਕਾਈ ਵੇ,

ਲੀਤਾ ਈ ਵਿਹਾਜ ਤੇਰਾ ਮੋਹ।

----

ਕੂਲ਼ਾ ਕੂਲ਼ਾ ਬੂਟਾ ਤੇਰੀ ਯਾਦ ਦਾ ਵੇ ਪਾਲ਼ਿਆ,

ਕੂਲ਼ਾ ਕੂਲ਼ਾ ਨੀਰ ਨੈਣੋਂ ਚੋ।

----

ਖੀਵੀ ਖੀਵੀ ਹੋਵੇ ਪਈ ਰੂਹ ਦੀ ਮੁਟਿਆਰ ਨੇ,

ਆਵੇ ਜਦੋਂ ਤੇਰੀ ਕਣਸੋਅ।

----

ਦੇਵੀਂ ਦੇਵੀਂ ਇੱਕੋ ਹੀ ਸੁਆਂਤ ਬੂੰਦ ਬੂੰਦ ਦੀ,

ਸਿੱਕਦੇ ਪਪੀਹੇ ਨੈਣ ਦੋ।

----

ਨੇੜੇ ਨੇੜੇ ਜਿੰਦੜੀ ਦੇ ਰਹੇਂ ਵੇ ਤੂੰ ਹਾਣੀਆਂ!

ਸਾਹਵਾਂ ਵਿੱਚ ਲਵਾਂ ਮੈਂ ਪਰੋ।

----

ਤਿੱਖੀ ਤਿੱਖੀ ਨਿਗ੍ਹਾ ਏਸ ਜੱਗ ਦੀ ਵੇ ਵੈਰੀਆ,

ਭੈੜੇ ਭੈੜੇ ਏਸ ਦੇ ਧਰੋਹ।

----

ਸੌੜਾ ਸੌੜਾ ਸਾਡਾ ਏਹੋ ਸੜਨਾ ਸਮਾਜ ਵੇ,

ਦਿੰਦਾ ਈ ਪ੍ਰੀਤੀਆਂ ਨੂੰ ਕੋਹ।

----

ਪੱਕੀ ਪੱਕੀ ਸਾਡੀ ਤਾਂ ਪਿਆਰ ਵਾਲ਼ੀ ਤੰਦ ਵੇ,

ਤੋੜ ਨਾ ਸਕੇਗਾ ਇਹਨੂੰ ਕੋ।

----

ਮਿੱਠੀ ਮਿੱਠੀ ਪੀੜ ਕਿਹੀ ਦਿੱਤੀ ਏ ਵੇ ਮਹਿਰਮਾ!

ਮਿੱਠੀ ਮਿੱਠੀ ਜਿੰਦ ਗਈ ਹੋ।


Monday, May 11, 2009

ਕੇਸਰ ਸਿੰਘ ਨੀਰ - ਗ਼ਜ਼ਲ

ਸਾਹਿਤਕ ਨਾਮ: ਕੇਸਰ ਸਿੰਘ ਨੀਰ

ਜਨਮ: 13 ਮਈ, 1935, ਪਿੰਡ ਛੱਜਾਵਾਲ, ਲੁਧਿਆਣਾ

ਅਜੋਕਾ ਨਿਵਾਸ: 1996 ਤੋਂ ਕੈਲਗਰੀ, ਕੈਨੇਡਾ

ਕਿਤਾਬਾਂ: ਕਾਵਿ-ਸੰਗ੍ਰਹਿ: ਕਸਕਾਂ, ਗ਼ਮ ਨਹੀਂ , ਗ਼ਜ਼ਲ-ਸੰਗ੍ਰਹਿ: ਕਿਰਨਾਂ ਦੇ ਬੋਲ, ਅਣਵਗੇ ਅੱਥਰੂ ਅਤੇ ਇਹਨਾਂ ਚਾਰਾਂ ਕਿਤਾਬਾਂ ਦਾ ਸੰਗ੍ਰਹਿ: ਨੈਣਾਂ ਦੇ ਮੋਤੀ, ਬਾਲ-ਕਾਵਿ: ਗਾਉਂਦੇ ਬਾਲ, ਝਿਲਮਿਲ ਝਿਲਮਿਲ ਤਾਰੇ, ਫੁੱਲ ਰੰਗ ਬਿਰੰਗੇ, ਮਿੱਠੀਆਂ ਮੁਸਕਾਨਾਂ ਪ੍ਰਕਾਸ਼ਿਤ ਹੋ ਚੁੱਕੇ ਹਨ।

ਇਨਾਮ-ਸਨਮਾਨ: 1994 ‘ਚ ਪੰਜਾਬੀ ਸਾਹਿਤ ਸਭਾ, ਜਗਰਾਓਂ ਅਤੇ 2005 ‘ਚ ਸਿੱਖ ਵਿਰਸਾ(ਮਾਸਿਕ), ਕੈਲਗਰੀ ਕੈਨੇਡਾ ਵੱਲੋਂ ਲਿਖਤਾਂ ਬਦਲੇ ਸਨਮਾਨਿਆ ਗਿਆ। ਨੀਰ ਸਾਹਿਬ ਕੈਲਗਰੀ ਦੀ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।

-----

ਦੋਸਤੋ! ਸ: ਕੇਸਰ ਸਿੰਘ ਨੀਰ ਜੀ ਨੇ ਆਰਸੀ ਲਈ ਆਪਣੀ ਵੱਡ-ਅਕਾਰੀ ਕਿਤਾਬ ‘ਨੈਣਾਂ ਦੇ ਮੋਤੀ’ ਭੇਜੀ ਸੀ। ਓਸੇ ਕਿਤਾਬ ਵਿਚੋਂ ਅੱਜ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਦੇ ਨਾਲ਼ ਨੀਰ ਸਾਹਿਬ ਨੂੰ ਅਦਬੀ ਮਹਿਫ਼ਿਲ ‘ਚ ਸਾਰੇ ਆਰਸੀ ਪਰਿਵਾਰ ਵੱਲੋਂ ਖ਼ੁਸ਼ਾਮਦੀਦ ਆਖਣ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

******

ਗ਼ਜ਼ਲ

ਤੁਰਦੇ ਰਹਿਣਾ ਹੀ ਜੀਵਨ ਹੈ, ਬਿਖੜੇ, ਬਿਖੜੇ ਰਾਹਾਂ ‘ਤੇ।

ਕਰਦੇ ਰਹਿਣਾ ਕੰਮ ਅਨੋਖਾ, ਰੱਖ ਭਰੋਸਾ ਬਾਹਾਂ ‘ਤੇ।

----

ਨੈਣਾਂ ਅੰਦਰ ਨਕਸ਼ ਨੁਰਾਨੀ, ਸੀਨੇ ਵਸਦੀ ਮੰਜ਼ਿਲ ਦਾ,

ਡੂੰਘੇ ਸਾਗਰ ਠੇਲ੍ਹੀ ਬੇੜੀ, ਡੋਰੀ ਸੁੱਟ ਮਲਾਹਾਂ ‘ਤੇ।

----

ਜੀਵਨ ਦਾ ਤਾਂ ਪਲ, ਪਲ ਮਹਿੰਗਾ, ਕੁਝ ਕਰ ਜਾਣਾ ਜੀਵਨ ਹੈ,

ਕੌਣ ਭਰੋਸਾ ਰੱਖੇ ਯਾਰੋ! ਪਲ, ਪਲ ਮੁਕਦੇ ਸਾਹਾਂ ‘ਤੇ।

----

ਸੌ ਚਾਹਾਂ ਤੇ ਰੀਝਾਂ ਦੀ ਜੇ, ਇੱਕੋ ਚਾਹ ਬਣਾ ਲਈਏ,

ਮਨ ਲਟਬੌਰਾ ਮੂਲ ਨਾ ਭਟਕੇ, ਥਾਂ ਥਾਂ ਉੱਤੇ ਚਾਹਾਂ ‘ਤੇ।

----

ਲੈ ਕੇ ਸੀਨੇ ਸੱਚ ਸੁਨਹਿਰੀ, ਤੇਰੀ ਪੁੱਜੇ ਆਣ ਕਚਹਿਰੀ,

ਇੱਕੋ ਆਸ ਸਚਾਈ ਉੱਤੇ, ਆਸ ਨ ਮੂਲ ਗਵਾਹਾਂ ‘ਤੇ।

=====

ਗ਼ਜ਼ਲ

ਭੇਤ ਵਿਚੋਂ ਭੇਤ ਕੋਈ ਟੋਲ਼ਦਾ ਫਿਰਦਾ ਹਾਂ ਮੈਂ।

ਇੰਜ ਛਾਤੀ ਤਾਰਿਆਂ ਦੀ ਫੋਲ਼ਦਾ ਫਿਰਦਾ ਹਾਂ ਮੈਂ।

----

ਮੈਂ ਖ਼ੁਦਾ ਹਾਂ, ਮੈਂ ਖ਼ੁਦਾ ਹਾਂ, ਬੋਲਦਾ ਫਿਰਦਾ ਹਾਂ ਮੈਂ।

ਕੁਦਰਤਾਂ ਦੇ ਭੇਤ ਸੈਆਂ ਖੋਲ੍ਹਦਾ ਫਿਰਦਾ ਹਾਂ ਮੈਂ।

----

ਜਾਗ ਕੇ ਰਾਤਾਂ ਨੂੰ ਰਿੜਕਾਂ ਚਾਨਣੀ ਦੇ ਦੁੱਧ ਨੂੰ,

ਇੰਜ ਮੋਤੀ ਸੋਚ ਵਾਲ਼ੇ ਰੋਲ਼ਦਾ ਫਿਰਦਾ ਹਾਂ ਮੈਂ।

----

ਮੈਂ ਬੜਾ ਆਕਲ, ਬਹਾਦਰ, ਸੂਰਮਾ ਗੁਣਵਾਨ ਹਾਂ,

ਫੇਰ ਵੀ ਜੀਵਨ ‘ਚ ਥਾਂ, ਥਾਂ ਡੋਲਦਾ ਫਿਰਦਾ ਹਾਂ ਮੈਂ।

----

ਚੰਦ ਉੱਤੇ ਅੱਪੜ ਕੇ ਵੀ ਚਾਹ ਮਿਰੀ ਹਾਰੀ ਨਹੀਂ,

ਹੋਰ ਉੱਚਾ ਜਾਣ ਨੂੰ ਪਰ ਤੋਲਦਾ ਫਿਰਦਾ ਹਾਂ ਮੈਂ।

----

ਜੱਗ ਨੂੰ ਉਪਦੇਸ਼ ਦੇਵਾਂ, ਸ਼ਾਨਤੀ ਤੇ ਪਿਆਰ ਦਾ,

ਆਪ ਕਾਂਜੀ ਨਫ਼ਰਤਾਂ ਦੀ ਘੋਲ਼ਦਾ ਫਿਰਦਾ ਹਾਂ ਮੈਂ।

----

ਜ਼ਿੰਦਗੀ ਵਿਚ ਸ਼ਾਇਰੀ ਦੀ ਦਾਤ ਤਾਂ ਹੈ ਮਿਲ਼ ਗਈ,

ਰੱਬ ਜਾਣੇ! ਹੋਰ ਕੀ ਸ਼ੈਅ ਟੋਲ਼ਦਾ ਫਿਰਦਾ ਹਾਂ ਮੈਂ।