ਜਨਮ: 20 ਜੁਲਾਈ, 1917 – 21 ਸਤੰਬਰ, 1991 (ਪੰਜਾਬ, ਇੰਡੀਆ)
ਕਿਤਾਬਾਂ: ‘ਮਰਸੀਏ’ 1986 ‘ਚ ਪ੍ਰਕਾਸ਼ਿਤ ਹੋ ਚੁੱਕੀ ਹੈ। ਦੋ ਕਿਤਾਬਾਂ ਪ੍ਰਕਾਸ਼ਨ ਅਧੀਨ ਹਨ।
-----
ਦੋਸਤੋ! ਮਰਸੀਆ ਅਰਬੀ ਭਾਸ਼ਾ ਦੀ ਇੱਕ ਕਾਵਿ-ਵੰਨਗੀ ਹੈ। ਪੇਸ਼ਾਵਰ ਮਰਸੀਆ-ਨਵੀਸ ਪੁਰਾਣੇ ਰਾਜੇ ਮਹਾਰਾਜਿਆਂ ਅਤੇ ਰਈਸਾਂ ਨੂੰ ਖ਼ੁਸ਼ ਕਰਨ ਲਈ, ਬਖ਼ਸ਼ਿਸ਼ ਦੀ ਇੱਛਾ ਨਾਲ਼ ਅਜਿਹੀਆਂ ਰਚਨਾਵਾਂ ਲਿਖਦੇ ਸਨ। ਅਰਬੀ, ਫ਼ਾਰਸੀ ਅਤੇ ਉਰਦੂ ‘ਚ ਅਨੇਕਾਂ ਮਰਸੀਏ ਲਿਖੇ ਗਏ ਹਨ। ਪੰਜਾਬੀ ‘ਚ ਵੀ ਮਰਸੀਏ ਦੇ ਰੂਪ ਵਾਲ਼ੀਆਂ ਕਈ ਨਜ਼ਮਾਂ ਮੌਜੂਦ ਹਨ, ਪਰ ਵਿਛੋੜਿਆਂ ਦੇ ਸੱਲ੍ਹ ਸਹਿ ਕੇ ਅੱਜ ਤੱਕ ਕਿਤਾਬ ਸਿਰਫ਼ ਇੱਕ ਹੀ ਲਿਖੀ ਗਈ ਹੈ, ਜਿਸ ਵਿਚ ਸਾਰੇ ਹੀ ਮਰਸੀਏ ਹਨ, ਉਹ ਸ: ਅਵਤਾਰ ਸਿੰਘ ਪ੍ਰੇਮ ਜੀ ਦੀ ਹੀ ਹੈ।
-----
ਉਹਨਾਂ ਦਾ ਇਕਲੌਤਾ ਬੇਟਾ ਨਵਦੀਪ ਸਿੰਘ ਉੱਨੀਂ ਸਾਲਾਂ ਦੀ ਉਮਰ ‘ਚ ਅਤੇ ਚਿਤ੍ਰਕਾਰ ਬੇਟੀ ਸ਼ੇਰਇੰਦਰ ਕੌਰ ਮਸਾਂ ਵੀਹ ਸਾਲਾਂ ਦੀ ਉਮਰ ਭੋਗ ਕੇ ਸਦੀਵੀ ਵਿਛੋੜਾ ਦੇ ਗਏ ਸਨ। ਇਸ ਤੋਂ ਇਲਾਵਾ ਸ: ਪ੍ਰੇਮ ਜੀ ਨੇ ਆਪਣੀ ਜ਼ਿੰਦਗੀ ‘ਚ ਏਨੇ ਅਜ਼ੀਜ਼ਾਂ ਦੇ ਵਿਛੋੜੇ ਦੇਖੇ ਸਨ ਕਿ ਉਹਨਾਂ ਦੇ ਹੰਝੂ ਕਲਮ ਰਾਹੀਂ ਮਰਸੀਆਂ ਦੇ ਰੂਪ ‘ਚ ਕਾਗ਼ਜ਼ ਤੇ ਅੰਕਿਤ ਹੋ ਗਏ। ਆਪਣੀ ਕਿਤਾਬ ‘ਚ ਉਹ ਲਿਖਦੇ ਹਨ ਕਿ ਸ਼ਾਇਦ ਏਨੇ ਵਿਛੋੜੇ ਸਹਿਤ ਅਤੇ ਮਰਸੀਏ ਲਿਖਣ ਲਈ ਹੀ ਉਹਨਾਂ ਏਨੀ ਉਮਰ ਭੋਗੀ। ਇਸ ਕਿਤਾਬ ਨੂੰ ਮੈਂ ਬਹੁਤ ਵਾਰ ਪੜ੍ਹਿਆ ਹੈ, ਹਰ ਵਾਰ ਪਹਿਲਾਂ ਨਾਲੋਂ ਵੱਧ ਭਾਵੁਕ ਹੋਈ ਹਾਂ। ਉਨਾਂ ਦੇ ਆਪਣੇ ਸ਼ਬਦਾਂ ‘ਚ:
“...ਭਾਗਾਂ ‘ਚ ਲਿਖਿਆ ਉਮਰ ਸਾਰੀ,
ਮਰਸੀਏ ਲਿਖਦਾ ਰਵ੍ਹਾਂ
ਲੋਥਾਂ ਨੂੰ ਲਾਂਬੂ ਲੌਣ ਲਈ,
ਚੁੱਕ ਕੇ ਲਿਜਾਂਦਾ ਮੈਂ ਰਿਹਾ...”
----
ਅੱਜ ਮੈਂ ਆਰਸੀ ‘ਚ ਸ: ਅਵਤਾਰ ਸਿੰਘ ਪ੍ਰੇਮ ਜੀ ਦੀ ਏਸੇ ਕਿਤਾਬ ‘ਮਰਸੀਏ’ ‘ਚੋਂ ‘ਮਹਾਰਾਣੀ ਜਿੰਦਾਂ – ਸਿੱਖ ਰਾਜ ਦੇ ਮਰਸੀਏ ‘ਚੋਂ ਕੁਝ ਚੋਵਣੇਂ ਬੰਦ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਇਹ ਨਜ਼ਮ ਬਹੁਤ ਲੰਬੀ ਹੈ, ਇਸ ਵਿਚ ਕੁਲ 40 ਬੰਦ ਹਨ।। ਮੈਨੂੰ ਯਕੀਨ ਹੈ ਕਿ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਹਕੂਮਤ ਦੇ ਇੰਗਲੈਂਡ ਭੇਜਣ (ਮਾਂ ਅਤੇ ਮਾਤ-ਭੂਮੀ ਤੋਂ ਦੂਰ ਕਰਨ ਅਤੇ ਧਰਮ ਪਰਿਵਰਤਨ ਕਰਨ ਦਾ ਕੁਕਰਮ ਕਰਨ), ਮਹਾਰਾਣੀ ਜਿੰਦਾਂ ਨੂੰ ਨੇਪਾਲ ਜਲਾਵਤਨ ਕਰਨ ਅਤੇ ਰਹਿੰਦੀ ਉਮਰ ਪੁੱਤ ਦਾ ਮੂੰਹ ਵੇਖਣ ਨੂੰ ਤਰਸਣ ਅਤੇ ਸਿੱਖ ਰਾਜ ਦੇ ਪਤਨ ਦੀ ਕੋਝੀ ਸਾਜ਼ਿਸ਼ ਦਾ ਕਾਵਿਕ ਵਰਨਣ ਪਾਠਕਾਂ ਦੀਆਂ ਅੱਖਾਂ ‘ਚ ਇੱਕ ਵਾਰ ਹੰਝੂ ਜ਼ਰੂਰ ਲੈ ਆਵੇਗਾ। ਉਹਨਾਂ ਦੀ ਸਪੁੱਤਰੀ ਮੈਡਮ ਰਾਜਵਿੰਦਰ ਕੌਰ ਜੀ ਦਾ ਵੀ ਬਹੁਤ-ਬਹੁਤ ਸ਼ੁਕਰੀਆ, ਜਿਨ੍ਹਾਂ ਨੇ ਕਿਤਾਬ ਆਰਸੀ ਲਈ ਭੇਜੀ। 21 ਸਤੰਬਰ ਨੂੰ ਸ: ਪ੍ਰੇਮ ਜੀ ਦੀ ਬਰਸੀ ਵੀ ਸੀ, ਸੋ ਸਾਰੇ ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਸਤਿਕਾਰ ਸਹਿਤ ਯਾਦ ਕਰਕੇ ਕਰਦਿਆਂ, ਇਸ ਮਰਸੀਏ 'ਚੋਂ ਕੁਝ ਬੰਦ ਹਾਜ਼ਰ ਹਨ।
ਅਦਬ ਸਹਿਤ
ਤਨਦੀਪ ‘ਤਮੰਨਾ’
****************
ਮਹਾਰਾਣੀ ਜਿੰਦਾਂ – ਸਿੱਖ ਰਾਜ ਦਾ ਮਰਸੀਆ
ਮਰਸੀਆ
ਤੇਰੀ ਇਕੋ ਨਿਸ਼ਾਨੀ ਸੀ ਕੋਲ਼ ਮੇਰੇ,
ਅੱਜ ਉਹ ਵੀ ਮੈਥੋਂ ਵਿਛੋੜਦੇ ਨੇ।
ਖੋਹਿਆ ਗਿਆ ਸੀ ਬਾਪ ਤੋਂ ਜਿਵੇਂ ਯੂਸਫ਼,
ਅੱਜ ਟਾਹਣੀ ਤੋਂ ਫੁੱਲ ਤਰੋੜਦੇ ਨੇ।
ਤੇਰੀ ਰਾਣੀ ਮਹੱਲਾਂ ਵਿਚ ਰਹਿਣ ਵਾਲ਼ੀ,
ਅੱਜ ਉੱਚੇ ਪਹਾੜ ਤੋਂ ਰੋੜ੍ਹਦੇ ਨੇ।
ਟੋਟਾ ਜਿਗਰ ਦਾ ਮਾਂ ਤੋਂ ਵੱਖ ਕੀਤਾ,
ਮੇਰੇ ਦਿਲ ਦਾ ਖ਼ੂਨ ਨਿਚੋੜਦੇ ਨੇ।
ਚੰਗਾ ਹੁੰਦਾ ਪੰਜਾਬ ਦਿਆ ਵੇ ਸ਼ੇਰਾ!
ਤੇਰੀ ਮੌਤ ਮੇਰੇ ਹਿੱਸੇ ਆ ਜਾਂਦੀ।
ਰੁਲ਼ਦਾ ਫਿਰਦਾ ਨਾ ਪੁੱਤ ਦਲੀਪ ਤੇਰਾ,
ਵੇ ਮੈਂ ਮਰਨ ਲੱਗੀ ਝੋਲ਼ੀ ਪਾ ਜਾਂਦੀ।
*****
ਮਾਲ਼ਾ ਪੁੱਤ ਦੀ ਯਾਦ ਦੀ ਰਹੀ ਜਪਦੀ,
ਵਿਸ਼ਨੂੰ ਮਤੀ ਦੇ ਬਹਿ ਕੇ ਕਿਨਾਰਿਆਂ ਤੇ।
ਆਹਾਂ ਲੰਮੀਆਂ ਲੰਮੀਆਂ ਆਉਂਦੀਆਂ ਸਨ,
ਰਹੀ ਚਿਰਦੀ ਵਿਛੋੜੇ ਦੇ ਆਰਿਆਂ ਤੇ।
ਹੰਝੂ ਗਰਮ ਪਏ ਅੱਖੀ ‘ਚੋਂ ਨਿਕਲ਼ਦੇ ਸਨ,
ਖਬਰੇ ਜਲ਼ਦੀ ਸੀ ਪਈ ਅੰਗਿਆਰਿਆਂ ਤੇ।
ਕਿਵੇਂ ਪੁੱਤ ਦਲੀਪ ਜੇ ਮਿਲ਼ ਜਾਵੇ,
ਲੱਗੀ ਰਹਿੰਦੀ ਸੀ ਢਾਹ-ਉਸਾਰਿਆਂ ਤੇ।
ਰਹੀ ਮਾਰਦੀ ਟੱਕਰਾਂ ਨਾਲ਼ ਕੰਧਾਂ,
ਲੰਡਨ ਜਦੋਂ ਦਲੀਪ ਨੂੰ ਦੂਰ ਲੈ ਗਏ।
ਥੋੜ੍ਹਾ ਬਹੁਤਾ ਜੋ ਦਿਲ ਨੂੰ ਆਰਾਮ ਦਿੰਦੇ,
ਹੰਝੂ ਖਾਰ ਕੇ ਅੱਖਾਂ ਦਾ ਨੂਰ ਲੈ ਗਏ।
*****
ਚੌਦਾਂ ਸਾਲ ਬੀਤੇ ਤੱਤੀ ਰਹੀ ਬਲ਼ਦੀ,
ਆਖ਼ਰ ਆਸ ਮਿਲਾਪ ਦੀ ਮੁੱਕ ਗਈ ਸੀ।
ਹੱਥ ਕੰਬਦੇ, ਧੁੰਧਲ਼ਾ ਨਜ਼ਰ ਆਵੇ,
ਥਿੜ੍ਹਕੇ ਜ਼ਬਾਂ ਤੇ ਕਮਰ ਵੀ ਝੁਕ ਗਈ ਸੀ।
ਸੱਟ ਐਸੀ ਦਲੀਪ ਦੀ ਯਾਦ ਦੀ ਸੀ,
ਹੁਣ ਤੇ ਚੱਲਣੋਂ ਫਿਰਨੋਂ ਵੀ ਰੁਕ ਗਈ ਸੀ।
ਮਾਸ ਹੱਡਾਂ ਨੇ, ਕੇਸਾਂ ਨੇ ਕਲਫ਼ ਛੱਡੀ,
ਸ਼ਾਮ ਜ਼ਿੰਦਗੀ ਦੀ ਆਖਿਰ ਢੁਕ ਗਈ ਸੀ।
ਗਰਮੀ ਹਾਉਂਕਿਆਂ ਦੀ ਵਿਚੋਂ ਮੁੱਕ ਗਈ ਸੀ,
ਹੁਣ ਤੇ ਆਹਾਂ ਵੀ ਸਰਦ ਹੋ ਚੱਲੀਆਂ ਸਨ।
ਜਿੰਦਾਂ! ਜਿੰਦਾਂ ਨੂੰ ਕਰ ਤਿਆਰ ਛੇਤੀ,
ਮਲਕੂਲ ਮੌਤ ਨੇ ਚਿਠੀਆਂ ਘੱਲੀਆਂ ਸਨ।
*****
ਵੇ ਤੂੰ ਪੁੱਤ ਹੈਂ ਸੰਤ ਸਿਪਾਹੀਆਂ ਦਾ,
ਤੇਰੇ ਗਾਤਰੇ ਪਾਈ ਕਿਰਪਾਨ ਹੈ ਨੀ।
ਕੱਛ, ਕੜਾ, ਕਿਰਪਾਨ ਤੇ ਕੇਸ ਕੰਘਾ,
ਸਿੱਖੀ ਚਿੰਨ੍ਹਾਂ ਦਾ ਕੋਈ ਨਿਸ਼ਾਨ ਹੈ ਨੀ।
ਤੇਰੇ ਸਜੀ ਉਹ ਦੂਹਰੀ ਦਸਤਾਰ ਹੈ ਨੀ,
ਤੇਰੀ ਸਿੱਖਾਂ ਵਾਲ਼ੀ ਸਿੱਖੀ ਸ਼ਾਨ ਹੈ ਨੀ।
ਘਾਲਾਂ ਘਾਲ਼ੀਆਂ ਤੇਰਿਆਂ ਵੱਡਿਆਂ ਨੇ,
ਤੈਨੂੰ ਕਿਸੇ ਦਾ ਕੋਈ ਗਿਆਨ ਹੈ ਨੀ।
ਤੈਨੂੰ ਈਸੇ ਦੀ ਸੂਲ਼ੀ ਤੇ ਯਾਦ ਰਹਿ ਗਈ,
ਭੁੱਲੇ ਤਵੀਆਂ ‘ਤੇ ਤਾੜੀਆਂ ਲਾਉਂਣ ਵਾਲ਼ੇ।
ਭੁੱਲੇ ਦਿੱਲੀ ‘ਚ ਸੀਸ ਕਟਵਾਉਂਣ ਵਾਲ਼ੇ,
ਹੱਥੀਂ ਆਪਣੇ ਬੱਚੇ ਕੁਹਾਉਂਣ ਵਾਲ਼ੇ।
*****
ਭੁੱਲੇ ਜੇਲ੍ਹਾਂ ‘ਚ ਦੁੱਖ ਉਠਾਉਂਣ ਵਾਲ਼ੇ,
ਟੋਟੇ ਪੁੱਤਾਂ ਦੇ ਝੋਲ਼ੀ ਪਵਾਉਂਣ ਵਾਲ਼ੇ।
ਭੁੱਲੇ ਆਰਿਆਂ ਤੇ ਸੀਸ ਚਰਾਉਂਣ ਵਾਲ਼ੇ,
ਬੰਦ-ਬੰਦ ਨੂੰ ਆਪ ਕਟਵਾਉਂਣ ਵਾਲ਼ੇ।
ਸਿੱਖੀ ਰੰਬੀਆਂ ਨਾਲ਼ ਅਖਵਾਉਂਣ ਵਾਲ਼ੇ,
ਖੱਲਾਂ ਪੁੱਠੀਆਂ ਆਪ ਲਹਾਉਂਣ ਵਾਲ਼ੇ।
ਭੁੱਲੇ ਸਿੱਖੀ ਲਈ ਸੀਸ ਚੜ੍ਹਾਉਂਣ ਵਾਲ਼ੇ,
ਟੋਟੇ ਪੁੱਤਾਂ ਦੇ ਹਾਰ ਸਜਾਉਂਣ ਵਾਲ਼ੇ।
ਜਾਂਦਾ ਸੀਸ ਪਰ ਧਰਮ ਨਾ ਜਾਣ ਦਿੰਦਾ,
ਰਹਿੰਦੀ ਪਿਤਾ ਨੂੰ ਮੂੰਹ ਵਿਖਾਉਂਣ ਜੋਗੀ।
ਰੂਹ ਤੜਫ਼ਦੀ ਸ਼ੇਰੇ-ਪੰਜਾਬ ਦੀ ਨਾ,
ਰਹਿੰਦੀ ਸਿੱਖ ਦੀ ਮਾਂ ਅਖਵਾਉਂਣ ਜੋਗੀ।
*****
ਪਤਾ ਲੱਗਾ ਦਲੀਪ ਨੂੰ ਮਾਂ ਮੋਈ,
ਉਹਦੀ ਰੂਹ ਉਡਾਰੀਆਂ ਲਾ ਚੁੱਕੀ।
ਕਰਦੀ ਰਹੀ ਉਮੀਦ ਦਲੀਪ ਦੀ ਸੀ,
ਚਲੀ ਗਈ ਉਹ ਆਸ ਮੁਕਾ ਚੁੱਕੀ।
ਅੱਖਾਂ ਤੱਕਦੀਆਂ ਰਹੀਆਂ ਦਹਿਲੀਜ਼ ਵੱਲੀਂ,
ਗਿਣ ਗਿਣ ਉਹ ਸਵਾਸ ਮੁਕਾ ਚੁੱਕੀ।
ਹੌਕੇ ਧੁਖਦੇ ਹੰਝੂ ਵਿਰਲਾਪ ਕਰਦੇ,
ਛਾਤੀ ਵਿਚ ਉਹ ਗ਼ਮ ਨੂੰ ਲੁਕਾ ਚੁੱਕੀ।
ਮਾਂ! ਮਾਂ!ਕਹਿ ਕੇ ਛਾਤੀ ਨਾਲ਼ ਲੱਗਾ,
ਮੇਰਾ ਰਿਹਾ ਨਾ ਕੋਈ ਜਹਾਨ ਅੰਦਰ।
ਸਿੱਖੀ ਧਰਮ ਧਾਰੂੰ ਮਾਂ ਖ਼ੁਸ਼ ਹੋਊ,
ਮੇਰੇ ਜਲ਼ ਗਏ ਸਾਰੇ ਅਰਮਾਨ ਅੰਦਰ।
******
ਤੂੰ ਤਾਂ ਸੌਂ ਗਿਆ ਸੌਂਪ ਧਿਆਨ ਸਿੰਘ ਨੂੰ,
ਉਹਨੇ ਖੜਕ ਤੇ ਨੌ-ਨਿਹਾਲ ਮਾਰੇ।
ਚੰਦ ਕੌਰ ਮਾਰੀ ਇਸ ਡੋਗਰੇ ਨੇ,
ਨਾਲ਼ੇ ਕੋਹ ਕੋਹ ਕੇ ਤੇਰੇ ਲਾਲ ਮਾਰੇ।
ਸੰਧਾਵਾਲੀਆ ਜ਼ਾਲਮਾਂ ਦਗ਼ਾ ਕੀਤਾ,
ਸ਼ੇਰ ਸਿੰਘ ਉਹ ਪੁਰ ਜ਼ਲਾਲ ਮਾਰੇ।
ਇਹਨਾਂ ਤਰਸ ਨਾ ਕੀਤਾ ਹਤਿਆਰਿਆਂ ਨੇ,
ਉਹਨਾਂ ਕੰਵਰ ਪ੍ਰਤਾਪ ਵੀ ਨਾਲ਼ ਮਾਰੇ।
ਜਿਹਨੂੰ ਨਾ-ਖ਼ੁਦਾ ਬਣਾ ਗਿਆ ਸੈਂ,
ਬੇੜਾ ਉਸੇ ਧਿਆਨ ਨੇ ਡੋਬ ਦਿੱਤਾ।
ਖੰਡਾ ਦਿੱਤਾ ਸੀ ਜਿਹੜਾ ਬਚਾਉਂਣ ਖ਼ਾਤਰ,
ਬੇਈਮਾਨ ਨੇ ਉਹੀਓ ਹੀ ਖੋਭ ਦਿੱਤਾ।
******
ਇਹਨਾਂ ਧਰਮ ਸਲੀਬ ਤੇ ਟੰਗ ਦਿੱਤਾ,
ਦੁਨੀਆਂ ਵਿਚ ਈਸਾਈ ਕਹਾਉਂਣ ਵਾਲ਼ੇ।
ਵਿਚ ਚੌਂਕ, ਇਨਸਾਫ਼ ਨੂੰ ਕ਼ਤਲ ਕੀਤਾ,
‘ਮੇਰੀ’ ‘ਮੇਰੀ’+ ਦਾ ਸ਼ੋਰ ਮਚਾਉਂਣ ਵਾਲ਼ੇ।
ਜ਼ੁਲਮ ਔਰਤਾਂ ਬੱਚਿਆਂ ਨਾਲ਼ ਕੀਤੇ,
ਪੁੱਤਰ ਈਸੇ ਦੇ ਜਿਹੜੇ ਅਖਵਾਉਂਣ ਵਾਲ਼ੇ।
ਪੁੱਤਰ ਕਹਿ ਡਲਹੌਜ਼ੀ ਨੇ ਦਗ਼ਾ ਕੀਤਾ,
ਇਹ ਕਿਹੜੇ ਨੇ ਅਹਿਦ ਨਿਭਾਉਂਣ ਵਾਲ਼ੇ।
ਆਪੇ ਬਣੇ ਰਾਖੇ ਆਪੇ ਬਣੇ ਡਾਕੂ,
ਆਪੇ ਚੋਰ ਆਪੇ ਚੌਂਕੀਦਾਰ ਬਣ ਗਏ।
ਆਪੇ ਜੰਗ ਕਰਕੇ ਆਪੇ ਸੁਲਹ ਕੀਤੀ,
ਇਹ ਤਾਂ ਆਪ ਹੁਦਰੇ ਨੰਬਰਦਾਰ ਬਣ ਗਏ।
******
ਸੁਣਦਾ ਰਿਹਾ ਗੰਭੀਰ ਹੋ ਮਹਾਰਾਜਾ,
ਫਿਰ ਕਹਿਣ ਲੱਗਾ ਕਰ ਖ਼ਿਆਲ ਜਿੰਦਾਂ!
ਦਸਵੇਂ ਪਾਤਸ਼ਾਹ ਵਿਚ ਚਮਕੌਰ ਬੈਠੇ,
ਭੇਜੇ ਜੰਗ ਅੰਦਰ ਆਪੇ ਲਾਲ ਜਿੰਦਾਂ!
ਜ਼ਾਲਮ ਸੂਬੇ ਸਰਹੰਦ ਦੋ ਬੱਚਿਆਂ ਨੂੰ,
ਕੋਹ ਕੋਹ ਕੇ ਕੀਤਾ ਹਲਾਲ ਜਿੰਦਾਂ!
ਸੱਚੇ ਪਾਤਸ਼ਾਹ ਨੇ ਇਹ ਆਦੇਸ਼ ਦਿੱਤਾ,
ਜੀਣਾ ਭਾਣੇ ਤੋਂ ਬਿਨ੍ਹਾਂ ਮੁਹਾਲ ਜਿੰਦਾਂ!
ਚਾਂਦਨੀ ਚੌਂਕ ਵਿਚ ਸੀਸ ਜੁਦਾ ਹੁੰਦਾ,
ਤੇ ਤੱਤੀ ਤਵੀ ਤੇ ਬੈਠੇ ਮਹਾਰਾਜ ਦੇਖੀਂ!
ਹੋਈ ਸੁਬਹ ਤੇ ਅੰਮ੍ਰਿਤ ਦਾ ਹੈ ਵੇਲ਼ਾ,
ਡੇਰਾ ਸਾਹਿਬ ਤੋਂ ਆਉਂਦੀ ਆਵਾਜ਼ ਦੇਖੀਂ!
..............
“ ਛਿਨ ਮਹਿ ਰਾਉ ਰੰਕ ਕੋ ਕਰਈ, ਰਾਉ ਰੰਕ ਕਰਿ ਡਾਰੇ,
ਰੀਤੇ ਭਰੇ ਭਰੇ ਸਖਨਾਵੈ, ਯਹ ਤਾ ਕੋ ਬਿਵਹਾਰੇ ।”
******
ਏਥੇ ‘ਮੇਰੀ’ ‘ਮੇਰੀ’+ - ਮਤਲਬ ਮਰੀਅਮ ਤੋਂ ਹੈ।