ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Showing posts with label ਸਾਥੀ ਲੁਧਿਆਣਵੀ. Show all posts
Showing posts with label ਸਾਥੀ ਲੁਧਿਆਣਵੀ. Show all posts

Wednesday, August 11, 2010

ਸਾਥੀ ਲੁਧਿਆਣਵੀ - ਗ਼ਜ਼ਲ

(ਪਾਕਿਸਤਾਨ ਵਿਚ ਆਏ ਹੜ੍ਹਾਂ ਅਤੇ ਮੁਸੱਲਸਲ ਚੱਲ ਰਹੇ ਅੱਤਵਾਦ ਦੇ ਕਹਿਰ ਨੂੰ ਮੱਦੇ ਨਜ਼ਰ ਰੱਖਦਿਆਂ ਲਿਖੀ ਗਈ ਇਕ ਗ਼ਜ਼ਲ)

ਗ਼ਜ਼ਲ

ਆਇਆ ਹੈ ਤੂਫ਼ਾਨ ਕੈਸਾ ਕਹਿਰ ਦਾ।

ਬਦਲ ਚੁੱਕਿਆ ਨਕਸ਼ਾ ਪਿੰਡ ਤੇ ਸ਼ਹਿਰ ਦਾ।

------

-----

ਜ਼ਿਕਰ ਜਿਦ੍ਹਾ ਕਰਦੀ ਸੀ ਮਲਕਾ ਸੁਰਾਂ ਦੀ,

ਡੁੱਬ ਗਿਆ ਪੁਲ਼ ਓਸ ਪੱਕੀ ਨਹਿਰ ਦਾ।

-----

ਕਿਓਂ ਸਦਾ ਮੁਫ਼ਲਸ ਹੀ ਹੁੰਦਾ ਹੈ ਸ਼ਿਕਾਰ,

ਆਦਮੀ ਦਾ ਔਰ ਰੱਬ ਦੇ ਕਹਿਰ ਦਾ।

-----

ਖ਼ੈਰ ਹੋਵੇ ਮਾਂ ਨੇ ਇਹ ਕੀਤੀ ਦੁਆ,

ਪਰਤਿਆ ਨਹੀਂ ਲਾਲ ਕੱਲ੍ਹ ਦੁਪਹਿਰ ਦਾ।

-----

ਖ਼ਬਰੇ ਪੁਰਜ਼ਾ ਪੁਰਜ਼ਾ ਹੋਇਆ ਕਿਸ ਲਈ,

ਮਰਿਆ ਪਿਆ ਇਕ ਸ਼ਖ਼ਸ ਪਿਛਲੇ ਪਹਿਰ ਦਾ।

-----

ਮਾਨਵਤਾ ਸੂਲ਼ੀ ਚੜ੍ਹਾਈ ਜਾ ਰਹੀ,

ਸੱਚ ਅੱਗੇ ਹੈ ਪਿਆਲਾ ਜ਼ਹਿਰ ਦਾ।

-----

ਜੁਗਨੂਆਂ ਦੀ ਲੋਅ ਹੀ ਤਾਂ ਕਾਫ਼ੀ ਨਹੀਂ,

ਚਾਨਣਾ ਲੋੜੀਂਦਾ ਉੱਜਲੀ ਸਹਿਰ ਦਾ।

-----

ਅਵਾਮ ਚੋਂ ਉੱਭਰੂ ਮਸੀਹਾ ਕਿਸੇ ਰੋਜ਼,

ਜ਼ਿਕਰ ਟੁਰਨਾ ਹੈ ਨਵੀਂ ਇਕ ਲਹਿਰ ਦਾ।

-----

ਕੀ ਕਹੇਗਾ ਗ਼ਜ਼ਲ “ਸਾਥੀ” ਉਹ ਸ਼ਖ਼ਸ,

ਇਲਮ ਨਹੀਂ ਹੈ ਜਿਸ ਨੂੰ ਸੁਰ ਤੇ ਬਹਿਰ ਦਾ।

Friday, July 16, 2010

ਸਾਥੀ ਲੁਧਿਆਣਵੀ - ਗ਼ਜ਼ਲ

ਗ਼ਜ਼ਲ

ਸਿਖ਼ਰ ਦੁਪਹਿਰੇ ਆਪਣਾ ਹੀ ਪਰਛਾਵਾਂ ਢੂੰਡ ਰਹੇ ਹਾਂ।

ਜੇਠ ਹਾੜ੍ਹ ਵਿਚ ਠੰਡੀਆਂ ਸਰਦ ਹਵਾਵਾਂ ਢੂੰਡ ਰਹੇ ਹਾਂ।

-----

ਜੰਗਲ਼ ਬੇਲੇ ਮੁੱਕ ਗਏ ਜੋਗੀ ਟੁਰ ਗਏ ਸ਼ਹਿਰਾਂ ਨੂੰ,

‘ਜੈਬ ਘਰਾਂ ਲਈ ਲੱਕੜ ਦੀਆਂ ਖੜਾਵਾਂ ਢੂੰਡ ਰਹੇ ਹਾਂ।

-----

-----

ਵਿਹੜੇ ਵਿਚਲਾ ਪਿੱਪਲ਼ ਵੱਢ ਕੇ ਬਾਲਣ ਬਣ ਚੁੱਕਿਐ,

ਵਤਨ ‘ਚ ਘਰ ਦੇ ਵਿਹੜੇ ਵਿਚੋਂ ਛਾਵਾਂ ਢੂੰਡ ਰਹੇ ਹਾਂ।

-----

ਅੱਜ ਕੱਲ ਏਸ ਸ਼ਹਿਰ ‘ਚ ਧੁੰਦ ਤੇ ਧੂੰਆਂ ਕਿੰਨਾ ਹੈ,

ਸ਼ਾਮੀਂ ਗਗਨ ‘ਚ ਤਾਰਾ ਟਾਵਾਂ ਟਾਵਾਂ ਢੂੰਡ ਰਹੇ ਹਾਂ।

-----

ਕੀ ਹੋਇਆ ਹੋਵੇਗਾ ਭਲਾ ਪੁਰਾਣੇ ਮਿੱਤਰਾਂ ਦਾ,

ਬੜੀ ਪੁਰਾਣੀ ਡਾਇਰੀ ਚੋਂ ਸਿਰਨਾਵਾਂ ਢੂੰਡ ਰਹੇ ਹਾਂ।

-----

ਅਜਬ ਜਿਹੀ ਹੈ ਗੱਲ ਕਿ ਆਪਾਂ ਏਡੀ ਉਮਰੇ ਵੀ,

ਵਿੱਛੜ ਚੁੱਕੀਆਂ ਆਪਣੀਆਂ ਚੰਗੀਆਂ ਮਾਵਾਂ ਢੂੰਡ ਰਹੇ ਹਾਂ।

------

ਜੀਵਨ ਦੀ ਹਰ ਨੁੱਕਰ ਵਿਚ ਹਨੇਰਾ ਕਿੰਨਾ ਹੈ,

ਅਸੀਂ ਮੁਸਲਸਲ ਚਾਨਣ ਦੀਆਂ ਸ਼ੁਆਵਾਂ ਢੂੰਡ ਰਹੇ ਹਾਂ।

-----

ਵਤਨ ਨੂੰ ਛੱਡ ਕੇ ਜਦ ਤੋਂ ਅਸੀਂ ਵਿਦੇਸ਼ ਪਧਾਰੇ ਹਾਂ,

ਇਸ ਤੋਂ ਵਧੀਆ ਇਸ ਦੁਨੀਆਂ ਵਿਚ ਥਾਵਾਂ ਢੂੰਡ ਰਹੇ ਹਾਂ।

-----

ਕਿਹੜੀ ਦਿਸ਼ਾ ‘ਚ “ਸਾਥੀ” ਲੈ ਕੇ ਜਾਈਏ ਜੀਵਨ ਨੂੰ,

ਏਸ ਉਮਰ ਵੀ ਨਵੀਆਂ ਅਸੀਂ ਦਿਸ਼ਾਵਾਂ ਢੂੰਡ ਰਹੇ ਹਾਂ।

Monday, June 14, 2010

ਸਾਥੀ ਲੁਧਿਆਣਵੀ - ਗ਼ਜ਼ਲ

ਗ਼ਜ਼ਲ

ਯਾਰ ਦਾ ਸੱਥਰ ਚੰਗਾ ਸਮਝਣ ਵਾਲ਼ੇ ਕਿੱਥੇ।

ਪੱਟ ਨੂੰ ਚੀਰਨ ਵਾਲ਼ੇ ਉਹ ਮਤਵਾਲੇ ਕਿੱਥੇ।

-----

ਕਦੇ ਪਰੇਮੀ ਸਹਿਰਾਵਾਂ ਵਿਚ ਰੁਲ਼ ਜਾਂਦੇ ਸਨ,

ਅੱਜ ਕੱਲ੍ਹ ਅੱਖੀਂ ਹੰਝੂ, ਪੈਰੀਂ ਛਾਲੇ ਕਿੱਥੇ।

-----

ਕੰਮ ਕਾਰ ਵਿਚ ਦਿਨ ਨੂੰ ਲਾਂਭੇ ਹੋ ਜਾਂਦੀ ਹੈ,

ਐਪਰ ਜਾਵੇ ਯਾਦ ਤੇਰੀ ਤ੍ਰਿਕਾਲ਼ੇ ਕਿੱਥੇ।

-----

ਮਸਜਦ ਕਿਓਂ ਹੈ ਇੱਥੇ, ਕਿਓਂ ਹੈ ਮੰਦਰ ਇਥੇ,

ਝਗੜੇ ਬਾਝੋਂ ਮਸਜਦ, ਸ਼ਿਵ ਦੁਆਲੇ ਕਿੱਥੇ।

-----

ਆਦਮ ਦਾ ਆਦਮ ਦੋਸਤ ਹੈ, ਇਕ ਮਹਿਰਮ ਹੈ,

ਇੰਝ ਦੀਆਂ ਸੋਚਾਂ ਆਦਮ ਦੇ ਵਿਚ ਹਾਲੇ ਕਿੱਥੇ।

-----

ਅਜੇ ਤਾਂ ਮਾਨਵ ਰੰਗ ਭੇਦ ਤੋਂ ਮੁਕਤ ਨਹੀਂ ਹੈ,

ਅਜੇ ਤਾਂ ਮਾਨਵ ਆਖੇ ਗੋਰੇ, ਕਾਲ਼ੇ ਕਿੱਥੇ।

-----

ਕੁੱਲ ਦੁਨੀਆਂ ਨਾ ਉੱਕਾ ਅਜੇ ਸੁਤੰਤਰ ਹੋਈ,

ਟੁੱਟੀਆਂ ਨਾ ਜ਼ੰਜੀਰਾਂ, ਟੁੱਟੇ ਤਾਲੇ ਕਿੱਥੇ।

-----

ਸੱਚ ਦੀ ਖ਼ਾਤਰ ਸੂਲ਼ੀ ਅੱਜ ਕੱਲ ਕਿਹੜਾ ਚੜ੍ਹਦੈ,

ਸੱਚ ਲਈ ਪੀਵਣ ਵਾਲ਼ੇ ਜ਼ਹਿਰ-ਪਿਆਲੇ ਕਿੱਥੇ।

-----

ਅੱਧੀ ਦੁਨੀਆਂ ਰੀਂਗ ਰਹੀ ਹੈ, ਜਿਉਂਦੀ ਨਹੀਂ ਹੈ,

ਘਰ ਹੀ ਨਹੀਂ ਤਾਂ ਹੋਵਣਗੇ ਪਰਨਾਲ਼ੇ ਕਿੱਥੇ।

-----

ਚੋਰ ਲੁਟੇਰੇ ਘਰ ਦੇ ਬੂਹੇ ਬਾਰੀਆਂ ਲੈ ਗਏ,

ਇਸ ਘਰ ਨੂੰ ਹੁਣ ਲਾਈਏ ਸੱਜਣੋ ਤਾਲੇ ਕਿੱਥੇ।

-----

ਮੈਖ਼ਾਨੇ ਵਿਚ ਵੜਨ ਸਮੇਂ ਤਾਂ ਸਭ ਸਾਲਮ ਸੀ,

ਅੱਧੀ ਰਾਤੀਂ ਸਾਬਤ ਮਿਲਣ ਪਿਆਲੇ ਕਿੱਥੇ।

-----

ਲੋਕੀਂ ਆਖਣ “ਸਾਥੀ” ਸ਼ਾਇਰ ਕਿੱਡਾ ਵੱਡਾ,

ਪਰ ਮੈਂ ਆਖਾਂ ਮੈਂ ਹਾਂ ਸ਼ਾਇਰ ਹਾਲੇ ਕਿੱਥੇ।


Sunday, April 4, 2010

ਸਾਥੀ ਲੁਧਿਆਣਵੀ - ਗ਼ਜ਼ਲ

ਗ਼ਜ਼ਲ

ਸਾਂਭਣਾ ਜੇ ਹੈ ਘਰਾਂ ਨੂੰ।

ਸਾਂਭਣਾ ਪੈਣਾਂ ਗਰਾਂ ਨੂੰ।

----

ਘਰ ਸਲਾਮਤ ਅਗਰ ਰੱਖਣੇ,

ਪਾਸ ਰੱਖ਼ੀਓ ਖ਼ੰਜਰਾਂ ਨੂੰ।

-----

ਸ਼ੀਸ਼ਿਆਂ ਦੇ ਘਰ ਅਗਰ ਹਨ,

ਦੂਰ ਰੱਖੀਓ ਪੱਥਰਾਂ ਨੂੰ।

----

ਜੇ ਤਲਬ ਤਾਜ਼ਾ ਹਵਾ ਦੀ,

ਖੋਲ੍ਹਣਾ ਪੈਣੈ ਦਰਾਂ ਨੂੰ।

-----

ਘਰ ‘ਚ ਇਕ ਦੀਪਕ ਜਗਾਓ,

ਫਿਰ ਹੀ ਜਾਇਓ ਮੰਦਰਾਂ ਨੂੰ।

-----

ਹਰ ਨਦੀ ਦਾ ਲਕਸ਼ ਇੱਕੋ,

ਜਾ ਮਿਲ਼ੇ ਉਹ ਸਾਗਰਾਂ ਨੂੰ।

-----

ਸਾਫ਼ ਧਰਤੀ ਨੂੰ ਵੀ ਰੱਖੋ,

ਸਾਫ਼ ਰੱਖਿਓ ਅੰਬਰਾਂ ਨੂੰ।

-----

ਪੰਛੀਓ ਅੰਬਰ ਜੇ ਗਾਹੁਣੇ,

ਖੋਲਣਾ ਪੈਣਾ ਪਰਾਂ ਨੂੰ।

-----

ਸੋਚੀਏ ਪਰਦੇਸ ਆ ਕੇ,

ਪਰਤਣਾ ਹੈ ਕਦ ਘਰਾਂ ਨੂੰ।

-----

ਸਾਂਭ ਕੇ ਬੈਠਾ ਹੈ “ਸਾਥੀ”,

ਚਾਨਣ ਦੀਆਂ ਕੁਝ ਕਾਤਰਾਂ ਨੂੰ।


Saturday, March 21, 2009

ਸਾਥੀ ਲੁਧਿਆਣਵੀ - ਗ਼ਜ਼ਲ

ਗ਼ਜ਼ਲ

ਪਿਆਰ ਵਿਚ ਹਰ ਕੋਈ ਪਿਆਰਾ ਦਿਸੇ।

ਆਪਣਾ ਆਪਣਾ ਇਹ ਨਗਰ ਸਾਰਾ ਦਿਸੇ।

----

ਇਹ ਪਿਆਰ ਦੀ ਕਰਾਮਾਤ ਹੈ ਸ਼ਾਇਦ,

ਕਿ ਹਰ ਸ਼ਖ਼ਸ ਦੀਵਾਨਾ ਆਵਾਰਾ ਦਿਸੇ।

----

ਹਰ ਸ਼ੈਅ ਲੱਗ ਰਹੀ ਹੈ ਪਿਆਰੀ ਜਿਹੀ,

ਹਰ ਤਰਫ਼ ਬਸ ਤੇਰਾ ਨਜ਼ਾਰਾ ਦਿਸੇ।

----

ਰੁਮਕਦੀ ਹਵਾ ਤੇ ਮਹਿਕੀ ਫ਼ਿਜ਼ਾ ਹੈ,

ਅਵਾਰਾ ਬੱਦਲ, ਕਿਧਰੇ ਕੋਈ ਤਾਰਾ ਦਿਸੇ।

----

ਤੇਰੀ ਮਹਿਮਾਨ-ਨਿਵਾਜ਼ੀ ਹੈ ਇਸ ਕਦਰ,

ਤੇਰਾ ਘਰ ਮੈਨੂੰ ਆਪਣਾ ਹੀ ਯਾਰਾ ਦਿਸੇ।

----

ਇਸ਼ਕ ਇਕ ਖ਼ਾਬ ਦੀ ਤਰ੍ਹਾਂ ਹੈ ਦੋਸਤ,

ਉਹੋ ਖ਼ਾਬ ਮੁਮਕਿਨ ਨਹੀਂ ਦੁਬਾਰਾ ਦਿਸੇ।

----

ਇਕ ਤਰਫ਼ੋਂ ਹੀ ਨਜ਼ਰ ਆਉਂਦਾ ਹੈ ਚੰਨ,

ਕਾਸ਼! ਕਦੇ ਇਹ ਸਾਰੇ ਦਾ ਸਾਰਾ ਦਿਸੇ।

----

ਤੇਰੇ ਬਿਨ ਪਿਆਸ ਬੁਝੇ ਤਾਂ ਭਲਾ ਕਿੰਝ,

ਸਾਰਾ ਸਮੁੰਦਰ ਖ਼ਾਰਾ ਹੀ ਖ਼ਾਰਾ ਦਿਸੇ।

----

ਦਿਲ ਟਹਿਕਦਾ ਹੈ, ਰੂਹ ਮਹਿਕਦੀ ਹੈ,

ਉਸ ਨੂੰ ਮਿਲ਼ਣ ਦਾ ਜਦ ਕੋਈ ਚਾਰਾ ਦਿਸੇ।

----

ਰੱਖ ਲਿਆ ਹੈ ‘ਸਾਥੀ’ ਤਲ਼ੀ ‘ਤੇ ਸੀਸ,

ਇਸ ‘ਚ ਪਿਆਰ ਦਾ ਹੀ ਕੁਈ ਕਾਰਾ ਦਿਸੇ।


Wednesday, February 25, 2009

ਸਾਥੀ ਲੁਧਿਆਣਵੀ - ਗ਼ਜ਼ਲ

ਸਾਹਿਤਕ ਨਾਮ: ਸਾਥੀ ਲੁਧਿਆਣਵੀ

ਜਨਮ: 1 ਫਰਵਰੀ, 1941

ਅਜੋਕਾ ਨਿਵਾਸ: 1962 ਤੋਂ ਯੂ.ਕੇ.

ਕਿੱਤਾ: ‘ਕਿਸਮਤ’ ਰੇਡਿਓ ਲੰਡਨ ਤੇ ਹੋਸਟ

ਕਿਤਾਬਾਂ: ਸਮੁੰਦਰੋਂ ਪਾਰ, ਉੱਡਦੀਆਂ ਤਿਤਲੀਆਂ ਮਗਰ, ਅੱਗ ਖਾਣ ਪਿੱਛੋਂ, ਪ੍ਰੇਮ ਖੇਲਨ ਕਾ ਚਾਉ, ਸਮੇਂ ਦੇ ਪੈਰ ਚਿੰਨ੍ਹ, ਕਦੇ ਸਾਹਿਲ ਕਦੇ ਸਮੁੰਦਰ, ਮੌਸਮ ਖ਼ਰਾਬ ਹੈ, ਤਿੜਕਿਆ ਸ਼ਹਿਰ ਆਦਿ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਸਾਥੀ ਸਾਹਿਬ ਨਜ਼ਮਾਂ,ਮਿੰਨੀ ਕਹਾਣੀਆਂ ਅਤੇ ਨਿਬੰਧ ਲਿਖਦੇ ਹਨ।

---

ਇਨਾਮ-ਸਨਮਾਨ: ਪੰਜਾਬ ਦਰਕਾਰ ਵੱਲੋਂ ਸਾਹਿਤ ਸ਼੍ਰੋਮਣੀ ਮੈਵਾਰਡ ( 1985), ਪੰਜਾਬੀ ਅਕਾਦਮੀ ਲਾਇਸੈਸਟਰ ਵੱਲੋਂ ‘ਦ ਲਾਈਫ਼ ਟਾਈਮ ਲਿਟ੍ਰੇਰੀ ਅਚੀਵਮੈਂਟ (2006), ਲੰਡਨ ਦੇ ਮੇਅਰ ਵੱਲੋਂ ਰੇਡਿਓ ਟੀ.ਵੀ. ਤੇ ਪ੍ਰਾਪਤੀਆਂ ਲਈ ਸਨਮਾਨਿਤ ( 2001), ਦ ਹਾਊਸ ਆਫ਼ ਕਾਮਨਜ਼ ‘ਚ ਬ੍ਰਿਟੇਨ ਦੇ ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਕਲਚਰਲ ਐਵਾਰਡ (2007) ਅਤੇ ਹੋਰ ਬਹੁਤ ਸਾਰੇ ਇਨਾਮਾਂ ਨਾਲ਼ ਸਾਥੀ ਸਾਹਿਬ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ।

---

ਸਾਥੀ ਸਾਹਿਬ ਨੇ ਇੱਕ ਬੇਹੱਦ ਖ਼ੂਬਸੂਰਤ ਗ਼ਜ਼ਲ ਭੇਜ ਕੇ ਆਰਸੀ ‘ਚ ਪਹਿਲੀ ਵਾਰ ਸ਼ਿਰਕਤ ਕੀਤੀ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਖ਼ੁਸ਼ਆਦਦੀਦ ਤੇ ਸ਼ੁਕਰੀਆਂ ਆਖਦੀ ਹੋਈ ਉਹਨਾਂ ਦੀ ਗ਼ਜ਼ਲ ਨੂੰ ਆਰਸੀ ‘ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਗ਼ਜ਼ਲ

ਉਸ ਦਾ ਦਰਦ ਅੱਥਰੂ ਬਣ ਕੇ ਅੱਖ਼ ਚੋਂ ਕਿਰ ਗਿਆ ਹੋਣਾ।

ਉਸ ਦਾ ਆਹਲਣਾ ਜਦ ਤਿਣਕਾ ਤਿਣਕਾ ਬਿਖ਼ਰਿਆ ਹੋਣਾ।

----

ਹੁਣ ਇਹ ਸ਼ਾਂਤ ਦਿਸਦਾ ਹੈ, ਲਹਿਰਾਂ ‘ਚ ਵੀ ਨਹੀਂ ਹਲਚਲ,

ਤੂਫ਼ਾਨਾਂ ਦੇ ਸਮੇਂ ਸਾਗ਼ਰ ਇਹ ਕਿੰਨਾ ਤੜਪਿਆ ਹੋਣਾ।

----

ਪਿਆਸਾ ਸੀ, ਸਮੁੰਦਰ ਕੋਲ਼ ਤਾਂ ਉਹ ਅੱਪੜ ਚੁੱਕਿਆ ਸੀ,

ਪਾਣੀ ਪੀ ਕੇ ਨਹੀਂ ਮਰਿਆ, ਪਿਆਸਾ ਮਰ ਗਿਆ ਹੋਣਾ।

----

ਉਸ ਨੂੰ ਤਦੇ ਤਾਂ ਹੁਣ ਇਹ ਖ਼ਿਜ਼ਾਂ ਚੰਗੀ ਨਹੀਂ ਲਗਦੀ,

ਉਸ ਦੇ ਬਾਗ਼ ਵਿਚ ਕੋਈ ਬੜਾ ਹੀ ਚਿਰ ਮਹਿਕਿਆ ਹੋਣਾ।

----

ਸ਼ਿਕਾਰੀ ਦਾ ਨਿਸ਼ਾਨਾ ਲੱਗ ਗਿਆ ਹੋਣਾ ਨਿਸ਼ਾਨੇ ‘ਤੇ,

ਭੋਂ ‘ਤੇ ਡਿੱਗ ਕੇ ਪੰਛੀ ਬੜਾ ਹੀ ਚਿਰ ਤੜਪਿਆ ਹੋਣਾ।

----

ਉਸ ਦੇ ਪੈਰ ਪੱਥਰ ਹੋ ਗਏ ਹੋਣੇ ਨੇ ਦਰ ਅੰਦਰ,

ਜਦ ਉਹ ਆਪਣੇ ਘਰ ਵਿਚ ਗ਼ੈਰ ਦੇ ਵਾਂਗਰ ਗਿਆ ਹੋਣਾ।

----

ਬਹੁਤ ਛੋਟਾ ਸੀ, ਉਹ ਤਾਂ ਗੁੰਮ ਗਿਆ ਹੋਣਾ ਖ਼ਿਲਾਅ ਅੰਦਰ,

ਜੁਗਨੂੰ ਵਿੱਤ ਮੁਤਾਬਕ ਰੋਸ਼ਨੀ ਤਾਂ ਕਰ ਗਿਆ ਹੋਣਾ।

----

ਪਰਬਤ ਤੋਂ ਵੀ ਉੱਚਾ ਸੀ, ਸਮੁੰਦਰ ਤੋਂ ਵੀ ਗ਼ਹਿਰਾ ਸੀ,

ਉਹ ਸ਼ਖ਼ਸ ਛਾ ਗਿਆ ਹੋਣਾ, ਜਿਧਰ ਗਿਆ ਹੋਣਾ।

----

ਉਸ ਦਾ ਅੰਗ ਅੰਗ ਤਾਂ ਬੜਾ ਹੀ ਨਸ਼ਿਆ ਗਿਆ ਹੋਣਾ,

‘ਸਾਥੀ’ ਅਚਨਚੇਤੀ ਯਾਰ ਦੇ ਜਦ ਘਰ ਗਿਆ ਹੋਣਾ।