ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, October 15, 2010

ਰਾਜਿੰਦਰਜੀਤ - ਗ਼ਜ਼ਲ

ਗ਼ਜ਼ਲ

ਅਜਨਮੇ ਕਈ ਗੀਤ ਚਾਹੁੰਦੇ ਨੇ ਆਉਣਾ,

ਕਿਵੇਂ ਕਲਮ-ਕਾਗ਼ਜ਼ ਤੋਂ ਇਨਕਾਰ ਹੋਵੇ।

ਕਦੇ ਆਪ-ਬੀਤੀ ਕਦੇ ਜੱਗ-ਬੀਤੀ,

ਸਦਾ ਦਰਦ ਅਪਣਾ ਹੀ ਸਾਕਾਰ ਹੋਵੇ।

-----

-----

ਚੁਰੱਸਤੇ ਚ ਸੁੱਤਾ ਪਿਆ ਇੱਕ ਰਾਹੀ,

ਖ਼ਬਰ ਕੀ ਕਿ ਕਿਸਤੋਂ ਇਹ ਹੋਈ ਕੁਤਾਹੀ,

ਕਿ ਚਾਰੇ ਦਿਸ਼ਾਵਾਂ ਹੀ ਨੇ ਗ਼ੈਰ ਹਾਜ਼ਰ,

ਕਿਵੇਂ ਨਾ ਸਫ਼ਰ ਫਿਰ ਇਹ ਬੇਕਾਰ ਹੋਵੇ।

-----

ਚੁਫ਼ੇਰੇ ਚਿਣੇ ਹੋਣ ਸ਼ਬਦਾਂ ਦੇ ਮੋਤੀ,

ਤੇ ਚਾਨਣ ਖਿਲਾਰੇ ਖ਼ਿਆਲਾਂ ਦੀ ਜੋਤੀ,

ਸਜਾਵਾਂ ਇਨ੍ਹਾਂ ਨੂੰ ਮੈਂ ਇਉਂ ਵਰਕਿਆਂ ਤੇ,

ਜਿਵੇਂ ਸਿਰ ਸਜੀ ਹੋਈ ਦਸਤਾਰ ਹੋਵੇ।

------

ਮੈਂ ਰਾਤਾਂ ਨੂੰ ਸੁੱਤੇ ਪੰਖੇਰੂ ਜਗਾਏ,

ਦੁਪਹਿਰੀਂ ਮਧੋਲ਼ੇ ਦਰੱਖ਼ਤਾਂ ਦੇ ਸਾਏ,

ਇਹ ਸਭ ਕੁਝ ਕਰਾਂ, ਫੇਰ ਵੀ ਮੈਂ ਇਹ ਚਾਹਾਂ,

ਮੇਰੀ ਨੀਂਦ ਤੇ ਨਾ ਕੋਈ ਭਾਰ ਹੋਵੇ।

Thursday, October 14, 2010

ਡਾ: ਅੰਬਰੀਸ਼ - ਨਜ਼ਮ

ਆਰਸੀ ਤੇ ਖ਼ੁਸ਼ਆਮਦੀਦ

ਸਾਹਿਤਕ ਨਾਮ: ਡਾ: ਅੰਬਰੀਸ਼

ਅਜੋਕਾ ਨਿਵਾਸ: ਅੰਮ੍ਰਿਤਸਰ, ਪੰਜਾਬ

ਪ੍ਰਕਾਸ਼ਿਤ ਕਿਤਾਬਾਂ: ਕਾਵਿ-ਸੰਗ੍ਰਹਿ: ਸਭ ਧਰਤੀ ਕਾਗਦੁ, ਪਹੀਆ-ਚਿੜੀ ਤੇ ਅਸਮਾਨ, ਅਨੰਤ ਪਰਵਾਸ, ਰੰਗ ਤੇ ਰੇਤ ਘੜੀ ਅਤੇ ਬ੍ਰਹਮ ਕਮਲ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

*****

ਦੋਸਤੋ! ਕੋਈ ਦੋ ਕੁ ਸਾਲ ਪਹਿਲਾਂ, ਡਾ: ਅੰਬਰੀਸ਼ ਜੀ ਦਾ ਕਾਵਿ-ਸੰਗ੍ਰਹਿ ਬ੍ਰਹਮ ਕਮਲ ਮੈਨੂੰ ਦਵਿੰਦਰ ਪੂਨੀਆ ਜੀ ਨੇ ਪੜ੍ਹਨ ਵਾਸਤੇ ਦਿੱਤਾ ਸੀ, ਜਿਸ ਵਿਚ ਬਹੁਤ ਹੀ ਖ਼ੂਬਸੂਰਤ ਰਚਨਾਵਾਂ ਸ਼ਾਮਿਲ ਹਨ। ਅੱਜ ਉਹਨਾਂ ਨੇ ਆਪਣੀਆਂ ਨਵੀਆਂ ਅਤੇ ਅਣਪ੍ਰਕਾਸ਼ਿਤ ਰਚਨਾਵਾਂ ਆਰਸੀ ਲਈ ਘੱਲ ਕੇ ਸਾਡਾ ਸਭ ਦਾ ਮਾਣ ਵਧਾਇਆ ਹੈ, ਮੈਂ ਉਹਨਾਂ ਦੀ ਦਿਲੋਂ ਸ਼ੁਕਰਗੁਜ਼ਾਰ ਹਾਂ। ਇਹਨਾਂ ਖ਼ੂਬਸੂਰਤ ਰਚਨਾਵਾਂ 'ਚੋਂ ਉਹਨਾਂ ਦੀ ਮਹੀਨਾ ਕੁ ਪਹਿਲਾਂ ਦੀ ਇੰਗਲੈਂਡ ਫੇਰੀ ਦੀ ਝਲਕ ਮਿਲ਼ਦੀ ਹੈ। ਆਸ ਹੈ ਡਾ: ਸਾਹਿਬ ਅੱਗੇ ਤੋਂ ਵੀ ਹਾਜ਼ਰੀ ਲਵਾਉਂਦੇ ਰਹਿਣਗੇ। ਇਸ ਪੋਸਟ ਵਿਚ ਸ਼ਾਮਿਲ ਸੈਂਡਲ ਖ਼ਰੀਦਦਿਆਂ ਨਜ਼ਮ ਉਹਨਾਂ ਦੀ ਕਿਤਾਬ ਬ੍ਰਹਮ ਕਮਲ ਚੋਂ ਹੈ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਸੈਂਡਲ ਖ਼ਰੀਦਦਿਆਂ

ਨਜ਼ਮ

ਹਫ਼ਤਿਆਂ ਮਹੀਨਿਆਂ ਤੋਂ

ਉਹ ਸੋਚਦੀ ਪਈ

ਸੈਂਡਲ ਖ਼ਰੀਦਣ ਬਾਰੇ

ਤੇ ਅੱਜ ਮਸਾਂ ਬਣੇ ਨੇ

ਮੂਡ ਤੇ ਸਮਾਂ

..........

ਪਹਿਲੀ ਦੁਕਾਨ ਕੀਮਤਾਂ ਤਾਂ ਠੀਕ ਨੇ

ਪਰ ਸਮਾਨ

ਰੈਕਸਿਨ ਨਿਰਾ!

...........

ਦੁਕਾਨ ਦੂਸਰੀ

ਸੈਂਡਲ ਏਸ ਦਾ

ਪੈਰ ਸੱਜਾ ਤਾਂ ਸਹੀ

ਪਰ ਖੱਬਾ ਮੋਕਲ਼ਾ ਹੈ

ਥੋੜ੍ਹੇ ਦਿਨਾਂ ਚ ਹੋਰ ਵੀ

ਖੁੱਲ੍ਹ ਜਾਵੇਗਾ

ਹੰਢਾਉਣਾ ਬੜਾ ਹੀ

ਮੁਸ਼ਕਿਲ ਹੋ ਜਾਵੇਗਾ।

............

ਅਹੁ ਦੇਖੋ ਜ਼ਰਾ!

ਇਨ੍ਹਾਂ ਦੀ ਗਰਿਪ ਤਾਂ ਦੋਨਾਂ

ਪੈਰਾਂ ਦੀ ਸਹੀ

ਪਰ ਪਤਾਵੇ ਕਿਵੇਂ

ਤਲ਼ੀਆਂ ਥੱਲਿਉਂ ਖਿਸਕਦੇ

.........

ਹਾਂ! ਇਹ ਠੀਕ ਨੇ।

ਪਰ ਨਹੀਂ!

ਪਤਾ ਮੈਨੂੰ

ਜ਼ਰਾ ਦੂਰ ਤਾਈਂ ਤੁਰਨਾ ਪਿਆ

ਤਾਂ ਪੈਰ ਬੜੇ ਥੱਕ ਜਾਣੇ ਦੁਖਣ ਲੱਗਣੇ

...........

ਕਿੰਨੀਆਂ ਦੁਕਾਨਾਂ

ਕਿੰਨੇ ਡਿਜ਼ਾਈਨ ਰੰਗ ਅਕਾਰ

ਵੱਖ-ਵੱਖ ਸੈਂਡਲਾਂ

ਕਿੰਨਿਆਂ ਫ਼ਰਸ਼ਾਂ ਤੇ ਉਹਦੀ ਕੈਟ ਵਾਕ

ਤੇ ਮੈਂ ਕੱਲਾ ਦਰਸ਼ਕ ਉਹਦਾ

............

ਹਰ ਦੁਕਾਨ ਤੇ ਉਹਦੇ

ਪੈਰਾਂ ਨੂੰ ਪਹਿਨਦਿਆਂ

ਸੈਂਡਲ ਵੇਖਦਾ

ਮੈਂ ਉਹਨੂੰ ਪੌਂਹਚੇ ਉਠਾਉਂਦਿਆਂ

ਸਿਰ ਪਿਛਾਂਹ ਘੁਮਾਅ

ਪਿੱਛੋਂ ਦੀ ਆਪਣੀਆਂ

ਅੱਡੀਆਂ ਵੇਖਦਿਆਂ ਵੇਖਦਾ

ਸੋਚਦਾ....

ਦਹਾਕਿਆਂ ਤੋਂ ਨਿਭਿਆ ਹਾਂ

ਉਹਦੇ ਨਾਲ਼

ਪਤਾ ਨਹੀਂ

ਕਿੱਥੇ ਕਿੱਥੇ

ਲੱਗਦਾ ਰਿਹਾ ਹਾਂ.....

=====

ਪਾਊਂਡਲੈਂਡ

ਨਜ਼ਮ

ਪਾਊਂਡਲੈਂਡ ਦੇ ਬਾਹਰ

ਸਦੀਆਂ ਪੁਰਾਣਾ ਸ਼ਹਿਰ ਹੈ

ਗਿਰਜੇ ਕਬਰਿਸਤਾਨ ਨੇ

ਇੱਟ ਇੱਟ ਤੇ ਖੁਣਿਆ ਇਤਿਹਾਸ ਹੈ

ਪੈਟੂਨੀਆ ਬੇਗੋਨੀਆ ਤੇ ਫੁਸ਼ੀਆ ਦੇ

ਉਸ ਖ਼ਾਸ ਵਲਾਇਤੀ ਕੁਸ਼ਲਤਾ ਦੇ ਸੂਚਕ

ਧੁਪੀ ਤਾਜ਼ਗੀ ਵਾਲੇ

ਬਹੁਰੰਗੀ ਫੁੱਲ ਨੇ

ਸੜਕੀ ਕਲਇਡੋਸਕੋਪ ਹੈ ।

...........

ਪੀਲੀਆਂ ਜੈਕਟਾਂ ਪਹਿਨੀ ਸੈਂਡਵਿਚ ਖਾਂਦੇ

ਜ਼ਰਾ ਅਰਾਮ ਕਰਦੇ ਧੁੱਪ ਸੇਕਦੇ ਮਜ਼ਦੂਰ ਨੇ

ਬੇਆਵਾਜ਼ ਧੀਮੀਆਂ

ਮੋਟਰੀ ਵ੍ਹੀਲ-ਚੇਅਰਾਂ ਤੇ

ਵਿੰਡੋ ਸ਼ਾਪਿੰਗ ਕਰਦੇ

ਬਿਰਧ ਅਪੰਗ ਨੇ ।

ਪਰੈਮਾਂ ਰੇੜ੍ਹਦੀਆਂ

ਬੱਚੇ ਪੁਚਕਾਰਦੀਆਂ ਮਾਵਾਂ ਨੇ ।

ਆਪਣੇ ਪੂਰੇ ਪਰਿਵਾਰ

ਇੱਕੋ ਇੱਕ ਕੁੱਤੇ ਨਾਲ ਬੇਘਰਾ

ਸੜਕ-ਸੰਗੀਤਕਾਰ ਹੈ

ਤਿਤਰ ਮਿਤਰੀ ਧੁੱਪ

ਅਕਾਰਡੀਅਨ ਦੀਆਂ ਧੁਨਾਂ ਨੇ

ਪਾਊਂਡਲੈਂਡ ਦੇ ਅੰਦਰ

ਕੀ ਕਰਨ ਜਾਣੈ ਮੈਂ ਕਵੀ ਨੇ !

..........

ਖ਼ਜ਼ਾਨਾ-ਟਾਪੂ ਮੇਰਾ

ਅਲੀ ਬਾਬਾ ਦੀ ਗੁਫ਼ਾ ਮੇਰੀ

ਤਾਂ ਬਾਹਰ ਹੈ

ਪਾਊਂਡਲੈਂਡ ਦੇ ਕੋਲ਼ੋਂ ਲੰਘਦਿਆਂ ਮੇਰੇ ਤੇ ਪਰ

ਕਿਸੇ ਨੇ ਜਾਦੂ ਦੀ ਛੜੀ ਫੇਰੀ ਹੈ

ਮੈਂ ਬਾਹਰ ਰਹਿਣਾ ਚਾਹੁੰਦਾ

ਉਹ ਮੈਨੂੰ ਅੰਦਰ ਧੂੰਹਦਾ ਹੈ

ਤੇ ਉਹਦੇ ਅੰਦਰਲਾ ਸੰਸਾਰ

ਭਾਂਤ-ਸੁਭਾਂਤੀ

ਬਾਹਰਲੇ ਤੋਂ ਰੰਗ-ਬਿਰੰਗਾ ਵਧੇਰੇ

ਭੁੱਲ ਭੁਲਾਉਣਾ ਹੈ ।

ਪਾਊਂਡਲੈਂਡ ਦੇ ਅੰਦਰ ਮੈਂ ਵੀ

ਇਸ ਸਦੀ ਦੇ ਬੰਦਿਆਂ

ਬਾਕੀ ਸਭਨਾਂ ਜਿਹਾ ਹਾਂ।

=====

ਸੈਲਾਨੀ ਸੰਸਾਰ

ਨਜ਼ਮ

ਸੰਖੇਪ ਵਲਾਇਤੀ ਗਰਮੀਆਂ ਦੇ

ਦਿਨ ਛੇਕੜਲੇ

ਤਿਤਰ ਮਿਤਰੀ ਸਰਦੀਲੀ ਸ਼ਾਮ ਢਲ਼ਦੀ

ਸ਼ੀਤ ਮਹਾਂਸਾਗਰੀ ਹਵਾ ਰੁਖ਼-ਸਿਖਰਾਂ

ਪੌਣ ਦਾ ਦਰਿਆ ਇਕ ਸ਼ਾਂਤ ਸ਼ੂਕਦਾ

ਸੰਘਣੀਆਂ ਸ਼ਾਖਾਂ , ਪੱਤਿਆਂ ਤੇ ਧੁੱਪ

ਕੱਥਕ ਨੱਚਦੀ

ਵੀਪਿੰਗਵਿੱਲੋਦੀਆਂ ਲਹਿਰਦਾਰ

ਲਚਕੀਲੀਆਂ ਟਹਿਣੀਆਂ

ਚਿੜੀਆਂ ਅੰਗਰੇਜ਼ੀ ਗਾਉਂਦੀਆਂ

ਰੁੱਖਾਂ ਚ ਘਰਾਂ ਦੀਆਂ ਛੱਤਾਂ ਤੇ ਹਰ ਪਾਸੇ

ਘੁੱਗੂੰ- ਘੂੰ ਦਾ ਨਸ਼ਾ ਚੜ੍ਹਦਾ

.......

ਛੁੱਟੀਆਂ ਤੇ

ਦੋਸਤ ਦੇ ਵਲਾਇਤੀ ਘਰ-ਬਾਗ਼ ਚ ਮੈਂ

ਪਤਾ ਨਾ ਕਿਹੜੇ ਅਦਨ ਦੇ ਬਾਗ਼ੋਂ ਆਇਆ

ਗੋਭਲਾ ਰਸਲਾ ਲਾਲ

ਆਲੂ ਬੁਖਾਰਾ ਖਾਵਾਂ

ਤ੍ਰਿਪਤ ਹੋਵਾਂ ਸੁੱਖ ਨਾਲ

ਸਰਸ਼ਾਰ ਹੋਵਾਂ

ਅੰਮ੍ਰਿਤ ਉਗਲ਼ਾਂ ਚੋਂ ਵਹਿੰਦਾ

ਦੇਰ ਤਾਈ ਬੇਨਾਮ ਖ਼ੁਸ਼ਬੋ ਬਣ

ਮੇਰੇ ਪੋਟਿਆਂ ਤੇ ਰਹਿੰਦਾ

ਜਾਣਦਾਂ, ਪਛਾਣਦਾਂ ਖ਼ੁਸ਼ਬੋ ਇਹ

ਸ਼ਹਿਦ ਕਿਸੇ ਸ਼ਰਬਤ ਜਿਹੀ

ਹੈ ਕਿਸੇ ਸੈਲਾਨੀ ਸੰਸਾਰ ਦੀ

ਉਸ ਲੋਕ ਦੀ ਜਿੱਥੇ

ਕਦੇ ਵੀ ਕੋਈ ਲੰਮਾ ਸਮਾਂ

ਪੱਕਾ ਨਾ ਰਹਿੰਦਾ

=====

ਸਾਊਥੈਂਪਟਨ ਚ ਚਿੜੀ

ਨਜ਼ਮ

ਸ਼ਾਹ ਕਾਲੇ ਰੇਵਨ

ਸਫ਼ੈਦ ਸਮੁੰਦਰੀ ਗੱਲ

ਐਸ ਆਕਾਰ ਦੀਆਂ ਲੰਮੀਆਂ ਲਹਿਰਦਾਰ ਧੌਣਾਂ ਵਾਲੇ

ਦੁੱਧ ਚਿੱਟੇ ਹੰਸ

ਕਨਾਡਾ ਗੀਜ਼ਨਾਇਟਿੰਗੇਲਾਂ ਰੌਬਿਨ

ਤੇ ਉਹੀ

ਸਦਾ ਬੱਦਲਵਾਇਆ ਅਕਾਸ਼

ਠੰਢੀ ਸਮੁੰਦਰੀ ਹਵਾ।

.............

ਫਿਰ ਕਿੱਥੋਂ ਇਹ ਸੜਦੀਆਂ ਧੁੱਪਾਂ

ਲੂਆਂ ਨ੍ਹੇਰੀਆਂ ਦੇ ਦੇਸ ਦੀ

ਨਿੱਕੀ ਮਟਮੈਲ਼ੀ ਭੂਰੀ ਚਿੜੀ ?

............

ਕੀ ਇਹ ਵੀ ਮੈਂ ਜਿਵੇਂ

ਸੱਤ ਸਮੁੰਦਰੋਂ ਪਾਰੋਂ ਉੱਡਦੀ ਆਈ?

ਕਿ ਸਦੀਆਂ ਪਹਿਲਾਂ ਕੋਈ ਬੰਦਾ ਦੇਸੀ

ਜਹਾਜ਼ ਚ ਉਹਦੇ ਪੁਰਖਿਆਂ ਨੂੰ

ਕਰ ਤਸਕਰੀ, ਲੁਕੋਅ ਕੇ ਲਿਆਇਆ ?

ਜਾਂ ਵਸਦੀ ਉਦੋਂ ਦੀ ਏਥੇ

ਧਰਤੀ ਮਹਾਂਦੀਪਾਂ ਚ ਵੰਡੀ ਜਦੋਂ

ਨਾ ਸਮੁੰਦਰਾਂ ਦੋਫ਼ਾੜ ਕੀਤੀ,

* ਪੈਂਜੀਆਂ ਦੇ ਯੁੱਗ ਦੀ ?

ਮੂਲਵਾਸੀ ਕਿ ਪਰਵਾਸੀ ਇਹ

ਕਾਕੇਸ਼ੀਆਈ ਕਿ ਦਰਾਵੜੀ

ਕਿ ਸਿੰਧੂ ਦੇਸ਼ ਦੀ ?

.........

ਰੰਗ ਰੂਪ ਆਕਾਰ ਤਾਂ ਬਿਲਕੁਲ ਆਮ ਹੀ

ਕਾਸ਼! ਮੈਂ ਵੀ ਏਥੇ ਇਦ੍ਹੇ ਜਿਹਾ

ਅਦਿਸਵਾਂ ਜਿਹਾ

ਰਲ਼ਿਆ ਮਿਲ਼ਿਆ

ਆਮ ਹੋਵਾਂ !

*****

* Pangea : ਧਰਤੀ ਦੇ ਭੂ-ਵਿਗਿਆਨਕ ਇਤਿਹਾਸ ਚ ਐਸਾ ਯੁੱਗ ਜਦੋਂ ਸੱਤੇ ਮਹਾਂਦੀਪ ਇੱਕੋ ਜ਼ਮੀਨੀ ਸਮੂਹ ਸੀ।


Wednesday, October 13, 2010

ਡਾ: ਅਮਰ ਜਿਉਤੀ - ਨਜ਼ਮ

ਚਾਨਣ ਦੀ ਕਾਤਰ

ਨਜ਼ਮ

ਜ਼ਿੰਦਗੀ ਦੇ ਜੰਗਲ

ਬਹੁਤ ਭਟਕੀ ਹਾਂ

ਗਿਆਨ ਦੀ ਤਲਾਸ਼

ਇਹ ਗ਼ਲਤ ਜਾਪਦਾ ਹੈ ਮੈਨੂੰ

ਗਿਆਨ ਕਿਸੇ ਬੋਹੜ ਥੱਲੇ

ਕਈ ਸਾਲ ਬੈਠਿਆਂ

ਭੁੱਖਾਂ ਤੇ ਫਾਕੇ ਕੱਟਿਆਂ

ਹੋ ਜਾਇਆ ਕਰਦਾ ਹੈ ਹਾਸਿਲ

ਕਿ ਇਸ ਪ੍ਰਾਪਤੀ ਲਈ

ਇਕਾਂਤ ਦੀ ਲੋੜ ਹੈ ਕੇਵਲ

ਕਿ ਇਸਨੂੰ ਪਾਉਣ ਲਈ

ਜ਼ਿੰਦਗੀ ਨਾਲ਼ੋਂ ਤੋੜ ਕੇ ਨਾਤਾ

ਉੱਚੀਆਂ ਚੋਟੀਆਂ ਤੇ

ਚੜ੍ਹਨਾ ਹੈ ਜ਼ਰੂਰੀ

...........

ਗਿਆਨ ਦੀ ਪ੍ਰਾਪਤੀ

ਜਾਂ ਸੋਝੀ ਆਉਣਾ

ਤੇ ਮੁਕਤੀ ਪਾਉਣਾ

ਇਹ ਵਾਕ ਬੇਅਰਥ ਹਨ ਤਦ ਤੱਕ

ਕਿ ਜਦ ਤੱਕ

ਜ਼ਿੰਦਗੀ ਦੇ ਹਨੇਰੇ ਜੰਗਲ

ਨੰਗੇ ਪੈਰੀਂ

ਸੂਲ਼ਾਂ ਮੱਲੇ ਰਾਹਾਂ ਚੋਂ

ਚਾਨਣ ਦੀਆਂ ਕਾਤਰਾਂ ਢੂੰਡਦਾ

ਤੇ ਬੰਦ ਰਾਹ ਚੋਂ ਰਾਹ ਬਣਾਉਂਦਾ ਕੋਈ

ਲੰਘਦਾ ਨਹੀਂ ਕੋਈ

...........

ਮੈਂ ਕਿਸੇ ਬੋਹੜ ਥੱਲੇ ਜ਼ਿੰਦਗੀ ਤੋਂ ਨੱਸ ਕੇ

ਜ਼ਿੰਦਗੀ ਦੇ ਦੁੱਖਾਂ ਦਾ ਹੱਲ ਲੱਭਣ ਲਈ

ਨਹੀਂ ਹੈ ਬਹਿਣਾ

ਕਿਤਨਾ ਬੇਮਾਇਨਾ ਲਗਦਾ ਹੈ ਮੈਨੂੰ

ਇੰਝ ਗਿਆਨ ਨੂੰ

ਤਲਾਸ਼ ਕਰਨਾ

ਮੇਰੀ ਤਾਂ ਸਾਂਝ ਹੈ ਕੇਵਲ

ਪੈਰਾਂ ਦਿਆਂ ਛਾਲਿਆਂ ਨਾਲ਼।

=====

ਜੁਗਨੂੰ

ਨਜ਼ਮ

ਮੈਂ ਇਕ ਜੁਗਨੂੰ

ਚਾਨਣ ਵੰਡਦਾ

ਨਿੱਕੇ-ਨਿੱਕੇ

ਖੰਭ ਨੇ ਮੇਰੇ

ਉਡਦਾ ਜਾਂਦਾ

ਹਰ ਕਿਸੇ ਦਾ

ਮਨ ਪਰਚਾਂਦਾ

ਨ੍ਹੇਰੇ ਰੁਸ਼ਨਾਂਦਾ

ਜਦ ਕੋਈ ਚੰਚਲਹਾਰਾ

ਮੈਨੂੰ ਫੜਦਾ

ਮੁੱਠੀ ਬੰਦ ਕਰਦਾ

ਕੋਸੇ ਚਾਨਣ ਰੰਗੀ

ਮੁੱਠੀ ਨੂੰ ਤੱਕ

ਖਿੜਖਿੜਾਂਦਾ

ਉਹ ਨਾ ਜਾਣੇ-

ਮੈਂ ਮੁੱਠੀ ਵਿਚ

ਸਾਹ ਘੁੱਟ ਕੇ

ਮਰ ਜਾਂਦਾ।

Tuesday, October 12, 2010

ਮੀਰ ਤਕੀ ਮੀਰ - ਉਰਦੂ ਰੰਗ

ਗ਼ਜ਼ਲ

ਆਜ ਹਮਾਰਾ ਦਿਲ ਤੜਪੇ ਹੈ ਕੋਈ ਉਧਰ ਸੇ ਆਵੇਗਾ।

ਯਾ ਕਿ ਨਵਿਸ਼ਤਾ 1 ਉਨ ਹਾਥੋਂ ਕਾ ਕਾਸਿਦ 2 ਹਮ ਤਕ ਲਾਵੇਗਾ।

------

ਰੰਜ ਬਹੁਤ ਖੇਂਚੇ ਥੇ ਹਮਨੇ ਤਾਕਤ ਜੀ ਕੀ ਤਮਾਮ ਹੂਈ,

ਅਪਨੇ ਕੀਏ ਪਰ ਯਾਦ ਰਹੇ ਯੇ ਵੋ ਭੀ ਬਹੁਤ ਪਛਤਾਵੇਗਾ।

-----

ਆਂਖੇਂ ਮੂੰਹ ਯਹ ਦਿਲਬਰ ਜੋ ਸੋਤੇ ਰਹੇਂ ਸੋ ਬੇਹਤਰ ਹੈ,

ਚਸ਼ਮਕ 3 ਕਰਨਾ ਏਕ ਉਨਹੋਂ ਕਾ ਸੌ ਸੌ ਫ਼ਿਤਨੇ 4 ਜਗਾਵੇਗਾ।

-----

ਕਯਾ ਸੂਰਤ ਹੈ ਕਯਾ ਕਾਮਤ 5 ਹੈ ਦਸਤ-ਓ-ਪਾ 6 ਕਯਾ ਨਾਜ਼ੁਕ ਹੈ,

ਐਸੇ ਪੁਤਲੇ ਮੂੰਹ ਦੇਖੋ ਜੋ ਕੋਈ ਕਲਾਲ ਬਨਾਵੇਗਾ।

-----

ਚਿਤਵਨ ਬੇਢਬ ਆਂਖੇਂ ਫਿਰੀ ਹੈਂ ਪਲਕੋਂ ਸੇ ਭੀ ਨਜ਼ਰ ਛੋਟੀ,

ਇਸ਼ਕ ਅਭੀ ਕਯਾ ਜਾਨੇ ਹਮਕੋ ਕਯਾ ਕਯਾ ਮੀਰ' ਦਿਖਾਵੇਗਾ।

*****

ਔਖੇ ਸ਼ਬਦਾਂ ਦੇ ਅਰਥ: ਨਵਿਸ਼ਤਾ 1 ਚਿੱਠੀ, ਕਾਸਿਦ 2 ਡਾਕੀਆ, ਚਸ਼ਮਕ 3 ਇਸ਼ਾਰਾ, ਫ਼ਿਤਨੇ 4 ਫ਼ਸਾਦ, ਝਗੜਾ, ਕਾਮਤ 5 ਕੱਦ, ਦਸਤ-ਓ-ਪਾ 6 ਹੱਥ ਤੇ ਪੈਰ


Monday, October 11, 2010

ਦਸ਼ਮੇਸ਼ ਗਿੱਲ 'ਫ਼ਿਰੋਜ਼' - ਉਰਦੂ ਰੰਗ

ਗ਼ਜ਼ਲ

ਹਰ ਖ਼ਤਾ ਮੇਰੀ ਹੀ ਖ਼ਤਾ ਠਹਿਰੀ।

ਤੇਰੀ ਨਾਰਾਜ਼ਗੀ ਬਜਾ ਠਹਿਰੀ।

-----

ਜਬ ਚਲਾ ਜ਼ਿਕਰੇ-ਇੰਤਹਾ ਯਾਰੋ!

ਬਾਤ ਮੇਰੇ ਜੁਨੂੰ ਪੇ ਆ ਠਹਿਰੀ।

-----

ਆਰਜ਼ੂ ਕਾ ਸਫ਼ਰ ਹੈ ਬਸ ਇਤਨਾ,

ਦਿਲ ਸੇ ਉਠੀ ਜ਼ੁਬਾਂ ਪੇ ਜਾ ਠਹਿਰੀ।

-----

ਕਯੂੰ ਮੈਂ ਉਮਰੇ-ਦਰਾਜ਼ 1 ਕੋ ਮਾਂਗੂੰ?

ਕਬ ਦੁਆਓਂ ਸੇ ਹੈ ਕਜ਼ਾ 2 ਠਹਿਰੀ?

-----

ਛੀਨ ਕਰ ਪੈਰਹਨ 3 ਦਰਖ਼ਤੋਂ ਕੇ,

ਅਬ ਦਿਖਾਵੇ ਕੋ ਹੈ ਹਵਾ ਠਹਿਰੀ।

-----

ਆਗ ਸ਼ਹਿਰੋ-ਸ਼ਹਿਰ ਰਹੀ ਫਿਰਤੀ,

ਆਜ ਸ਼ਹਿਰੇ ਫ਼ਿਰੋਜ਼ ਆ ਠਹਿਰੀ।

*****

ਔਖੇ ਸ਼ਬਦਾਂ ਦੇ ਅਰਥ: ਉਮਰੇ-ਦਰਾਜ਼ 1 ਲੰਬੀ ਉਮਰ, ਕਜ਼ਾ 2 ਮੌਤ , ਪੈਰਹਨ 3 ਵਸਤਰ,

ਤਰਸੇਮ ਨੂਰ - ਗ਼ਜ਼ਲ

ਧੰਨਵਾਦ: ਇਕਵਿੰਦਰ ਜੀ ਦਾ ਜਿਨ੍ਹਾਂ ਨੇ ਇਹ ਗ਼ਜ਼ਲ ਆਰਸੀ ਪਰਿਵਾਰ ਨਾਲ਼ ਸਾਂਝੀ ਕਰਨ ਲਈ ਭੇਜੀ।
******
ਗ਼ਜ਼ਲ

ਤੈਨੂੰ ਚੇਤੇ ਕਰਦੇ-ਕਰਦੇ।

ਜੀ ਉਠਿਆ ਮੈਂ ਮਰਦੇ-ਮਰਦੇ।

-----

-----

ਜਾਂ ੳਹਨੂੰ ਕੁਝ ਦੇ ਕੇ ਮੋਤੀ,

ਜਾਂ ਫਿਰ ਮੈਨੂੰ ਪੱਥਰ ਕਰਦੇ।

-----

ਮੁਖੜੇ ਤੋਂ ਸਰਕਾ ਕੇ ਪਰਦਾ,

ਚੰਨ ਨੂੰ ਪਾਣੀ-ਪਾਣੀ ਕਰਦੇ।

-----

ਕਿੰਨੇ ਵੀ ਹੱਥ-ਪੈਰ ਉਹ ਮਾਰਨ,

ਤੇਰੇ ਡੋਬੇ ਨਹੀਓਂ ਤਰਦੇ।

-----

ਚੰਗੇ ਬੰਦੇ , ਗੱਲ ਹਮੇਸ਼ਾ,

ਚੰਗੀ ਸੁਣਦੇ, ਚੰਗੀ ਕਰਦੇ।

-----

ਤੇਰੇ ਅੱਗੇ ਜ਼ੋਰ ਹੈ ਕਾਹਦਾ ?

ਤੇਰੀ ਮਰਜ਼ੀ ਜੋ ਵੀ ਕਰਦੇ।

-----

ਉਹ ਵੀ ਜੀਵਨ ਕਾਹਦਾ ਜੀਵਨ,

ਜਿਹੜਾ ਲੰਘੇ ਡਰਦੇ-ਡਰਦੇ।

-----

ਤਾਂ ਵੀ ਨੂਰਨਜ਼ਰ ਆਏਗਾ,

ਭਾਵੇਂ ਕਿੰਨੇ ਪਰਦੇ ਕਰਦੇ।

Sunday, October 10, 2010

ਜਨਾਬ ਹਫ਼ੀਜ਼ ਜਲੰਧਰੀ ਸਾਹਿਬ - ਉਰਦੂ ਰੰਗ

ਗ਼ਜ਼ਲ

ਦੋ ਰੋਜ਼ ਮੇਂ ਸ਼ਬਾਬ ਕਾ ਆਲਮ ਗੁਜ਼ਰ ਗਯਾ।
ਬਦਨਾਮ ਕਰਨੇ ਆਯਾ ਥਾ ਬਦਨਾਮ ਕਰ ਗਯਾ।
-----
ਬੀਮਾਰੇ-ਗ਼ਮ 1 ਮਸੀਹ 2 ਕੋ ਹੈਰਾਨ ਕਰ ਗਯਾ।
ਉੱਠਾ, ਝੁਕਾ, ਸਲਾਮ ਕੀਯਾ, ਗਿਰ ਕੇ ਮਰ ਗਯਾ।
-----
ਗੁਜ਼ਰੇ ਹੁਏ ਜ਼ਮਾਨੇ ਕਾ ਅਬ ਤਜ਼ਕਿਰਾ 3 ਹੀ ਕਯਾ,
ਅੱਛਾ ਗੁਜ਼ਰ ਗਯਾ, ਬਹੁਤ ਅੱਛਾ ਗੁਜ਼ਰ ਗਯਾ।
-----
ਦੇਖੋ ਯੇ ਦਿਲ ਲਗੀ ਕਿ ਸਰੇ-ਰਹਗੁਜ਼ਾਰੇ-ਹੁਸਨ 4,
ਇਕ ਇਕ ਸੇ ਪੂਛਤਾ ਹੂੰ ਮੇਰਾ ਦਿਲ ਕਿਧਰ ਗਯਾ।
-----
ਐ ਚਾਰਾਗਰ 5 ਮਨਾ ਮੇਰੇ ਤੇਗ਼-ਆਜ਼ਮਾ 6 ਕੀ ਖ਼ੈਰ,
ਅਬ ਦਰਦੇ-ਸਰ ਕੀ ਫ਼ਿਕਰ ਨ ਕਰ, ਦਰਦੇ-ਸਰ ਗਯਾ।
-----
ਅਬ ਮੇਰੇ ਰੋਨੇ ਵਾਲੋ ਖ਼ੁਦਾਰਾ 7 ਜਵਾਬ ਦੋ,
ਵੋ ਬਾਰ ਬਾਰ ਪੂਛਤੇ ਹੈਂ ਕੌਨ ਮਰ ਗਯਾ।
-----
ਸ਼ਾਯਦ ਸਮਝ ਗਯਾ ਮੇਰੇ ਤੂਲੇ-ਮਰਜ਼ 8 ਕਾ ਰਾਜ਼,
ਅਬ ਚਾਰਾਗਰ ਨਾ ਆਏ, ਅਬ ਚਾਰਾਗਰ ਗਯਾ।
-----
ਅਬ ਇਬਤਦਾ-ਏ-ਇਸ਼ਕ 9 ਕਾ ਆਲਮ ਕਹਾਂ ‘ਹਫ਼ੀਜ਼’,
ਕਸ਼ਤੀ ਮੇਰੀ ਡਬੋ ਕੇ ਵੋ ਸਾਹਿਲ ਉਤਰ ਗਯਾ।
*****
ਔਖੇ ਸ਼ਬਦਾਂ ਦੇ ਅਰਥ: ਬੀਮਾਰੇ-ਗ਼ਮ 1 – ਇਸ਼ਕ ਦਰ ਗ਼ਮ ਦਾ ਰੋਗੀ, ਮਸੀਹ 2 – ਇਲਾਜ ਕਰਨ ਵਾਲ਼ਾ, ਤਜ਼ਕਿਰਾ 3 – ਚਰਚਾ ਕਰਨਾ, ਯਾਦ ਕਰਨਾ, ਸਰੇ-ਰਹਗੁਜ਼ਾਰੇ-ਹੁਸਨ 4 – ਉਹ ਰਾਹ, ਜਿੱਥੋਂ ਸੁੰਦਰੀਆਂ ਗੁਜ਼ਰਦੀਆਂ ਹਨ, ਚਾਰਾਗਰ 5 – ਇਲਾਜ ਕਰਨ ਵਾਲਾ, ਤੇਗ਼-ਆਜ਼ਮਾ 6 – ਤਲਵਾਰ ਚਲਾਉਣ ਵਾਲ਼ੇ ਦੀ, ਖ਼ੁਦਾਰਾ 7 – ਰੱਬ ਦੇ ਵਾਸਤੇ, ਤੂਲੇ-ਮਰਜ਼ 8 – ਰੋਗ ਦੇ ਲੰਬਾ ਹੋਣ ਦਾ ਕਾਰਣ, ਇਬਤਦਾ-ਏ-ਇਸ਼ਕ 9 – ਮੁਹੱਬਤ ਦੀ ਸ਼ਰੂਆਤ

Saturday, October 9, 2010

ਕੁਲਵਿੰਦਰ ਕੁੱਲਾ - ਗ਼ਜ਼ਲ

ਗ਼ਜ਼ਲ

ਬਣ ਗਈ ਦਿਲ ਦਾ ਸਹਾਰਾ ਇਕ ਨਜ਼ਰ।

ਖ਼ੂਬਸੂਰਤ ਹੁਣ ਰਹੂ ਆਪਣਾ ਸਫ਼ਰ।

-----

ਤੁਰਨ ਵੇਲ਼ੇ ਰੁੱਖ ਖੜ੍ਹੇ ਹੀ ਰਹਿ ਗਏ,

ਸਿਸਕਦੀ ਹੋਈ ਹਵਾ ਆਈ ਮਗਰ।

-----

ਬੇਖ਼ੁਦੀ ਵਿਚ ਪੈਰ ਕਿੱਧਰ ਲੈ ਤੁਰੇ,

ਦੱਸ, ਦਿਲਾ! ਪਹੁੰਚੇ ਹਾਂ ਹੁਣ ਕਿਹੜੇ ਨਗਰ।

----

ਜਾਚ ਸਿੱਖ ਲਈ ਕੰਡਿਆਂ ਤੇ ਤੁਰਨ ਦੀ,

ਹੁਣ ਕਠਿਨ ਲਗਦੀ ਨਹੀਂ ਕੋਈ ਡਗਰ।

-----

ਮੈਂ ਵਿਰੋਧੀ ਵਾ ਚ ਵੀ ਚੱਲਦਾ ਰਿਹਾ,

ਇਹ ਸੀ ਤੇਰੇ ਸਾਥ ਦਾ ਪਿਆਰਾ ਅਸਰ।


Friday, October 8, 2010

'ਸਾਬਿਰ' ਹੁਸ਼ਿਆਰਪੁਰੀ - ਉਰਦੂ ਰੰਗ

ਸਾਹਿਤਕ ਨਾਮ: ਸਾਬਿਰਹੁਸ਼ਿਆਰਪੁਰੀ

ਜਨਮ: 06 ਜੂਨ, 1928

ਜਨਮ ਸਥਾਨ: ਅਹਿਰਾਣਾ ਖ਼ੁਰਦ, ਜ਼ਿਲ੍ਹਾ: ਹੁਸ਼ਿਆਰਪੁਰ

ਪ੍ਰਕਾਸ਼ਿਤ ਕਿਤਾਬਾਂ: ਗ਼ਜ਼ਲ ਸੰਗ੍ਰਹਿ : ਬਜ਼ਮ-ਏ-ਕੰਦੀਲ

ਵਿਸ਼ੇਸ਼ ਧੰਨਵਾਦ: ਹੁਸ਼ਿਆਰਪੁਰ ਵਸਦੇ ਗ਼ਜ਼ਲਗੋ ਇਕਵਿੰਦਰ ਜੀ ਦਾ, ਜਿਨ੍ਹਾਂ ਨੇ ਸਾਬਿਰ ਸਾਹਿਬ ਦੀ ਗ਼ਜ਼ਲ ਆਰਸੀ ਲਈ ਭੇਜੀ।

******

ਗ਼ਜ਼ਲ

ਸਦੀਓਂ ਸੇ ਧੁਲ ਕੇ ਬਾਂਸ ਪੇ ਲਟਕੀ ਰਹੀ ਕਮੀਜ਼।

ਗ਼ਮ ਕੀ ਕਹੇ ਹੈ ਦਾਸਤਾਂ ਰੋਤੀ ਹੁਈ ਕਮੀਜ਼।

-----

ਮੁਫ਼ਲਿਸ ਕੇ ਤਨ ਪੇ ਚੀਥੜੇ ਬਨ ਕਰ ਪੜੀ ਰਹੇ,

ਰੋ-ਰੋ ਕੇ ਚੀਖ਼ਤੀ ਰਹੀ ਸੂਲੀ ਚੜ੍ਹੀ ਕਮੀਜ਼।

-----

ਪੱਥਰ ਕਾ ਦਿਲ ਲੀਏ ਹੁਏ ਦੇਖੇ ਹੈ ਚਾਰ ਸੂ,

ਪੈਬੰਦ ਇਸ ਕਦਰ ਲਗੇ ਰੋਨੇ ਲਗੀ ਕਮੀਜ਼।

-----

ਝੂੰਝਲਾ ਦੀਆ ਹੈ ਵਕਤ ਕੀ ਗਰਦਿਸ਼ ਨੇ ਇਸ ਕਦਰ,

ਕੁਛ ਮੂੰਹ ਸੇ ਬੋਲਤੀ ਨਹੀਂ ਜਨਮੋਂ ਜਲੀ ਕਮੀਜ਼।

-----

ਕਪੜੇ ਕੇ ਥਾਨ ਸੇ ਕਟੀ ਕੈਂਚੀ ਕੀ ਕਾਟ ਸੇ,

ਸੂਈ ਕੀ ਨੋਕ ਸੇ ਸਿਲੀ ਤੋ ਫਿਰ ਬਨੀ ਕਮੀਜ਼।

-----

ਸੂਰਜ ਕੀ ਰੋਸ਼ਨੀ ਸੇ ਹੋ ਜੈਸੇ ਨਿਖ਼ਰ ਗਈ,

ਕੁਛ ਇਸ ਤਰਹ ਧੁਲੀ ਹੁਈ ਲਗਨੇ ਲਗੀ ਕਮੀਜ਼।

-----

ਸਾਬਿਰਕੇ ਹਾਥ ਸੇ ਕਹਾਂ ਮਛਲੀ ਨਿਕਲ ਗਈ ?

ਪਾਨੀ ਮੇਂ ਭੀਗ ਕਰ ਭੀ ਕਿਉਂ ਸੂਖੀ ਰਹੀ ਕਮੀਜ਼।


Thursday, October 7, 2010

ਡਾ: ਸੁਖਪਾਲ - ਨਜ਼ਮ

ਜ਼ਾਤੀ ਮਾਮਲਾ

ਨਜ਼ਮ

ਖੱਬੇ ਘਰੋਂ

ਰੋਜ਼ ਵਾਂਗ ਆ ਰਹੀ ਹੈ

ਔਰਤ ਦੀਆਂ ਚੀਕਾਂ ਦੀ ਆਵਾਜ਼

ਸੱਜੇ ਘਰ ਦਾ ਬਜ਼ੁਰਗ

ਇਲਾਜ ਖੁਣੋਂ

ਹੂਕ ਰਿਹਾ ਹੈ

ਸਾਮ੍ਹਣੇ ਘਰ ਵਾਲ਼ਿਆਂ

ਬੱਚੇ ਨੂੰ ਮਾਰ ਮਾਰ ਕੇ

ਨੀਲ ਪਾ ਦਿੱਤੇ ਹਨ

..........

ਅਸੀਂ ਕਿਸੇ ਦੇ ਘਰ ਨਹੀਂ ਜਾਂਦੇ

ਇਸ ਸਭ

ਉਨ੍ਹਾਂ ਦਾ ਜ਼ਾਤੀ ਮਾਮਲਾ ਹੈ

..........

ਏਸੇ ਤਰ੍ਹਾਂ ਹੌਲ਼ੀ ਹੌਲ਼ੀ

ਜ਼ਾਤੀ ਮਾਮਲੇ ਬਣ ਗਏ ਹਨ...

ਅਦਾਲਤਾਂ ਵਿਚ ਰਿਹਾਈ

ਉਡੀਕਦੇ ਨਿਆਂ

ਪਾਰਕ ਵਿਚ ਬਜ਼ੁਰਗ ਤੇ ਹੋਇਆ

ਨਸਲੀ ਹਮਲਾ

ਬਲਾਤਕਾਰ ਦੀ ਸ਼ਿਕਾਰ ਕੁੜੀ ਨੂੰ

ਪੁੱਛੇ ਜਾਂਦੇ ਸੁਆਲ

ਸੈਂਤੀ ਜੁਰਮਾਂ ਦੇ ਦੋਸ਼ੀ ਦੀ ਲੋਕ ਸਭਾ

ਚੋਣ ਵਿਚ ਜਿੱਤ

ਪਿੰਡ ਦੇ ਖੂਹ ਤੋਂ ਕੁਝ ਲੋਕਾਂ ਨੂੰ

ਪਾਣੀ ਭਰਨ ਦੀ ਮਨਾਹੀ

ਵਿਆਨਾ ਸ਼ਹਿਰ ਦੇ ਘਰ ਚੋਂ ਮਿਲ਼ਿਆ

ਪੰਜ ਸਾਲ ਪਹਿਲਾਂ ਗੁਜ਼ਰ ਗਏ

ਇਕੱਲੇ ਬਜ਼ੁਰਗ ਦਾ ਸਰੀਰ

ਟਰਾਂਟੋ ਸ਼ਹਿਰ ਦੇ ਫਲੈਟ ਚੋਂ ਮਿਲ਼ਿਆ

ਤਿਆਗਣ ਮਗਰੋਂ ਭੁੱਖ ਨਾਲ਼ ਮਰ ਗਏ

ਤਿੰਨ ਮਹੀਨੇ ਦੇ ਬਾਲ ਦਾ ਸਰੀਰ

ਵੀ ਸਾਡਾ ਮਾਮਲਾ ਨਹੀਂ

...........

ਤਿੱਬਤ ਉੱਤੇ

ਹੋਇਆ ਕਬਜ਼ਾ

ਇਰਾਕ ਉੱਤੇ

ਹੋਇਆ ਹਮਲਾ

ਅਫ਼ਗਾਨੀ ਔਰਤਾਂ ਦੀ

ਦੁਰਗਤੀ

ਗੋਲ਼ੀਆਂ ਨਾਲ਼ ਮਰਦੇ

ਚੀਨੀ ਵਿਦਿਆਰਥੀ

ਮੂਰਖਾਂ ਦੇ ਹੱਥਾਂ ਚ ਫੜਿਆ

ਐਟਮ ਬੰਬ

...........

ਅਸੀਂ ਅਜਿਹੇ ਕਿਸੇ ਵੀ ਮਾਮਲੇ ਵਿਚ

ਦਖ਼ਲ ਨਹੀਂ ਦਿੰਦੇ

======

ਫੈਸਲਾ

ਨਜ਼ਮ

ਤਲਵਾਰ ਦੀ ਨੋਕ ਤਿੱਖੀ ਹੈ

ਧਾਰ ਚੀਰਵੀਂ ਹੈ

ਮੁੱਠ ਉੱਤੇ ਸੋਨਾ ਹੈ

...........

ਤਲਵਾਰ ਕਿਸੇ ਦੇ ਪਿੰਡੇ ਵਿਚ

ਲਹਿੰਦੀ ਹੈ

...........

ਮੁਕੱਦਮਾ ਚਲਦਾ ਹੈ

ਫੈਸਲਾ ਹੁੰਦਾ ਹੈ

..............

ਤਲਵਾਰ ਦੀ

ਧਾਰ ਖੁੰਢੀ ਕਰ ਦਿੱਤੀ ਜਾਵੇ

ਨੋਕ ਮੋੜ ਦਿੱਤੀ ਜਾਵੇ

ਮੁੱਠਾ ਤੋੜ ਦਿੱਤਾ ਜਾਵੇ

ਸੋਨਾ ਲੁੱਟ ਲਿਆ ਜਾਵੇ

ਜੋ ਬਚ ਜਾਵੇ ਉਸਨੂੰ

ਮਿਆਨ ਵਿਚ ਬੰਦ

ਕਰ ਦਿੱਤਾ ਜਾਵੇ

......

ਜਿਸ ਹੱਥ ਨੇ ਤਲਵਾਰ ਵਾਹੀ ਹੈ

ਉਸਨੂੰ ਬਰੀ ਕਰ ਦਿੱਤਾ ਜਾਵੇ


Wednesday, October 6, 2010

ਸੁਰਿੰਦਰ ਸੋਹਲ - ਨਜ਼ਮ

ਸ਼ਿਲਾਲੇਖ ਦੀ ਮੌਤ

ਨਜ਼ਮ

ਮੈਂ ਛਤੜੀ ਚ ਪੈਦਾ ਹੋਇਆ ਸਿਧਾਰਥ ਹਾਂ

ਨਿੱਕੇ ਜਿਹੇ ਨੇ ਸੁਣਿਆ

ਜਦੋਂ ਚੁੱਲ੍ਹੇ ਦੀ ਠੰਢੀ ਸਵਾਹ ਨੇ ਕਿਹਾ:

ਭੁੱਖ

ਬਚਪਨ ਚ ਹੀ ਪੜ੍ਹਿਆ

ਚੋਂਦੀ ਛੱਤ ਨੇ ਕੱਚੀਆਂ ਕੰਧਾਂ ਤੇ

ਘਰਾਲ਼ਾਂ ਦੀ ਲਿੱਪੀ ਚ ਲਿਖਿਆ,

ਦੁੱਖ

ਵੱਡਾ ਹੋ ਕੇ ਕੋਹੜੀ ਨਹੀਂ ਵੇਖੇ

ਗ਼ੁਰਬਤ ਦਾ ਕੋਹੜ ਹੰਢਾਇਆ ਹੈ

..............

ਪਤਨੀ ਸੁੱਤੀ ਨਹੀਂ

ਵਿਲਕਦੀ ਛੱਡ ਆਇਆ ਹਾਂ

ਯਿਸ਼ੂ ਨੂੰ

ਖਿਡੌਣਿਆਂ ਦੇ ਲਾਲਚ ਵਰਾਇਆ ਹੈ

ਕਪਲਵਸਤੂ ਸੱਤ ਸਮੁੰਦਰ ਪਿਛਾਂਹ ਰਹਿ ਗਿਆ ਹੈ

..............

ਬੋਧ ਰੁੱਖ ਦੀ ਛਾਂ

ਬੇਬਸੀ ਦਾ ਰੁੱਖ ਮਿਲ਼ਿਆ ਹੈ

ਜੋ ਕਦੇ ਸਤਾਈ ਮੰਜ਼ਿਲਾ ਬਿਲਡਿੰਗ ਨੂੰ

ਲੱਗੀ ਪੈੜ ਤੇ ਉਗਦਾ ਹੈ

ਕਦੇ ਮੌਤ ਦੇ ਹਨੇਰੇ ਚ ਘਿਰੇ

ਗੈਸ ਸਟੇਸ਼ਨ ਤੇ

ਕਦੇ ਕਾਰ ਹਾਦਸੇ ਦਾ ਸ਼ਿਕਾਰ ਹੋਣ ਜਾ ਰਹੀ

ਪੀਲ਼ੀ ਕਾਰ ਵਿਚ

..............

ਗਿਆਨ-ਵੀਣਾ ਵਜਾਉਣੀ

ਸੁਨਹਿਰੀ ਕੁੜੀ ਹੋਵੇਗੀ

ਕਿਸੇ ਕਲੱਬ

ਮਿੱਤਰ-ਮੁੰਡੇ ਦੇ ਗਲ਼ ਨਾਲ਼ ਚਿੰਬੜੀ

ਹਲਕੇ ਸੰਗੀਤ ਤੇ

ਭਾਰੇ ਪੈਰਾਂ ਨਾਲ਼ ਝੂੰਮਦੀ

ਕਿਸ ਦੀ ਉਡੀਕ

ਕੇਹਾ ਨਿਰਵਾਣ

ਕੇਹੀ ਤਲਾਸ਼

ਝੱਖੜ ਦਰੱਖ਼ਤਾਂ ਤੋਂ ਤਿਲ੍ਹਕ ਕੇ

ਮੇਰੇ ਮਸਤਕ ਚ ਸਮਾਅ ਗਿਆ ਹੈ

ਮਾਰੂਥਲ ਦਾ ਭਟਕਦਾ ਵਰੋਲ਼ਾ

ਮੇਰੇ ਪੈਰਾਂ ਦੀਆਂ-

ਲੀਕਾਂ ਬਣ ਗਿਆ ਹੈ

ਕਥਾ ਪਲਟ ਗਈ ਹੈ

ਸਿਧਾਰਥ ਬੁੱਧ ਬਣ ਕੇ

ਸ਼ਿਲਾਲੇਖ ਬਣਦਾ ਬਣਦਾ

ਅਸਿਧਾਰਥ ਬਣ ਕੇ

ਤੇਜ਼ ਰਫ਼ਤਾਰ ਦੀ ਧੂੜ ਹੇਠ ਦੱਬੀ

ਸਭਿਅਤਾ ਬਣ ਗਿਆ ਹੈ

=====

ਪੀਲ਼ਾ ਚੰਨ

ਨਜ਼ਮ

ਰੌਸ਼ਨ ਸ਼ਹਿਰ ਦੇ ਸਿਰ ਉੱਤੋਂ ਦੀ

ਚੰਨ ਦਿਸਦਾ ਹੈ ਪੀਲ਼ਾ ਪੀਲ਼ਾ

ਇਸਦਾ ਦੁਧੀਆ ਚਾਨਣ ਜੀਕੂੰ

ਮਹਾਂਨਗਰ ਦੀਆਂ ਰੌਸ਼ਨੀਆਂ ਨੇ

ਚੂਸ ਲਿਆ

...........

ਰੌਸ਼ਨ ਸ਼ਹਿਰ ਦੇ ਸਿਰ ਉੱਤੋਂ ਦੀ

ਦਿਸਦੇ ਚੰਨ ਵਿਚ

ਮੇਰਾ ਚਿਹਰਾ ਝਲਕ ਰਿਹਾ ਹੈ....

====

ਔੜ

ਨਜ਼ਮ

ਬਾਰਿਸ਼ ਹੈ

ਅਹਿਸਾਸ ਹੀਣੀ

ਭੀੜ ਹੈ

ਦਿਨ ਵੀ ਨੀਲਾ ਜਿਹਾ

ਪਰ ਦਿਲਾਂ ਦੇ ਨਾਲ਼

ਦਿਲ ਟਕਰਾਉਂਦੇ ਨਹੀਂ

ਬਸ ਛਤਰੀਆਂ ਨਾਲ਼

ਛਤਰੀਆਂ ਖਹਿੰਦੀਆਂ ਨੇ....

=====

ਆ ਨੀਂ ਪੌਣੇ

ਨਜ਼ਮ

ਕਣੀਆਂ ਦੀ ਇਕ ਮਗਰੀ ਭਰ ਕੇ

ਸੁੱਕਦੇ ਰੁੱਖਾਂ ਨੂੰ ਜਾ ਪਾਈਏ!

ਆ ਨੀਂ ਪੌਣੇ! ਆਪਾਂ ਵੀ ਕੋਈ

ਬੱਦਲ਼ਾਂ ਵਰਗਾ ਫ਼ਰਜ਼ ਨਿਭਾਈਏ!

............

ਜਿਸਦੇ ਸਾਹੀਂ ਰਲ਼ੀ ਕੁੜੱਤਣ

ਆ ਉਸਦੇ ਸਾਹਾਂ ਨੂੰ ਪੁਣੀਏਂ!

ਤਰੇਲ਼ ਬੇਦਾਵਾ ਕਿਉਂ ਲਿਖਦੀ ਹੈ

ਕਲੀਆਂ ਕੋਲ਼ੋਂ ਵਿਥਿਆ ਸੁਣੀਏਂ!

ਫ਼ਿੱਕੇ ਪੈਂਦੇ ਇਸ ਰਿਸ਼ਤੇ ਨੂੰ

ਫੇਰ ਮਜੀਠੀ ਰੰਗ ਚੜ੍ਹਾਈਏ

ਆ ਨੀਂ ਪੌਣੇ!

.............

ਬਿਨ ਸਿਰਨਾਵੇਂ ਜੋ ਫਿਰਦੇ ਨੇ

ਉਨ੍ਹਾਂ ਖ਼ਤਾਂ ਦਾ ਦੁਖੜਾ ਪੜ੍ਹੀਏ!

ਕਿੱਥੋਂ ਆਏ ਕਿਸ ਥਾਂ ਜਾਣਾ

ਏਨੀ ਕੁ ਪੜਤਾਲ਼ ਤਾਂ ਕਰੀਏ!

ਥਹੁ ਮਿਲ਼ ਜਾਵੇ ਜੇ ਥਾਂ ਸਿਰ ਦਾ

ਤਾਂ ਏਨ੍ਹਾਂ ਨੂੰ ਰਸਤੇ ਪਾਈਏ!

ਆ ਨੀ ਪੌਣੇ!

.............

ਉੱਜੜੇ ਹੋਏ ਦਰਾਂ ਦੇ ਉੱਤੇ

ਪੱਤ ਸ਼ਰੀਂਹ ਦੇ ਟੰਗਣ ਚੱਲੀਏ!

ਠਰੀ ਚਾਨਣੀ ਦੀ ਲੈ ਭਾਜੀ

ਧੁਖਦੇ ਵਿਹੜੀਂ ਵੰਡਣ ਚੱਲੀਏ!

ਮਾਰੂਥਲ ਦੇ ਪਿਆਸੇ ਹੋਠੀਂ

ਭਰ ਸਾਗਰ ਦਾ ਪਿਆਲਾ ਲਾਈਏ!

ਆ ਨੀਂ ਪੌਣੇ!!

ਆ ਨੀਂ ਪੌਣੇ!!