ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, July 16, 2009

ਅਨਾਮ - ਨਜ਼ਮ

ਸਾਹਿਤਕ ਨਾਮ: ਅਨਾਮ

ਅਜੋਕਾ ਨਿਵਾਸ: ਮੌਂਟਰੀਆਲ, ਕੈਨੇਡਾ

ਕਿਤਾਬ: ਹਾਲੇ ਨਹੀਂ ਛਪੀ।

ਦੋਸਤੋ!ਅੱਜ ਅਨਾਮ ਜੀ ਨੇ ਆਰਸੀ ਚ ਪਹਿਲੀ ਵਾਰ ਆਪਣੀਆਂ ਨਜ਼ਮਾਂ ਭੇਜ ਕੇ ਸ਼ਿਰਕਤ ਕੀਤੀ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਵਾਉਂਣ ਤੇ ਖ਼ੁਸ਼ਆਮਦੀਦ ਆਖਦੀ ਹਾਂ। ਉਹਨਾਂ ਵੱਲੋਂ ਭੇਜੀਆਂ ਦੋ ਬੇਹੱਦ ਖ਼ੂਬਸੂਰਤ ਨਜ਼ਮ ਨੂੰ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਅਨਾਮ ਜੀ ਦੇ ਬਲੌਗ ਦਾ ਲਿੰਕ ਵੀ ਆਰਸੀ ਸਾਹਿਤਕ ਲਿੰਕਾਂ ਦੇ ਤਹਿਤ ਸ਼ਾਮਲ ਕੀਤਾ ਹੋਇਆ ਹੈ, ਓਥੇ ਵੀ ਫੇਰੀ ਜ਼ਰੂਰ ਪਾਇਆ ਕਰੋ। ਬਹੁਤ-ਬਹੁਤ ਸ਼ੁਕਰੀਆ।

**************

ਮੈਂ

ਨਜ਼ਮ

ਮੇਰਾ ਆਪਣਾ ਵਜੂਦ

ਭਾਰਾ ਭਾਰਾ ਲੱਗੇ ਮੈਨੂੰ

ਪਰ ਇਹ ਭਾਰ ਕਾਹਦਾ...

....................

ਕਾਮ ਦੇ ਚੋਲ਼ੇ ਦਾ?

ਕਰੋਧ ਦੇ ਤਾਜ ਦਾ ?

ਲੋਭ ਦੇ ਗਹਿਣਿਆਂ ਦਾ?

ਜਾਂ......

ਮੋਹ ਦੀਆਂ ਪੰਡਾਂ ਦਾ ?

ਹਰ ਪਲ਼ ਸੋਚਾਂ.....

ਹੌਲ਼ਾ ਕਿਵੇਂ ਥੀਵਾਂ

ਗਹਿਣੇ ਲਾਹੇ

ਚੋਲ਼ਾ ਉਤਾਰਿਆ

ਤਾਜ ਤੇ ਪੰਡਾਂ....

ਵਗਾਹ ਮਾਰੀਆਂ

ਪਰ……..

......................

ਪੱਟਿਆ ਪਹਾੜ

ਤੇ ਵਿੱਚੋਂ ਨਿਕਲੀ...

" ਮੈਂ "

ਪਰ ਮੈਂ

" ਮੈਂ " ਤੱਕ

ਪਹੁੰਚਾਂ ਕਿਵੇਂ ?

ਆਲ਼ੇ ਦੁਆਲੇ "ਮੈਂ" ਦੇ

ਈਰਖਾ,ਦਵੈਤ

ਨਫ਼ਰਤ

ਵਾਦ-ਵਿਵਾਦ

ਮਜ਼ਹਬੀ ਤਅੱਸੁਬ

ਧੋਖੇ ਫ਼ਰੇਬ ਦੀ ਵਾੜ

ਪੱਟ ਪੱਟ ਸੁੱਟਾਂ

ਪੱਟ ਨਾ ਹੋਵੇ

ਤੇ " ਮੈਂ "

ਖਿੜ ਖਿੜ ਹੱਸੇ ਅੰਦਰੋਂ

...................

" ਤੂੰ ਸੁੱਟੇਂਗਾ ‘’ਮੈਂਨੂੰ’’ ?

.................

"ਹਾਂ ਵਜੂਦ ਚਾਹੇ ਹਲਕਾ ਹੋਣਾ

ਸੁੱਟਣਾ ਹੀ ਪਏਗਾ ਤੈਨੂੰ"

..............

"ਸੋਚ ਲੈ ਸਮਝ ਲੈ" ਮੈਂ ਬੋਲੀ

ਸੁੱਟੇਂਗਾ ਮੈਂਨੂੰ ਤਾਂ.....

ਵਜੂਦ...

ਇੱਜ਼ਤ ਮਾਣ...

ਮਾਨ ਗੁਮਾਨ

ਘੁਮੰਡ

ਦਿਖਾਵਾ

ਕੱਖ ਨਹੀਂ ਬਚੇਗਾ ਤੇਰਾ

…………

ਏਨਾ ਸੁਣ ਕੇ ਮੈਂ ਘਬਰਾਇਆ

ਤਨ ਤੇ ਕਾਮ ਦਾ ਚੋਲ਼ਾ ਪਾਇਆ

ਸਿਰ ਤੇ ਕਰੋਧ ਦਾ ਤਾਜ ਟਿਕਾਇਆ

ਗਹਿਣੇ ਪਹਿਨ ਲੋਭ ਦੇ ਝਟਪਟ

ਮੋਹ ਦੀ ਪੰਡ ਨੂੰ ਸੀਸ ਟਿਕਾਇਆ

………………

ਤੇ ਹੁਣ ਏਨੇ ਭਾਰ ਦੇ

ਬਾਵਜੂਦ

"ਮੈਂਨੂੰ"

ਮੇਰਾ ਵਜੂਦ.....

ਹਲਕਾ ਹਲਕਾ ਲੱਗਦਾ ਹੈ!

===========

ਸੁਪਨਾ

ਨਜ਼ਮ

ਸੁਪਨਿਆਂ ਦਾ ਹੜ੍ਹ ਮੇਰੇ ਮਨ ਦੀ

ਰੌਣਕ ਖਾਲੀ ਕਰ ਜਾਂਦਾ ਹੈ।

ਸਾਹ ਆਵੇ ਤਾਂ ਜਨਮੇ ਸੁਪਨਾ

ਸਾਹ ਜਾਂਦੇ ਹੀ ਮਰ ਜਾਂਦਾ ਹੈ।

----

ਚਾਅ ਅਧੂਰੇ ਸੱਧਰ ਅਧੂਰੀ

ਦਿਲ ਦੇ ਵਿੱਚ ਦਬਾ ਕੇ ਤੁਰ ਗਈ,

ਪੂਰੀ ਹੋਈ ਮਾਂ ਦਾ ਸੁਪਨਾ

ਮੈਨੂੰ ਬੇਵੱਸ ਰ ਜਾਂਦਾ ਹੈ।

----

ਬਾਬਲ ਵਿਹੜੇ ਚਾਅ ਕੁਆਰੇ

ਸਾਂਭੀ ਬੈਠੀ ਧੀ ਦਾ ਸੁਪਨਾ,

ਬਾਬਲ ਮਨ ਦਾ ਹਰ ਇੱਕ ਕੋਨਾ

ਦਰਦਾਂ ਦੇ ਸੰਗ ਭਰ ਜਾਂਦਾ ਹੈ।

----

ਪੁੱਤ ਪਰਦੇਸੀਂ ਹੱਥੀਂ ਤੋਰੇ

ਆਪਣੀ ਕੁੱਖ ਨੂੰ ਸੁੰਨਿਆਂ ਕੀਤਾ,

ਖ਼ੌਰੇ ਫਿਰ ਕਦ ਮੇਲਾ ਹੋਣਾ

ਮਾਂ ਦਾ ਜਿਗਰਾ ਡਰ ਜਾਂਦਾ ਹੈ।

----

ਔਸੀਆਂ ਪਾਵੇ ਚੂੜੇ ਵਾਲ਼ੀ

ਹੌਕੇ ਭਰਦੀ ਰੋਜ਼ ਉਡੀਕੇ ,

ਜਿਸ ਦਾ ਕੰਤ ਲਾਮ ਨੂੰ ਜਾਂਦਾ

ਯਾਦ ਸਿਰ੍ਹਾਣੇ ਧਰ ਜਾਂਦਾ ਹੈ।

----

ਕੁਦਰਤ ਦਾ ਸਭ ਖੇਲ ਅਨਾਮ

ਇਹ ਮੌਤ ਹੀ ਸਾਨੂੰ ਖਿੱਚ ਲਿਆਈ,

ਨਹੀਂ ਤਾਂ ਏਥੇ ਬਿਨ ਮਤਲਬ ਦੱਸ

ਕਿਹੜਾ ਕਿਸ ਦੇ ਘਰ ਜਾਂਦਾ ਹੈ?


Wednesday, July 15, 2009

ਡਾ: ਸੁਧਾ ਓਮ ਢੀਂਗਰਾ - ਨਜ਼ਮ

ਸਾਹਿਤਕ ਨਾਮ: ਸੁਧਾ ਓਮ ਢੀਂਗਰਾ

ਜਨਮ: ਜਲੰਧਰ (ਪੰਜਾਬ)

ਮੌਜੂਦਾ ਨਿਵਾਸ: ਨੌਰਥ ਕੈਰੋਲਾਈਨਾ, ਯੂ.ਐੱਸ.ਏ.

ਪ੍ਰਕਾਸ਼ਿਤ ਪੁਸਤਕਾਂ : ਪਰਿਕ੍ਰਮਾ ( ਪੰਜਾਬੀ ਤੋਂ ਹਿੰਦੀ 'ਚ ਅਨੁਵਾਦਿਤ ਨਾਵਲ), ਵਸੂਲੀ (ਪੰਜਾਬੀ ਤੇ ਹਿੰਦੀ 'ਚ ਕਹਾਣੀ-ਸੰਗ੍ਰਹਿ), ਸਫ਼ਰ ਯਾਦੋਂ ਕਾ, ਤਲਾਸ਼ ਪਹਿਚਾਨ ਕੀ( ਕਵਿਤਾ-ਸੰਗ੍ਰਹਿ , ਹਿੰਦੀ), ਪੈਰਾਂ ਦੇ ਪੜਾਅ (ਕਵਿਤਾ ਸੰਗ੍ਰਹਿ, ਪੰਜਾਬੀ), ਮੇਰਾ ਦਾਅਵਾ ਹੈ ( ਅਮਰੀਕਾ ਦੇ ਕਵੀਆਂ ਦੀਆਂ ਕਵਿਤਾਵਾਂ ਦਾ ਸੰਪਾਦਨ), ਮਾਂ ਨੇ ਕਹਾ ਥਾ (ਕਵਿਤਾਵਾਂ ਦੀ ਸੀ.ਡੀ.), ਇਸ ਤੋਂ ਇਲਾਵਾ ੧੨ ਪ੍ਰਵਾਸੀ ਪੁਸਤਕਾਂ 'ਚ ਕਵਿਤਾਵਾਂ ਤੇ ਕਹਾਣੀਆਂ ਛਪ ਚੁੱਕੀਆਂ ਹਨ।

ਇਨਾਮ-ਸਨਮਾਨ: ਸੁਧਾ ਜੀ ਨੂੰ ਉਹਨਾਂ ਦੀ ਲੇਖਣੀ ਲਈ ਬਹੁਤ ਸਾਰੇ ਇਨਾਮਾਂ-ਸਨਮਾਨਾਂ ਨਾਲ਼ ਸਨਮਾਨਿਆ ਜਾ ਚੁੱਕਾ ਹੈ।

ਦੋਸਤੋ!ਅੱਜ ਸੁਧਾ ਢੀਂਗਰਾ ਜੀ ਨੇ ਆਰਸੀ 'ਚ ਪਹਿਲੀ ਵਾਰ ਸ਼ਿਰਕਤ ਕੀਤੀ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਅਦਬੀ ਮਹਿਫ਼ਲ ਆਪਣੀ ਹਾਜ਼ਰੀ ਲਵਾਉਂਣ ਤੇ ਖ਼ੁਸ਼ਆਮਦੀਦ ਆਖਦੀ ਹਾਂ। ਉਹਨਾਂ ਵੱਲੋਂ ਭੇਜੀ ਇੱਕ ਬੇਹੱਦ ਖ਼ੂਬਸੂਰਤ ਨਜ਼ਮ ਨੂੰ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

**********

ਮਾਂ ਮੈਂ ਖੁਸ਼ ਹਾਂ

ਨਜ਼ਮ

ਪਰਦੇਸੋਂ ਚਿੱਠੀ ਆਈ

ਮਾਂ ਦੀ ਅੱਖ ਭਰ ਆਈ

ਬੇਟੀ ਵਿਆਹੀ,

ਪਰਦੇਸ ਗਈ...

ਵਰ੍ਹੇ ਬੀਤੇ....

ਪਰ ਮੁੜ ਨਾ ਆਈ

............

ਚਿੱਠੀ ਖੋਲ੍ਹੀ,

ਪੜ੍ਹ ਨਾ ਸਕੀ

ਹੰਝੂਆਂ ਨੇ ਝੜੀ ਲਾਈ....

......................

ਲਿਖਿਆ ਸੀ ....

ਮਾਂ! ਮੈਂ ਖੁਸ਼ ਹਾਂ

ਚਿੰਤਾ ਨਾ ਕਰੀਂ

ਘਰ ਲੈ ਲਿਆ ਕਿਸ਼ਤਾਂ 'ਤੇ

ਕਾਰ ਲੈ ਲਈ ਕਿਸ਼ਤਾਂ 'ਤੇ

ਫਰਨੀਚਰ ਲੈ ਲਿਆ ਕਿਸ਼ਤਾਂ 'ਤੇ

ਏਥੇ ਤਾਂ ਸਭ ਕੁਝ

ਖਰੀਦਿਆ ਜਾਂਦਾ ਹੈ

ਕਿਸ਼ਤਾਂ 'ਤੇ

.......................

ਅੱਗੇ ਲਿਖਿਆ ਸੀ--

ਘਰ ਦੇ ਸਭ ਕੰਮ

ਮੈਂ ਕਰਦੀ ਹਾਂ,

ਧੋਬੀ ਏਥੇ ਮੈਂ...

ਖ਼ਾਨਸਾਮਾ ਏਥੇ ਮੈਂ....

ਸਫਾਈਵਾਲ਼ੀ ਏਥੇ ਮੈਂ ...

ਹਲਵਾਈ ਏਥੇ ਮੈਂ ....

ਸਭ ਕੁਝ ਮੈਂ ਈ ਆਂ ਮਾਂ.....

ਨਾ ਰੋਕ, ਨਾ ਟੋਕ

ਸਵੇਰ ਤੋਂ ਸ਼ਾਮ ਤਕ ਬਿਜ਼ੀ,

ਲਾਈਫ਼ ਹੈ ਏਥੇ ਬਹੁਤ ਈਜ਼ੀ.

.....................

ਹੋਰ ਲਿਖਿਆ ਸੀ---

ਨਾ ਖੱਪ, ਨਾ ਰੋਲ਼ਾ

ਨਾ ਸ਼ੋਰ, ਨਾ ਸ਼ਰਾਬਾ

ਹਵਾ ਤਕ ਨਾ ਕੁਸਕੇ,

ਪਰਿੰਦਿਆਂ ਦੀ ਆਵਾਜ਼

ਤੱਕ ਵੀ ਨਾ ਆਵੇ

ਸਾਫ਼ ਸੁਥਰਾ ਹੈ ਇਹ ਦੇਸ

ਮੈਨੂੰ ਭਾਵੇ ਇਸਦਾ ਵੇਸ,

ਲੰਬਾ ਪਾਓ ਜਾਂ ਛੋਟਾ ਪਹਿਨੋ

ਕੁਝ ਵੀ ਪਹਿਨੋ ਜਾਂ ਨਾ ਪਹਿਨੋ

ਕੋਈ ਪਰਵਾਹ ਨਹੀਂ ਕਰਦਾ.....

....................

ਮਾਂ ਤੂੰ ਕਹਿੰਦੀ ਹੁੰਦੀ ਸੀ...

ਕਿ....

ਚਾਦਰ ਵੇਖ ਕੇ ਪੈਰ ਪਸਾਰੋ

ਪਰ ਏਥੋਂ ਦਾ ਰਿਵਾਜ਼ ਨਿਰਾਲਾ

'ਚਾਦਰ ਦੇ ਬਾਹਰ' ਪੈਰ ਪਸਾਰੋ

ਇਸੇ 'ਚ ਦੇਸ਼ ਦੀ ਖ਼ੁਸ਼ਹਾਲੀ ਹੈ

...................

ਕ੍ਰੈਡਿਟਕਾਰਡ ' ਤੇ ਖ਼ਰਚਾ ਕਰੋ

ਬੈਂਕਾਂ ਤੋਂ ਕਰਜ਼ਾ ਲਵੋ...

..............

ਮਾਂ ਪੜ੍ਹਦੀ ਗਈ.......

ਪੰਜ ਦਿਨ ਖ਼ੂਬ ਕੰਮ ਕਰੀਦੈ

ਰਾਤ ਨੂੰ ਜਲਦੀ ਆਰਾਮ ਕਰੀਦੈ

ਹਫ਼ਤੇ ਦੇ ਅੰਤ '

ਪਾਰਟੀਆਂ ਕਰੀਦੀਆਂ....

ਗੱਲ- ਗੱਲ ਤੇ ਬਸ

ਦੇਸ਼ ਨੂੰ ਯਾਦ ਕਰੀਦੈ.

...................

ਇਹ ਪੜ੍ਹ ਮਾਂ ਉਦਾਸ ਹੋ ਗਈ--

ਦੇਸ਼ ਬਹੁਤ ਯਾਦ ਆਉਂਦਾ ਮਾਂ

ਥੇ ਦੀ ਖੁਸ਼ਹਾਲੀ,

ਸਜਾਵਟ, ਦਿਖਾਵਟ '

ਉਹ ਰਸ ਨਹੀਂ

ਜੋ ਥੁੜਾਂ ਮਾਰੇ ਆਪਣੇ ਦੇਸ਼ 'ਚ ਹੈ

ਏਥੋਂ ਦੀ ਰੰਗੀਨੀ

ਉਹ ਰੰਗ ਨਹੀਂ

ਜੋ ਆਪਣੇ ਦੇਸ਼ 'ਚ ਹੈ

ਏਥੋਂ ਦੀ ਸੁੰਦਰਤਾ, ਤਰੱਕੀ '

ਉਹ ਪਿਆਰ, ਆਪਣਾਪਣ ਨਹੀਂ

ਜੋ ਆਪਣੇ ਗਰੀਬ ਦੇਸ਼ 'ਚ ਹੈ

....................

ਮਾਂ! ਮੈਂ ਖ਼ੁਸ਼ ਹਾਂ

ਤੁਸੀਂ ਚਿੰਤਾ ਨਾ ਕਰਨੀ

ਦੋ ਸਾਲ ਹੋਰ ਨਹੀਂ ਆ ਸਕਾਂਗੀ

ਗਰੀਨ ਕਾਰਡ ਮਿਲਣ '

ਹਾਲੇ ਵਕ਼ਤ ਹੈ....!


ਅਮਰਜੀਤ ਸਿੰਘ ਸੰਧੂ - ਗ਼ਜ਼ਲ

ਗ਼ਜ਼ਲ

ਧੀ ਜੰਮਣ 'ਤੇ ਆਖਣ "ਹਾਏ ਨਾਲ਼ੇ ਖਰਚ ਤੇ ਨਾਲ਼ੇ ਖੇਚਲ਼

ਪੁੱਤ ਜੰਮਣ 'ਤੇ ਕਿਹਾ ਨਾ ਜਾਏ, "ਨਾਲ਼ੇ ਖਰਚ ਤੇ ਨਾਲ਼ੇ ਖੇਚਲ਼

----

ਆਸ਼ਿਕ ਦਾ ਤਾਂ ਘਰ ਬੈਠੇ ਹੀ , ਯਾਰ ਵੇਖ ਕੇ ਹਜ ਹੋ ਜਾਂਦੈ,

ਹਜ ਨੂੰ ਕਿਹੜਾ ਮੱਕੇ ਜਾਏ, ਨਾਲ਼ੇ ਖਰਚ ਤੇ ਨਾਲ਼ੇ ਖੇਚਲ਼।

----

ਮੂਰਖ ਬੰਦਾ ਕਰ ਲੈਂਦਾ , ਸ਼ਾਦੀ ਵੇਲ਼ੇ ਹੀ ਬਰਬਾਦੀ,

ਲੇਕਿਨ ਚਾਤੁਰ ਸ਼ਖ਼ਸ ਬਚਾਏ, ਨਾਲ਼ੇ ਖਰਚ ਤੇ ਨਾਲ਼ੇ ਖੇਚਲ਼

----

ਨੱਕ-ਨਮੂਜ਼ ਤੇ ਰਸਮ-ਰਿਵਾਜ਼ ਨੂੰ ਛੱਡ ਕੇ ਬੰਦਾ ਸੌਖਾ ਰਹਿੰਦੈ,

ਪਰ ਆਪਾਂ ਤਾਂ ਆਪ ਵਧਾਏ, ਨਾਲ਼ੇ ਖਰਚ ਤੇ ਨਾਲ਼ੇ ਖੇਚਲ਼

-----

ਕੋਠਾ , ਵਿਹੜਾ , ਖੇਤ , ਹਵੇਲੀ, ਵੰਡ ਲਏ ਆਪਸ ਵਿਚ ਮੁੰਡਿਆਂ,

ਮਾਪਿਆਂ ਨੂੰ ਕਿਹੜਾ ਅਪਣਾਏ ? ਨਾਲ਼ੇ ਖਰਚ ਤੇ ਨਾਲ਼ੇ ਖੇਚਲ਼।

----

ਮੁੰਡੇ ਲੜ ਕੇ ਅੰਦਰ ਹੋ ਗਏ, ਮਗਰ ਕਚਿਹਰੀ ਜਾਂਦਾ ਜਾਂਦਾ,

ਬਾਪੂ ਬੁੜ - ਬੁੜ ਕਰਦਾ ਜਾਏ, ਨਾਲ਼ੇ ਖਰਚ ਤੇ ਨਾਲ਼ੇ ਖੇਚਲ਼

----

ਅਰਥੀ ਤੱਕ ਉਠਾਉਣ ਸਮੇਂ ਵੀ , ਪਰਦੇਸਾਂ ਤੋਂ ਪੁੱਤ ਨਾ ਪਹੁੰਚੇ,

ਹਮ-ਸਾਇਆਂ ਹੀ ਅੰਤ ਉਠਾਏ, ਨਾਲ਼ੇ ਖਰਚ ਤੇ ਨਾਲ਼ੇ ਖੇਚਲ਼।

----

ਸਾਰੇ ਘਰ ਦਾ ਕੰਮ ਕਰਦੀ , ਮਾਂ-ਪਿਉ-ਮ੍ਹਿੱਟਰ ਕੰਜ-ਕੁਆਰੀ,

ਭਾਬੀ ਫਿਰ ਵੀ ਰੋਜ਼ ਸੁਣਾਏ, ਨਾਲ਼ੇ ਖਰਚ ਤੇ ਨਾਲ਼ੇ ਖੇਚਲ਼।

----

ਸ਼ਾਗਿਰਦਾਂ ਨੂੰ ਘਰ ਸੱਦ ਸੱਦ ਕੇ, ਗ਼ਜ਼ਲਾਂ ਦੀ ਤਕਨੀਕ ਸਿਖਾਉਂਦੈ,

ਕਮਲਾ ' ਸੰਧੂ ' ਨਿੱਤ ਉਠਾਏ, ਨਾਲ਼ੇ ਖਰਚ ਤੇ ਨਾਲ਼ੇ ਖੇਚਲ਼


Tuesday, July 14, 2009

ਕੂੰਜੇ ਪਹਾੜ ਦੀਏ, ਕਦੇ ਪਾ ਵਤਨਾਂ ਵੱਲ ਫੇਰਾ - ਲੋਕ-ਬੋਲੀ


ਕੁਲਦੀਪ ਸਿੰਘ ਬਾਸੀ - ਨਜ਼ਮ

ਅਸਲੀ ਮੰਗਤੇ

ਨਜ਼ਮ

ਝਿਜਕ ਨਹੀਂ

ਲੱਜਾ ਨਹੀਂ

ਸੜਕਾਂ ਤੇ ਫਿਰਦੇ

ਤੰਦਰੁਸਤ ਤਨ ਵਾਲ਼ੇ

ਭਿਖਾਰੀਆਂ ਨੂੰ!

...........

ਹੱਟੇ-ਕੱਟੇ

ਹੱਥ ਅੱਡ

ਅੱਗੇ ਖਲੋਅ

ਮੰਗਦੇ ਨੇ ਲੋਕਾਂ ਕੋਲ਼ੋਂ

ਲੋਕਾਂ ਵਿਚਾਰਿਆਂ ਦੀ

ਹੱਕ ਦੀ

ਮਿਹਨਤ ਦੀ

ਸੱਚੀ ਸੁੱਚੀ ਕਮਾਈ

.............

ਰੱਬ ਤੋਂ ਡਰ

ਸ਼ਰਧਾ ਨਾਲ਼

ਮਿਹਨਤੀ ਲੋਕ

ਹੱਸ ਹੱਸ

ਚਾਈਂ ਚਾਈਂ

ਪਿਆਰ ਨਾਲ਼

ਵੰਡ ਦਿੰਦੇ ਨੇ

ਲੰਮੀ ਬਾਂਹ ਕਰ

ਅੱਟਣ-ਭਰੇ ਹੱਥਾਂ ਨਾਲ਼

ਅਪਣੇ ਤ੍ਰੇਲ ਤੁਪਕੇ

ਅਪਣੀ ਖੱਟੀ

ਸਮਝਦੇ ਨੇ

ਮਾਇਆ ਦਾ ਮੋਹ ਕੇਹਾ!

............

ਭਿਖਾਰੀ

ਦੇਸ਼ ਦੀ ਬਿਮਾਰੀ!

ਨਹੀਂ ਨਹੀਂ, ਨਾ ਕਹੋ

ਇੰਝ ਨਾ ਕਹੋ

ਉਹ ਤਾਂ ਨੇ

ਕਿਸਮਤ ਮਾਰੇ

ਗਰੀਬੀ ਦੇ ਕੁੱਟੇ

ਬੇਘਰੇ!

................

ਸੜਕਾਂ ਵਾਲ਼ੇ ਮੰਗਤੇ

ਮੰਗਦੇ ਨੇ ਹੱਥ ਅੱਡ

ਪਰ ਨਿਵ ਕੇ

ਲੋਕੀਂ ਕਹਿੰਦੇ ਨੇ

ਮਰਿਆ ਸੋ ਮੰਗਣ ਤੁਰਿਆ

ਤਰਸਯੋਗ ਹਨ ਵਿਚਾਰੇ

ਗੁਰੂ ਵੀ ਕਹਿੰਦੇ ਨੇ

ਨੀਚਾ ਹੋਇਆ

ਸੋ ਹੋਇਆ ਊਚਾ

ਭਲੇ ਹੀ ਹੋਣਗੇ

......................

ਪਰ ਅਸਲੀ ਭਿਖਾਰੀ

ਹਨ, ਕਿਤੇ ਹੋਰ

ਸੜਕਾਂ ਤੇ ਨਹੀਂ!

ਪਰਦਿਆਂ ਪਿੱਛੇ

ਜੋ ਦਿਨ ਦਿਹਾੜੇ

ਲੁੱਟਦੇ, ਖੋਂਹਦੇ ਨੇ

ਬੇਫ਼ਿਕਰ, ਬਝਿਜਕ

ਝੂਠ ਬੋਲਦੇ ਨੇ

ਸੱਚ ਵਾਂਗੂੰ!

...................

ਧਨ ਧੂਹ ਲੈਂਦੇ ਨੇ

ਭਰੋਸਾ ਦਵਾ

ਗਰੀਬਾਂ ਹੱਥੋਂ

ਸ਼ਰੀਫਾਂ ਕੋਲ਼ੋਂ

ਪਰ ਮੋੜਦੇ ਨਹੀਂ

ਸ਼ਰਾਫਤ ਦਾ ਮੁੱਲ!

..............

ਉਹ ਵਾਅਦੇ ਤੋੜ

ਕੰਮ ਅਧੂਰੇ ਛੱਡ

ਹੋ ਜਾਂਦੇ ਨੇ

ਫਰਾਰ

ਘਰਾਂ ਦੀ ਮੁਰੰਮਤ

ਸੜਕਾਂ ਦੇ ਕੰਮ

ਜਨਤਾ ਨਾਲ਼ ਕੀਤੇ ਪ੍ਰਣ

ਹੋਰ ਕਿੰਨਾ ਕੁੱਝ

ਵਿੱਚੇ ਛੱਡ ਭੱਜਣ ਵਾਲ਼ੇ

ਪੈਸਾ ਹਸਕੇ ਫੜ

ਅਲ਼ੋਪ ਹੋਣ ਵਾਲ਼ੇ

ਕੰਮ ਰੋ ਕੇ ਕਰਨ ਵਾਲ਼ੇ

ਜਾਂ

ਨਾ ਕਰਨ ਵਾਲ਼ੇ

................

ਥਾਲ਼ੀ ਚ ਖਾ ਕੇ

ਛੇਦ ਕਰਨ ਵਾਲ਼ੇ

ਊਚੇ ਜਿਨ੍ਹਾਂ ਦੇ ਨਾਂ

ਪਰ ਦਰਸ਼ਨ ਛੋਟੇ

ਓਹੀ ਨੇ ਅਸਲੀ

ਊਚੇ ਪਰ ਨੀਚੇ

ਧੋਖੇਬਾਜ਼!

ਮੰਗਤੇ!


Monday, July 13, 2009

Edited

To be posted soon

ਸੁਖਦਰਸ਼ਨ ਧਾਲੀਵਾਲ - ਨਜ਼ਮ

ਮਹਿਕੇ ਵਾਦੀ ਵਿਚ ਹਵਾ

ਨਜ਼ਮ

ਕਿਧਰੇ ਰੂਪ ਖਿੜਿਆ ਜਾਪਦਾ

ਕਿ ਮਹਿਕੇ ਵਾਦੀ ਵਿਚ ਹਵਾ

ਜਾਂ ਸੋਹਣਾ ਫੁੱਲ ਗੁਲਾਬ ਦਾ

ਪੱਥਰ ਵਿਚੋਂ ਉਗ ਪਿਆ

----

ਜਾਂ ਜੋਬਨ ਕਿਧਰੇ ਮਹਿਕਦਾ

ਮਸਤ ਹਵਾ ਨੇ ਚੁੰਮ ਲਿਆ

ਜਾਂ ਤ੍ਰੇਲ ਫੁੱਲਾਂ ਨੂੰ ਚੁੰਮ ਕੇ

ਘੁਲ ਗਈ ਵਿਚ ਫ਼ਜ਼ਾ

----

ਜਾਂ ਸੁਹਾਗਣ ਕੋਈ ਸਾਂਵਲੀ

ਬੈਠੀ ਫੁੱਲਾਂ ਦੀ ਸੇਜ ਵਿਛਾ

ਜਾਂ ਸ੍ਵਰ-ਮੰਡਲ ਤੇ ਕੋਈ

ਰਾਗ ਮਹਿਕਾਂ ਦੇ ਛੇੜ ਰਿਹਾ

----

ਜਾਂ ਬਿਰਹਣ ਕੋਈ ਵਿਰਾਗੜੀ

ਬੇਠੀ ਬਿਰਹੋਂ ਦੀ ਧੂਪ ਧੁਖ਼ਾ

ਜਾਂ ਰੁੱਤ ਇਸ਼ਕ ਦੀ ਆ ਗਈ

ਮਹਿਕਾਂ ਦੇ ਵਸਤਰ ਪਾ

----

ਜਾਂ ਫੁੱਲ ਕੰਵਲ ਦਾ ਮੱਤੜਾ

ਮੱਤੀ ਹਵਾ ਸੰਗ ਖੇਡ ਰਿਹਾ

ਜਾਂ ਤ੍ਰਿੰਝਣੀ ਸਖੀਆਂ ਬੈਠੀਆਂ

ਚੰਨਣ ਦੇ ਚਰਖੇ ਡਾਹ

----

ਜਾਂ ਮਹਿਕਾਂ ਕੋਈ ਰਿੜਕਦਾ

ਚਾਟੀ ਵਿਚ ਮਧਾਣੀ ਪਾ

ਜਾਂ ਫੁੱਲ ਸਰੋਂ ਦੇ ਚੁੰਮ ਕੇ

ਝੁੰਮਰ ਪਾਏ ਅੱਜ ਹਵਾ

----

ਜਾਂ ਦੁਲਹਣ ਕੋਈ ਮਹਿਕਦੀ

ਹੱਥੀਂ ਸ਼ਗਨਾਂ ਦੀ ਮਹਿੰਦੀ ਲਾ

ਜਾਂ ਰੂਪ ਕੁਆਰੀ ਨਾਰ ਦਾ

ਕਲੀਆਂ ਵਾਂਗੂ ਮਹਿਕ ਰਿਹਾ

----

ਜਾਂ ਪ੍ਰੇਮਕਾ ਕੋਈ ਮਹਿਕਦੀ

ਆਪਣੇ ਪ੍ਰੇਮੀ ਨੂੰ ਗਲ ਲਾ

ਜਾਂ ਹਸਦੀ ਕਿਸੇ ਮੁਟਿਆਰ ਦਾ

ਸੰਦਲੀ ਹਾਸਾ ਡੁਲ੍ਹ ਗਿਆ

----

ਜਾਂ ਸਾਉਣ ਮਹੀਨਾ ਮਹਿਕਦਾ

ਇਸ਼ਕ ਦਾ ਮੀਂਹ ਬਰਸਾ

ਜਾਂ ਚੁੰਮਣ ਪ੍ਰੇਮ-ਅਗਨ ਦਾ

ਬੁੱਲ੍ਹਾਂ ਉੱਤੇ ਸੁਲਗ ਰਿਹਾ

----

ਜਾਂ ਸੁਣ ਕੇ ਬੋਲ ਫ਼ਕੀਰ ਦੇ

ਜੋਗਣ ਹੋ ਗਈ ਅੱਜ ਹਵਾ


Sunday, July 12, 2009

ਮਰਹੂਮ ਇਕਬਾਲ ਅਰਪਨ - ਗ਼ਜ਼ਲ

ਸਾਹਿਤਕ ਨਾਮ : ਇਕਬਾਲ ਅਰਪਨ

ਜਨਮ: 15 ਜੂਨ, 1938 15 ਜੂਨ, 2006

ਨਿਵਾਸ: ਅਰਪਨ ਸਾਹਿਬ ਜਗਰਾਓਂ, ਪੰਜਾਬ ਤੋ ਆ ਕੇ ਅਫ਼ਰੀਕਾ, ਇੰਗਲੈਂਡ ਤੇ ਅਮਰੀਕਾ ਤੋਂ ਬਾਅਦ ਕੈਲਗਰੀ, ਕੈਨੇਡਾ ਵਸ ਗਏ ਸਨ।

ਕਿਤਾਬਾਂ: ਕਾਵਿ-ਸੰਗ੍ਰਹਿ ਸੁਨੱਖਾ ਦਰਦ (1977), ਕਬਰ ਦਾ ਫੁੱਲ ( 1980), ਕਹਾਣੀ-ਸੰਗ੍ਰਹਿ: ਗੁਆਚੇ ਰਾਹ ( 1980), ਮੌਤ ਦਾ ਸੁਪਨਾ ( 1983), ਆਫ਼ਰੇ ਹੋਏ ਲੋਕ ( 1984), ਚਾਨਣ ਦੇ ਵਣਜਾਰੇ (2006) ਅਤੇ ਲਾਲਾਂ ਦੀ ਜੋੜੀ ( ਚਾਰੇ ਕਹਾਣੀ-ਸੰਗ੍ਰਹਿ - 2006) ਨਾਵਲ ਪਰਾਈ ਧਰਤੀ ( 1980), ਅਤੇ ਪੁਸਤਕ ਚਰਚਾ (ਪੁਸਤਕ ਰਿਵੀਊ 2001) ਛਪ ਚੁੱਕੇ ਹਨ

ਇਸ ਤੋਂ ਇਲਾਵਾ ਅਰਪਨ ਸਾਹਿਬ ਦੇ ਵੱਡੇ ਭਾਈ ਸਾਹਿਬ ਕੇਸਰ ਸਿੰਘ ਨੀਰ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਇੱਕ ਕਾਵਿ-ਸੰਗ੍ਰਹਿ ਅਤੇ ਲੇਖਾਂ ਦੀ ਇੱਕ ਕਿਤਾਬ ਛਪਣ ਹਿੱਤ ਤਿਆਰ ਪਈ ਹੈ। ਉਹ ਸਾਮੋਆ ( ਸਾਊਥ ਪੈਸੇਫਿਕ) ਬਾਰੇ ਇਕ ਨਾਵਲ ਵੀ ਲਿਖ ਰਹੇ ਸਨ।

----

ਦੋਸਤੋ! ਕੈਲਗਰੀ ਵਿਖੇ, 15 ਜੂਨ, 2006 ਨੂੰ ਮੈਨੂੰ ਲੇਖਕ ਦੋਸਤ ਪਾਲੀ ਜੀ ਦਾ ਫੋਨ ਆਇਆ, ਕਿ ਤਮੰਨਾ ਜੀ ਇੱਕ ਬੁਰੀ ਖ਼ਬਰ ਹੈ। ਮੈਂ ਘਾਬਰ ਕੇ ਪੁੱਛਿਆ: ਕੀ ਹੋਇਆ। ਤਾਂ ਉਹਨਾਂ ਦੱਸਿਆ ਕਿ ਅਰਪਨ ਸਾਹਿਬ ਨੂੰ ਇੱਕ ਜਾਨ-ਲੇਵਾ ਦਿਲ ਦਾ ਦੌਰਾ ਪਿਆ ਤੇ ਉਹ ਸਾਡੇ ਕੋਲ਼ੋਂ ਵਿਛੜ ਗਏ ਨੇ। ਮੈਨੂੰ ਯਕੀਨ ਨਹੀਂ ਸੀ ਆ ਰਿਹਾ.....ਕਿਉਂਕਿ ਦੋ ਕੁ ਹਫ਼ਤੇ ਪਹਿਲਾਂ ਹੀ ਮੈਨੂੰ ਰੇਡਿਓ ਤੇ ਉਹਨਾਂ ਦਾ ਫੋਨ ਆਇਆ ਤੇ ਆਖਣ ਲੱਗੇ: ਤਮੰਨਾ ਬੇਟਾ, ਮੈਂ ਤੇਰਾ ਪ੍ਰੋਗਰਾਮ ਜ਼ਰੂਰ ਸੁਣਦਾ ਹਾਂ..ਜਦੋਂ ਵੀ ਵਕ਼ਤ ਲੱਗੇ। ਕਦੇ ਘਰ ਆਵੀਂ....ਬਹਿ ਕੇ ਗੱਲਾਂ ਕਰਾਂਗੇ। ਫੇਰ ਹੱਸ ਕੇ ਆਖਣ ਲੱਗੇ: ਤੈਨੂੰ ਮਿਲ਼ਣ ਤੋਂ ਮੈਨੂੰ ਡਰ ਵੀ ਲੱਗਦੈ ਕਿਉਂਕਿ ਤੂੰ ਸ਼ਾਇਰਾ ਹੈਂ ਤੇ ਸ਼ਾਇਰੀ ਤੇ ਤੇਰੀ ਪਕੜ ਵੀ ਕਮਾਲ ਦੀ ਹੈ, ਤੇਰੀ ਆਵਾਜ਼ ਨੇ ਸਾਰੀ ਕੈਲਗਰੀ ਤੇ ਜਾਦੂ ਕੀਤਾ ਹੋਇਆ ਹੈ...ਸੱਚ ਜਾਣੀਂ....ਇਹ ਆਵਾਜ਼ ਬੜੀ ਵੱਖਰੀ ਜਿਹੀ ਹੈ ਤੇ ਰੂਹ ਨੂੰ ਬੜਾ ਸਕੂਨ ਦਿੰਦੀ ਹੈ। ਇੰਝ ਉਹਨਾਂ ਨਾਲ਼ ਫੋਨ ਤੇ ਹੋਈ ਇਹ ਮੁਲਾਕਾਤ ਆਖ਼ਰੀ ਹੋ ਨਿੱਬੜੇਗੀ, ਮੈਂ ਸੋਚਿਆ ਤੱਕ ਨਹੀਂ ਸੀ। ਜਿਸ ਦਿਨ ਉਹਨਾਂ ਨੇ ਸਾਨੂੰ ਅਲਵਿਦਾ ਆਖਿਆ, ਉਸ ਦਿਨ ਉਹਨਾਂ ਦਾ ਮੇਰੇ ਡੈਡੀ ਜੀ ਬਾਦਲ ਸਾਹਿਬ ਵਾਂਗ ਜਨਮ-ਦਿਨ ਵੀ ਸੀ।

----

ਅੱਜ ਨੀਰ ਸਾਹਿਬ ਨੇ ਇਕਬਾਲ ਅਰਪਨ ਸਾਹਿਬ ਦੀਆਂ ਲਿਖਤਾਂ ਭੇਜ ਕੇ ਉਹਨਾਂ ਦੀ ਆਰਸੀ ਅਦਬੀ ਮਹਿਫ਼ਿਲ ਚ ਹਾਜ਼ਰੀ ਲਵਾਈ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੀ ਹੋਈ, ਅਰਪਨ ਸਾਹਿਬ ਨੂੰ ਯਾਦ ਕਰਦਿਆਂ, ਉਹਨਾਂ ਦੀ ਇੱਕ ਬੇਹੱਦ ਖ਼ੂਬਸੂਰਤ ਉਰਦੂ ਗ਼ਜ਼ਲ ਅਤੇ ਇੱਕ ਨਜ਼ਮ ਨੂੰ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ।

*******

ਗ਼ਜ਼ਲ

ਹਮ ਦੁਆ ਮਾਂਗੇ ਜਿਨ ਕੀ ਖ਼ੁਸ਼ੀ ਕੇ ਲੀਏ।

ਵੋਹ ਹੀ ਬੋਲੇਂ ਹਮੇਂ ਖ਼ੁਦਕੁਸ਼ੀ ਕੇ ਲੀਏ।

-----

ਸਾਂਸ ਰੁਕ ਰੁਕ ਕੇ ਚਲਤੀ ਰਹੀ ਉਮਰ ਭਰ,

ਬਹੁਤ ਤਰਸਾ ਹੂੰ ਮੈਂ ਜ਼ਿੰਦਗੀ ਕੇ ਲੀਏ।

----

ਗ਼ਮ ਕੇ ਸਾਂਚੇ ਮੇਂ ਢਲ ਕਰ ਜੀਏਂ ਕਿਸ ਤਰਹ,

ਕੁਛ ਤੋ ਸਾਮਨੇ ਹੋ ਦਿਲਕਸ਼ੀ ਕੇ ਲੀਏ।

-----

ਨਸਲੇ-ਆਦਮ ਕੇ ਖ਼ੂੰ ਪੇ ਆਮਾਦਾ ਹੈਂ ਕਿਉਂ

ਹਾਥ ਉਠਤੇ ਥੇ ਜੋ ਬੰਦਗੀ ਕੇ ਲੀਏ।

----

ਸ਼ਹਿਰ ਆ ਕਰ ਅੰਧੇਰ੍ਹੋਂ ਮੇਂ ਜੋ ਖੋ ਗਿਆ

ਨਿਕਲਾ ਗਾਓਂ ਸੇ ਥਾ ਰੌਸ਼ਨੀ ਕੇ ਲੀਏ।

----

ਸਭ ਕੇ ਪੀਨੇ ਕੇ ਪੀਛੇ ਕੋਈ ਰਾਜ਼ ਹੈ,

ਕੋਈ ਪੀਤਾ ਨਹੀਂ ਮੈਕਸ਼ੀ ਕੇ ਲੀਏ।

----

ਆਦਮੀ ਬਹੁਤ ਕੁਛ ਬਨ ਗਿਆ ਹੈ ਮਗਰ,

ਨਾ ਬਨਾ ਆਦਮੀ ਆਦਮੀ ਕੇ ਲੀਏ।

===============

ਅੰਮ੍ਰਿਤਾ ਪ੍ਰੀਤਮ

ਸ਼ਬਦ-ਚਿੱਤਰ

ਉਹ ਮਰ ਜਾਣੀ ਸਾਰੀ ਉਮਰ

ਅੱਖਰਾਂ ਦੀ ਫਸਲ ਉਗਾਉਂਦੀ ਰਹੀ

ਤੇ ਅੱਖਰ ਬੀਜਣ ਵਾਲ਼ੇ

ਕਦੇ ਮਰਦੇ ਨਹੀਂ

ਸਦਾ ਮਹਿਕਾਂ ਖਲਾਰਦੇ ਨੇ

ਅੰਮ੍ਰਿਤਾ ਵਰਗੇ ਤਾਂ

ਇਹ ਅਖਾਣ ਵੀ ਗ਼ਲਤ ਸਿੱਧ ਕਰ ਦਿੰਦੇ ਨੇ

ਕਿ ਸਮਾਂ ਬਹੁਤ ਬਲਵਾਨ ਹੈ!

...................

ਅੰਮ੍ਰਿਤਾ ਪ੍ਰੀਤਮ ਤਾਂ

ਅੱਜ ਵੀ ਸਾਡੇ ਅੰਗ-ਸੰਗ ਹੈ

ਅਸੀਂ ਓਸੇ ਦੀਆਂ ਗੱਲਾਂ ਕਰ ਰਹੇ ਹਾਂ

ਉਹ ਤਾਂ ਗ਼ੈਰ-ਹਾਜ਼ਰ ਹੋ ਕੇ ਵੀ

ਸਾਡੇ ਚ ਹਾਜ਼ਰ ਹੈ

ਮੈਂ ਉਸਦੀ ਹਾਜ਼ਰੀ

ਸਾਬਤ ਕਰ ਸਕਦਾਂ ਹਾਂ

...................

ਉਹ ਆਪਣੇ ਬੀਜੇ ਅੱਖਰਾਂ

ਸਾਹ ਲੈਂਦੀ ਹੈ

...................

ਉਹ ਆਪਣੀਆਂ ਕਿਤਾਬਾਂ ਚ ਬੈਠੀ

ਸਾਨੂੰ ਉਡੀਕਦੀ ਹੈ

......................

ਕਿਹੜੀ ਲਾਇਬ੍ਰੇਰੀ ਹੈ ਦੁਨੀਆਂ ਦੀ

ਜਿੱਥੇ ਅੰਮ੍ਰਿਤਾ

ਪੀੜ੍ਹੀ ਡਾਹ ਕੇ ਨਹੀਂ ਬੈਠੀ

..........................

ਅੱਜ ਵੀ ਉਸਦੀ ਆਵਾਜ਼

ਵਾਰਿਸ ਸ਼ਾਹ ਦੀ ਮਜ਼ਾਰ ਤੇ ਗੂੰਜਦੀ ਹੈ

...................

ਉਹ ਤਾਂ ਪਿੰਜਰ ਹੋ ਕੇ ਵੀ

ਆਪਣਾ ਦਰਦ ਸਾਂਝਾ ਕਰਦੀ ਹੈ

ਉਹ ਮਰਜਾਣੀ ਮਰੀ ਨਹੀਂ

ਉਹ ਤਾਂ ਸਾਡੇ ਵਿਚ ਹੀ ਤੁਰੀ ਫਿਰਦੀ ਹੈ!


ਡਾ: ਦੇਵਿੰਦਰ ਕੌਰ - ਨਜ਼ਮ

ਡਰ

ਨਜ਼ਮ

ਸ਼ਾਂਤ ਸਮੁੰਦਰ

ਗਹਿਰੀ ਚੁੱਪ

ਇਕਸਾਰ ਵਗਦੀਆਂ ਲਹਿਰਾਂ

ਮਧੁਰ ਸੰਗੀਤ

ਦੇਂਦਾ ਹੈ ਮਨ ਨੂੰ ਆਰਾਮ

...............

ਸੋਚ ਹੁੰਦੀ ਹੈ

ਸ਼ੀਤ, ਸ਼ਾਂਤ

ਪਰ

ਠਹਿਰਦੀ ਨਹੀਂ

ਡਰਦੀ ਹੈ ਸੋਚ....

..................

ਸਮੁੰਦਰ ਦੇ ਖੌਲ੍ਹ ਜਾਣ ਤੋਂ...

ਚੁੱਪ ਦੀਆਂ ਹੱਦਾਂ ਦੇ ਟੁੱਟ ਜਾਣ ਤੋਂ...

ਵਗਦੀਆਂ ਲਹਿਰਾਂ ਦੀ ਤੋਰ

ਵਿਗੜ ਜਾਣ 'ਤੋਂ....

.................

ਡਰਦੀ ਹੈ ਸੋਚ

ਅੱਗ ਦਾ ਦਰਿਆ

ਨਾ ਬਣ ਜਾਏ ਸਮੁੰਦਰ

ਸੁੱਖ ਮੰਗਦੀ ਹੈ

ਸੋਚ ਸਮੁੰਦਰ !