ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, October 30, 2008

ਸ਼ਿਵਚਰਨ ਜੱਗੀ ਕੁੱਸਾ - ਨਜ਼ਮ

ਤੂੰ ਦੁਖੀ ਨਾ ਹੋ...!
ਨਜ਼ਮ

ਕੁਝ ਵਸਤੂਆਂ ਐਸੀਆਂ ਵੀ ਹੁੰਦੀਐਂ,
ਜੋ ਖਾਣੀਆਂ ਪੈਂਦੀਐਂ ਰੋਗ ਮਿਟਾਉਣ ਲਈ,
ਜ਼ਿੰਦਗੀ ਇਨਸਾਨ ਨਾਲ਼,
ਹਮੇਸ਼ਾ ਮਜ਼ਾਕ ਕਰਦੀ ਹੈ,
ਪਰ ਜਦੋਂ ਇਨਸਾਨ,
ਜ਼ਿੰਦਗੀ ਨੂੰ ਮਜ਼ਾਕ ਸਮਝਣ ਲੱਗਦਾ ਹੈ,
ਉਹ ਜਾਂ ਤਾਂ ਬਣਦਾ ਹੈ ਸ਼ਹੀਦ,
ਆਪਣੀ ਖ਼ਲਕਤ ਲਈ,
ਅਤੇ ਜਾਂ 'ਦੂਜਿਆਂ' ਦੀਆਂ ਨਜ਼ਰਾਂ ਵਿਚ,
ਗ਼ੱਦਾਰ, ਕਾਫਿ਼ਰ ਹੁੰਦਾ ਹੈ...!
ਹੁਣ ਨਾ ਟੱਲੀਆਂ ਦੀ ਟੁਣਕਾਰ ਸੁਣਦੀ ਹੈ,
ਤੇ ਨਾ ਹੀ ਤੇਸੇ ਦੀ ਰਫ਼ਤਾਰ,
ਨਾ ਕੋਈ ਪੱਟ ਦਾ ਮਾਸ ਖੁਆਉਂਦੈ,
ਨਾ ਵੰਝਲੀ ਸਦਾ ਬਹਾਰ ਸੁਣਦੀ ਹੈ!
ਪਰ ਤੂੰ ਦੁਖੀ ਨਾ ਹੋ 'ਮਨ',
'ਜੀਤ' ਤੇਰੀ ਜ਼ਿੰਦਗੀ ਦੀ ਬੁੱਕਲ਼ ਵਿਚ ਹੈ!
ਤੂੰ ਸੋਚਦੀ ਹੋਵੇਂਗੀ ਕਿ ਮੈਂ ਦੁਖੀ ਹਾਂ?
ਨਹੀਂ, ਕਦਾਚਿੱਤ ਨਹੀਂ,
ਇਹ ਸਿਰਫ਼ ਤੇਰੇ ਮਨ ਦਾ ਭਰਮ ਹੈ,
ਤੇਰੇ ਦਿਲ ਨੂੰ ਚਿੰਬੜਿਆ ਇਕ ਵਹਿਮ ਹੈ,
ਪਰ ਇਹ ਤੇਰਾ ਮੇਰੇ 'ਤੇ ਰਹਿਮ ਹੈ!
ਤੂੰ ਸੌਣ ਨਾ ਦਿੰਦੀ ਰਾਤਾਂ ਨੂੰ,
ਸੁਪਨੇ ਵਿਚ ਦਿਲ ਬਹਿਲਾਉਨੀ ਏਂ...
ਦੱਸ ਜੀਣ ਦਾ ਮਕਸਦ ਦੱਸਦੀ ਏਂ,
ਜਾਂ 'ਉਪਰ' ਦੀ ਦੱਸ ਪਾਉਨੀ ਏਂ..?
ਮੇਰੇ ਵਰਗਾ ਸੁਖੀ ਇਨਸਾਨ ਤੈਨੂੰ,
ਸਾਰੀ ਜ਼ਿੰਦਗੀ ਨਹੀਂ ਲੱਭਣਾ!
ਜਿਸ ਦਾ ਜੁਗਾਂ ਜੁਗਾਂਤਰਾਂ ਪੁਰਾਣੀ,
ਅਤੇ ਮੂਰਛਤ ਹੋਈ ਇਬਾਦਤ,
ਸੁਰਜੀਤ ਹੋ, ਅਚਾਨਕ ਬੁੱਕਲ਼ ਵਿਚ ਆ ਡਿੱਗੇ,
ਉਸ ਵਰਗਾ ਸੁਖੀ ਜਾਂ ਕਿਸਮਤ ਵਾਲ਼ਾ
ਹੋਰ ਕੌਣ ਹੋ ਸਕਦੈ ਕਮਲ਼ੀਏ!
ਤੇਰੀ ਸੇਵਾ ਕਰਨ ਦੀ ਤਮੰਨਾ,
ਮੇਰੀ ਸਮਝ ਵਿਚ ਆਉਂਦੀ ਹੈ!
ਪਰ ਮੈਂ ਤਾਂ ਤੇਰੀ ਸੇਵਾ ਨਾਲ਼
ਨੱਕੋ ਨੱਕ ਭਰਪੂਰ ਹਾਂ,
ਤੇ ਤੇਰਾ ਵਾਲ਼ ਵਾਲ਼ ਰਿਣੀ ਹਾਂ!
ਬ੍ਰਿਹਾ ਰਾਤ ਦੀ ਸੁੰਨੀ ਬੁੱਕਲ਼ ਵਿਚ,
ਕਿੰਨੇ ਸਾਲਾਂ ਬਾਅਦ ਰੌਣਕ ਹੋਈ,
ਤੂੰ ਕੁਝ ਹੱਸੀ ਤੇ ਕੁਝ ਰੋਈ!
ਕੁਝ ਕਿਹਾ ਅਤੇ ਕੁਝ ਸੁਣਿਆ,
ਕੁਝ ਗੁੰਦਿਆ ਤੇ ਕੁਝ ਬੁਣਿਆ!
ਜ਼ਿੰਦਗੀ ਦੀਆਂ ਪਰਤਾਂ 'ਤੇ ਜੰਮੀ,
ਜੰਗਾਲ ਲਾਹੀ, ਮਨ ਤੋਂ ਹਮਦਰਦੀ ਦੀ ਫ਼ੂਕ ਮਾਰ,
ਵਿਛੋੜਿਆਂ ਦੀ ਧੂੜ ਉਡਾਈ,
ਤੇਰੇ ਹਨ੍ਹੋਰੇ ਸੁਣੇ, ਸਿ਼ਕਵੇ ਮਹਿਸੂਸ ਕੀਤੇ,
ਹਾਉਕੇ ਕੰਨਾਂ ਕੋਲ਼ ਸਿਸਕਦੇ ਰਹੇ,
ਹੰਝੂ ਵੀ ਤੱਕੇ ਅਤੇ ਖੇੜਾ ਵੀ ਦਿਸਿਆ,
ਤੇਰੀਆਂ ਬਲਾਉਰੀ ਅੱਖੀਆਂ ਵਿਚ,
ਕਿੰਨੇ ਸਾਲਾਂ ਬਾਅਦ ਆਪਾਂ,
ਇਕ ਦੂਜੇ ਨੂੰ ਸਵਰਗ ਵਾਂਗ ਹੀ ਤਾਂ ਮਿਲ਼ੇ ਸਾਂ!
ਮੈਨੂੰ ਯਾਦ ਹੈ,
ਆਪਣੀ ਪਹਿਲੀ ਅਤੇ ਪਿਛਲੀ ਮਿਲਣੀ ਵੀ!
ਪਰ ਫ਼ਰਕ ਸਿਰਫ਼ ਇਤਨਾ ਸੀ,
ਕਿ ਉਸ ਦਿਨ ਆਪਾਂ ਇਕ ਦੂਜੇ ਦੇ ਹੁੰਦੇ ਹੋਏ ਵੀ,
ਇਕ ਦੂਜੇ ਲਈ "ਬਿਗਾਨੀ ਅਮਾਨਤ" ਸਾਂ!
ਤੂੰ ਅਪਣੱਤ ਦੀ ਗਲਵਕੜੀ ਪਾ
ਮੇਰੀ ਜੁੱਗੜਿਆਂ ਦੀ ਪੀੜ ਚੂਸ ਲਈ!
ਲੱਭਦਾ ਲੱਭਦਾ ਥੱਕ ਕੇ ਚਕਨਾਚੂਰ ਹੋ ਗਿਆ ਸੀ,
ਤੇ ਸੁੱਟ ਗਿਆ ਸੀ ਜ਼ਿੰਦਗੀ ਦੇ ਹਥਿਆਰ!
ਪਰ ਕਿਸੇ ਰੱਬੀ ਰੂਹ ਦੀ ਰਹਿਮਤ ਨਾਲ਼,
ਆਪਣੇ ਮੇਲ ਹੋਏ,
ਰੱਬ ਕਿਸੇ ਨੇ ਅੱਖੀਂ ਨਹੀਂ ਤੱਕਿਆ,
ਰੱਬ ਬੰਦਿਆਂ ਵਿਚ ਦੀ ਹੀ ਬਹੁੜਦੈ ਕਮਲ਼ੀਏ!
ਤੇਰੇ ਗੁੱਸੇ ਗਿ਼ਲੇ ਸਿਰ ਮੱਥੇ,
ਪਰ ਤੂੰ ਮਨ 'ਤੇ ਬਹੁਤਾ ਝੋਰਾ ਨਾ ਲਾਇਆ ਕਰ,
ਕਿਉਂਕਿ ਗੁਲਾਬ ਹਮੇਸ਼ਾ ਕੰਡਿਆਂ 'ਤੇ ਝੂਲਦੈ!
ਦੇਖ ਲੈ, ਉਹ ਵੀ ਨੇ, ਜੋ ਮੈਨੂੰ ਦੇਖ ਕੇ,
ਅੱਖਾਂ ਮੀਟ ਗਏ ਕਬੂਤਰ ਵਾਂਗ,
ਤੇ ਕੀਤਾ ਨਹੀਂ ਮੂੰਹ ਮੇਰੇ ਵੱਲ,
ਲੱਖ ਅਵਾਜ਼ਾਂ ਮਾਰਨ 'ਤੇ ਵੀ!
ਭੈੜ੍ਹੀ ਦੁਨੀਆਂ ਐਨੀ ਜਲਦੀ ਬੇਮੁੱਖ ਹੋ ਜਾਂਦੀ ਹੈ?
ਮੈਂ ਕਦੇ ਖ਼ਾਬ ਵਿਚ ਨਹੀਂ ਸੀ ਸੋਚਿਆ!
ਖ਼ੈਰ, ਤੂੰ ਕੋਈ ਗੱਲ ਦਿਲ 'ਤੇ ਨਾ ਲਾਇਆ ਕਰ,
ਹਾਸੇ ਅਤੇ ਹਾਦਸੇ ਦਾ ਨਾਂ ਹੀ ਜ਼ਿੰਦਗੀ ਹੈ!
ਲੋਕਾਂ ਨਾਲ਼ ਘਟਨਾਵਾਂ ਵਾਪਰਦੀਐਂ,
ਪਰ ਮੇਰੇ ਨਾਲ਼ ਤਾਂ ਹਾਦਸੇ ਵਾਪਰੇ ਹੋਏ ਨੇ ਕਮਲ਼ੀਏ!
ਤੇਰੇ ਸਾਹਮਣੇ ਹੀ ਤਾਂ ਕਿੱਡਾ ਹਾਦਸਾ ਵਾਪਰਿਆ,
ਕੋਈ ਕਿਸੇ ਮਰਦੇ 'ਆਪਣੇ' ਨੂੰ,
ਸਿਰਫ਼ ਮੂੰਹ 'ਚ ਪਾਣੀ ਪਾਉਣ ਤੋਂ ਬਚਣ ਲਈ,
ਪਹਿਚਾਨਣ ਤੋਂ ਹੀ ਇਨਕਾਰੀ ਹੋ ਜਾਂਦੈ,
ਇਸ ਨੂੰ ਮੈਂ ਘਟਨਾ ਨਹੀਂ, ਹਾਦਸਾ ਹੀ ਆਖਾਂਗਾ!
ਪਰ ਤੂੰ ਝੋਰਾ ਨਾ ਕਰ,
ਰਾਤ ਨੂੰ ਪੁੱਠੀ ਸੁੱਟ, ਸੂਰਜ ਚੜ੍ਹ ਚੁੱਕਿਐ,
ਤੇ ਮੇਰੇ ਮਨ ਮਸਤਕ ਅੰਦਰ,
ਤੇਰੇ ਮੁੱਖ ਦਾ ਉਜਾਲਾ ਹੀ ਉਜਾਲਾ ਹੈ,
ਅਤੇ ਦਿਲ ਅੰਦਰ ਦੁਮੇਲ ਦੀ ਲਾਲੀ,
ਕੀ ਇਸ ਦੀ ਤੈਨੂੰ ਕੋਈ ਖ਼ੁਸ਼ੀ ਨਹੀਂ?
ਤੇਸਾ ਹੱਥ ਫੜ ਕੇ ਪਹਾੜ ਚੀਰਨ,
ਕੰਨੀਂ ਮੁੰਦਰਾਂ ਪੁਆਉਣ, ਪੱਟ ਦਾ ਮਾਸ ਖੁਆਉਣ,
ਪੁੱਠੀ ਖੱਲ ਲੁਹਾਉਣ,
ਖੂਹ ਗੇੜਨ ਅਤੇ ਮੰਗੂ ਚਾਰਨ ਵਾਲਿ਼ਆਂ ਦੀਆਂ,
ਜ਼ਾਤਾਂ ਹੀ ਵੱਖਰੀਆਂ ਹੁੰਦੀਐਂ ਕਮਲ਼ੀਏ!
ਤੂੰ ਮੇਰਾ ਫਿ਼ਕਰ ਛੱਡ,
ਤੈਨੂੰ ਮੇਰੀ ਸਹੁੰ ਲੱਗੇ,
ਬੱਸ ਤੂੰ ਦੁਖੀ ਨਾ ਹੋ...!

2 comments:

ਤਨਦੀਪ 'ਤਮੰਨਾ' said...

‘ਆਰਸੀ’ ਲਈ ਰਚਨਾਵਾਂ ਭੇਜਣ ਲਈ ਤੁਹਾਡਾ ਬੇਹੱਦ ਸ਼ੁਕਰੀਆ। ਅੱਗੇ ਤੋਂ ਵੀ ਭਰਵੇਂ ਸਹਿਯੋਗ ਦੀ ਆਸ ਨਾਲ਼...
ਤਨਦੀਪ ‘ਤਮੰਨਾ’

ਤਨਦੀਪ 'ਤਮੰਨਾ' said...

Kussa saheb: Bhavnawan ne gerha ditta hona jehri enni sohni nazam likhi hai..:)
ਰਾਤ ਨੂੰ ਪੁੱਠੀ ਸੁੱਟ, ਸੂਰਜ ਚੜ੍ਹ ਚੁੱਕਿਐ,
ਤੇ ਮੇਰੇ ਮਨ ਮਸਤਕ ਅੰਦਰ,
ਤੇਰੇ ਮੁੱਖ ਦਾ ਉਜਾਲਾ ਹੀ ਉਜਾਲਾ ਹੈ,
ਅਤੇ ਦਿਲ ਅੰਦਰ ਦੁਮੇਲ ਦੀ ਲਾਲੀ,
ਕੀ ਇਸ ਦੀ ਤੈਨੂੰ ਕੋਈ ਖ਼ੁਸ਼ੀ ਨਹੀਂ?
ਤੇਸਾ ਹੱਥ ਫੜ ਕੇ ਪਹਾੜ ਚੀਰਨ,
ਕੰਨੀਂ ਮੁੰਦਰਾਂ ਪੁਆਉਣ, ਪੱਟ ਦਾ ਮਾਸ ਖੁਆਉਣ,
ਪੁੱਠੀ ਖੱਲ ਲੁਹਾਉਣ,
ਖੂਹ ਗੇੜਨ ਅਤੇ ਮੰਗੂ ਚਾਰਨ ਵਾਲਿਆਂ ਦੀਆਂ,
ਜ਼ਾਤਾਂ ਹੀ ਵੱਖਰੀਆਂ ਹੁੰਦੀਐਂ ਕਮਲ਼ੀਏ!

Kamaal kar ditti!!

Tamanna