ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, October 31, 2008

ਗੁਰਨਾਮ ਗਿੱਲ - ਗ਼ਜ਼ਲ

ਦੋ ਗ਼ਜ਼ਲਾਂ
ਅੱਥਰੂਆਂ ਤੋਂ ਖ਼ਾਲੀ ਜਾਪਣ, ਹੋਣ ਸਰਾਪੇ ਨੈਣ ਜਿਵੇਂ ।
ਉੱਚੀ ਹਉਕਾ ਭਰਨੋ ਡਰਦੇ, ਗੂੰਗੇ ਹੋ ਗਏ ਵੈਣ ਜਿਵੇਂ!
ਸੂਰਜ ਉੱਗਿਆ ਤੇ ਦਿਨ ਚੜ੍ਹਿਆ, ਰਾਹਾਂ ਵਿੱਚ ਹਨੇਰ ਕਿਉਂ?
ਚਾਨਣ ਦੇ ਵਿਚ ਤੁਰਦਾ ਜਾਵਾਂ, ਅੱਖਾਂ ਵਿੱਚ ਪਰ ਰੈਣ ਜਿਵੇਂ!
ਰੋਜ਼ ਸਵੇਰੇ ਜਦ ਵੀ ਤੱਕਾਂ ਆਪਣਾ ਆਪ ਮੈਂ ਸ਼ੀਸ਼ੇ ਵਿੱਚ,
ਚਿਹਰਾ ਨਕਲੀ, ਅਕਸ ਮੇਰਾ ਤੇ ਸ਼ੀਸ਼ਾ ਮੈਨੂੰ ਕਹਿਣ ਜਿਵੇਂ।
ਬੀਤ ਗਏ ਨੂੰ ਭੁੱਲਣਾ ਚਾਹਵਾਂ, ਯਾਦਾਂ ਦੇ ਪਰਛਾਵੇਂ ਪਰ,
ਨਿਸ ਦਿਨ ਮੇਰੇ ਮਸਤਕ ਅੰਦਰ ਪਹਿਰਾ ਦਿੰਦੇ ਰਹਿਣ ਜਿਵੇਂ।
ਫੁੱਲਾਂ ਵਾਂਗੂ ਹਸਦਿਆਂ ਮੈਂ ਕੰਡੇ ਵੀ ਅਪਣਾ ਲੈਣੇ,
ਵੱਖਰੀ ਗੱਲ, ਮਜਬੂਰੀ ਦੇ ਵਿੱਚ ਕਰਜ਼ੇ ਲੋਕੀ ਲੈਣ ਜਿਵੇਂ।
----------------------------------
ਮਾਰ ਉਡਾਰੀ ਦੂਰ ਉੜ ਗਈ ਪੰਛੀਆਂ ਦੀ ਢਾਣੀ ।
ਚੁੱਪ ਜਿਹੇ ਨੇ ਵਿੱਚ ਉਦਾਸੀ ਹਰ ਪੱਤਾ ਹਰ ਟਾਹਣੀ।
ਜਦ ਵੀ ਪੰਛੀ ਆਲ੍ਹਣਿਆਂ ‘ਚੋਂ ਦੂਰ ਕਿਤੇ ਉੜ ਜਾਂਦੇ,
ਫੇਰ ਹਵਾਵਾਂ ਨੂੰ ਹੀ ਦੱਸਣ ਆਪਣੀ ਦਰਦ ਕਹਾਣੀ !
ਸਾਰੇ ਪੱਤੇ ਝੜ ਜਾਂਦੇ ਜਦ, ਫਿਰ ਬਿਰਖਾਂ ਦੇ ਪੱਲੇ,
ਬੀਤੇ ਦੇ ਸੁਫਨੇ ਰਹਿ ਜਾਵਣ ਬਣ ਇੱਕ ਯਾਦ ਪੁਰਾਣੀ।
ਜਿੱਥੇ ਕੋਈ ਪੁਲ਼ ਨਾ ਹੋਵੇ, ਕਿੱਦਾਂ ਮਿਲਣ ਕਿਨਾਰੇ?
ਝੂਰਦਾ ਹੋਇਆ ਵਗਦਾ ਰਹਿੰਦਾ ਓਸ ਨਦੀ ਦਾ ਪਾਣੀ।
ਰੁੱਖ ਜਾਣੇ-ਪਹਿਚਾਣੇ ਛੱਡ ਪਰਾਏ ਜੰਗਲ ਜਾ ਕੇ,
ਮੁਸ਼ਕਿਲ ਲਗਦਾ ਓਪਰੀਆਂ ਪੌਣਾਂ ਦੇ ਹੋਣਾ ਹਾਣੀ!
ਏਸ ਸਫਰ ਵਿੱਚ ਸਾਨੂੰ ਆਪਣੇ ਵਰਗਾ ਰੁੱਖ ਨਾ ਮਿਲਿਆ,
ਕਿੰਨੇ ਰਾਹਾਂ ਦੀ ਹੁਣ ਤੀਕਰ ਖ਼ਾਕ ਅਸਾਂ ਨੇ ਛਾਣੀ ।
ਪਿੰਜਰੇ ਵਿੱਚ ਵੀ ਕਦਰ ਕੋਈ ਨਾ, ਪੌਣਾਂ ਤੋਂ ਵੀ ਵਿਛੜੇ,
ਉੜ ਨਾ ਹੋਇਆ ਸਣੇ ਪਿੰਜਰੇ, ਕਈ ਵਾਰ ਅਸਾਂ ਹੈ ਠਾਣੀ।

2 comments:

ਤਨਦੀਪ 'ਤਮੰਨਾ' said...

‘ਆਰਸੀ’ ਲਈ ਰਚਨਾਵਾਂ ਭੇਜਣ ਲਈ ਤੁਹਾਡਾ ਬੇਹੱਦ ਸ਼ੁਕਰੀਆ। ਅੱਗੇ ਤੋਂ ਵੀ ਭਰਵੇਂ ਸਹਿਯੋਗ ਦੀ ਆਸ ਨਾਲ਼...
ਤਨਦੀਪ ‘ਤਮੰਨਾ’

ਤਨਦੀਪ 'ਤਮੰਨਾ' said...

Respected Gurnam ill Saheb:

Tussi meri ikk email te enniaan khoobsurat ghazalan bhejiaan...alfaaz nahin tuhada shukriya adah karn layee..

ਫੁੱਲਾਂ ਵਾਂਗੂ ਹਸਦਿਆਂ ਮੈਂ ਕੰਡੇ ਵੀ ਅਪਣਾ ਲੈਣੇ,
ਵੱਖਰੀ ਗੱਲ, ਮਜਬੂਰੀ ਦੇ ਵਿੱਚ ਕਰਜ਼ੇ ਲੋਕੀ ਲੈਣ ਜਿਵੇਂ।
------------------
ਜਿੱਥੇ ਕੋਈ ਪੁਲ਼ ਨਾ ਹੋਵੇ, ਕਿੱਦਾਂ ਮਿਲਣ ਕਿਨਾਰੇ?
ਝੂਰਦਾ ਹੋਇਆ ਵਗਦਾ ਰਹਿੰਦਾ ਓਸ ਨਦੀ ਦਾ ਪਾਣੀ।
Eh sheyer mainu sochan ch paa gaye te sheehshey vichla aks swaal karn laggeya. Gill saheb...'aarsi' nu eddan hi sehzog dindey rehna.

Tamanna