ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, November 28, 2008

ਸੰਤ ਸਿੰਘ ਸੰਧੂ - ਨਜ਼ਮ

ਦੋਸਤੋ! ਮੈਂ ਇਹ ਗੱਲ ਅੱਜ ਸਭ ਨਾਲ਼ ਸਾਂਝੀ ਕਰਦਿਆਂ ਬੇਹੱਦ ਖ਼ੁਸ਼ੀ ਹੋਈ ਹੈ ਕਿ ਯੂ. ਕੇ. ਨਿਵਾਸੀ ਸਤਿਕਾਰਤ ਸ: ਮੋਤਾ ਸਿੰਘ ਸਰਾਏ ਜੀ (ਪੰਜਾਬੀ ਸੱਥ, ਲਾਂਬੜਾ ਪਬਲਿਕੇਸ਼ਨ) ਨੇ ਆਪਣੇ ਨਿੱਜੀ ਰੁਝੇਵਿਆਂ ਚੋਂ ਵਕਤ ਕੱਢ ਕੇ ਆਰਸੀ ਲਈ ਸਤਿਕਾਰਤ ਸ: ਸੰਤ ਸਿੰਘ ਸੰਧੂ ਜੀਆਂ ਲਿਖਤਾਂ ਸਭ ਨਾਲ਼ ਸਾਂਝੀਆਂ ਕਰਨ ਨੂੰ ਭੇਜੀਆਂ ਹਨ, ਮੈਂ ਸਰਾਏ ਸਾਹਿਬ ਦੀ ਤਹਿ ਦਿਲੋਂ ਮਸ਼ਕੂਰ ਹਾਂ। ਸਰਾਏ ਸਾਹਿਬ! ਤੁਹਾਡੇ ਨਾਲ਼ ਪਹਿਲੀ ਵਾਰ ਹੀ ਫ਼ੋਨ ਤੇ ਗੱਲ ਕਰਕੇ ਏਨੀ ਅਪਣੱਤ ਮਹਿਸੂਸ ਹੋਈ ਕਿ ਰੂਹ ਖਿੜ੍ਹ ਗਈ ਤੇ ਲੱਗਿਆ ਕਿ ਆਰਸੀ ਦਾ ਸਾਹਿਤਕ ਕਾਫ਼ਿਲਾ ਸਹੀ ਮੰਜ਼ਿਲ ਵੱਲ ਵੱਧ ਰਿਹਾ ਹੈ। ਬੱਸ ਤੁਹਾਡੇ ਵਰਗੇ ਸੁਲਝੀ ਸੋਚ ਦੇ ਇਨਸਾਨ ਜਦੋਂ ਆਰਸੀ ਵਰਗੀ ਸਾਈਟ ਦਾ ਨੋਟਿਸ ਲੈ ਕੇ ਮੇਲ ਕਰ ਦੇਣ.....ਅੱਖਾਂ ਭਰ ਆਉਂਦੀਆਂ ਨੇ ਤੇ ਹੋਰ ਚੰਗਾ ਕਰਨ ਦੀ ਚਾਹ ਪੈਦਾ ਹੁੰਦੀ ਹੈ। ਬਹੁਤ-ਬਹੁਤ ਸ਼ੁਕਰੀਆ!

ਦੋਸਤੋ! ਸਰਾਏ ਸਾਹਿਬ ਦੇ ਦੱਸਣ ਮੁਤਾਬਕ ਸਤਿਕਾਰਤ ਸੰਤ ਸਿੰਘ ਸੰਧੂ ਜੀ ਪ੍ਰਸਿੱਧ ਕਵੀ ਪਾਸ਼ ਦੇ ਗੁਆਂਢੀ, ਦੋਸਤ ਤੇ ਸਾਹਿਤਕ ਗੁਰੂ ਹਨ। ਉਹਨਾਂ ਦੀਆਂ ਕਿਤਾਬਾਂ ਤੇ ਹੋਰ ਪ੍ਰਾਪਤੀਆਂ ਬਾਰੇ ਜਲਦੀ ਹੀ, ਆਰਸੀ ਤੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ..ਆਓ! ਅੱਜ ਰਲ਼ ਕੇ ਸਰਾਏ ਸਾਹਿਬ ਦਾ ਧੰਨਵਾਦ ਕਰੀਏ ਤੇ ਸੰਧੂ ਸਾਹਿਬ ਨੂੰ ਆਰਸੀ ਤੇ ਖ਼ੁਸ਼ਆਮਦੀਦ ਕਹੀਏ! ਅੱਜ ਇਹਨਾਂ ਦੀਆਂ ਦੋ ਰਚਨਾਵਾਂ ਨਾਲ਼ ਇਹ ਸਾਈਟ ਨਵੀਆਂ ਦਿਸ਼ਾਵਾਂ ਵੱਲ ਉੜਾਨ ਭਰ ਰਹੀ ਹੈ....ਸੰਧੂ ਸਾਹਿਬ ਤੇ ਉਹਨਾਂ ਦੀ ਕਲਮ ਨੂੰ ਆਰਸੀ ਦੇ ਸਭ ਪਾਠਕ / ਲੇਖਕ ਦੋਸਤਾਂ ਵੱਲੋਂ ਸਲਾਮ!!

ਜੰਡ

ਨਜ਼ਮ

ਪੱਤਝੜ ਸੁੰਨੀਆਂ ਜੂਹਾਂ ਚੋਂ

ਨਾ ਜਾਵੇ ਨੀ

ਜੰਡ ਦੇ ਉੱਤੇ ਕਦੀ ਬਹਾਰ ਨਾ ਆਵੇ ਨੀ

ਮਿਰਜ਼ਾ ਤੇ ਮਿਰਜ਼ਾ ਹੀ ਮਿਰਜ਼ਾ

ਕਰਦੀ ਏ

ਜਦ ਕੋਈ ਬੱਕੀ ਜੰਡ ਕੋਲੋਂ

ਲੰਘ ਜਾਵੇ ਨੀ

ਲੰਮੇ ਹਉਕੇ ਤੇ ਹਟਕੋਰੇ

ਭਰਦੀ ਏ

ਜਦ ਕੋਈ ਰਾਹੀ ਜੰਡ ਥੱਲੇ

ਸੁਸਤਾਵੇ ਨੀ

ਮਿਰਜ਼ੇ ਦੀ ਫਿਰ ਲਾਸ਼

ਲੁਕੋਵਣ ਲੱਗਦੀ ਏ

ਮਨਹੂਸ ਸਮੇਂ ਦਾ

ਜੇ ਪਰਛਾਵਾਂ ਆਵੇ ਨੀ

ਇਬਰਾਹੀਮ ਧਿਆਵੇ

ਮਿਰਜ਼ੇ ਪੁੱਤਰਾਂ ਨੂੰ

ਕੁਰਬਾਨੀ ਦੀ ਈਦ

ਇਹ ਸਦਾ ਮਨਾਵੇ ਨੀ

ਮੁਸਲਮਾਨ ਜਦ ਪੜ੍ਹਨ

ਨਮਾਜ਼ਾਂ ਆਉਂਦੇ ਨੇ

ਜੰਡ ਮਿਰਜ਼ੇ ਨੂੰ

ਅੱਲ੍ਹਾ ਵਾਂਗ ਧਿਆਵੇ ਨੀ

ਤੀਰ ਜਿਨ੍ਹਾਂ ਦੁੱਖ ਮੰਨਦੀ

ਤੇ ਕੁਰਲਾਉਂਦੀ ਏ

ਜੇ ਕੋਈ ਪੱਤਾ

ਜੰਡ ਤੋਂ ਤੋੜ ਗਵਾਵੇ ਨੀ

ਰੋਂਦੀ ਆਪਣਾ ਸਿਰ ਪਟਕਾਵੇ

ਅੰਬਰਾਂ ਵਿਚ

ਵਣ ਵਿਚ ਰੋਂਦੀ ਜੰਡ ਨੂੰ

ਕੌਣ ਵਰਾਵ੍ਹੇ ਨੀ

ਇੰਦਰ ਬਰਸੇ ਦੁੱਖ ਜਦ

ਆਪਣੇ ਰੋਂਦਾ ਏ

ਜੰਡ ਹੰਝੂਆਂ ਦੀ

ਲੰਮੀ ਝੜੀ ਲਗਾਵੇ ਨੀ

ਦੁੱਖ ਮਿਰਜ਼ੇ ਦੇ, ਫੋਲਣ ਹੀ

ਲੱਗ ਜਾਂਦੀ ਏ

ਜਦ ਕੋਈ ਦੁਖੀਆ

ਜੰਡ ਨੂੰ ਸੀਸ ਝੁਕਾਵੇ ਨੀ

ਜੰਡ ਆਪਣੇ ਤੋਂ

ਪੱਤੇ ਲਾਹ ਲਾਹ ਸੁੱਟਦੀ ਏ

ਫਿਰ ਮਿਰਜ਼ੇ ਦੇ ਵੈਣ

ਹਵਾ ਵਿਚ ਪਾਵੇ ਨੀ

ਸੱਲ ਬੱਚਿਆਂ ਦੇ

ਛੇਕਣ ਸੀਨੇ ਮਾਵਾਂ ਦੇ

ਜੰਡ ਮੋਇਆਂ ਦਾ

ਗੀਤ ਪੁਰਾਣਾ ਗਾਵੇ ਨੀ

ਦਾਨਾਬਾਦ ਦੀਆਂ ਗਲੀਆਂ ਦਾ

ਪੁੱਛਦੀ ਏ

ਜਦ ਕੋਈ ਚੰਧੜ,

ਦਾਨਾਬਾਦ ਤੋਂ ਆਵੇ ਨੀ

ਜੜ੍ਹ ਤਾਂਈ ਕੰਬ ਜਾਂਦੀ

ਜੰਡ ਨਿਮਾਣੀ ਏ

ਸੱਪਣੀ ਜਦੋਂ ਸਪੋਲੀਏ

ਆਪਣੇ ਖਾਵੇ ਨੀ

ਫਿਰ ਨਾ ਤੀਰ ਲਕੋਵੇ

ਕੋਈ ਜੰਡ ਭੈੜੀ

ਫਿਰ ਸੱਖਣੀ ਨਾ ਕੋਈ

ਸਾਹਿਬਾਂ ਜਾਵੇ ਨੀ

============

ਪੂਰਬ ਦੀ ਬੇਟੀ

ਨਜ਼ਮ

ਪੂਰਬ ਦੀ ਬੇਟੀ ਦੀ ਹੱਤਿਆ

ਜਦ ਮੈਂ ਸੁਣਿਆ ਹੋਈ

ਗੜ੍ਹੀ ਖ਼ੁਦਾ ਬਖ਼ਸ਼ ਦੀ ਧਰਤੀ

ਦੂਜੀ ਵਾਰੀ ਰੋਈ

ਪਹਿਲਾਂ ਵੀ ਤਾਂ ਦੈਂਤ ਗੋਰੇ ਨੇ

ਲਹੂ ਨਾਲ ਧਰਤੀ ਧੋਤੀ

ਹੁਣ ਬਿਲਾਵਲਰਾਗ ਦੇ ਅੱਗੇ

ਕਾਲੀ ਕੰਧ ਖਲੋਤੀ

ਦੈਂਤ ਪੱਛਮ ਦਾ ਕਰ ਜਾਂਦਾ ਹੈ

ਨਿੱਤ ਪੂਰਬ ਦੀ ਹੇਠੀ

ਹੋਈ ਸਪੁਰਦੇ ਖ਼ਾਕ ਵੇਖ ਲਓ

ਫਿਰ ਪੂਰਬ ਦੀ ਬੇਟੀ

ਗੜ੍ਹੀ ਖ਼ੁਦਾਬਖਸ਼ ਦੇ ਰਾਹੇ

ਤੁਰਿਆ-ਤੁਰਿਆ ਜਾਵਾਂ

ਪੂਰਬ ਦੀ ਬੇਟੀ ਦਾ ਸੋਗੀ

ਗੀਤ ਪਿਆ ਹੁਣ ਗਾਵਾਂ

ਮੋਰ ਮਰੇ ਖ਼ਾਬਾਂ ਵਿਚ ਮੇਰੇ

ਬੁਲਬੁਲ ਗੂੰਗੀ ਹੋਈ

ਮਸਜਿਦ ਦੇ ਮੀਨਾਰਾਂ ਨੇੜੇ

ਫੇਰ ਨਿਮਾਜਣ ਰੋਈ

ਸੰਗੀਨਾਂ ਦੀ ਖੇਡ ਖੇਡ ਵਿਚ

ਸੰਗੀਨ ਹੈ ਪੁੱਗ ਖਲੋਈ

ਸੱਤਾ ਦੇ ਰਿਸ਼ੀਆਂ ਦੇ ਹੱਥੋਂ

ਪੱਥਰ ਅਹੱਲਿਆ ਹੋਈ

ਲੱਕ ਪੂਰਬ ਦਾ ਕੁੱਬਾ ਹੋਇਆ

ਧੀ ਪੂਰਬ ਦੀ ਮੋਈ

ਦੈਂਤ ਪੱਛਮ ਦਾ ਜਰ ਨਾ ਸਕਦਾ

ਪੂਰਬ ਦੀ ਖ਼ੁਸ਼ਬੋਈ

ਸਿੰਧ ਦਰਿਆ ਦੀਆਂ ਲਹਿਰਾਂ ਵਿਚੋਂ

ਲੋਕਧਾਰਾ ਲਹਿਰਾਈ

ਸਿਰ ਦੇ ਉੱਤੇ ਓੜ ਦੁਪੱਟਾ

ਵਿਚ ਪੰਜਾਬ ਦੇ ਛਾਈ

ਬੇਨਜ਼ੀਰ ਨੂੰ ਕਤਲ ਹੈ ਕਰਦਾ

ਕਦੇ ਹੁਸੈਨ ਸੂਲੀ ਹੈ ਚੜ੍ਹਦਾ

ਪੂਰਬ ਦੀ ਸਰਘੀ ਦੇ ਅੱਗੇ

ਗੋਰਾ ਦੈਂਤ ਹਨ੍ਹੇਰਾ ਕਰਦਾ

ਫਿਰ ਕੋਈ ਕੈਦੋ ਘਰ ਦਾ ਭੇਤੀ

ਖੇੜਿਆਂ ਤਾਈਂ ਬੁਲਾਏ

ਫਿਰ ਨਵਾਂ ਕੋਈ ਪਾਜੀ ਆਵੇ

ਹੀਰ ਨੂੰ ਜ਼ਹਿਰ ਖੁਆਏ

ਸਾਡੇ ਫੇਰ ਸਿਰਾਂ ਦੇ ਉੱਤੇ

ਚੜ੍ਹ ਕੇ ਰਾਖਸ਼ ਆਇਆ

ਪੂਰਬ ਦੀ ਲਾਲੀ ਤੇ ਛਿੱਟਾ

ਮਜ਼ਲੂਮ ਲਹੂ ਦਾ ਪਾਇਆ

ਫਿਰ ਇਸਲਾਮ ਦੀ ਧਰਤੀ ਉੱਤੇ

ਕਾਫ਼ਿਰ ਕਿਧਰੋਂ ਆਏ

ਬੁੱਲ੍ਹੇਸ਼ਾਹ ਦੀਆਂ ਪੈੜ੍ਹਾਂ ਮਿੱਧਣ

ਦੈਂਤ ਫਿਰਨ ਚਮਲ੍ਹਾਏ

ਬੱਕਰੀਆਂ ਦੀ ਹੱਤਿਆ ਕਰਕੇ

ਈਦ ਮਨਾਵਣ ਕੈਸੀ

ਈਦ-ਉਲ-ਜੂਹਾਦੇ ਜਿਨ੍ਹਾਂ ਨੇ

ਭੇਤ ਅਜੇ ਨਾ ਪਾਏ

ਫੇਰ ਫਸਲ ਨੂੰ ਖਾਵਣ ਲੱਗੀਆਂ

ਏਸ ਫਸਲ ਦੀਆਂ ਵਾੜਾਂ

ਗੜ੍ਹੀ ਖ਼ੁਦਾ ਬਖ਼ਸ਼ ਨੂੰ ਵੇਖੋ

ਬਖਸਿ਼ਆ ਨਹੀਂ ਬਘਿਆੜਾਂ

ਸਿੰਧ ਦਰਿਆ ਨੂੰ ਘੇਰ ਲਿਆ ਹੈ

ਫਿਰ ਜਿਵੇਂ ਐਡਵਾਇਰਾਂ

ਵਹਿਸ਼ੀ ਬੂਟ ਲਿਤਾੜ ਰਹੇ ਨੇ

ਸਿੰਧ ਦਰਿਆ ਦੀਆਂ ਲਹਿਰਾਂ

ਸਿੰਧ ਦੇ ਵਾਰਿਸ ਜਾਗ ਪੈਣ ਤਾਂ

ਸਾਂਭ ਲੈਣ ਖ਼ੁਸ਼ਬੋਈ

ਸਿੰਧ ਦੀਆਂ ਸਭ ਲਹਿਰਾਂ ਅੱਗੇ

ਕਰਦਾ ਹਾਂ ਅਰਜ਼ੋਈ

ਦੈਂਤ ਜਿਹੜੇ ਹੰਕਾਰੀ ਫਿਰਦੇ

ਮੂੰਹ ਨਾ ਕਦੀ ਲਗਾਵਾਂ

ਗੜ੍ਹੀ ਖੁਦਾ ਬਖ਼ਸ਼ ਦੀਆਂ ਮਾਵਾਂ

ਨੂੰ ਮੈਂ ਸੀਸ ਝੁਕਾਵਾਂ

ਗੜ੍ਹੀ ਖ਼ੁਦਾ ਬਖ਼ਸ਼ ਦੇ ਜਣਿਓਂ

ਰਲ ਕੇ ਬਣਤ ਬਣਾਈ ਏ

ਗੜ੍ਹੀ ਖ਼ੁਦਾ ਬਖ਼ਸ਼ ਦੇ ਕੋਲ

ਗੜ੍ਹੀ ਚਮਕੌਰ ਲਿਆਈ ਏ

1 comment:

ਤਨਦੀਪ 'ਤਮੰਨਾ' said...

Respected Sant Singh Sandhu ji di Respected Mota Singh sarai ji ne nazaman bhej ke pehli haazri lawai hai Aarsi te...dhanbhaag!! Jehrey enney suljhey lekhakan nu parhanda mauka mill reha hai...

ਮਿਰਜ਼ੇ ਦੀ ਫਿਰ ਲਾਸ਼
ਲੁਕੋਵਣ ਲੱਗਦੀ ਏ
ਮਨਹੂਸ ਸਮੇਂ ਦਾ
ਜੇ ਪਰਛਾਵਾਂ ਆਵੇ ਨੀ
----
ਮੁਸਲਮਾਨ ਜਦ ਪੜ੍ਹਨ
ਨਮਾਜ਼ਾਂ ਆਉਂਦੇ ਨੇ
ਜੰਡ ਮਿਰਜ਼ੇ ਨੂੰ
ਅੱਲ੍ਹਾ ਵਾਂਗ ਧਿਆਵੇ ਨੀ
---------
ਸੱਲ ਬੱਚਿਆਂ ਦੇ
ਛੇਕਣ ਸੀਨੇ ਮਾਵਾਂ ਦੇ
ਜੰਡ ਮੋਇਆਂ ਦਾ
ਗੀਤ ਪੁਰਾਣਾ ਗਾਵੇ ਨੀ
Bahut Khoob!!
------------------
ਪੂਰਬ ਦੀ ਬੇਟੀ ਦੀ ਹੱਤਿਆ
ਜਦ ਮੈਂ ਸੁਣਿਆ ਹੋਈ
ਗੜ੍ਹੀ ਖ਼ੁਦਾ ਬਖ਼ਸ਼ ਦੀ ਧਰਤੀ
ਦੂਜੀ ਵਾਰੀ ਰੋਈ
ਪਹਿਲਾਂ ਵੀ ਤਾਂ ਦੈਂਤ ਗੋਰੇ ਨੇ
ਲਹੂ ਨਾਲ ਧਰਤੀ ਧੋਤੀ
ਹੁਣ ‘ਬਿਲਾਵਲ’ ਰਾਗ ਦੇ ਅੱਗੇ
ਕਾਲੀ ਕੰਧ ਖਲੋਤੀ
ਦੈਂਤ ਪੱਛਮ ਦਾ ਕਰ ਜਾਂਦਾ ਹੈ
ਨਿੱਤ ਪੂਰਬ ਦੀ ਹੇਠੀ
ਹੋਈ ਸਪੁਰਦੇ ਖ਼ਾਕ ਵੇਖ ਲਓ
ਫਿਰ ਪੂਰਬ ਦੀ ਬੇਟੀ
----
ਫਿਰ ਕੋਈ ਕੈਦੋ ਘਰ ਦਾ ਭੇਤੀ
ਖੇੜਿਆਂ ਤਾਈਂ ਬੁਲਾਏ
ਫਿਰ ਨਵਾਂ ਕੋਈ ਪਾਜੀ ਆਵੇ
ਹੀਰ ਨੂੰ ਜ਼ਹਿਰ ਖੁਆਏ
-----
ਸਿੰਧ ਦੇ ਵਾਰਿਸ ਜਾਗ ਪੈਣ ਤਾਂ
ਸਾਂਭ ਲੈਣ ਖ਼ੁਸ਼ਬੋਈ
ਸਿੰਧ ਦੀਆਂ ਸਭ ਲਹਿਰਾਂ ਅੱਗੇ
ਕਰਦਾ ਹਾਂ ਅਰਜ਼ੋਈ
---------
Bahut khoob Sandhu saheb...Tuhadi kalam nu salaam!! Sarai saheb da bahut bahut shukriya enna uddam karke rachnawa bhejan te hausla afzai karn layee...teh dilon shukarguzaar haan!!

Tamanna