ਗ਼ਜ਼ਲ
ਖ਼ੁਸ਼ੀਆਂ, ਖੇੜੇ ਲੈ ਕੇ ਆਵੀਂ, ਸਾਲ ਨਵੇਂ ਦੀਏ ਕਿਰਨੇ!
ਸਦੀਆਂ ਤੋਂ ਹੀ ਜੂਝ ਰਹੇ ਹਾਂ, ਕਦ ਸਾਡੇ ਦਿਨ ਫਿਰਨੇ?
---
ਮਾਂ ਦੇ ਅੱਖੋਂ ਹੰਝੂ ਟਪਕਣ, ਆਂਦਰ ਦਰਦ ਹੰਢਾਵੇ,
ਦਰਦ ਕਦੋਂ ਤੱਕ ਮੱਠਾ ਪੈਣੈਂ, ਨੈਣ ਕਦੋਂ ਨੇ ਵਿਰਨੇ?
----
ਰੋਜ਼ ਸਵੇਰੇ ਲਾਸ਼ਾਂ ਤੱਕੀਏ, ਖ਼ੂਨ ਦੇ ਵਿਚ ਨਹਾਈਏ,
ਅਖ਼ਬਾਰਾਂ ਦੀਆਂ ਖ਼ਬਰਾਂ ਪੜ੍ਹ ਕੇ, ਰਹਿਣ ਕਲੇਜੇ ਨਿਰਨੇ।
----
ਸਾਡੇ ਤਨ ਦੇ ਉੱਤੇ ਆਰੇ, ਚਲਦੇ ਰਹੇ ਬਥੇਰੇ,
ਸੀਸ ਅਸਾਡੇ ਝੱਲੀਏ ਪੌਣੇ! ਹੋਰ ਕਦੋਂ ਤੱਕ ਚਿਰਨੇ?
----
ਸ਼ਾਂਤ ਸਮੁੰਦਰ, ਹਸਦਾ ਚੰਨ ਤੇ ਠੰਡੀ-ਸੀਤ ਹਵਾ,
ਇਹਨਾਂ ਦੇ ਹਾਂ ਅਸੀਂ ਪੁਜਾਰੀ, ਇਹੀਉ ਸਾਡੀ ਧਿਰ ਨੇ।
----
ਆ ਵੇ ਨਵਿਆਂ ਸਾਲਾ! ਆ ਕੇ ਦੇ ਖ਼ੁਸ਼ੀਆਂ ਦਾ ਤ੍ਰੌਂਕਾ,
ਤੂੰ ਵੀ ਬੀਤੇ ਵਾਂਗ ਕਰੀਂ ਨਾ, ਕੌੜ-ਕੁਸੈਲ਼ੇ ਨਿਰਨੇ।
----
ਜ਼ਹਿਰੀ ਵਾ ਦੇ ਬੁੱਲੇ ‘ਬਾਦਲ!’ ਸ਼ੂਕਣਗੇ ਕਦ ਤਾਈਂ,
ਹੋਰ ਕਦੋਂ ਤੱਕ ਖ਼ੂਨ ਦੇ ਤੁਪਕੇ, ਇਸ ਧਰਤੀ ‘ਤੇ ਗਿਰਨੇ?
No comments:
Post a Comment