ਗ਼ਜ਼ਲ
ਕਿਤੇ ਕਿਰਚਾਂ, ਕਿਤੇ ਕੰਕਰ, ਕਿਤੇ ਕੰਡੇ ਵਿਛਾਏ ਨੇ।
ਇਵੇਂ ਇਸ ਦੌਰ ਨੇ ਸਭਨਾਂ ਦੇ ਹੀ ਰਸਤੇ ਸਜਾਏ ਨੇ।
----
ਬੜੇ ਹੀ ਸੱਚ ਵੇਖੇ ਤੇ ਹੰਢਾਏ ਹੋਣਗੇ ਸਭ ਨੇ,
ਮਗਰ ਕੁਝ ਸੱਚ ਐਸੇ ਵੀ ਨੇ ਜੋ ਮੈਂ ਹੀ ਹੰਢਾਏ ਨੇ।
----
ਨਹੀਂ, ਤਾਰੇ ਨਹੀਂ ਹਨ, ਸਹੁੰ ਤਿਰੀ, ਇਹ ਤਾਂ ਉਹ ਮੋਤੀ ਨੇ,
ਤਿਰੇ ਨਾਂਅ ‘ਤੇ ਮਿਰੇ ਦਿਲ ਨੇ ਜੋ ਹਸ ਹਸ ਕੇ ਲੁਟਾਏ ਨੇ।
----
ਪਛਾੜੀ ਸੀ ਜਿਨ੍ਹਾਂ ਦੀ ਮਹਿਕ ਨੇ ਖ਼ੁਸ਼ਬੂ ਬਹਾਰਾਂ ਦੀ,
ਕਈ ਵਾਰ ਖ਼ਜ਼ਾਵਾਂ ਨੇ ਵੀ ਉਹ ਗੁੰਚੇ ਖਿੜਾਏ ਨੇ।
----
ਨ ਵਾਕਫ਼ ਹਾਂ ਜਦੋਂ ਕਿ ਦੁਸ਼ਮਣੀ ਦੇ ਨਾਮ ਤੋਂ ਵੀ ਮੈਂ,
ਹੈਰਾਨੀ ਹੈ ਮਿਰੇ ‘ਤੇ ਤੀਰ ਫਿਰ ਕਿਸ ਨੇ ਚਲਾਏ ਨੇ।
----
ਜਿਨ੍ਹਾਂ ਰਾਹਾਂ ਤੋਂ ਆਉਂਦਾ ਸੀ ਤਿਰਾ ਉਹ ਭੋਲ਼ਾਪਣ ਚਲਕੇ,
ਮਿਰੀ ਮਾਸੂਮੀਅਤ ਨੇ ਹੁਣ ਵੀ ਉਹ ਰਸਤੇ ਸਜਾਏ ਨੇ।
No comments:
Post a Comment