ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, January 27, 2009

ਕਵਲ ਇੰਦਰ ਕਵਲ - ਗ਼ਜ਼ਲ

ਗ਼ਜ਼ਲ

ਲਾਲ, ਪੀਲ਼ੀ, ਸੰਦਲੀ ਸੀ ਰੇਤ ਮੇਰੇ ਜਿਸਮ ਦੀ।

ਰੰਗ, ਖ਼ੁਸ਼ਬੂ, ਚਾਂਦਨੀ ਸੀ ਰੇਤ ਮੇਰੇ ਜਿਸਮ ਦੀ।

----

ਰਾਤ ਭਰ ਉਡਦੀ ਰਹੀ ਸੀ ਰੇਤ ਮੇਰੇ ਜਿਸਮ ਦੀ।

ਜਾਗਿਆ ਤਾਂ ਰੇਤ ਹੀ ਸੀ, ਰੇਤ ਮੇਰੇ ਜਿਸਮ ਦੀ।

----

ਜਿਸ ਸਮੇਂ ਸੀ ਹੁਸਨ ਤੇਰਾ ਵਾਂਗ ਸੂਰਜ ਦਹਿਕਦਾ,

ਉਸ ਸਮੇਂ ਤਾਂ ਇਕ ਨਦੀ ਸੀ ਰੇਤ ਮੇਰੇ ਜਿਸਮ ਦੀ।

----

ਜਿਸਮ ਮੇਰਾ ਡੁਬ ਗਿਆ ਸੀ ਪਾਣੀਆਂ ਦੀ ਰੇਤ ਵਿਚ,

ਸਤਹਿ ਉੱਤੇ ਤੈਰਦੀ ਸੀ ਰੇਤ ਮੇਰੇ ਜਿਸਮ ਦੀ।

----

ਹੁਣ ਮੈਂ ਮਾਰੂਥਲ ਚ ਅਪਣੀ ਹੋਂਦ ਨੂੰ ਲੱਭਦਾ ਪਿਆਂ,

ਸ਼ਹਿਰ ਚੋਂ ਨਈਂ ਲੱਭਦੀ ਸੀ ਰੇਤ ਮੇਰੇ ਜਿਸਮ ਦੀ।

----

ਮੈਂ ਬਥੇਰਾ ਪਾਰ ਅਪਣੇ ਜਿਸਮ ਚੋਂ ਦੀ ਲੰਘਿਆ,

ਜਿਸਮ ਦੇ ਪਰ ਪਾਰ ਵੀ ਸੀ ਰੇਤ ਮੇਰੇ ਜਿਸਮ ਦੀ।

----

ਰਿਸ਼ਤਿਆਂ ਚ ਬੱਝ ਕੇ ਵੀ ਅਜਨਬੀ ਲਗਦੀ ਰਹੀ,

ਕਹਿਣ ਨੂੰ ਬਸ ਆਪਣੀ ਹੀ ਸੀ ਰੇਤ ਮੇਰੇ ਸ਼ਹਿਰ ਦੀ।

----

ਲੋਕ ਜਿਸਨੂੰ ਆਖਦੇ ਸੀ ਝੀਲ ਪਾਣੀ ਦੀ ਕਵਲ,

ਰੇਤ ਮੇਰੇ ਜਿਸਮ ਦੀ ਸੀ, ਰੇਤ ਮੇਰੇ ਜਿਸਮ ਦੀ।

No comments: