ਦੋਸਤੋ! ਸੁਰਿੰਦਰ ਸੋਹਲ ਜੀ ਨੇ ਸੁਰਜੀਤ ਸਾਜਨ ਜੀ ਦੀ ਇਹ ਬੇਹੱਦ ਖ਼ੂਬਸੂਰਤ ਗ਼ਜ਼ਲ ਆਰਸੀ ਲਈ ਭੇਜੀ ਹੈ। ਉਹਨਾਂ ਦਾ ਬੇਹੱਦ ਸ਼ੁਕਰੀਆ ਅਤੇ ਸਾਜਨ ਜੀ ਨੂੰ ਆਰਸੀ ਦੇ ਤਮਾਮ ਲੇਖਕ / ਪਾਠਕ ਸਾਹਿਬਾਨਾਂ ਵੱਲੋਂ ਜੀਅ ਆਇਆਂ ਨੂੰ।ਤਨਦੀਪ ‘ਤਮੰਨਾ’
=========
ਸਾਹਿਤਕ ਨਾਮ: ਸੁਰਜੀਤ ਸਾਜਨ
ਨਿਵਾਸ: ਸੁਰਜੀਤ ਸਾਜਨ ਦਾ ਪਿੰਡ ਸੁਰਜੀਤ ਪਾਤਰ ਵਾਲਾ ਪਿੰਡ ਪੱਤੜ ਕਲਾਂ, ਜ਼ਿਲ੍ਹਾ ਜਲੰਧਰ ਵਾਲਾ ਹੀ ਹੈ। ਉਸਨੇ ਨੇ ਸੁਰਜੀਤ ਪਾਤਰ ਦੀ ਸ਼ਾਇਰੀ ਅਤੇ ਉਸਦਾ ਸੰਗ ਵੀ ਮਾਣਿਆ ਹੈ।
ਸਿਰਜਣਾ ਕੇਂਦਰ ਕਪੂਰਥਲਾ ਦਾ ਸਾਬਕਾ ਜਨਰਲ ਸਕੱਤਰ ਸੁਰਜੀਤ ਸਾਜਨ ਅੱਜ ਕੱਲ੍ਹ ਗ਼ਜ਼ਲ ਸਿਰਜਣਾ ਵੱਲ ਧਿਆਨ ਦੇ ਰਿਹਾ ਹੈ। ਉਸਦੀ ਇਹ ਗ਼ਜ਼ਲ ਤ੍ਰੈਮਾਸਿਕ ‘ਸਿਰਜਣਾ’ ਦੇ ਜਨਵਰੀ-ਮਾਰਚ 2009 ਅੰਕ ਵਿਚੋਂ ਧੰਨਵਾਦ ਸਹਿਤ ਚੁਣੀ ਗਈ ਹੈ।
ਸੁਰਿੰਦਰ ਸੋਹਲ
ਯੂ.ਐੱਸ.ਏ.
========
ਗ਼ਜ਼ਲ
ਬੜੇ ਹੀ ਯਾਦ ਆਉਂਦੇ ਨੇ ਗੁਲਾਬੀ ਰੰਗ ਦੇ ਸੁਪਨੇ।
ਜੋ ਹਾਸਿਲ ਹੋ ਗਿਆ ਮੈਨੂੰ ਤੇ ਮੇਰੀ ਮੰਗ ਦੇ ਸੁਪਨੇ।
----
ਕਿਸੇ ਦੀ ਨੀਂਦ ਨੂੰ ਹਨ ਖੰਭ ਲੱਗੇ ਲੋਭ ਲਾਲਚ ਦੇ,
ਕਿਸੇ ਨੂੰ ਸੌਣ ਨਾ ਦਿੰਦੇ ਛਣਕਦੀ ਵੰਗ ਦੇ ਸੁਪਨੇ।
----
ਨਹੀਂ ਤਕਰਾਰ ਦੇ ਆਦੀ ਅਮਨ ਦੇ ਹਾਂ ਅਸੀਂ ਹਾਮੀ,
ਤੇ ਸਾਨੂੰ ਹੀ ਹਮੇਸ਼ਾ ਆ ਰਹੇ ਕਿਉਂ ਜੰਗ ਦੇ ਸੁਪਨੇ।
----
ਮੈਂ ਕੋਸ਼ਿਸ਼ ਕਰ ਰਿਹਾ ਹਾਂ ਦੂਰ ਥੋੜ੍ਹਾ ਦੂਰ ਹੋ ਜਾਵਾਂ,
ਮੇਰੇ ਤੋਂ ਦੂਰ ਨਾ ਜਾਂਦੇ ਕਦੇ ਭੁੱਖ ਨੰਗ ਦੇ ਸੁਪਨੇ।
----
ਮਨੁੱਖੀ ਜ਼ਿੰਦਗੀ ਸੁਪਨੇ ਤੋਂ ਵੱਧ ਕੁਝ ਹੋਰ ਨਾ ਜਾਪੀ,
ਇਹ ਵੇਖੀ ਸਾਂਭਦੀ ਫਿਰਦੀ ਹਜ਼ਾਰਾਂ ਰੰਗ ਦੇ ਸੁਪਨੇ।
----
ਕਦੇ ਵੀ ਲੀਡਰਾਂ ਨੂੰ ਏਸ ਦਾ ਅਹਿਸਾਸ ਨਈਂ ਹੁੰਦਾ,
ਕਿ ਕਿੰਨੇ ਲੋਕ ਜਰਦੇ ਘਰ ’ਚ ਭੁੱਜਦੀ ਭੰਗ ਦੇ ਸੁਪਨੇ।
-----
ਉਹ ਸੁਪਨੇ ਖ਼ਾਸ ਨਹੀਂ ਹੁੰਦੇ ਜੋ ਰਾਤੀਂ ਨੀਂਦ ਵਿਚ ਆਉਂਦੇ,
ਉਹੋ ਹੀ ਅਹਿਮ ਹੁੰਦੇ ਨੇ ਜੋ ਨੀਂਦਰ ਡੰਗ ਦੇ ਸੁਪਨੇ।
-----
ਤੁਸੀਂ ਲੱਖ ਵਾਰ ਭੁੱਲ ਜਾਵੋ ਤੁਹਾਡੇ ਤੇ ਮੁਨੱਸਰ ਹੈ,
ਕਦੇ ਭੁੱਲਣੇ ਨਾ ‘ਸਾਜਨ’ ਨੂੰ ਤੁਹਾਡੇ ਸੰਗ ਦੇ ਸੁਪਨੇ।
No comments:
Post a Comment