ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, February 7, 2009

ਸੁੱਖੀ ਧਾਲੀਵਾਲ - ਨਜ਼ਮ

ਬਚਪਨ ਦੀ ਯਾਦ

ਨਜ਼ਮ

ਅੱਜ ਫਿਰ ਮੈਨੂੰ ਮੇਰੇ ਬਚਪਨ ਦੀ

ਯਾਦ ਆਈ...

...........

ਹੈ ਭਲਾ ਇਹ ਇਕ ਅਰਸੇ ਤੋਂ

ਬਾਅਦ ਆਈ.....

.............

ਯਾਦ ਆਇਆ ਮੈਨੂੰ

ਮੇਰੀ ਮਾਂ ਦਾ ਚੁੱਲ੍ਹਾ, ਹਾਰਾ ਤੇ ਪੀੜ੍ਹੀ....

........................

ਯਾਦ ਆਈ ਮੈਨੂੰ

ਮੇਰੀ ਮਾਂ ਦੀ ਉਹ ਕੱਚੀ ਕੰਧੋਲ਼ੀ

ਜੀਹਨੂੰ ਆਪਣੇ ਹੱਥੀਂ

ਬੜੀਆਂ ਰੀਝਾਂ ਨਾਲ ਲਿਪਿਆ ਕਰਦੀ ਸੀ ਮਾਂ

ਤੇ ਪਾਇਆ ਕਰਦੀ ਸੀ

ਉਪਰ ਵੇਲਾਂ ਤੇ ਬੂਟੇ

.........................

ਯਾਦ ਅਇਆ

ਉਹ ਪੁਰਾਣਾ ਘਰ

ਤੇ ਘਰ ਵਿਚਲੇ ਉਹ ਆਲ਼ੇ

ਜਿਨ੍ਹਾਂ ਵਿਚ ਦੀਵਾਲੀ ਦੀ ਰਾਤ ਨੂੰ

ਦੀਵੇ ਬਾਲਕੇ ਰੱਖਿਆ ਕਰਦੀ ਸੀ ਮਾਂ

ਯਾਦ ਅਇਆ ਉਹ

ਬਾਪੂ ਦਾ ਲੱਕੜ ਦੇ ਪਈਆਂ ਵਾਲਾ ਗੱਡਾ

......................

ਉਹ ਗੱਡਾ

ਜੀਹਦੇ ਤੇ ਬੈਠਕੇ ਝੂਟੇ ਲੈਣਾ

ਡਿਜ਼ਨੀਲੈਂਡ ਦੀਆਂ ਰਾਈਡਾਂ ਤੋਂ

ਕਿਤੇ ਵਧੀਆ ਸੀ ।

......................

ਤੇ ਯਾਦ ਆਈ

ਬਾਪੂ ਦੇ ਬਲਦਾਂ ਦੇ ਗਲਾਂ 'ਚ ਪਾਈਆਂ

ਟੱਲੀਆਂ ਦੀ ਟਣ ਟਣ

ਯਾਦ ਆਈ ਪੰਜਾਲੀ

ਲੱਕੜ ਦਾ ਹਲ , ਸੁਹਾਗੀ

...............................

ਉਹ ਸੁਹਾਗੀ

ਜੀਹਦੇ ਬੈਠ ਮੈ ਬਾਪੂ ਦੀਆਂ

ਲੱਤਾਂ ਨੂੰ ਫੜਕੇ

ਝੂਟੇ ਲਿਆ ਕਰਦਾ ਸਾਂ ।

......................

ਅੱਜ ਕਿਨਾ ਕੁਝ ਬਦਲ ਗਿਆ ਏ

ਨਾ ਈ ਮਾਂ ਰਹੀ ਏ

ਤੇ ਨਾ ਬਾਪੂ

ਨਾ ਉਹ ਘਰ ਰਿਹਾ ਏ

ਨਾ ਉਹ ਘਰ ਵਿਚਲੇ ਆਲ਼ੇ

ਬਲਦਾਂ ਦੀਆਂ ਟੱਲੀਆਂ ਦੀ

ਟਣ-ਟਣ ਵੀ ਨਈਂ ਏ

ਤੇ ਨਾ ਲੱਕੜ ਦੇ ਪਹੀਆਂ ਵਾਲ਼ਾ

ਉਹ ਗੱਡਾ

..........................

ਪਰ ਫਿਰ ਵੀ

ਮੈ ਬੜਾ ਕੁਝ ਸਾਂਭੀ ਬੈਠਾ ਹਾਂ

ਦਿਲ ਦੇ ਝਰੋਖੇ ਵਿਚ

ਅੱਜ ਵੀ ਮੇਰੇ

ਜਿਹਨ ਦੇ ਆਲਿਆਂ ਵਿਚ

ਉਹ ਦੀਵਾਲੀ ਦੇ ਦੀਵੇ

ਉਸੇ ਤਰਾਂ ਜਗਦੇ ਨੇ

.............................

ਮੇਰੇ ਲਈ

ਮੇਰੇ ਬਚਪਨ ਦੀਆਂ ਯਾਦਾਂ

ਟੱਲੀਆਂ ਵਾਲੇ ਬਲਦਾਂ ਮਗਰ ਪਾਈ ਸੁਹਾਗੀ

ਤੇ ਲੱਕੜ ਦੇ ਪਈਆਂ ਵਾਲੇ

ਗੱਡੇ ਦੀ ਤਰ੍ਹਾਂ ਨੇ

ਜਿਨ੍ਹਾਂ ਤੇ ਬੈਠਕੇ ਝੂਟੇ ਲੈਣਾ

ਮੈਨੂੰ ਬੜਾ ਚੰਗਾ ਲੱਗਦਾ

....................

ਅੱਜ ਫਿਰ ਮੈਨੂੰ

ਮੇਰੇ ਬਚਪਨ ਦੀ ਯਾਦ ਆਈ

ਹੈ ਭਲਾ ਇਹ

ਇਕ ਅਰਸੇ ਤੋਂ ਬਾਅਦ ਆਈ


No comments: