ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, February 8, 2009

ਰਵਿੰਦਰ ਸਿੰਘ ਕੁੰਦਰਾ - ਨਜ਼ਮ

ਦੁਬਿਧਾ

ਨਜ਼ਮ

ਯਾਦਾਂ ਦੇ ਘਰ ਦੇ, ਟੁੱਟੇ ਹੋਏ ਦਰ ਤੇ,

ਇਹ ਕਿਸ ਨੇ ਆਕੇ, ਅੱਜ ਦਸਤਕ ਹੈ ਕੀਤੀ

ਕਿਸ ਨੇ ਇਹ ਐਸਾ, ਹੈ ਨਾਦ ਅੱਜ ਵਜਾਇਆ,

ਜਿਸ ਦੀ ਸਮੇਂ ਨੇ, ਹੈ ਤਾਰ ਤਾਰ ਕੀਤੀ

----

ਮੇਰੇ ਥਿੜਕਦੇ ਹੋਏ ਪੈਰਾਂ, ਤੇ ਕੰਬਦੇ ਹੋਏ ਹੱਥਾਂ ਨੇ,

ਦਰ ਦੇ ਕੁੰਡੇ ਤੱਕ ਪਹੁੰਚਣ, ਦੀ ਹਿੰਮਤ ਹੈ ਕੀਤੀ

ਦਰ ਨੂੰ ਖੋਲ੍ਹਣ ਤੋਂ ਪਹਿਲਾਂ, ਕੁੱਝ ਬੋਲਣ ਤੋਂ ਪਹਿਲਾਂ,

ਮੈਂ ਝਾਕ ਦੇਖਦਾ ਹਾਂ, ਵਿੱਚੋਂ ਇੱਕ ਝੀਤੀ

----

ਯਾਦਾਂ ਦੀਆਂ ਪਰਤਾਂ ਚੋਂ, ਸਮੇਂ ਦੀਆਂ ਝਲਕਾਂ ਚੋਂ,

ਇੱਕ ਦਾਸਤਾਂ ਹੈ ਉੱਭਰੀ, ਜੋ ਯੁਗਾਂ ਪਹਿਲਾਂ ਬੀਤੀ

ਹੈ ਲੱਗਦੀ ਇਹ ਜਾਣੀ, ਪਛਾਣੀ ਜਿਹੀ ਸੂਰਤ,

ਜਿਸ ਨੇ ਵਾਅਦੇ ਪੁਗਾਉਣ ਦੀ, ਦੱਸੀ ਸੀ ਨੀਤੀ

----

ਪਰ ਵਾਅਦੇ ਤਾਂ ਸਿਰਫ਼, ਵਾਅਦੇ ਹੀ ਹੁੰਦੇ ਨੇ,

ਜੱਗੋਂ ਵੱਖਰੀ ਨਹੀਂ ਸੀ, ਮੇਰੇ ਨਾਲ ਬੀਤੀ

ਵਾਅਦੇ ਤੋਂ ਖਾਲੀ, ਤੜਪਦੇ ਮੇਰੇ ਦਿਲ ਨੇ,

ਸਬਰ ਦੀ ਕਟੋਰੀ, ਸੀ ਜ਼ਹਿਰ ਵਾਂਗ ਪੀਤੀ

----

ਹੁਣ ਦੁਬਿਧਾ ਵਿੱਚ ਪੈ ਕੇ, ਸੋਚ ਰਿਹਾ ਹਾਂ,

ਕਿ ਖੋਲ੍ਹਾਂ ਇਹ ਕੁੰਡਾ, ਕਹਿ ਦਿਆਂ ਦਿਲ ਦੀ ਬੀਤੀ?

ਜਾਂ ਬੰਦ ਹੀ ਰੱਖਾਂ, ਇਹ ਦਰਦਾਂ ਦੀ ਮੁੱਠੀ,

ਮਤਾਂ ਇਸ ਦੇ ਖੁੱਲ੍ਹਣ ਨਾਲ, ਹੋ ਜਾਏ ਵਧੀਕੀ?


No comments: