ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, February 17, 2009

ਸੰਤੋਖ ਸਿੰਘ ਧੀਰ - ਨਜ਼ਮ

ਦੋਸਤੋ! ਸਤਿਕਾਰਤ ਸੰਤੋਖ ਸਿੰਘ ਧੀਰ ਜੀ ਦੀ ਸੰਨ 2000 ਚ ਪ੍ਰਕਾਸ਼ਿਤ ਹੋਈ ਕਿਤਾਬ ਪੈਰ ਗੁਰਚਰਨ ਰਾਮਪੁਰੀ ਸਾਹਿਬ ਨੇ ਆਰਸੀ ਲਈ ਦਿੱਤੀ। ਅੱਜ ਏਸੇ ਕਿਤਾਬ ਚੋਂ ਧੀਰ ਸਾਹਿਬ ਦੀ ਲਿਖੀ ਇੱਕ ਬੇਹੱਦ ਖ਼ੂਬਸੂਰਤ ਨਜ਼ਮ ਤੁਹਾਡੇ ਨਾਲ਼ ਸਾਂਝੀ ਕਰਨ ਜਾ ਰਹੀ ਹਾਂ। ਗੁਰਚਰਨ ਰਾਮਪੁਰੀ ਸਾਹਿਬ ਦਾ ਇੱਕ ਵਾਰ ਫੇਰ ਬਹੁਤ-ਬਹੁਤ ਸ਼ੁਕਰੀਆ। ਇਸ ਨਜ਼ਮ ਦੇ ਨਾਲ਼ ਲੱਗਿਆ ਫੋਟੋ ਸਕੈੱਚ ਵੀ ਏਸੇ ਕਿਤਾਬ ਵਿਚੋਂ ਹੀ ਹੈ।

ਆ ਗੀਤਾ ! ਆ...

( ਇੱਕ ਵਿਆਹੁਲੀ ਆਈ ਲੜਕੀ ਨੂੰ ਜਿਸਦਾ ਨਾਮ ਗੀਤਾ ਹੈ। ਪਤੀ ਹੈ ਸਨੇਹ)

ਨਜ਼ਮ

ਆ ਗੀਤਾ! ਆ..

ਜੀਓ ਆਇਆਂ---ਜੀਓ ਆਇਆਂ!

.............

ਅਸੀਂ ਸਾਰੇ ਹੀ ਬੈਠੇ ਹਾਂ

ਵਿਸ਼ਾਲ ਕੁਰੂਕਸ਼ੇਤ੍ਰ ਵਿਚ

ਜ਼ਮਾਨਾ ਬਦਲ ਗਿਆ ਹੈ

ਅੱਜ ਸਾਨੂੰ ਤੀਰ ਨਹੀਂ ਚਾਹੀਦੇ

ਨਾ ਬਰਛੀਆਂ, ਨਾ ਭਾਲੇ

ਅੱਜ ਸਾਨੂੰ ਚਾਹੀਦੇ ਹਨ

ਫੁੱਲ ਅਤੇ ਗੀਤ

ਅਮਨ ਅਤੇ ਵਿਕਾਸ

ਸਾਡੇ ਵਿਚ ਸਨੇਹ

ਸੰਸਾਰ ਵਿਚ ਸਨੇਹ।

----

ਅਸੀਂ ਬੁੱਧ ਦੇ ਪੁਜਾਰੀ

ਨਾਨਕ ਦੇ ਸ਼ਿਸ਼

ਅੱਜ ਸਾਡੇ ਰੱਥ ਅੱਗੇ ਜੋੜੇ ਹੋਣ

ਸ਼ਾਂਤੀ ਦੇ ਘੋੜੇ।

----

ਅਰਜੁਨ ਬਾਣ ਹੀ ਨਹੀਂ ਮਾਰਦੇ

ਫ਼ਸਲਾਂ ਵੀ ਬੀਜਦੇ ਹਨ

ਫੁੱਲ ਵੀ ਉਗਾਉਂਦੇ ਹਨ

ਅਰਜੁਨ, ਕਲਮ ਦੀ ਨੋਕ ਨਾਲ਼

ਪਿਆਰ ਦਾ ਗੀਤ ਵੀ ਲਿਖਦੇ ਹਨ

ਪਿਆਰ ਦਾ ਗੀਤ

ਸਨੇਹ ਦਾ ਗੀਤ।

............

ਅੱਜ ਸਾਨੂੰ ਚਾਹੀਦਾ ਹੈ

ਸਾਡੇ ਵਿਚ ਸਨੇਹ

ਸੰਸਾਰ ਵਿਚ ਸਨੇਹ।

----

ਆ ਗੀਤਾ! ਆ..

ਉੱਗ ਰਹੇ ਸੂਰਜ ਦੀ

ਪਹਿਲੀ ਕਿਰਨ ਵਾਂਗ ਆ

ਸਵੇਰ ਦੀ ਸਵੱਛ ਜਿਹੀ

ਪੌਣ ਵਾਂਗ ਆ

ਆਕਾਸ਼ੋਂ ਡਿੱਗਦੇ ਮੀਂਹ ਦੀ

ਸੁੱਚੀ ਕਣੀ ਵਾਂਗ ਆ

ਗੀਤ ਵਾਂਗ ਆ

ਸਨੇਹ ਵਾਂਗ ਆ

ਆਪਣਾ ਕਦਮ ਰੱਖ

ਸਾਡੇ ਘਰ ਦੇ ਵਿਹੜੇ ਵਿਚ

ਵਿਸ਼ਾਲ ਕੁਰੂਕਸ਼ੇਤ੍ਰ ਵਿਚ।

----

ਆ ਗੀਤਾ! ਆ..

ਜੀਓ ਆਇਆਂ---ਜੀਓ ਆਇਆਂ!


1 comment:

Gurinderjit Singh (Guri@Khalsa.com) said...

Sachmuch inni positive honi chaheedi hai kavita..

I must keep this poem in mind.. while wandering in sarcasism and negativity..
Thanks