ਹੱਸਿਆ ਸੁਪਨੇ ‘ਚ ਤੂੰ ਤਾਂ ਛਣਕੀਆਂ।
ਗੋਰੀਆਂ ਬਾਹਾਂ ‘ਚ ਵੰਗਾਂ ਕੋਰੀਆਂ।
----
ਇਸ ਤਰ੍ਹਾਂ ਹੈ ਧੜਕਦਾ ਦਿਲ ਜਿਸ ਤਰ੍ਹਾਂ
ਯਾਦ ਤੇਰੀ ਨੂੰ ਦੇ ਦਿੰਦਾ ਲੋਰੀਆਂ।
----
ਜ਼ਖ਼ਮ ਡੂੰਘੇ ਨੇ ਜਿਵੇਂ ਪਾਤਾਲ਼ ਤਕ
ਸਾਗਰਾਂ ਦੇ ਪਾਣੀਆਂ ਵਿਚ ਮੋਰੀਆਂ।
----
ਚੰਦ ਫੁਲਵਹਿਰੀ ਦਾ ਲਗਦਾ ਹੈ ਚਟਾਕ
ਰੋਣ ਜਾਂ ਰਾਤੀਂ ਵਿਯੋਗਣ ਗੋਰੀਆਂ।
----
ਸੌਂਫੀਆਂ ਸਾਹਾਂ ਨੂੰ ਕਿੱਥੇ ਰੱਖ ਲਾਂ
ਮਹਿਕਦੇ ਨੇ ਪੌਣ ਕਰਦੀ ਚੋਰੀਆਂ।
----
ਭਟਕਣਾ ਪੈਂਦਾ ਹੀ ਏ ਰੂਹਾਂ ਨੂੰ, ਜਦ
ਜਿਸਮ ਦਾਗ਼ੀ ਹੋਣ ਰੂਹਾਂ ਕੋਰੀਆਂ।
----
ਭੁੱਲ ਆਇਆ ਹੈ ਸਜਨ ਦਿਲ ਹੋਰ ਥਾਂ
ਕੀ ਸਜਾਂ ਪਾਵਾਂ ਪਰਾਂਦੇ ਡੋਰੀਆਂ।
No comments:
Post a Comment