ਅਜੋਕਾ ਨਿਵਾਸ: ਲੁਧਿਆਣਾ, ਪੰਜਾਬ
ਕਿਤਾਬਾਂ: ਰੁਬਾਈਆਂ - ਮੈਨੂੰ ਮੁਆਫ਼ ਕਰੀਂ (1977), ਕਵਿਤਾ-ਸੰਗ੍ਰਹਿ: ਆਕਾਸ਼ ਦਾ ਕੈਦੀ (1994), ਮੁੱਖ ਬੰਦ (2005), ਵਿਅੰਗ-ਸੰਗ੍ਰਹਿ: ਕਾਲ਼ੀਆਂ ਲੀਕਾਂ ( 2001) ਬਾਲ ਕਹਾਣੀ-ਸੰਗ੍ਰਹਿ: ਚੱਲ ਓ ਕਤੂਰਿਆ (2002) ਚੈਨੀ ਵਾਲੀ ਚਿੜੀ (2003) ਤਿਤਲੀਆਂ ਵਾਲੀ ਫ਼ਰਾਕ (2007) , ਫ਼ੋਟੋਗਰਾਫ਼ੀ ਤੇ ਸਿਖਿਆ ਕਿਤਾਬ (2004), ਰੰਗਲੀ ਲਿਖਾਈ – ਬੱਚਿਆਂ ਲਈ (2003)
---
ਛਪਾਈ ਅਧੀਨ ਕਿਤਾਬਾਂ: ਅੱਠਵੀ ਬੂੰਦ – ਲੇਖ, ਮੌਲਿਕਤਾ ਦੇ ਸੋਮੇ – ਮੁਲਾਕਾਤਾਂ, ਕਹੁ ਜਨਮੇਜਾ – ਵਿਚਾਰ ਚਰਚਾ, ਕੈਮਰਾ ਬੋਲ ਪਿਆ (3 ਹਿੱਸੇ) – ਲੇਖ, ਕਾਲਾ ਚਾਨਣ – ਕਵਿਤਾ । ਕਲਾ-ਕ੍ਰਿਤਾਂ ਅਤੇ ਫ਼ੋਟੋਗਰਾਫ਼ੀ ਦੀਆਂ ਨੁਮਾਇਸ਼ਾਂ 300 ਤੋਂ ਉਪਰ, 16 ਦੇਸ਼ਾਂ ਵਿਚ ਲੱਗ ਚੁੱਕੀਆਂ ਹਨ।
---
ਸਾਫਟਵੇਅਰ: ਪੰਜਾਬੀ ਫੋਂਟ (ਮੁਫ਼ਤ) –1991,ਪੰਜਾਬੀ ਫੋਂਟ ਕਨਵਰਟਰ – 1999, ਪੰਜਾਬੀ ਸਪੈੱਲ ਚੈੱਕ – 1999, ਗੁਰਬਾਣੀ ਸਪੈੱਲ ਚੈੱਕ – 2000
----
ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਜਨਮੇਜਾ ਜੌਹਲ ਸਾਹਿਬ ਨੂੰ ‘ਆਰਸੀ’ ਦੀ ਅਦਬੀ ਮਹਿਫ਼ਲ ‘ਚ ਆਪਣੀ ਹਾਜ਼ਰੀ ਲਾਉਂਣ ਲਈ ਸ਼ੁਕਰੀਆ ਤੇ ਖ਼ੁਸ਼ਆਮਦੀਦ ਨੂੰ ਆਖਦੀ ਹੋਈ, ਅੱਜ ਉਹਨਾਂ ਦੀ ਇੱਕ ਬੇਹੱਦ ਖ਼ੂਬਸੂਰਤ ਨਜ਼ਮ ‘ਆਰਸੀ’ ‘ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਾਕੀ ਲਿਖਤਾਂ ਆਰਸੀ ਖ਼ਜ਼ਾਨੇ 'ਚ ਸਾਂਭ ਲਈਆਂ ਗਈਆਂ ਨੇ ਅਤੇ ਆਉਂਣ ਵਾਲ਼ੇ ਦਿਨਾਂ 'ਚ ਸਾਂਝੀਆਂ ਕੀਤੀਆਂ ਜਾਣਗੀਆਂ।ਬਹੁਤ-ਬਹੁਤ ਸ਼ੁਕਰੀਆ।
ਦੀਵੇ ਨਾਲ ਸੰਵਾਦ
ਨਜ਼ਮ
ਪਹਿਲੇ ਦੀਵੇ ਨੂੰ ਪੁੱਛਿਆ
ਤੂੰ ਜਗ ਕਿਉਂ ਰਿਹਾ ਏਂ?
ਮੇਰੇ ਕੋਲ
ਬੱਤੀ ਹੈ
ਤੇਲ ਹੈ
ਅੱਗ ਹੈ
ਹੋਰ ਮੈਂ ! ਕੀ ਕਰਾਂ?
.............
ਦੂਜੇ ਦੀਵੇ ਨੂੰ ਪੁੱਛਿਆ
ਤੂੰ ਖੁਸ਼ ਕਿਉਂ ਹੈਂ?
ਮੈਂ ਸਾਰੇ ਜੱਗ ਨੂੰ
ਰੋਸ਼ਨ ਕਰ ਰਿਹਾਂ
ਮੇਰੇ ਕਰਕੇ ਸਾਰੇ
ਤੁਰੇ ਫਿਰਦੇ ਹਨ।
ਹਨੇਰੇ ਨੂੰ ਮੈਂ
ਸੁਆ ਦਿੱਤਾ ਹੈ
ਹੋਰ ਮੈਂ! ਖ਼ੁਸ਼ ਨਾ ਹੋਵਾਂ?
........................
ਤੀਜੇ ਦੀਵੇ ਨੂੰ ਮੈਂ ਪੁੱਛਿਆ
ਤੂੰ ਪ੍ਰੇਸ਼ਾਨ ਕਿਉਂ ਹੈਂ?
ਮੈਂ ਆਪਣੀ ਹੀ ਅੱਗ ਵਿਚ ਜਲ਼ ਰਿਹਾਂ
ਮੈਂ ਆਪਣੀ ਹੀ ਬੱਤੀ ਸੁਕਾ ਰਿਹਾਂ
ਮੈਂ ਆਪਣਾ ਹੀ ਤੇਲ ਫੂਕ ਰਿਹਾਂ
ਮੇਰਾ ਅੰਤ ਨੇੜੇ ਹੈ
ਹੋਰ ਮੈਂ! ਪ੍ਰੇਸ਼ਾਨ ਨਾ ਹੋਵਾਂ?
....................
ਚੌਥੇ ਦੀਵੇ ਨੂੰ ਮੈਂ ਪੁੱਛਿਆ
ਤੂੰ ਸਿਮਟ ਕਿਉਂ ਰਿਹਾਂ?
ਬਥੇਰੀ ਰੋਸ਼ਨੀ ਵੇਚ ਵੇਖੀ
ਬਥੇਰੀ ਬੱਤੀ ਸੁੱਕਾ ਵੇਖੀ
ਕਿਸੇ ਨਾ ਮੇਰੇ ਤੇਲ ਪਾਇਆ
ਹੋਰ ਮੈਂ! ਸਿਮਟਾਂ ਨਾ?
............................
ਪੰਜਵੇਂ ਦੀਵੇ ਨੂੰ ਮੈਂ ਪੁੱਛਿਆ
ਕਿਉਂ ਆਪਣੀ ਲਾਟ ਵਧਾਈ ਜਾਨਾਂ?
ਮੈਨੂੰ ਉਤੇ ਆਕਾਸ਼ ਦਿਖਦਾ
ਉਸਦੇ ਪਿੱਛੇ ਰੋਸ਼ਨੀ ਵੀ।
ਮੈਂ ਉਹ ਰੋਸ਼ਨੀ ਢਾਹੁਣੀ ਹੈ
ਤੇ ਆਪਣੀ ਅਲਖ਼ ਜਗਾਉਣੀ ਹੈ
ਹੋਰ ਮੈਂ! ਲਾਟ ਨਾ ਵਧਾਵਾਂ?
..........................
ਛੇਵੇਂ ਦੀਵੇ ਨੂੰ ਮੈਂ ਪੁੱਛਿਆ,
ਤੇਰੀ ਰੋਸ਼ਨੀ ਇਕ ਸਾਰ ਕਿਉਂ ਨਹੀਂ?
ਹਰ ਰੋਜ਼ ਮੈਨੂੰ ਨਵੀਂ ਬੱਤੀ ਮਿਲਦੀ ਏ
ਕਦੇ ਕੱਚੇ ਰੂੰ ਦੀ ਤੇ ਕਦੇ ਲੋਗੜ ਦੀ
ਕੀ ਕਰਾਂ ਤੇਲ ਇਕੋ ਜਿਹਾ ਨਹੀਂ ਚੜ੍ਹਦਾ
ਹੋਰ ਮੈਂ! ਇਕ ਸਾਰ ਕਿਵੇਂ ਬਲਾਂ?
.........................
ਸੱਤਵੇਂ ਦੀਵੇ ਨੂੰ ਮੈਂ ਪੁੱਛਿਆ,
ਤੇਰੀ ਔਕਾਤ ਕੀ ਹੈ?
ਮੈਂ ਵੱਡੇ ਸਾਹਬ ਦਾ ਦੀਵਾ ਹਾਂ।
ਮੇਰੇ 'ਚ ਤੇਲ ਪਾਉਣ ਲਈ ਨੌਕਰ ਹਨ
ਮੇਰੀ ਬੱਤੀ ਰੋਜ਼ ਬਦਲੀ ਜਾਂਦੀ ਹੈ
ਹੋਰ ਮੈਂ! ਇਹ ਔਕਾਤ ਘੱਟ ਹੈ?
......................
ਅੱਠਵੇਂ ਦੀਵੇ ਨੂੰ ਮੈਂ ਪੁੱਛਿਆ
ਤੂੰ ਉਦਾਸ ਕਿਉਂ ਹੈਂ?
ਕੱਲ੍ਹ ਸ਼ਾਮ ਦਾ ਮੈਂ
ਪਾਣੀ ਤੇ ਤਰ ਰਿਹਾਂ
ਤੇਜ਼ ਹਵਾ ਨਾਲ ਖੜ੍ਹ ਰਿਹਾਂ
ਕਿਸੇ ਦੇ ਦੁਖੜੇ ਕੱਟ ਰਿਹਾਂ
ਆਪਣਿਆਂ ਨਾਲ ਲੜ ਰਿਹਾਂ
ਹੋਰ ਮੈਂ! ਉਦਾਸ ਨਾ ਹੋਵਾਂ?
..........................
ਨੌਵੇਂ ਦੀਵੇ ਨੂੰ ਮੈਂ ਪੁੱਛਿਆ
ਤੂੰ ਅੱਖ ਵੀ ਨਹੀਂ ਝਪਕਦਾ?
ਗ੍ਰੈਹਾਂ ਦਾ ਮੈਨੂੰ ਸਰਾਪ ਹੈ
ਮੈਨੂੰ ਪਲੋਸਦੇ ਹੱਥਾਂ ਨੂੰ ਸਾੜਾਂ
ਮੇਰੇ ਲਈ ਪਾਪ ਹੈ
ਹੋਰ ਮੈਂ! ਫ਼ਰਜ਼ ਨਾ ਨਿਭਾਵਾਂ?
..........................
ਦਸਵੇਂ ਦੀਵੇ ਨੂੰ ਮੈਂ ਪੁੱਛਿਆ
ਤੇਰਾ ਕੀ ਸੰਤਾਪ ਹੈ?
ਜੋ ਮੈਨੂੰ ਏਥੇ ਧਰ ਗਿਆ,
ਉਹੀ ਮੇਰਾ ਬਾਪ ਹੈ
ਜਗਦੇ ਜਗਦੇ ਏਥੇ ਹੀ
ਬੁਝ ਜਾਣ ਇਹੋ ਮੇਰਾ
ਆਪਣਾ ਆਪ ਹੈ
ਹੋਰ ਮੈਂ! ਸੰਤਾਪਿਆ ਕਦੇ ਕੋਈ ਆਪ ਹੈ?
..........................
ਗਿਆਰਵੇਂ ਦੀਵੇ ਨੂੰ ਮੈਂ ਪੁੱਛਿਆ
ਤੂੰ ਮੰਗਤਾ ਕਿਉਂ ਬਣਿਆ ਏਂ?
ਮੈਨੂੰ ਮੇਰੇ ਤੇਲ ਦਾ ਸਮਾਂ ਪਤਾ
ਮੈਨੂੰ ਮੇਰੀ ਬੱਤੀ ਦਾ ਸਮਾਂ ਪਤਾ
ਜੇ ਮੈਂ ਹੋਰ ਨਾ ਮੰਗਾਂ ਤਾਂ ਸਮਾਂ ਪਤਾ
ਹੋਰ ਮੈਂ! ਮੰਗਣਾਂ ਕੋਈ ਸ਼ਨਾਪ ਹੈ?
2 comments:
ਜੌਹਲ ਸਾਹਿਬ ਕਮਾਲ ਹੈ !! ਦੀਵੇ ਰਾਹੀਂ ਜ਼ਿੰਦਗੀ ਦੇ ਵੱਖ ਵੱਖ
ਪੰਨਿਆਂ ਨੂੰ ਸਿਰਜਿਆ ਹੈ ।।
Veer Jio
Jo kujh v tusi sade Panjab di virast lae kar rahe ho uss nu shabdan 'ch likhia nahi ja sakda.
'' kis te ungal rakhan kis nu dosh dian,
unnhe jhotte apass vich hi bhirhde rahe.
kutti sanhe katurian ral gae choran naal,
budhijeevi ahudian naal hi virde rahe.
dil nu jadon napeerhe qaumi peerh kade,
saadi akh 'chon agg de athroo kirde rahe.
Tuhada apna
Mota Singh Sarai
Walsall, UK.
Post a Comment