ਸਾਹਿਤਕ ਨਾਮ : ਬਲਜੀਤ ਪਾਲ ਸਿੰਘ
ਜਨਮ ਮਿਤੀ 14 ਮਾਰਚ 1956
ਅਜੋਕਾ ਨਿਵਾਸ: ਝੰਡਾ ਕਲਾਂ (ਮਾਨਸਾ) ਪੰਜਾਬ
ਕਿਤਾਬਾਂ: ਦੋ ਕਾਵਿ ਪੁਸਤਕਾਂ-ਕੰਡਿਆਲੀ ਰੁੱਤ (1994), ਸੂਰਜ ਦੇ ਪਿਛਵਾੜੇ (2004) ਛਪ ਚੁਕੀਆਂ ਹਨ।
ਤੀਜਾ ਗਜ਼ਲ-ਸੰਗ੍ਰਹਿ ਲਗਭਗ ਤਿਆਰ ਹੈ। ਦਰਜਨਾਂ ਲੇਖ, ਕਹਾਣੀਆਂ ਅਤੇ ਚਰਚੇ ਪੰਜਾਬੀ ਦੇ ਸਾਰੇ ਅਖ਼ਬਾਰਾਂ ਵਿਚ ਛਪ ਚੁੱਕੇ ਹਨ । ਬਹੁਤ ਸਾਰੇ ਕਲੱਬਾਂ, ਸਾਹਿਤ ਸਭਾਵਾਂ ਵਲੋ ਅਤੇ ਪ੍ਰਸ਼ਾਸ਼ਨ ਵਲੋ ਬਹੁਤ ਵਾਰ ਸਨਮਾਨਿਤ ਕੀਤਾ ਜਾ ਚੁੱਕਾ ਹੈ। 2002 ਤੋਂ ਸਰਵ ਸਿੱਖਿਆ ਅਭਿਆਨ ਦਾ ਰਿਸੋਰਸ ਪਰਸਨ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ।
----
ਬਲਜੀਤ ਪਾਲ ਜੀ ਨੇ ਦੋ ਖ਼ੂਬਸੂਰਤ ਗ਼ਜ਼ਲਾਂ ਭੇਜ ਕੇ ਆਰਸੀ ‘ਚ ਪਹਿਲੀ ਵਾਰ ਸ਼ਿਰਕਤ ਕੀਤੀ ਹੈ, ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਖ਼ੁਸ਼ਆਦਦੀਦ ਤੇ ਸ਼ੁਕਰੀਆ ਆਖਦੀ ਹੋਈ ਉਹਨਾਂ ਦੀਆਂ ਗ਼ਜ਼ਲਾਂ ਨੂੰ ਆਰਸੀ ‘ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
ਗ਼ਜ਼ਲ
ਗਰਮ ਰੁੱਤ ਨਾਲ ਆਦਮੀ ਦੇ ਹੁਣ ਯਾਰਾਨੇ ਹੋ ਗਏ ।
ਪਿਆਰ ਦੇ ਬਹਾਰ ਦੇ ਗੁਜ਼ਰੇ ਜ਼ਮਾਨੇ ਹੋ ਗਏ ।
----
ਸੱਚ ਦੀ ਦਹਿਲੀਜ਼ ਤੇ ਜਾ ਪੈਰ ਜਿਸ ਵੀ ਰੱਖਿਆ
ਦੁਸ਼ਮਣ ਉਸਦੇ ਆਪਣੇ ਤੇ ਬੇਗਾਨੇ ਹੋ ਗਏ ।
----
ਕ਼ਤਲ ਹੋਇਆ ਸੜਕ ਉਤੇ ਹਰ ਕਿਸੇ ਨੇ ਦੇਖਿਆ
ਕ਼ਾਤਿਲ ਫਿਰ ਵੀ ਬਚ ਗਏ ਲੱਖਾਂ ਬਹਾਨੇ ਹੋ ਗਏ ।
----
ਕੈਸੀ ਭਲਾ ਇਹ ਪਾਲਿਸੀ ਲੋਕਾਂ ਦੀ ਸਰਕਾਰ ਦੀ
ਹਰ ਗਲੀ, ਹਰ ਮੋੜ ਤੇ ਸ਼ਰਾਬਖ਼ਾਨੇ ਹੋ ਗਏ ।
----
ਅਜਨਬੀ ਬਣ ਆਏ ਸੀ ਤੇਰੇ ਇਸ ਸ਼ਹਿਰ ਅੰਦਰ
ਚਿਹਰੇ ਕੁਝ ਕੁ ਫੇਰ ਵੀ ਜਾਨੇ ਪਹਿਚਾਨੇ ਹੋ ਗਏ ।
----
ਹੁਣ ਦੁਬਾਰਾ ਮਿਲ਼ਣ ਦਾ ਵਾਅਦਾ ਨਾ ਕਰਿਓ ਦੋਸਤੋ!
ਪਹਿਲਾਂ ਹੀ ਕਿੰਨੇ ਵਾਅਦਿਆਂ ਤੋਂ ਬੇਜ਼ੁਬਾਨੇ ਹੋ ਗਏ ।
=====
ਗ਼ਜ਼ਲ
ਚਲੋ ਫਾਸਲੇ ਬਣਾਈਏ ਕਿ ਮੋਹ ਹੋ ਨਾ ਜਾਏ।
ਸਭ ਰਿਸ਼ਤੇ ਭੁਲਾਈਏ ਕਿ ਮੋਹ ਹੋ ਨਾ ਜਾਏ ।
----
ਪੀੜ ਹੋਵੇ ਜੇ ਕਿਸੇ ਨੂੰ ਕੀ ਹੈ ਵਾਸਤਾ ਕਿਸੇ ਨੂੰ
ਖ਼ੁਦਗ਼ਰਜ਼ੀਆਂ ਵਧਾਈਏ ਕਿ ਮੋਹ ਹੋ ਨਾ ਜਾਏ ।
----
ਆਸੇ ਪਾਸੇ ਕੋਈ ਹੋਵੇ ਜੇ ਲਾਚਾਰ ਬੇਸਹਾਰਾ
ਓਹਨੂੰ ਰਜ ਕੇ ਸਤਾਈਏ ਕਿ ਮੋਹ ਹੋ ਨਾ ਜਾਏ ।
----
ਹਾਦਸੇ ਅਜੀਬ ਹੁੰਦੇ ਰੋਜ ਮਿਲਦੇ ਜ਼ਖ਼ਮ
ਮਰਹਮ ਨਾ ਲਗਾਈਏ ਕਿ ਮੋਹ ਹੋ ਨਾ ਜਾਏ ।
----
ਜਿਹੜਾ ਪਿਟਦਾ ਢੰਡੋਰਾ ਸੱਚੀ ਸੁਚੀ ਦੋਸਤੀ ਦਾ
ਉਹਤੋਂ ਕੰਨੀ ਕਤਰਾਈਏ ਕਿ ਮੋਹ ਹੋ ਨਾ ਜਾਏ ।
----
ਪਾਪ ਜ਼ੁਲਮ ਫਰੇਬ ਜਿੰਨੇ ਮਰਜ਼ੀ ਪਏ ਹੋਣ
ਅੱਖਾਂ ਮੀਟ ਲੰਘ ਜਾਈਏ ਕਿ ਮੋਹ ਹੋ ਨਾ ਜਾਏ ।
1 comment:
Punjabi de seva layee tamanna ji da shukria.Punjabi ghazal de hor naam jiveN Paatar ji diaN bhi ghazalaN pesh karo.
bahut dhanvaad.
khyaal
http://aajkeeghazal.blogspot.com
Post a Comment