ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, April 16, 2009

ਕੁਲਦੀਪ ਸਿੰਘ ਬਾਸੀ - ਨਜ਼ਮ

ਦੋਸਤੋ! ਮੈਨੂੰ ਪੂਰਨ ਯਕੀਨ ਹੈ ਕਿ ਇਹ ਬੇਹੱਦ ਖ਼ੂਬਸੂਰਤ ਨਜ਼ਮ ਪੜ੍ਹ ਕੇ ਸਾਡੀਆਂ ਲੇਖਿਕਾਵਾਂ ਨੂੰ ਬਚਪਨ ਜ਼ਰੂਰ ਯਾਦ ਆ ਜਾਵੇਗਾ, ਜਦੋਂ ਪਹਿਲੀ ਵਾਰ ਸਵੈਟਰ ਬੁਣਨਾ ਸਿੱਖਿਆ ਸੀ। ਬਾਸੀ ਸਾਹਿਬ ਦੀ ਇਸ ਨਜ਼ਮ ਨੇ ਮੇਰੇ ਬਚਪਨ ਦੀ ਯਾਦ ਤਾਜ਼ਾ ਕਰ ਦਿੱਤੀ ਜਦੋਂ ਮੈਨੂੰ ਤੇ ਮੇਰੀ ਬਚਪਨ ਦੀ ਸਹੇਲੀ ਰਿੰਪੀ ਨੂੰ, ਸਿਆਲ਼ ਚ ਮੰਮੀਆਂ ਨੂੰ ਸਲ਼ਾਈਆਂ ਚਲਾਉਂਦੇ ਵੇਖ, ਸਵੈਟਰ ਬੁਣਨ ਦਾ ਚਾਅ ਚੜ੍ਹਿਆ ਸੀ। ਜਦੋਂ ਅਸੀਂ ਚੋਰੀ-ਚੋਰੀ ਉਹਨਾਂ ਦੀ ਉੱਨ ਤੇ ਸਲ਼ਾਈਆਂ ਚੁੱਕ ਲਈਆਂ ਤੇ ਉਹਨਾਂ ਦੇ ਬੁਣੇ ਸਵਾਟਰਾਂ ਚ ਮਘੋਰੇ ਕਰ ਦਿੱਤੇ ਤਾਂ, ਜਿਹੜੀ ਡਾਂਟ ਪਈ...ਤੌਬਾ!ਤੌਬਾ!!

ਦੂਜੇ ਦਿਨ ਸਾਨੂੰ, ਨਜ਼ਮ ਦੇ ਅਨੁਸਾਰ, ਸਾਈਕਲ ਦੇ ਚੱਕਿਆ ਦੀਆਂ ਤਾਰਾਂ ਸਿੱਧੀਆਂ ਕਰਵਾ ਕੇ ਦੇ ਦਿੱਤੀਆਂ ਗਈਆਂ ਤੇ ਪੁਰਾਣੀ ਉੱਨ ਦੇ ਗੋਲ਼ੇ...ਚੌਥੀ ਜਮਾਤ ਚ ਪੜ੍ਹਦਿਆਂ, ਸਿਲਾਈ, ਕਢਾਈ, ਬੁਣਾਈ ਦੇ ਕਿਸੇ ਵੀ ਕੰਮ ਨੂੰ ਸਿੱਖਣ ਦਾ ਸਾਡਾ ਉਹ ਪਹਿਲਾ ਮੌਕਾ ਸੀ... ਰਿੰਪੀ ਅੱਜ ਇਹ ਨਜ਼ਮ....ਤੈਨੂੰ ਯਾਦ ਕਰਦਿਆਂ....ਤੇਰੇ ਨਾਮ ਕਰਦੀ ਹਾਂ...

---------

ਸਵੈਟਰ

( ਇੱਕ ਯਾਦ ਮਾਂ ਦੀ )

ਨਜ਼ਮ

ਪਿਛਲੇ ਸਿਆਲ਼ ਵਿੱਚ, ਪਿਛਲੇ ਤੋਂ ਪਿਛਲੇ

ਫਿਰਦਾ ਰਿਹਾਂ ਮੈਂ, ਠੁਰ ਠੁਰ ਕਰਦਾ

ਸਾਇਕਲ ਚਲਾਕੇ, ਹੁਣ ਮੈਂ ਸਕੂਲ ਜਾਵਾਂ

ਚਾਹੀਦਾ ਸਵੈਟਰ ਹੈ, ਬੇਬੇ ਨਹੀਂ ਸਰਦਾ

----

ਸਵੈਟਰ ਤਾਂ ਬਣਜੂ, ਆਖ ਜਾ ਕੇ ਬਾਪੂ ਨੂੰ

ਅੱਜ ਕੱਲ੍ਹ ਵਿੱਚ ਜੇ, ਲਿਆ ਕੇ ਦਵੇ ਉੱਨ

ਬੇਬੇ ਕਰ ਛੇਤੀ, ਮਨਾ ਲੈ ਤੂੰ ਹੀ ਬਾਪੂ ਨੂੰ ਵੀ

ਖੱਟ ਲੈ ਪਿਆਰੀ ਬੇਬੇ, ਇਹ ਵੀ ਇੱਕ ਪੁੰਨ

----

ਬੇਬੇ ਨੇ ਬਾਪੂ ਤੋਂ, ਸਲ਼ਾਈਆਂ ਮੰਗਵਾ ਲੀਆਂ

ਸਾਇਕਲ ਦੀ ਸਪੋਕਾਂ, ਤਿੱਖੀਆਂ ਕਰਾ ਲੀਆਂ

ਟੋਕਰਾ ਲਿਆਂਦਾ ਬਾਪੂ, ਉੱਨ ਦਾ ਭਰਾ ਕਿਤੋਂ

ਪੰਜ ਸੱਤ ਭੇਡਾਂ, ਕਿਤੇ ਜਾ ਕੇ ਮੁਨਵਾ ਲੀਆ

----

ਟੋਕਰੇ ਦੀ ਉੱਨ, ਇੱਕ ਦਿਨ ਪਿੰਜ ਲਈ

ਨਿੱਚਲ਼ੇ ਬਣਾਏ ਬੇਬੇ, ਘਰੇ ਕੱਤ-ਕੁੱਤ ਕੇ

ਛੇਤੀ ਕਹੇ ਕਰਾਂਗੀ, ਦੇਰ ਕਾਹਨੂੰ ਕਰਨੀ

ਸਵੈਟਰ ਬਣਾ ਕੇ ਇੱਕ, ਪਾਊਂ ਗਲ਼ੇ ਪੁੱਤ ਕੇ

----

ਥੋੜ੍ਹੇ ਜੇ ਦਿਨਾਂ , ਸਵੈਟਰ ਬੇਬੇ ਬੁਣਿਆ

ਖਿੱਚ ਕੇ ਫਸਾਇਆ ਸਿਰ, ਖਿੱਚ ਧੂ੍ਹ ਬਾਹਾਂ ਵੀ

ਚਾਅ ਮੈਨੂੰ ਚੜ੍ਹਿਆ, ਝੱਗੇ ਉੱਤੋਂ ਪਾ ਲਿਆ

ਸਭ ਨੂੰ ਵੇਖਾਵਾਂ, ਆਪੇ ਹੀ ਸਰਾਹਾਂ ਵੀ

----

ਸਵੈਟਰ ਸਜਾਏ ਮੈਨੂੰ, ਕਈ ਘੰਟੇ ਨਿੱਕਲ਼ੇ

ਪਿੰਡੇ ਉੱਤੇ ਉੱਠੀ ਖਾਜ, ਤੰਗ ਕੀਤਾ ਪਿੱਤ ਨੇ

ਸਵੈਟਰ ਨਾ ਖੁੱਲ੍ਹਿਆ, ਪੂਰਾ ਜ਼ੋਰ ਲਾ ਲਿਆ

ਭੇਡਾਂ ਦੇ ਹੀ ਸਹੀ, ਭਲਾਂ ਵਾਲ਼ ਕਿਹਦੇ ਮਿੱਤ ਨੇ

----

ਬਚਾਓ ਆ ਕੇ ਮਿੱਤਰੋ, ਯਾਰਾਂ ਨੂੰ ਬੁਲਾ ਲਿਆ

ਸਾਰਿਆਂ ਨੇ ਆ ਕੇ, ਘੇਰਾ ਜਿਹਾ ਪਾ ਲਿਆ

ਕਿਸੇ ਮੈਨੰ ਫੜਿਆ, ਕਿਸੇ ਝੱਗਾ ਖਿੱਚਿਆ

ਸਵੈਟਰ ਉਹਨਾਂ ਨੇ, ਸਣੇ ਝੱਗੇ ਲਾਹ ਲਿਆ

----

ਸਾਰਾ ਇਹ ਡਰਾਮਾ, ਬਾਪੂ ਨੇ ਵੀ ਵੇਖਿਆ

ਬੇਬੇ ਨੂੰ ਜਾ ਦੱਸਿਆ, ਘਰ ਜਦ ਵੜਿਆ

ਠੰਢ ਚ ਖਲੋਤਾ ਪੁੱਤ, ਪਿੰਡੇ ਨੂੰ ਘਰੋਟਦੈ

ਝੱਗੇ ਤੋਂ ਬਿਨਾ ਹੀ, ਨੰਗਾ ਹੋਇਆ ਖੜ੍ਹਿਆ

----

ਠੰਢ ਲੱਗੂ ਬੇਬੇ ਕਿਹਾ, ਘਰ ਚੱਲ ਪੁੱਤਰਾ!

ਸ਼ੀਸ਼ੀ ਚੋਂ ਤੇਲ ਕੱਢ, ਮੇਰੇ ਪਿੰਡੇ ਮੱਥਿਆ

ਖਾਜ ਹੋਈ ਬੰਦ, ਬੜਾ ਚੰਗਾ ਲੱਗਿਆ

ਹੱਥ ਜਦ ਮਾਂ ਮੇਰੀ, ਪਿੱਠ ਉੱਤੇ ਰੱਖਿਆ

----

ਭੇਡਾਂ ਦੀ ਉੱਨ ਹੈ, ਜਾਂ ਘੋੜੇ ਦੀ ਜੱਤ ਬੇਬੇ?

ਸਵੈਟਰ ਨਹੀਂ ਪਾਉਣਾ, ਬਣ ਜਾਂਦੀ ਜਾਨ ਤੇ

ਹੁਣ ਇਹ ਕੰਮ ਆਊ, ਕਿਤੇ ਦੇਣ ਲੈਣ ਦੇ

ਜੋੜ ਦੇਵੀਂ ਨਾਲ ਕਿਤੇ, ਕੱਪੜੇ ਦੇ ਥਾਨ ਤੇ

----

ਅਮਰੀਕਾ ਦੀ ਠੰਢ ਦਾ, ਦੁੱਖ ਸੀਤ ਹਵਾ ਦਾ

ਭੇਡਾਂ ਦੀ ਉੱਨ ਚੋਂ, ਮਾਂ ਦਾ ਪਿਆਰ ਡੁੱਲ੍ਹਦਾ

ਸਵੈਟਰ ਦੀ ਯਾਦ ਆਈ, ਮੈਨੂੰ ਐਦਾਂ ਲੱਗਦਾ

ਬੇਬੇ ਦੇ ਸੰਦੂਖ ਵਾਂਗ, ਓਹ ਵੀ ਹੋਣਾ ਰੁਲ਼ਦਾ

----

ਵਿਦੇਸ਼ ਵਿੱਚ ਬੈਠੇ ਨੂੰ, ਦੇਸ਼ ਯਾਦ ਆ ਗਿਆ

ਕਿੱਦਾ ਉਤਾਰਾਂ ਰਿਣ, ਮਾਪਿਆਂ ਦੇ ਪੁੰਨ ਦਾ

ਸਵੈਟਰ ਨਾ ਲੱਭਦਾ, ਮੈਨੂੰ ਓਹੀ ਚਾਹੀਦਾ

ਬੇਬੇ ਦੇ ਹੱਥਾਂ ਵਾਲ਼ਾ, ਭੇਡਾਂ ਵਾਲੀ ਉੱਨ ਦਾ


No comments: