ਨਾ ਸਿੱਖੀ ਜਾਚ ਤੈਰਨ ਦੀ, ਉਹ ਫਿਰ ਸਾਗਰ ਕਿਵੇਂ ਤਰਦਾ।
ਕਿਸੇ ਨੇ ਡੋਬ ਦਿੱਤਾ ਹੈ, ਇਹ ਦਿਨ ਸ਼ਾਅਦੀ ਨਹੀਂ ਭਰਦਾ ।
----
ਗਿਆ ਹੈ ਸਿਰ ਝੁਕਾ ਕੇ ਜੋ, ਉਦਾ ਕੁਝ ਦੋਸ਼ ਤਾਂ ਹੋਊ ,
ਬਿਨਾਂ ਦੋਸ਼ੋਂ ਜੇ ਕੁਝ ਆਖੋ, ਤਾਂ ਗੱਲ ਬੱਚਾ ਵੀ ਨਹੀਂ ਜਰਦਾ ।
----
ਅਗਰ ਸਿਰ ਉੱਤੇ ਛੱਤ ਹੁੰਦੀ, ਤੇ ਹੁੰਦੇ ਖਾਣ ਨੂੰ ਦਾਣੇ ,
ਉਹ ਭੁੱਖ ਦੇ ਨਾਲ ਨਾ ਮਰਦਾ, ਤੇ ਨਾ ਹੀ ਠੰਡ ਵਿੱਚ ਠਰਦਾ ।
----
ਤੇਰੇ ਤੱਕ ਲੋੜ ਹੋਵੇਗੀ ਖ਼ਬਰ ਜੋ ਲੈ ਗਏ ਆ ਕੇ ,
ਕੋਈ ਮਰ ਵੀ ਰਿਹਾ ਹੋਵੇ ਤਾਂ ਬੰਦਾ ਕੰਨ ਨਹੀਂ ਕਰਦਾ ।
----
ਉਨਾਂ ਦੀ ਦਾਲ ਨਹੀਂ ਗਲ਼ਦੀ, ਤੇ ਨਾ ਹੀ ਤਾਲ ਮੇਲ ਬਣਦੈ,
ਗਰਜ ਕੁਝ ਇਸ ਤਰਾਂ ਰਹਿੰਦੀ ਕਿ ਬੋਲੇ ਬਿਨ ਵੀ ਨਹੀਂ ਸਰਦਾ ।
----
ਉਹ ਗੇੜੇ ਮਾਰ ਬੈਠਾ ਏ, ਚੜ੍ਹਾਵਾ ਚਾੜ੍ਹ ਬੈਠਾ ਏ,
ਕਰੇ ਦਸਖ਼ਤ ਨਹੀਂ ਬਣਦਾ, ਅਜੇ ਵੀ ਮੂਡ ਅਫ਼ਸਰ ਦਾ ।
----
ਫਰੋਲੇ ਗੁਪਤ ਖਾਨੇ ਹੀ, ਕੋਈ ਵੀ ਚੀਜ਼ ਨਹੀਂ ਛੇੜੀ ,
ਉਨਾਂ ਦੇ ਨਾਲ ਬੰਦਾ ਰਲ ਗਿਆ ਹੋਣੈ ਮੇਰੇ ਘਰ ਦਾ ।
----
ਤੂੰ ਜਿੱਤ ਕੇ ਕੇਸ ਕਿਉਂ ਹਰਿਆ ਨੇ ਗੱਲਾਂ ਕਰ ਰਹੇ ਲੋਕੀ ,
ਗਵਾਹ ਜੇ ਨਾ ਵਿਕੇ ਹੁੰਦੇ ਕਦੇ ਨਾ ਇਸ ਤਰ੍ਹਾਂ ਹਰਦਾ।
----
ਸੁਣੋ ਜੇ ਸੱਚ ਤਾਂ ਕੌੜੈ, ਕਹੋ ਜੇ ਸੱਚ ਤਾਂ ਫਾਂਸੀ ਹੈ ,
ਏਸੇ ਲਈ ਸੱਚ ਤੇ ਹਰ ਥਾਂ ਹੈ ਅੱਜ ਕਲ ਪੈ ਰਿਹਾ ਪਰਦਾ ।
----
ਉਹ ਕਦ ਮਜ਼ਬੂਰ ਕਰਦੇ ਨੇ, ਤੂੰ ਕਹਿ ਇਹ ਸੱਚ ਹੈ ' ਮਹਿਰਮ ' ,
ਤਾਂ ਝੂਠਾ ਜਿੱਤ ਹੀ ਜਾਊ, ਤੂੰ ਜੇ ਨਾ ਬੋਲਿਆ ਡਰਦਾ ।
No comments:
Post a Comment