ਗੀਤ
ਡੁੱਬਾ ਚੇਤ ਵਿਸਾਖੀ ਆਈ, ਕਣਕਾਂ ਜੋਬਨ ਚੜ੍ਹੀਆਂ।
ਸਾਰੇ ਪਾਸੇ ਪੱਸਰ ਗਈਆਂ, ਸੋਨ ਸੁਨਹਿਰੀ ਲੜੀਆਂ।
ਬਚਪਨ ਲੰਘ ਜਵਾਨੀ ਲੰਘੀ, ਫਸਲਾਂ ਰੂਪ ਵਟਾਇਆ।
ਚਾਰ ਚੁਫੇਰੇ ਸੋਨੇ ਰੰਗਾ, ਕੁਦਰਤ ਟਾਟ ਵਿਛਾਇਆ।
----
ਛੋਲੇ ਪੱਕੇ ਸਰਵਾਂ ਪੱਕੀਆਂ, ਜੱਟੀ ਨੱਚ ਨੱਚ ਗਾਵੇ।
ਰੱਬ ਤਾਈਂ ਕਰੇ ਅਰਜੋਈ, ਫਸਲ ਛੇਤੀ ਘਰ ਆਵੇ।
ਪੈਣ ਛਰਾਟੇ ਬੱਦਲ ਗੱਜੇ, ਜੱਟ ਪਿਆ ਡੁੱਬ ਡੁੱਬ ਜਾਵੇ।
ਬੋਲੇ ਬੱਦਲ ਦਾ ਕੀ ਭਰਵਾਸਾ, ਸਭ ਕੁਝ ਰੋੜ੍ਹ ਲੈ ਜਾਵੇ।
----
ਹਨੇਰੀ ਆਵੇ ਝੱਖੜ ਆਵੇ, ਜੱਟ ਦੀ ਨੀਂਦ ਉਡਾਵੇ।
ਸੱਧਰਾਂ ਨਾਲ ਜੋ ਸਿੰਜੀ ਖੇਤੀ, ਉਸ ਨੂੰ ਕਿਵੇਂ ਬਚਾਵੇ।
ਗੋਡੀ ਦਿੱਤੀ ਖਾਦਾਂ ਪਾਈਆਂ, ਮਹਿੰਗੇ ਭਾਅ ਦਾ ਪਾਣੀ।
ਰਾਤ ਹਨੇਰੀ ਸਿਰੀਆਂ ਮਿੱਧਦਾ, ਜੱਟ ਫਸਲਾਂ ਦਾ ਹਾਣੀ।
----
ਹੋਲੀ ਕਣਕਾਂ ਰੰਗ ਕੇ ਲੰਘੀ, ਰੰਗਿਆ ਰੂਪ ਸੁਨਹਿਰੀ
ਜੱਟ ਦੀ ਮਿਹਨਤ ਨੂੰ ਫਲ ਲੱਗੇ, ਖਿੜਗੀ ਸਿਖਰ ਦੁਪਹਿਰੀ।
ਫ਼ਸਲਾਂ ਦੀ ਭਰਪੂਰ ਜਵਾਨੀ ਵੇਖ ਕੇ ਜੱਟ ਮਸਤਾਉਂਦੇ।
ਖੇਤੀਂ ਵੇਖ ਬਹਾਰਾਂ ਨੱਚਣ, ਬੋਲੀ ਭੰਗੜੇ ਪਾਉਂਦੇ।
----
ਕੰਬਾਈਨ ਵਾਲੇ ਗੇੜੇ ਮਾਰਨ, ਅਗਾਊਂ ਮੰਗਣ ਸਾਈ।
ਜੱਟ ਤੇ ਜੱਟੀ ਕਰਨ ਸਲਾਹਾਂ, ਉਹਨਾਂ ਨਾ ਹਾਂਅ ਮਿਲਾਈ।
ਖਰਾਬ ਹੋ ਜਾਊ ਏਦਾਂ ਤੂੜੀ, ਇਹ ਪਸ਼ੂਆਂ ਦਾ ਚਾਰਾ।
ਤੂੜੀ ਦਾਣੇ ਘਰ ਲਿਆਉਣੇ, ਸੁਣ ਜੱਟਾ ਸਰਦਾਰਾ।
----
ਦੰਦੇ ਦਾਤੀਆਂ ਤਾਈਂ ਕਢਾ ਕੇ, ਜੱਟ ਸੀਰੀ ਦਾ ਹੱਥ ਫੜਦਾ।
ਰੱਬ ਸੱਚੇ ਦੀ ਓਟ ਧਾਰ ਕੇ, ਪਰਾਤ ਕਿਆਰੇ ਧਰਦਾ।
ਢੋਲ ਢਮੱਕੇ ਦੇ ਵਿਚ ਯਾਰੋ, ਪੈ ਗਈ ਵਾਢੀ ਸਾਰੇ।
ਲਾਵੇ ਲਾਏ ਮੰਗਾਂ ਪਾਈਆਂ ਲੱਗ ਗਏ ਖਲਵਾੜੇ।
----
ਡਰੰਮ ਡੀਜ਼ਲ ਦੇ ਜੋੜ ਕੇ ਰੱਖੇ, ਭਰ ਲਏ ਕਈ ਭੰਡਾਰੇ।
ਥਰੈਸ਼ਰ ਲੱਗ ਗਏ ਘੀਂ ਘੀਂ ਕਰਦੇ, ਫੁੱਲਾਂ ਨਾਲ ਸ਼ਿੰਗਾਰੇ।
ਤੂੜੀ ਕੁੱਪ ਬੰਨ੍ਹ ਕੇ ਰੱਖੀ, ਬੋਹਲ ਮੰਡੀ ਵਿਚ ਲਾਇਆ।
ਆੜ੍ਹਤੀ ਜੱਟ ਦੇ ਅੱਗੇ ਪਿੱਛੇ, ਵਣਜ ਕਰਨੇ ਆਇਆ।
----
ਨੋਟਾਂ ਦੇ ਨਾਲ ਜੇਬਾਂ ਭਰ ਕੇ, ਜੱਟ ਮਾਰੇ ਲਲਕਾਰਾ।
ਕਾਰ ਨਵੀਂ ਕਢਾਉਣੀ ਹੁਣ, ਨਹੀਂ ਇਹਦੇ ਬਿਨਾ ਗੁਜ਼ਾਰਾ।
ਮਾਡਲ ਸਕੂਲਾਂ ਦੇ ਵਿਚ, ਹੁਣ ਮੈਂ ਬੱਚੇ ਪੜ੍ਹਨੇ ਪਾਊਂ।
ਪੁਰਾਣੇ ਕੋਠੇ ਢਾਹ ਕੇ, ਕੋਠੀ ਨਵੀਂ ਮੈਂ ਖੜ੍ਹੀ ਕਰਾਊਂ।
----
ਸ਼ਰਾਬ ਨਸ਼ੇ ਮੈਂ ਛੱਡੇ ਸਾਰੇ, ਨਹੀ ਕਚਹਿਰੀ ਹੁਣ ਮੈਂ ਜਾਣਾ।
ਲੜਾਈ ਝਗੜੇ ਕਰ ਕੇ, ਹੁਣ ਨਹੀਂ ਆਪਣਾ ਘਰ ਲੁਟਾਣਾ।
ਅਨਪੜ੍ਹਾਂ ਦਾ ਕੰਮ ਨਹੀਂ ਖੇਤੀ, ਹੁਣ ਪੜ੍ਹਿਆਂ ਦਾ ਇਹ ਕਾਰਾ।
ਪੜ੍ਹੇ ਲਿਖੇ ਖੇਤੀ ਵਿਚ ਅੱਗੇ, ਅਨਪੜ੍ਹ ਕਰਮਾਂ-ਮਾਰਾ।
‘ਪੰਨੂੰ’ ਜੱਟ ਵਿਚਾਰਾ ਸਮਝੋ ‘ਚਰਨਜੀਤ’ ਦਾ ਕਹਿਣਾ।
ਸੋਚ ਸਮਝ ਕੇ ਖੇਤੀ ਕਰਨੀ, ਜੇ ਕੁਝ ਨਫ਼ਾ ਕਮਾਉਣਾ।
No comments:
Post a Comment