ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, April 27, 2009

ਸੁਰਿੰਦਰ ਸਿੰਘ ਸੀਰਤ - ਗ਼ਜ਼ਲ

ਸਾਹਿਤਕ ਨਾਮ: ਸੁਰਿੰਦਰ ਸਿੰਘ ਸੀਰਤ

ਜਨਮ ਅਸਥਾਨ : ਪਿੰਡ ਸੈਦ ਪੁਰਾ, ਪੁਲਵਾਮਾ, ਕਸ਼ਮੀਰ

ਅਜੋਕਾ ਨਿਵਾਸ: ਯੂ.ਐੱਸ.ਏ.

ਕਿਤਾਬਾਂ: ਕਵਿਤਾ-ਸੰਗ੍ਰਹਿ: :ਛੱਲਾਂ (1980) ) ਖ਼ਲਾਅ ਚ ਟੰਗੇ ਹਰਫ਼ (1985) ਕਿਰਚਾਂ (1990) ਕਿੱਕਰ ਕੰਡੇ (1992) ਸੂਰਤ, ਸੀਰਤ ਤੇ ਸਰਾਬ (2002) ਸੇਜ, ਸੂਲੀ ਤੇ ਸਲੀਬ (2007) ਨਾਵਲ: ਭਰਮ ਭੁਲਈਆਂ(1986) ਪ੍ਰਕਾਸ਼ਿਤ ਹੋ ਚੁੱਕੇ ਹਨ। ਨਾਵਲ ਮੈਲੇ ਲੋਕ ਕਹਾਣੀ ਸੰਗ੍ਰਹਿ: ਬਿਨਾ ਅਨਵਾਨ ਪ੍ਰਕਾਸ਼ਨ ਅਧੀਨ ਹਨ।

----

ਸੀਰਤ ਸਾਹਿਬ ਨੇ ਨੀਲਸਰ, ਹੀਮਾਲ ਵਰਗੇ ਸਾਹਿਤਕ ਪਰਚਿਆਂ ਦਾ ਸੰਪਾਦਨ ਕੀਤਾ ਹੈ।1992 ਚ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਯੂ.ਐਸ.ਏ ਅਤੇ 2002 ਚ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦਾ ਨਿਰਮਾਣ ਵੀ ਕੀਤਾ ਹੈ।

----

ਇਨਾਮ-ਸਨਮਾਨ: ਜੰਮੂ ਕਸ਼ਮੀਰ ਅਕੈਡਮੀ ਆਫ ਆਰਟ,ਕਲਚਰ ਐਂਡ ਲੈਂਗੁਏਜਿਜ਼ ਵਲੋਂ ਪ੍ਰਥਮ ਪੁਸਤਕ ਪੁਰਸਕਾਰ: ਕਾਵਿ ਪੁਸਤਕ ਛੱਲਾਂ, ਗ਼ਜ਼ਲ- ਸੰਗ੍ਰਹਿ ਕਿਰਚਾਂ ਉਪਨਿਆਸ ਭਰਮ ਭੁਲਈਆਂ ਨੂੰ ਸਨਮਾਨਿਆ ਗਿਆ।

----

ਦੋਸਤੋ! ਇੱਕ ਫੋਨ ਕਾਲ ਦਾ ਮਾਣ ਰੱਖਦਿਆਂ ਸੀਰਤ ਸਾਹਿਬ ਨੇ ਆਪਣੀਆਂ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਆਰਸੀ ਲਈ ਭੇਜੀਆਂ ਹਨ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਉਹਨਾਂ ਨੂੰ ਆਰਸੀ ਦੀ ਅਦਬੀ ਮਹਿਫ਼ਲ ਖ਼ੁਸ਼ਆਮਦੀਦ ਆਖਦੀ ਹੋਈ, ਅੱਜ ਦੋ ਗ਼ਜ਼ਲਾਂ ਨੂੰ ਆਰਸੀ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

---------

ਗ਼ਜ਼ਲ

ਮੈਨੂੰ ਤਾਂ ਅਪਣੇ ਖ਼ਿਆਲਾਂ ਚ ਹਵਾ ਮਿਲਦੀ ਏ।

ਹੁੰਦੇ ਹਨ ਜਦ ਵੀ ਹਰੇ ਜ਼ਖ਼ਮ, ਸਜ਼ਾ ਮਿਲਦੀ ਏ।

----

ਜ਼ਬਤ ਵਿਚ ਰਹਿਂਦਾ ਨਹੀਂ, ਮਨ ਚਲਾ ਮਨ ਹੈ ਮੇਰਾ,

ਇਸ ਨੂੰ ਤਾਂ ਪੀੜ ਸਮੇਟਣਚ ਅਨਾ ਮਿਲਦੀ ਏ।

----

ਘੁਪ ਹਨੇਰੇ ਚ ਕਿਰਨ ਲੋਅ ਦੀ ਨਜ਼ਰ ਆਏ ਕੁਈ,

ਕਦ ਕਦੀ ਇੰਝ ਵੀ ਸੂਰਜ ਦੀ ਨਿਗ੍ਹਾ ਮਿਲਦੀ ਏ।

----

ਜਿਸ ਦੇ ਟੁਟਦੇ ਨੇ ਫ਼ਲਕ-ਧਰਤ ਵਿਚਾਲੇ ਰਿਸ਼ਤੇ,

ਐਸੇ ਪੰਛੀ ਨੂੰ ਉਦੋਂ ਹੋਰ ਖਲਾ ਮਿਲਦੀ ਏ।

----

ਸਭ ਸਵੀਕਾਰ ਨੇ ਜਿੰਨੇ ਵੀ ਤੂੰ ਮਾਰੇਂ ਪੱਥਰ,

ਜੀਣ ਲਈ ਇਸ ਚੋਂ ਵੀ ਮੈਨੂੰ ਈ ਰਜ਼ਾ ਮਿਲਦੀ ਏ।

----

ਬੁੱਤ-ਤਰਾਸ਼ਣ ਦਾ ਭਲਾ ਕੌਣ ਭਰੇ ਦਮ ਏਥੇ,

ਹਰਿਕ ਪੱਥਰ ਚ ਕੁਈ ਲੁਕਵੀਂ ਕਲਾ ਮਿਲਦੀ ਏ।

----

ਇਸ ਸ਼ਿਵਾਲੇ ਨੂੰ ਮੈਂ ਜਦ ਜਦ ਵੀ ਸਮਰਪਿਤ ਹੋਇਆ,

ਇਸ ਚੋਂ ਗੁਮਰਾਹ ਹੋਏ ਇਕ ਯੁਗ ਦੀ ਸਦਾ ਮਿਲਦੀ ਏ।

----

ਕਿੰਝ ਇਹਸਾਸ ਦੇ ਪੈਰਾਂਚ ਪਈ ਹੈ ਬੇੜੀ,

ਹਰਿਕ ਚਿਹਰੇ ਚੋਂ ਕਿਸੇ ਡਰ ਦੀ ਵਜ੍ਹਾ ਮਿਲਦੀ ਏ।

---

ਇਹ ਹਕੀਕਤ ਏ, ਨਿਰਾ ਸ਼ੌਕ ਨਹੀਂ ਹੈ ਮੇਰਾ

ਆਈਨਾ ਤੋੜ ਕੇ 'ਸੀਰਤ' ਨੂੰ ਸ਼ਫ਼ਾ ਮਿਲਦੀ ਏ।

=======

ਗ਼ਜ਼ਲ

ਕੈਸੇ ਪਰਛਾਵੇਂ ਨਗਰ ਤੇ ਛਾ ਗਏ ਹਨ।

ਹਰ ਨਜ਼ਰ ਵਿਚ ਤੀਰਗੀ ਫੈਲਾ ਗਏ ਹਨ।

----

ਕੁਝ ਨਜ਼ਰ ਵਿਚ ਐਸਾ ਜੋ ਦਿਸਦਾ ਨਹੀਂ ਹੈ,

ਜ਼ਿਹਨ ਤੇ ਪਰ ਧੁਖਦੇ ਮੰਜ਼ਰ ਛਾ ਗਏ ਹਨ।

----

ਹਰ ਦਿਸ਼ਾ ਵਿਚ ਅੱਗ, ਧੂੰਆਂ, ਗੋਲੀਆਂ ਹਨ

ਰੌਸ਼ਨੀ ਦੇ ਸ਼ਹਿਰ ਨ੍ਹੇਰੇ ਆ ਗਏ ਹਨ।

----

ਇਕ ਜਨੂੰਨੀ ਖੇਡ ਵੀ ਅਜ ਤਕ ਨ ਪੁੱਗੀ,

ਸਿਰ ਫਿਰੇ ਕੁਝ ਲੋਕ ਪਰ ਬੁਖਲਾ ਗਏ ਹਨ।

----

ਕਰਬਲਾ ਵਿਚ ਹੱਕ ਦੀ ਲੜ ਜਾ ਲੜਾਈ,

ਜੋ ਭਿੜੇ ਹਨ ਆਪਣੇ ਮੁਲ ਪਾ ਗਏ ਹਨ।

----

ਨਾਅਰਾ ਏ ਹੱਕ , ਸਾਂਈ ਦਾ ਸਾਂਝਾ ਸੁਨੇਹਾ,

ਤੇਰੇ ਮੁਰਸ਼ਿਦ ਤੈਨੂੰ ਬਸ ਭਟਕਾ ਗਏ ਹਨ।

----

ਸੱਤਾ ਦੇ ਨ੍ਹੇਰੇ ਚੋਂ ਤੂੰ ਵੀ ਬਾਹਰ ਆ ਜਾ,

ਵੇਖ ਲੈ, ਜੁਗਨੂੰ ਕੀ ਰਾਹ ਦਿਖਲਾ ਗਏ ਹਨ।

----

ਨਾ ਕੁਈ ਆਹਟ, ਨ ਹੀ ਸੰਕੇਤ ਕੋਈ,

ਵਾਵਰੋਲੇ ਰੇਤ ਦੇ ਘਰ ਢਾਹ ਗਏ ਹਨ।

----

ਮੈਂ, ਭਰਮ ਮੇਰਾ, ਜਾਂ 'ਸੀਰਤ' ਹੀ ਮਿਰੀ ਹੀ,

ਆਪੋ ਅਪਣੇ ਰੰਗ ਸਭ ਵਰਤਾ ਗਏ ਹਨ।


3 comments:

Davinder Punia said...

Main Seerat Sahib da chir to fan haan, ihna diaan ghazlaan kaee thavaan te parhiaan han, soorat seerat ate azaab vi parhi hai,us nu ihna ne 9 gharaan vich matlab 9 behraan vich vand ke pesh kita hai jo shayad pehli vaar hoia hai, ih gall arooz de students laee vi lahevand ho sakdi hai, us vichle mukhbandh de vicharaan nal main bilkul sehmat han, saanu gallbaat vich punjabi de shaer vi quote karne chahide han ate syllabi vich ghazal bare text de naal naal ghazal da shaastar vi vidyaarthiaan nu parhaona chahida hai.ghazal di chetna phailaaon laee ihna di soch bahut kaargar siddh ho sakdi hai. badi khushi hoi ihna nu aarsi te dekhke.
Seerat ji da har misra vilakkhan hunda hai ate shaer nirale hunde han. arooz ate boli de pakkh to ihna di ghazal bahut ameer hundi hai.

Charanjeet said...

seerat saahin diyaan ghazlaan pesh karan da shukriya

हरकीरत ' हीर' said...

ਸਭ ਸਵੀਕਾਰ ਨੇ ਜਿੰਨੇ ਵੀ ਤੁੰ ਮਾਰੇ ਪੱਥਰ
ਜੀਣ ਲਈ ਇਸ ਚੋਂ ਵੀ ਮੈਨੂ ਈ ਰਜ਼ਾ ਮਿਲਦੀ ਏ

ਬਹੁਤ ਖੂਬ........!!

ਬੂਤ ਤਰਾਸ਼ਣ ਦਾ ਭਲਾ ਕੌਣ ਭਰੇ ਦਮ ਏਥੇ
ਹਰਿਕ ਪੱਥਰ 'ਚ ਕੋਈ ਲੁਕਵੀਂ ਕਲਾ ਮਿਲਦੀ ਹੈ

ਵਾਹ....ਜੀ..ਵਾਹ....ਸੀਰਤ ਜੀ ਬਹੁਤ ਵਧੀਆ....!!

Tandeep ji bahot bahot shukriya Sirat ji jaise mahan gazalkaron se parichay karvane ke liye.....!!