*******
ਗ਼ਜ਼ਲ
ਸਾਨੂੰ ਰਾਸ ਨਾ ਆਇਆ ਪਿਆਰ ਅਮੀਰਾਂ ਦਾ।
ਮਹਿਲਾਂ ਵਿਚ ਸੀ ਦਿਲ ਉਪਰਾਮ ਫ਼ਕੀਰਾਂ ਦਾ।
----
ਮੌਤ-ਸੁਨੇਹਾ ਆਇਆ ਜਦ, ਮੁੜ ਜਾਵਾਂਗੇ,
ਦੇਸ ਪਰਾਏ ਵਿਚ ਕੀ ਜ਼ੋਰ ਸਫ਼ੀਰਾਂ ਦਾ।
----
ਸਾਨੂੰ ਨਿੱਡਰ ਕੀਤਾ ਮੌਤ ਜਿਹੀ ਭੁੱਖ ਨੇ,
ਸਾਨੂੰ ਡਰ ਕੀ ਜੇਲ੍ਹਾਂ ਦਾ ਜ਼ੰਜੀਰਾਂ ਦਾ।
----
ਲੀਰਾਂ ਲੀਰਾਂ ਕਰ ਛੱਡਿਆ ਦਿਲ ਯਾਦਾਂ ਨੇ,
ਦਿਲ ਹੈ ਗ਼ਮ ਦੀ ਖਿੱਦੋ, ਗੋਲ਼ਾ ਲੀਰਾਂ ਦਾ।
----
ਬਾਜਾਂ ਵਾਲੇ ਦਾ ਹੱਥ ਸਾਡੇ ਸਿਰ ’ਤੇ ਹੈ,
ਸਾਡੇ ਸਿਰ ’ਤੇ ਸਾਇਆ ਹੈ ਸ਼ਮਸ਼ੀਰਾਂ ਦਾ।
----
ਲੋਕ ਗ਼ੁਲਾਮੀ ਨੂੰ ਵੀ ਭਾਣਾ ਮੰਨਦੇ ਨੇ,
ਕੌਣ ਕਰੇ ਛੁਟਕਾਰਾ ਇਹਨਾਂ ਕੀਰਾਂ ਦਾ।
----
ਦੇਸ ਮੇਰੇ ਵਿਚ ਲੱਖਾਂ ਰਾਹੂ ਕੇਤੂ ਨੇ,
ਮਿਹਨਤ ਕੀਕਰ ਬਦਲੇ ਰੁਖ਼ ਤਕਦੀਰਾਂ ਦਾ।
----
ਸਾਡੇ ’ਤੇ ਜੋ ਗੁਜ਼ਰੀ ਹੱਸ ਕੇ ਝੱਲਾਂਗੇ,
ਬੁਜ਼ਦਿਲ ਰੋਣ ਰੋਂਦੇ ਨੇ ਤਕਦੀਰਾਂ ਦਾ।
---
ਤੀਰ ਨਜ਼ਰ ਦੇ ਲੱਖਾਂ ਦਿਲ ਵਿਚ ਅਟਕ ਗਏ,
ਦਿਲ ਹੈ ਮੇਰਾ ਜਾਂ ਇਹ ਤਰਕਸ਼ ਤੀਰਾਂ ਦਾ।
----
ਦੁਨੀਆ ਵਿਚ ਦਿਲ ਲਾ ਕੇ ‘ਉਲਫ਼ਤ’ ਬੈਠ ਗਿਓਂ,
ਰਾਹ ਵਿਚ ਬਹਿਣਾ ਕੰਮ ਨਹੀਂ ਰਾਹਗੀਰਾਂ ਦਾ।
=====
ਗ਼ਜ਼ਲ
ਜਾਣ ਵਾਲੇ ਨੇ ਦੂਰ ਜਾਣਾ ਸੀ।
ਮੇਰੇ ਨੈਣਾਂ ਦਾ ਨੂਰ ਜਾਣਾ ਸੀ।
----
ਉਹ ਤਾਂ ਆਇਆ ਸੀ ਜਾਣ ਦੀ ਖ਼ਾਤਿਰ,
ਉਹਨੇ ਜਾਣਾ ਜ਼ਰੂਰ ਜਾਣਾ ਸੀ।
----
ਤੈਨੂੰ ਵੀ ਲੈ ਗਏ ਵਲਾਇਤ ਆਲੇ,
ਮੇਰਾ ਵੀ ਕੋਹਿਨੂਰ ਜਾਣਾ ਸੀ।
----
ਜਾਣ ਵਾਲੇ ਨੂੰ ਰੋਕਦਾ ਕਿਹੜਾ,
ਜਾਣ ਵਾਲੇ ਜ਼ਰੂਰ ਜਾਣਾ ਸੀ।
----
ਰਾਹ ’ਚ ਦੁਨੀਆ ਨੇ ਲਾ ਲਿਆ ਗੱਲੀਂ,
ਮੈਂ ਅਜੇ ਬਹੁਤ ਦੂਰ ਜਾਣਾ ਸੀ।
----
ਸੁਰਤ ਮੇਰੀ ਟਿਕਾਣੇ ਲੈ ਆਂਦੀ,
ਗ਼ਮ ਨੇ ਆਉਣਾ ਫ਼ਤੂਰ ਜਾਣਾ ਸੀ।
----
ਮਸਤ ਨਜ਼ਰਾਂ ਜੇ ਮੈਂ ਭੁਲਾ ਦੇਂਦਾ,
ਭਾਨ ਪੈਣੀ, ਸਰੂਰ ਜਾਣਾ ਸੀ।
----
ਐਵੇਂ ਕਰਦੇ ਸਾਂ ਮਾਣ ਜੋਬਨ ਦਾ,
ਮਾਣ ਟੁੱਟਣਾ, ਗ਼ਰੂਰ ਜਾਣਾ ਸੀ।
---
ਕੁਫ਼ਰਖ਼ਾਨੇ ’ਚ ਏਥੇ ਰੱਬ ਕਿੱਥੇ,
ਕਿੱਥੇ ਆਇਆਂ, ਕਸੂਰ ਜਾਣਾ ਸੀ।
----
ਬੁਝ ਗਿਆ ਹੁਸਨ ਦਾ ਚਿਰਾਗ਼ ‘ਉਲਫ਼ਤ’
ਨ੍ਹੇਰ ਪੈਣਾ ਸੀ ਨੂਰ ਜਾਣਾ ਸੀ।
----
ਤੂੰ ਜੋ ਕਵੀਆਂ ’ਚ ਆ ਗਿਆ ‘ਉਲਫ਼ਤ’
ਤੇਰਾ ਅਕਲੋ ਸ਼ਊਰ ਜਾਣਾ ਸੀ।
=========
ਗ਼ਜ਼ਲ
ਸਾਰਾ ਆਲਮ ਪਰਾਇਆ ਲਗਦਾ ਹੈ।
ਜਾਣ ਦਾ ੳਕਤ ਆਇਆ ਲਗਦਾ ਹੈ।
----
ਦਿਲ ਜੋ ਤੇਰਾ ਕਿਤੇ ਨਹੀਂ ਲਗਦਾ,
ਤੂੰ ਕਿਤੇ ਦਿਲ ਲਗਾਇਆ ਲਗਦਾ ਹੈ।
----
ਪਿਆਰ ਦੀ ਬੂੰਦ ਤਕ ਨਹੀਂ ਮਿਲਦੀ,
ਦਿਲ ਯੁਗਾਂ ਦਾ ਤਿਆਇਆ ਲਗਦਾ ਹੈ।
----
ਖ਼ਾਬ ਲਗਦਾ ਏ ਹੁਣ ਵਜੂਦ ਆਪਣਾ,
ਉਡਦੇ ਪੰਛੀ ਦਾ ਸਾਇਆ ਲਗਦਾ ਹੈ।
----
ਆਣ ਬੈਠਾਂ ਏਂ ਜੀਂਦੇ ਜੀ ਕਬਰੀਂ
ਤੈਨੂੰ ਜਗ ਨੇ ਸਤਾਇਆ ਲਗਦਾ ਹੈ।
----
ਲਭਦਾ ਫਿਰਦਾ ਏਂ ਮਸਤ ਨਜ਼ਰਾਂ 'ਚੋਂ
ਤੂੰ ਕਿਤੇ ਦਿਲ ਗੁਆਇਆ ਲਗਦਾ ਹੈ।
----
ਨਾ ਸੁਨੇਹਾ ਨਾ ਕੋਈ ਖ਼ਤ ਉਲਫ਼ਤ
ਉਸ ਨੇ ਤੈਨੂੰ ਭੁਲਾਇਆ ਲਗਦਾ ਹੈ।
4 comments:
Ulfat Bajwa sahab diaan ghazlaan kamaal han, biaan saada par pur asar hai, shaer lajavaab han, kurahe paee punjabi ghazal nu is vall vekhna chahida hai, kujh urdudaan aalochak kehnde ne ki punjabi vich shaeriyat nahi hundi bhaave hazaaraan ghazlaan likhiaan jaandiaan han par Ulfat jihe shairaan te ih gall nahi dhukkdi.
Bajwa Sahib punjabi de vadde Gazalgo han.'sara jahan mera' vich kai gazalan behadd khoobsurat han ,baar baar padan nu dil karda hai.par bajwa sahib ate gurdial roshan di edit kiti kitab 'vadhia sheyar punjabi de'apne name naal poora insaaf nahi kar saki, par ke bahut narasha hoee.classification bahut he halke paddar de kiti hai sirf sabad de bahri saroop nu base bana ke sheyar di rooh ate khiyal nu bahut jagah nazarandaaz he kar ditta giya.vaise ve bahute sheyar(3/4) 'vadiya' nahi kahe ja sakde.par name vadhiya hon karke kitab viki bahut hai.
Bajwa Sahib,diyan gazalan 'kade edhar kade odhar' ate 'yaad aaiya karnge'sanu hamesha ohna nu yaad karan da suneha dindiyan rehngiyan......
ajj ta kehnde ho k 'ulfat' mar pare magron ve leh
mar gaye 'ulfat' huri ta yaad aaiya karnge.
ustaad lekhan diyaan khoobssorat ghazlaan pesh karan da shukriya.
pehli ghazal de sher no 8 de pehle misre vich typo hai
'ron' di thaan 'rona, hai
buzdil rona ---------
Bajwa ji de naam
'' nahi bhulna vichhorha tera, saare dukh bhull jaange''
Mota Singh Sarai
Post a Comment