ਜਨਮ ਮਿਤੀ: 1949
ਜਨਮ ਸਥਾਨ: ਪੂਨਾ (ਉਂਝ ਪਿੰਡ ਮੋਖਾ, ਜ਼ਿਲ੍ਹਾ ਜਲੰਧਰ)
ਅਜੋਕਾ ਨਿਵਾਸ: ਨਿਊਯਾਰਕ, ਯੂ. ਐੱਸ.ਏ.
ਕਿਤਾਬਾਂ: ਕਾਵਿ-ਸੰਗ੍ਰਹਿ: ਸਮੁੰਦਰੀ ਹਵਾ (1986) ਪ੍ਰਕਾਸ਼ਿਤ ਹੋ ਚੁੱਕਾ ਹੈ। ਇਕ ਕਿਤਾਬ ਦਾ ਮੈਟਰ ਅਣਛਪਿਆ ਪਿਆ ਹੈ, ਲਿਖਣ ਗਤੀ ਧੀਮੀ ਇਸ ਕਰਕੇ ਕਿ ਇਕ ਇਕ ਸਤਰ ਨੂੰ ਸੈਂਕੜੇ ਵਾਰ ਸੋਚਣਾ, ਤਰਾਸ਼ਣਾ, ਸੋਧਣਾ, ਵਾਹ ਲੱਗਦੀ ਨੂੰ ਕੱਟ ਦੇਣਾ।
ਸੁਰਿੰਦਰ ਸੋਹਲ
ਯੂ.ਐੱਸ.ਏ.
----
ਦੋਸਤੋ! ਸੁਰਿੰਦਰ ਸੋਹਲ ਸਾਹਿਬ ਨੇ ਅੱਜ ਨਿਊਯਾਰਕ ਵਸਦੇ ਸ਼ਾਇਰ ਦਲਜੀਤ ਮੋਖਾ ਜੀ ਦੀ ਇੱਕ ਬੇਹੱਦ ਖ਼ੂਬਸੂਰਤ ਨਜ਼ਮ ਆਰਸੀ ਲਈ ਭੇਜੀ ਹੈ। ਮੈਂ ਸਾਰੇ ਪਾਠਕ/ਲੇਖਕ ਦੋਸਤਾਂ ਵੱਲੋਂ ਮੋਖਾ ਸਾਹਿਬ ਨੂੰ ਜੀਅ ਆਇਆਂ ਆਖਦੀ ਹੋਈ, ਉਹਨਾਂ ਦੀ ਨਜ਼ਮ ਨੂੰ ਆਰਸੀ ‘ਚ ਸ਼ਾਮਲ ਕਰ ਰਹੀ ਹਾਂ। ਸੋਹਲ ਸਾਹਿਬ ਦਾ ਵਿਸ਼ੇਸ਼ ਧੰਨਵਾਦ ਜੋ ਨਿੱਜੀ ਰੁਝੇਵਿਆਂ ‘ਚੋਂ ਵਕਤ ਕੱਢ ਕੇ ਆਰਸੀ ‘ਚ ਨਿਊਯਾਰਕ ਸਹਿਤ ਵਸਦੇ ਸ਼ਾਇਰਾਂ ਦੀ ਹਾਜ਼ਰੀ ਲਵਾਉਂਦੇ ਰਹਿੰਦੇ ਹਨ। ਤੁਹਾਡੇ ਸਭ ਅੱਗੇ ਬੇਨਤੀ ਹੈ ਕਿ ਇਹ ਉੱਦਮ ਤੁਸੀਂ ਵੀ ਜ਼ਰੂਰ ਕਰੋ। ਵਧੀਆ ਲਿਖਣ ਵਾਲ਼ੇ ਆਪਣੇ ਮਹਿਬੂਬ ਲੇਖਕ ਸਾਹਿਬਾਨ ਤੇ ਦੋਸਤਾਂ ਨੂੰ ਆਰਸੀ ਦਾ ਲਿੰਕ ਭੇਜੋ ਤੇ ਉਹਨਾਂ ਦੀ ਹਾਜ਼ਰੀ ਜ਼ਰੂਰ ਲਵਾਓ, ਆਰਸੀ ਆਪਣਾ ਸਭ ਦਾ ਸਾਂਝਾ ਬਲੌਗ ਹੈ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ‘ਤਮੰਨਾ’
============
ਮੱਕਾ
ਨਜ਼ਮ
ਮਹਿਬੂਬ ਦੇ ਬੰਦ ਹੋਠਾਂ ਤੋਂ
ਅਬੋਲੇ ਪਰਤ ਆਵਣ ’ਚ
ਸ਼ਬਦ ਮੁੱਕ ਨਹੀਂ ਜਾਂਦੇ
ਅਰਥ ਮੂਕ ਨਹੀਂ ਹੁੰਦੇ
................
ਬੰਦ ਬੂਹਿਆਂ ਦੀ ਦਹਿਲੀਜ਼ ਤੋਂ
ਬੇਰੰਗ ਪਰਤ ਆਵਣ ’ਚ
ਸਾਹਾਂ ’ਚ ਰਕਤ ਨਹੀਂ ਰੁਕਦਾ
ਰਕਤ ਦੀ ਚਾਲ ਨਹੀਂ ਜੰਮਦੀ
..................
ਸਿਰਫ਼ ਜੰਮਦੀ ਹੈ
ਅਹਿਸਾਸਾਂ ਦੀ ਇਕ ਜਗਦੀ ਰਾਤ
ਹੱਡਾਂ ਨੂੰ ਠਾਰਦੀ ਇਕ ਰਾਤ ਉੱਤਰੇ
ਆਤਮਾ ਨਿਚੋੜਦੀ ਇਕ ਰਾਤ ਪਸਰੇ
.....................
ਜਦ ਇਹ ਪਿਘਲ਼ਦੀ ਹੈ
ਸਾਡੇ ਜ਼ਿਹਨ ’ਚ
ਇਕ ਅੱਗ ਦਾ ਮੱਕਾ ਜਣਦੀ ਹੈ
ਮੱਕੇ ਦੀ ਇਬਾਦਤ ’ਚ
ਅਸੀਂ ਮੱਕਾ ਨਹੀਂ ਹੁੰਦੇ
ਮੱਕੇ ਸਿਰਜਦੇ ਹਾਂ
....................
ਕਈ ਹੋਰ ਮੱਕੇ
ਨਿਰੰਤਰ ਸਿਰਜਣਾ ਦੇ ਮੱਕੇ
ਚਮੜੀ ਦੀ ਅਗਨ ’ਚ
ਮੱਥੇ ਦੀ ਮਣੀ ’ਚੋਂ...
ਕਿ ਸਿਰਜਣਾ ਹੀ ਬਖ਼ਸ਼ਦੀ ਹੈ
ਮੱਕਿਆਂ ਨੂੰ ਜ਼ਿੰਦਗੀ…
3 comments:
ਮੇਰਾ ‘ਮੱਕਾ’ ਨਜ਼ਮ ਉੱਤੇ ਕੁਮੈਂਟ ਕਰਨ ਦਾ ਹੀਆ ਤੇ ਨਹੀਂ ਪੈ ਰਿਹਾ, ਪਰ ਮੈਂ ਸਿਰਜਣਾ ਦੀ ਉਸ ਘੜੀ ਨੂੰ ਸਲੂਟ ਵੀ ਕਰਨਾ ਚਾਹੁੰਨਾ ਜਦੋਂ ਇਹ ਨਜ਼ਮ ਲਿਖੀ ਗਈ। ਸਿਰਜਣਾ ਦੇ ਕੁਝ ਪਲ ਪੂਜਣਯੋਗ ਹੁੰਦੇ ਹਨ, ਜਦੋਂ ਕੋਈ ਆਪਣੀ ਆਤਮਾ ਦਾ ਨਿਚੋੜ ਕੱਢ ਕੇ ਸਿਰਜਣਾ ਵਿਚ ਪਾਉਂਦਾ ਹੈ।
ਵੈਸੇ ਸਿਰਜਣ ਪ੍ਰਕਿਰਿਆ ਸਮੇਂ ਮਨੁੱਖ ਉਸਦੇ ਨੇੜੇ ਹੁੰਦਾ ਹੋਇਆ ਵੀ ਬਹੁਤ ਦੂਰ ਹੁੰਦਾ ਹੈ ਤੇ ਕੋਈ ਬਹੁਤ ਦੂਰ ਹੁੰਦਾ ਹੋਇਆ ਵੀ ਅਤਿ ਨੇੜੇ, ਜਿਸਦਾ ਸਾਨੂੰ ਪਤਾ ਨਹੀਂ ਹੁੰਦਾ। ਮਨੁੱਖ ਤਾਂ ਡੱਲ ਏਨਾ ਹੈ ਕਿ ਉਹ ਤਾਂ ਕੋਸ਼ਿਸ਼ ਕਰਕੇ ਕੋਈ ਚੱਜ ਦੀ ਪੇਂਟਿੰਗ ਵੀ ਨਹੀਂ ਬਣਾ ਸਕਦਾ, ਫਿਰ ਏਨੀਆ ਸੋਹਣੀਆਂ (ਜੀਵਤ ਤੇ ਅਜੀਵਤ) ਸਿਰਜਣਾਵਾਂ ਦੇ ਵਿਚ ਤਾਂ ਕੋਈ ਦੈਵੀ ਹੱਥ ਹੀ ਮਦਦਗਾਰ ਹੁੰਦੇ ਹੋਣਗੇ।
ਸਿਰਜਣਾ ਦੇ ਪੱਖ ਤੋਂ ‘ਮੱਕਾ’ ਨਜ਼ਮ ਆਪਣਾ ਇਕ ਪੜਾਅ ਪੂਰਾ ਕਰਕੇ ਮਗਰਲੇ ਪੈਰ੍ਹੇ ਵਿਚ ਬਿਲਕੁਲ ਮੌਲਿਕ ਤੇ ਤਾਜ਼ੇ ਖ਼ਿਆਲ ਨਾਲ ਆਪਣੀ ਸਿਖਰ ਦੀ ਉਡਾਣ ਭਰਦੀ ਹੈ-
…ਕਈ ਹੋਰ ਮੱਕੇ
ਨਿਰੰਤਰ ਸਿਰਜਣਾ ਦੇ ਮੱਕੇ
ਚਮੜੀ ਦੀ ਅਗਨ ’ਚ
ਮੱਥੇ ਦੀ ਮਣੀ ’ਚੋਂ
ਕਿ ਸਿਰਜਣਾ ਹੀ ਬਖ਼ਸ਼ਦੀ ਹੈ
ਮੱਕਿਆਂ ਨੂੰ ਜ਼ਿੰਦਗੀ…
ਵਾਕਿਆ ਹੀ ਸਿਰਜਣਾ ਦੀ ਨਿਰੰਤਰ ਪ੍ਰਕਿਰਿਆ ਹੀ, ਮੂਰਤ ਤੇ ਅਮੂਰਤ ਸਭ ਚੀਜ਼ਾਂ ਨੂੰ ਸਦੀਵਤਾ ਬਖ਼ਸ਼ਦੀ ਹੈ ਜਦੋਂ ਚੀਜ਼ਾਂ ਫਿਰ ਦੂਜੀਆਂ ਚੀਜ਼ਾਂ ਵਿਚ ਜਿਊਣਾ ਸ਼ੁਰੂ ਕਰ ਦਿੰਦੀਆਂ ਨੇ।
ਏਥੇ ਇਕ ਗੱਲ ਹੋਰ ਕਿ ਸਾਨੂੰ ਵਾਰ ਵਾਰ ਧਾਰਮਿਕ ਬਿੰਬਾਂ ਤੇ ਰੂਪਕਾਂ ਦੀ ਸ਼ਰਨ ਵਿਚ ਜਾਣਾ ਪੈਂਦਾ ਹੈ। ਬਹੁਤੀ ਵਾਰ ਬੰਦਾ ਇਹਨਾਂ ਦੀ ਮਦਦ ਨਾਲ ਹੀ ਕੋਈ ਵੱਡੀ ਗੱਲ ਕਹਿ ਸਕਣ ਦੇ ਯੋਗ ਬਣਦਾ ਹੈ ਕਿਉਂਕਿ ਇਹ ਚਿੰਨ੍ਹ ਵੀ ਸੁਰਤ ਦੀ ਕਿਸੇ ਸਿਖਰ ’ਚੋਂ ਪੈਦਾ ਹੋਏ ਹੁੰਦੇ ਹਨ, ਪਰ ਫਿਰ ਵੀ ਸਾਨੂੰ ਇਹਨਾਂ ਨੂੰ ਵਰਤਣ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ ਕਿਉਂਕਿ ਇਹਨਾਂ ਦੀ ਪਵਿੱਤਰਤਾ ਤੇ ਵਡੱਪਣ ਹਮੇਸ਼ਾ ਕਾਇਮ ਰੱਖਣਾ ਮੁਸ਼ਕਿਲ ਹੁੰਦਾ ਹੈ।
ਹਰਪਾਲ
====
ਦੋਸਤੋ! ਹਰਪਾਲ ਜੀ ਦੀ ਇਹ ਟਿੱਪਣੀ ਅਨਮੋਲ ਫੌਂਟ 'ਚ ਆਈ ਸੀ, ਬਲੌਗ ਲਈ ਮੈਂ ਯੂਨੀਕੋਡ 'ਚ ਕਰਕੇ ਲਗਾ ਰਹੀ ਹਾਂ।
ਤਨਦੀਪ ਤਮੰਨਾ
sabh kujh harpal si ne aakh ditta hai
ik classic nazm
Khoobsurat nazam Mokha Sahib di. Tamanna ji Thanks for posting such wonderful literature here on this blog.
With Regards
Mandhir Deol
Canada
Post a Comment