ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, May 1, 2009

ਮਰਹੂਮ ਸੰਤ ਰਾਮ ਉਦਾਸੀ - ਗੀਤ

ਮਜ਼ਦੂਰ ਦਿਵਸ 'ਤੇ ਵਿਸ਼ੇਸ਼

ਦੋਸਤੋ! ਅੱਜ ਮਜ਼ਦੂਰ ਦਿਵਸ ਦੇ ਮੌਕੇ ਤੇ ਸਾਰੇ ਮਿਹਨਤਕਸ਼ ਲੋਕਾਂ ਦੇ ਨਾਮ ਮੈਂ ਲੋਕ ਕਵੀ ਮਰਹੂਮ ਸੰਤ ਰਾਮ ਉਦਾਸੀ ਜੀ ਦਾ ਓਹ ਗੀਤ ਕਰ ਰਹੀ ਹਾਂ , ਜੋ ਉਦਾਸੀ ਸਾਹਿਬ ਦੀ ਯਾਦ ਚ ਤਿੰਨ ਕੁ ਸਾਲ ਪਹਿਲਾਂ ਕੀਤੇ ਰੇਡਿਓ ਪ੍ਰੋਗ੍ਰਾਮ ( 94.7 ਐੱਫ.ਐੱਮ. ਕੈਲਗਰੀ ਤੋਂ) ਚ ਵੈਨਕੂਵਰ ਤੋਂ ਹਰਪ੍ਰੀਤ ਸਿੰਘ ਜੀ ਨੇ ਆਪਣੀ ਬੇਹੱਦ ਸੁਰੀਲੀ ਆਵਾਜ਼ ਚ ਗਾ ਕੇ ਸੁਣਾਇਆ ਸੀ। ਇਸ ਪ੍ਰੋਗ੍ਰਾਮ ਚ ਮੇਰੇ ਨਾਲ਼ ਗੱਲਬਾਤ ਚ ਹਿੱਸਾ ਲੈਣ ਲਈ ਏਅਰ ਤੇ ਵੈਨਕੂਵਰ ਤੋਂ ਲੇਖਕ ਅੰਮ੍ਰਿਤ ਦੀਵਾਨਾ ਜੀ ਹਾਜ਼ਰ ਸਨ। ਉਸ ਗੀਤ ਦੀ ਆਡਿਓ ਅੱਜ ਲੱਭ ਗਈ ਤਾਂ ਸੋਚਿਆ ਕਿਉਂ ਨਾ ਟਾਈਪ ਕਰਕੇ ਇਹ ਮੇਰਾ ਮਨਪਸੰਦ ਗੀਤ ਤੁਹਾਡੀ ਸਭ ਦੀ ਨਜ਼ਰ ਕੀਤਾ ਜਾਵੇ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*******

ਸੀਰੀ ਤੇ ਜੱਟ ਦੀ ਸਾਂਝੀ ਵਿਥਿਆ ਦੇ ਨਾਂ...

ਗੀਤ

ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ,

ਬੋਹਲ਼ਾਂ ਵਿਚੋਂ ਨੀਰ ਵਗਿਆ।

ਓਏ!ਲੈ ਆ ਤੰਗਲ਼ੀ ਨਸੀਬਾਂ ਨੂੰ ਫਰੋਲ਼ੀਏ

ਤੂੜੀ ਵਿਚੋਂ ਪੁੱਤ ਜੱਗਿਆ।

ਓ ਲੈ ਆ ਤੰਗਲ਼ੀ............

ਓ ਲੈ ਆ ਤੰਗਲ਼ੀ............

----

ਸਾਡੇ ਪਿੜ ਵਿਚ ਤੇਰੇ ਗਲ਼ ਚੀਥੜੇ ਨੀ

ਮੇਰੀਏ ਜਵਾਨ ਕਣਕੇ।

ਕੱਲ੍ਹ ਸ਼ਾਹਾਂ ਦੇ ਗੋਦਾਮਾਂ ਵਿਚੋਂ ਨਿਕਲ਼ੇਂ,

ਤੂੰ ਸੋਨੇ ਦਾ ਪਟੋਲਾ ਬਣ ਕੇ।

ਤੂੰ ਵੀ ਬਣ ਗਿਆ ਗ਼ਮਾਂ ਦਾ ਗੁਮੰਤਰੀ

ਓ ਮੇਰੇ ਬੇਜ਼ੁਬਾਨ ਢੱਗਿਆ........

ਓ ਲੈ ਆ ਤੰਗਲ਼ੀ............

----

ਸਾਡਾ ਘੁੱਟੀਂ-ਘੁੱਟੀਂ ਤੇਲ ਖ਼ੂਨ ਪੀ ਗਿਆ,

ਤੇ ਖਾਦ ਖਾ ਗਈ ਹੱਡ ਖਾਰ ਕੇ।

ਬੋਲੇ ਬੈਂਕ ਦੀ ਤਕਾਵੀ ਵਹੀ ਅੰਦਰੋਂ,

ਬਈ ਬੋਹਲ਼ ਨੂੰ ਖੰਗੂਰਾ ਮਾਰ ਕੇ।

ਸਾਨੂੰ ਬਿਜਲੀ ਝੰਜੋੜਾ ਏਨਾ ਮਾਰਿਆ

ਕਿ ਸੱਧਰਾਂ ਨੂੰ ਲਾਂਬੂ ਲੱਗਿਆ।

ਓ ਲੈ ਆ ਤੰਗਲ਼ੀ............

----

ਨੀ ਧੀਏ! ਕਿਹੜੇ ਨੀ ਭੜੋਲੇ ਵਿਚ ਡੱਕ ਲਾਂ,

ਮੈਂ ਤੇਰੀਆਂ ਜਵਾਨ ਸੱਧਰਾਂ।

ਵੱਢ ਖਾਣੀਆਂ ਸੱਸਾਂ ਦਾ ਰੂਪ ਧਾਰਿਆ,

ਹੈ ਸਾਡੀਆਂ ਸਮਾਜੀ ਕਦਰਾਂ।

ਧੀਏ! ਕਿਹੜੇ ਮੈਂ ਨਜੂਮੀਆਂ ਨੂੰ ਪੁੱਛ ਲਾਂ,

ਕਿਉਂ ਚੰਨ ਨੂੰ ਸਰਾਪ ਲੱਗਿਆ?

ਓ ਲੈ ਆ ਤੰਗਲ਼ੀ............

----

ਸੁੱਕੇ ਜਾਣ ਨਾ ਬੋਹਲ਼ਾਂ ਦਾ ਮਾਰ ਮਗਰਾ

ਜੋ ਮਾਰਦੇ ਨੇ ਜਾਂਦੇ ਚਾਂਗਰਾਂ।

ਅੱਕ ਝੱਖੜਾਂ ਨੇ ਤੂੜੀ ਨੂੰ ਬਖੇਰਿਆ

ਹੈ ਖੇਤਾਂ ਚ ਬਰੂਦ ਵਾਂਗਰਾਂ।

ਹੁਣ ਸਾਡਿਆਂ ਹੀ ਹੱਥਾਂ ਨੇ ਹੀ ਚੋਵਣਾ

ਜੋ ਮਿਹਨਤਾਂ ਨੂੰ ਮਾਖੋਂ ਲੱਗਿਆ।

ਓ ਲੈ ਆ ਤੰਗਲ਼ੀ............

4 comments:

Gurmeet Brar said...

ਮਘਦਾ ਰਹੀਂ ਵੇ ਸੂਰਜਾ
ਕੰਮੀਆਂ ਦੇ ਵੇਹੜੇ....

Unknown said...

Udasi, udasi hai. us warga hor koe nahi.

Charanjeet said...

ih bimb ne haqq de
haqq bolde de

Rector Kathuria said...

ਤਨਦੀਪ ਤਮੰਨਾ ਜੀ ,

ਤੁਹਾਡਾ ਉਪਰਾਲਾ ਬਹੁਤ ਹੀ ਚੰਗਾ ਹੈ ਜਿਸ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਏ ਘੱਟ ਹੈ.

ਰੈਕਟਰ ਕਥੂਰੀਆ