ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, July 24, 2009

ਵਿਸ਼ਾਲ - ਨਜ਼ਮ

ਸਾਹਿਤਕ ਨਾਮ: ਵਿਸ਼ਾਲ

ਜਨਮ: ਬਿਆਸ ( ਪੰਜਾਬ)

ਅਜੋਕਾ ਨਿਵਾਸ: ਪਿਛਲੇ ਨੌਂ ਕੁ ਸਾਲਾਂ ਤੋਂ ਇਟਲੀ ਰਹਿ ਰਹੇ ਹਨ।

ਕਿਤਾਬਾਂ: ਕਾਵਿ-ਸੰਗ੍ਰਹਿ: ਤਿਤਲੀ ਤੇ ਕਾਲ਼ੀ ਹਵਾ, ਕੈਨਵਸ ਕੋਲ਼ ਪਈ ਬੰਸਰੀ, ਮੈਂ ਅਜੇ ਹੋਣਾ ਹੈ ਅਤੇ ਵਾਰਤਕ-ਸੰਗ੍ਰਹਿ: ਥਾਰੀ ਯਾਦ ਚੋਖੀ ਆਵੈ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਵਿਸ਼ਾਲ ਜੀ ਦੀਆਂ ਨਜ਼ਮਾਂ ਅਲੱਗ-ਅਲੱਗ ਭਾਰਤੀ ਭਾਸ਼ਾਵਾਂ ਚ ਅਨੁਵਾਦ ਹੋ ਕੇ ਬਲੌਗਾਂ ਦਾ ਸ਼ਿੰਗਾਰ ਬਣ ਚੁੱਕੀਆਂ ਹਨ ਅਤੇ ਪੰਜਾਬੀ ਦੇ ਸਿਰਕੱਢ ਸਾਹਿਤਕ ਮੈਗਜ਼ੀਨਾਂ ਤੇ ਅਖ਼ਬਾਰਾਂ ਚ ਛਪਦੀਆਂ ਰਹਿੰਦੀਆਂ ਹਨ।

ਸੰਪਾਦਨ: ਵਿਸ਼ਾਲ ਜੀ ਇਟਲੀ ਤੋਂ ਛਪਦੇ 'ਇੰਡੋ-ਇਟਾਲੀਅਨ ਯੂਰਪ ਟਾਈਮਜ਼' ਦੇ ਸੰਪਾਦਕ ਵੀ ਹਨ।

---

ਦੋਸਤੋ! ਅੱਜ ਇਟਲੀ ਤੋਂ ਵਿਸ਼ਾਲ ਜੀ ਨੇ ਆਪਣੀਆਂ ਦੋ ਬੇਹੱਦ ਖ਼ੂਬਸੂਰਤ ਨਜ਼ਮਾਂ ਨਾਲ਼ ਆਰਸੀ ਦੀ ਅਦਬੀ ਮਹਿਫਿਲ ਚ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਮੈਂ ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਖ਼ੁਸ਼ਆਮਦੀਦ ਆਖਦੀ ਹੋਈ, ਦੋਵਾਂ ਨਜ਼ਮਾਂ ਨੂੰ ਅੱਜ ਦੀ ਪੋਸਟ ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ।

********************

ਆਪਣੇ ਮੱਠ ਵੱਲ

ਨਜ਼ਮ

ਵਕ਼ਤ ਦੇ ਗੇੜ ਚ ਰਿੜਕਦਾ

ਆਪਣੇ ਅੰਦਰ ਹੀ ਥਿੜਕਦਾ...ਸੰਭਲ਼ਦਾ

ਘਰ ਵਰਗੇ ਸਾਰੇ ਅਰਥਾਂ ਦੀ ਜੁਗਾਲ਼ੀ ਕਰਕੇ

ਨਾ ਮੁੱਕਣ ਵਾਲ਼ੇ ਸਫ਼ਰ ਅੱਖਾਂ ਚ ਰੱਖ ਕੇ

ਮੈਂ ਬਹੁਤ ਦੂਰ ਨਿਕਲ਼ ਆਇਆ ਹਾਂ

ਤੂੰ ਰਹਿ ਰਹਿ ਕੇ ਆਵਾਜ਼ ਨਾ ਦੇ

ਇਸ ਕਦਰ ਯਾਦ ਨਾ ਕਰ ਮੈਨੂੰ

ਪਰਤਣਾ ਹੁੰਦਾ ਤਾਂ

ਮੈਂ ਬਹੁਤ ਪਹਿਲਾਂ ਹੀ ਪਰਤ ਆਉਂਣਾ ਸੀ

................

ਸਮੁੰਦਰ, ਹੱਦਾਂ, ਸਰਹੱਦਾਂ ਵੀ

ਬਹੁਤ ਛੋਟੇ ਨੇ ਮੇਰੇ ਸਫ਼ਰਾਂ ਤੋਂ

ਚਮਕਦੇ ਦੇਸ਼ ਦੀਆਂ ਰੌਸ਼ਨੀਆਂ

ਬਹੁਤ ਮੱਧਮ ਨੇ ਮੇਰੇ ਹਨੇਰਿਆਂ ਲਈ

...................

ਪਤਾ ਨਹੀਂ ਕਿ ਮੈਂ ਤਲਾਸ਼ ਵੱਲ ਹਾਂ

ਕਿ ਤਲਾਸ਼ ਮੇਰੇ ਵੱਲ ਤੁਰੀ ਹੈ

ਮੈਨੂੰ ਨਾ ਬੁਲਾ

ਸਿਕਲੀਗਰ ਪਰਤ ਕੇ ਨਹੀਂ ਵੇਖਦੇ

ਮੈਂ ਆਪਣੀ ਹੋਂਦ ਤੇ

ਦੰਭੀ ਰਿਸ਼ਤਿਆਂ ਦੇ ਕਸੀਦੇ ਨਹੀਂ ਕੱਢਣੇ ਹੁਣ

...................

ਇਕ ਉਮਰ ਬੀਤ ਗਈ ਹੈ

ਆਪਣੇ ਵਿਰੋਧ ਚ ਭੱਜਦਿਆਂ

ਮੈਂ ਰਿਸ਼ਤਿਆਂ ਤੇ ਸਲੀਕਿਆਂ ਦੀਆਂ ਆਂਦਰਾਂ ਟੁੱਕ ਕੇ

ਆਪਣਾ ਸਰਲ ਅਨੁਵਾਦ ਤੇ ਵਿਸਥਾਰ ਕਰ ਲਿਆ ਹੈ

ਤਲਿਸਮ ਦੇ ਅਰਥ ਬਦਲ ਗਏ ਨੇ ਮੇਰੇ ਲਈ

.........................

ਰਕਬਾ ਛੋਟਾ ਹੋ ਗਿਆ ਹੈ ਮੇਰੇ ਫੈਲਾਅ ਤੋਂ

ਇਹ ਤਾਂ ਮੇਰੇ ਪਾਣੀਆਂ ਦੀ ਕਰਾਮਾਤ ਹੈ

ਕਿ ਦਿਸ਼ਾਵਾਂ ਤੋਂ ਪਾਰ ਦੀ ਮਿੱਟੀ ਸਿੰਜਣੀ ਚਾਹੁੰਦਾ ਹਾਂ

ਜਿੱਥੇ ਕਿਤੇ ਸਮੁੰਦਰ ਮੁੱਕਦੇ ਨੇ

ਮੈਂ ਉਥੇ ਵਗਣਾ ਚਾਹੁੰਦਾ ਹਾਂ

.....................

ਰਮਤੇ ਕਦੋਂ ਮੱਠਾਂ ਨੂੰ ਅਲਵਿਦਾ ਆਖਦੇ ਨੇ

ਤਾਂ ਆਪਣਾ ਜਿਸਮ

ਧੂਣੀ ਤੇ ਰੱਖ ਕੇ ਹੀ ਆਉਂਦੇ ਨੇ...!

==========

ਨਾਥਾਂ ਦਾ ਉਤਸਵ

ਨਜ਼ਮ

ਉਨ੍ਹਾਂ ਤਾਂ ਜਾਣਾ ਹੀ ਸੀ

ਜਦੋਂ ਰੋਕਣ ਵਾਲ਼ੀਆਂ ਬਾਹਵਾਂ ਨਾ ਹੋਣ

ਵੇਖਣ ਵਾਲ਼ੀ ਨਜ਼ਰ ਨਾ ਹੋਵੇ

ਸਮਝਣ ਤੇ ਸਮਝਾਉਂਣ ਵਾਲ਼ੀ ਕੋਈ ਗੱਲ ਨਾ ਬਚੇ

.....................

ਜੇ ਉਹ ਘਰਾਂ ਦੇ ਨਹੀਂ ਹੋਏ

ਤਾਂ ਘਰਾਂ ਨੇ ਵੀ ਉਨ੍ਹਾਂ ਨੂੰ ਕੀ ਦਿੱਤਾ

ਤੇ ਫੇਰ ਜੋਗੀਆਂ...ਮਲੰਗਾਂ...ਸਾਧਾਂ

ਫੱਕਰਾਂ....ਬਨਵਾਸਾਂ....ਨਾਥਾਂ

ਨਾਲ਼ ਨਾ ਜਾ ਰਲ਼ਦੇ

ਤਾਂ ਕਰਦੇ ਵੀ ਕੀ

................

ਉਹ ਬੱਸ ਇਹੋ ਹੀ ਕਰ ਸਕਦੇ ਸਨ

ਆਪਣੀ ਰੂਹ ਦੀ ਕੰਬਲ਼ੀ ਦੀ ਬੁੱਕਲ਼ ਮਾਰਦੇ

ਸਮਝੌਤਿਆਂ ਦੇ ਅਸ਼ਟਾਮ ਪਾੜਦੇ

ਆਪਣੇ ਗਵਾਹ ਆਪ ਬਣਦੇ

ਆਪਣੀ ਹਾਂ ਨਾਲ਼ ਹਾਂ ਮਿਲ਼ਾਉਂਦੇ

ਆਪਣੇ ਧਿਆਨ ਮੰਡਲ

ਸਾਂਭ ਕੇ ਆਪਣੀ ਸ਼੍ਰਿਸ਼ਟੀ

ਛੱਡ ਕੇ ਜਿਸਮ ਦਾ ਆਸ਼ਰਮ

ਆਪਣੇ ਉਨੀਂਦਰਿਆਂ ਦੀਆਂ ਚਿਲਮਾਂ ਭਰ ਕੇ

ਤੁਰ ਪੈਂਦੇ ਤੇ ਬਸ ਤੁਰ ਪੈਂਦੇ

.......................

ਫਿਰ ਉਨ੍ਹਾਂ ਇੰਝ ਹੀ ਕੀਤਾ

ਕੋਈ ਧੂਣੀ ਨਹੀਂ ਬਾਲ਼ੀ

ਪਰ ਅੱਗ ਆਪਣੀ ਨਾਲ਼

ਸੇਕਿਆ ਆਪਣੇ ਆਪ ਨੂੰ

ਕੋਈ ਭੇਸ ਨਹੀਂ ਬਦਲਿਆ

ਪਰ ਉਹ ਅੰਦਰੋਂ ਹੀ ਜਟਾਧਾਰੀ ਹੋ ਗਏ

ਕਿਸੇ ਨਾਲ਼ ਬੋਲ ਅਲਾਪ ਸਾਂਝੇ ਨਾ ਕੀਤੇ

ਨਾ ਸੁਣਿਆ ਨਾ ਸੁਣਾਇਆ

ਨਾ ਪਾਇਆ ਨਾ ਗਵਾਇਆ

ਬਸ ਉਹ ਤਾਂ ਅੰਦਰੋਂ ਹੀ ਰਿਸ਼ੀ ਹੋ ਗਏ

ਖੜਾਵਾਂ ਉਹਨਾਂ ਦੇ ਪੈਰਾਂ ਚ ਨਹੀਂ....ਅੰਦਰ ਸਨ

.......................

ਉਹਨਾਂ ਦੇ ਪੈਰਾਂ ਚ ਤਾਲ ਨਹੀਂ

ਸਗੋਂ ਤਾਲ ਚ ਉਹਨਾਂ ਦੇ ਪੈਰ ਸਨ

ਭਗਵੇਂ ਕੱਪੜੇ ਨਹੀਂ ਪਾਏ ਉਹਨਾਂ

ਉਹ ਤਾਂ ਅੰਦਰੋਂ ਹੀ ਭਗਵੇਂ ਹੋ ਗਏ

..................

ਉਹਨਾਂ ਆਪਣੀ ਮਿੱਟੀ ਚੋਂ

ਸੁਗੰਧੀਆਂ ਲੱਭਣ ਜਾਣਾ ਹੀ ਸੀ

ਫਿਰ ਉਹ ਕਦੇ ਉਪਰਾਮ ਨਹੀਂ ਹੋਏ

ਸਗੋਂ ਹਮੇਸ਼ਾ ਹੀ ਉਤਸਵ ਚ ਰਹੇ

ਕਈਆਂ ਦਾ ਨਾ ਹੋਣਾ ਹੀ

ਉਹਨਾਂ ਦਾ ਹੋਣਾ ਹੁੰਦਾ ਹੈ!


3 comments:

Unknown said...

Bahut he khoobsurat nazaman likhiyan hann.ik ik satar kamal te bhavpoorat.
ਮੈਂ ਰਿਸ਼ਤਿਆਂ ਤੇ ਸਲੀਕਿਆਂ ਦੀਆਂ ਆਂਦਰਾਂ ਟੁੱਕ ਕੇ
ਆਪਣਾ ਸਰਲ ਅਨੁਵਾਦ ਤੇ ਵਿਸਥਾਰ ਕਰ ਲਿਆ ਹੈ
ਤਲਿਸਮ ਦੇ ਅਰਥ ਬਦਲ ਗਏ ਨੇ ਮੇਰੇ ਲਈ

ਰਮਤੇ ਕਦੋਂ ਮੱਠਾਂ ਨੂੰ ਅਲਵਿਦਾ ਆਖਦੇ ਨੇ
ਤਾਂ ਆਪਣਾ ਜਿਸਮ
ਧੂਣੀ ‘ਤੇ ਰੱਖ ਕੇ ਹੀ ਆਉਂਦੇ
ਨੇ...!

ਫਿਰ ਉਨ੍ਹਾਂ ਇੰਝ ਹੀ ਕੀਤਾ
ਕੋਈ ਧੂਣੀ ਨਹੀਂ ਬਾਲ਼ੀ
ਪਰ ਅੱਗ ਆਪਣੀ ਨਾਲ਼
ਸੇਕਿਆ ਆਪਣੇ ਆਪ ਨੂੰ
ਕੋਈ ਭੇਸ ਨਹੀਂ ਬਦਲਿਆ
ਪਰ ਉਹ ਅੰਦਰੋਂ ਹੀ ਜਟਾਧਾਰੀ ਹੋ ਗਏ
ਕਿਸੇ ਨਾਲ਼ ਬੋਲ ਅਲਾਪ ਸਾਂਝੇ ਨਾ ਕੀਤੇ
ਨਾ ਸੁਣਿਆ ਨਾ ਸੁਣਾਇਆ
ਨਾ ਪਾਇਆ ਨਾ ਗਵਾਇਆ
ਬਸ ਉਹ ਤਾਂ ਅੰਦਰੋਂ ਹੀ ਰਿਸ਼ੀ ਹੋ ਗਏ
ਖੜਾਵਾਂ ਉਹਨਾਂ ਦੇ ਪੈਰਾਂ ‘ਚ ਨਹੀਂ....ਅੰਦਰ ਸਨ

.......................

ਉਹਨਾਂ ਦੇ ਪੈਰਾਂ ‘ਚ ਤਾਲ ਨਹੀਂ
ਸਗੋਂ ਤਾਲ ‘ਚ ਉਹਨਾਂ ਦੇ ਪੈਰ ਸਨ
ਭਗਵੇਂ ਕੱਪੜੇ ਨਹੀਂ ਪਾਏ ਉਹਨਾਂ
ਉਹ ਤਾਂ ਅੰਦਰੋਂ ਹੀ ਭਗਵੇਂ ਹੋ ਗਏ

ਕਈਆਂ ਦਾ ਨਾ ਹੋਣਾ ਹੀ
ਉਹਨਾਂ ਦਾ ਹੋਣਾ ਹੁੰਦਾ ਹੈ!

koe jawab nahi.congratulations!

सुभाष नीरव said...

ਤਮੰਨਾ ਜੀ, ਵਿਸ਼ਾਲ ਮੇਰਾ ਇਕ ਪ੍ਰਿਯ ਕਵੀ ਹੈ. ਕਈ ਵਰ੍ਹੇ ਪਹਿਲਾਂ ਜਦ ਵਿਸ਼ਾਲ ਨੇ ਮੈਨੂ ਆਪਣੇ ਦੋ ਕਵਿਤਾ ਸੰਗ੍ਰਿਹ ਭੇਜੇ ਸਨ, ਮੈਂ ਉਸ ਦੀਯਾਂ ਕਵਿਤਾਵਾਂ ਪੜ੍ਹ ਕੇ ਦੰਗ ਰਹਿ ਗਿਆ ਸੀ. ਮੈਂ ਆਪਣੇ ਬਲੋਗ "ਸੇਤੁ ਸਾਹਿਤ੍ਯ" ਅਤੇ " ਗਵਾਕ੍ਸ਼" ਵਿਚ ਕਈ ਕਵਿਤਾਵਾਂ ਦਾ ਹਿੰਦੀ ਅਨੁਵਾਦ ਲਾਇਆ ਸੀ ਜਿਨ੍ਹਾ ਵਿਚ ਇਹ ਦੋ ਨਜ਼ਮਾਂ ਵੀ ਸਨ. ਬਹੁਤ ਹੀ ਖੂਬਸੂਰਤ ਨਜ਼ਮਾਂ ਨੇ ਇਹ. ਜਿਨੀ ਵਾਰੀ ਪੜ੍ਹੋ ਤਾਜੀਆਂ ਤੇ ਨਵੀਆਂ ਲਗਦੀਆਂ ਹਨ.
-ਸੁਭਾਸ਼ ਨੀਰਵ
09810534373(Mobile)

Charanjeet said...

bahut khoobsoorat nazmman,vishal sahib diyaan