ਮੌਜੂਦਾ ਨਿਵਾਸ ਸਥਾਨ : ਸਾਦਾ ਪੱਤੀ, ਜੈਤੋ ਜ਼ਿਲ੍ਹਾ ਫਰੀਦਕੋਟ (ਪੰਜਾਬ)
ਪ੍ਰਕਾਸ਼ਿਤ ਪੁਸਤਕ : ਕਤਰਾ ਕਤਰਾ ਮੌਤ (ਸੰਪਾਦਿਤ ਗ਼ਜ਼ਲ ਸੰਗ੍ਰਹਿ)
ਇਨਾਮ ਸਨਮਾਨ : ਮਾਲਵਾ ਸਾਹਿਤ ਕੇਂਦਰ ਦੁਆਰਾ ਮਿੰਨੀ ਕਹਾਣੀ ਮੁਕਾਬਲੇ ਵਿਚ ਦੋ ਵਾਰ ਇਨਾਮ ਜਿੱਤਿਆ ਹੈ।
----
ਦੋਸਤੋ! ਅੱਜ ਹਰਦਮ ਸਿੰਘ ਮਾਨ ਸਾਹਿਬ ਨੇ ਆਰਸੀ ਦੀ ਅਦਬੀ ਮਹਿਫ਼ਿਲ ‘ਚ ਪਹਿਲੀ ਵਾਰ ਦੋ ਬੇਹੱਦ ਖੂਬਸੂਰਤ ਗ਼ਜ਼ਲਾਂ ਨਾਲ਼ ਸ਼ਿਰਕਤ ਕੀਤੀ ਹੈ। ਉਹ ਮੁੱਖ ਰੂਪ ਵਿਚ ਗ਼ਜ਼ਲਾਂ ਹੀ ਲਿਖਦੇ ਹਨ। ਉਹਨਾਂ ਨੇ ਉਸਤਾਦ ਸ਼ਾਇਰ ਮਰਹੂਮ ਦੀਪਕ ਜੈਤੋਈ ਸਾਹਿਬ ਪਾਸੋਂ ਗ਼ਜ਼ਲ ਅਤੇ ਗ਼ਜ਼ਲੀਅਤ ਬਾਰੇ ਕਾਫੀ ਕੁੱਝ ਸਿੱਖਿਆ ਹੈ। ਪੰਜਾਬੀ ਸਾਹਿਤ ਸਭਾ ਜੈਤੋ ਲਈ ਪਿਛਲੇ ਲੰਮੇ ਸਮੇਂ ਤੋਂ ਜਨਰਲ ਸਕੱਤਰ ਦੇ ਫ਼ਰਜ਼ ਨਿਭਾਅ ਰਹੇ ਹਨ। ਇਸ ਦੇ ਨਾਲ਼-ਨਾਲ਼ ਲੋਕ ਸੱਭਿਆਚਾਰ ਵਿਕਾਸ ਮੰਚ ਜੈਤੋ ਵੱਲੋਂ ਬਤੌਰ ਪ੍ਰਧਾਨ ਦੀ ਜ਼ਿੰਮੇਵਾਰੀ ਅਦਾ ਕਰ ਰਹੇ ਹਨ। ਮੈਂ ਆਰਸੀ ਪਰਿਵਾਰ ਵੱਲੋਂ ਮਾਨ ਸਾਹਿਬ ਨੂੰ ਖ਼ੁਸ਼ਆਮਦੀਦ ਆਖਦੀ ਹੋਈ ਦੋਵਾਂ ਗ਼ਜ਼ਲਾਂ ਨੂੰ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
*********
ਗ਼ਜ਼ਲ
ਡਲ੍ਹਕਦੇ ਨੈਣਾਂ ਦੇ ਵਿਚ ਸੁਪਨੇ ਲਈ ਫਿਰਦੇ ਰਹੇ।
ਆਪਣੀ ਹੀ ਲਾਸ਼ ਦੇ ਟੁਕੜੇ ਲਈ ਫਿਰਦੇ ਰਹੇ।
-----
ਵਕਤ ਦੀ ਸਾਜ਼ਿਸ਼ ਸੀ ਇਹ, ਨਾ ਜ਼ਿੰਦਗੀ ਨੂੰ ਵਰ ਸਕੇ
ਉਮਰ ਭਰ ਹੱਥਾਂ ਦੇ ਵਿਚ ਸਿਹਰੇ ਲਈ ਫਿਰਦੇ ਰਹੇ।
-----
ਰੌਸ਼ਨੀ ਦੀ ਝਲਕ-ਮਾਤਰ ਵੀ ਨਹੀਂ ਹੋਈ ਨਸੀਬ
ਸੁੰਨੀਆਂ ਮੜ੍ਹੀਆਂ 'ਚ ਉਹ ਦੀਵੇ ਲਈ ਫਿਰਦੇ ਰਹੇ।
----
ਜ਼ਿੰਦਗੀ ਦੀ ਭੂਮਿਕਾ ਵੀ ਹਾਇ ਸੀ ਕਿੰਨੀ ਅਜੀਬ
ਦਿਲ ‘ਚ ਗ਼ਮ ਬੁਲ੍ਹਾਂ ਤੇ ਪਰ ਹਾਸੇ ਲਈ ਫਿਰਦੇ ਰਹੇ।
----
ਜ਼ਖ਼ਮ, ਪੀੜਾਂ, ਹੌਕੇ, ਹੰਝੂ, ਰੋਸੇ-ਰੋਣੇ, ਦਰਦ, ਗ਼ਮ
ਇਸ ਤਰਾਂ ਦੇ ਕੁਝ ਅਸੀਂ ਤੋਹਫੇ ਲਈ ਫਿਰਦੇ ਰਹੇ।
----
ਮੌਤ ਵਾਂਗੂੰ ਨਾ ਕਿਸੇ ਨੇ ਲਾਇਆ ਸਾਨੂੰ ਗਲ਼ ਦੇ ਨਾਲ
ਜ਼ਿੰਦਗੀ ਵਿਚ ਸੈਂਕੜੇ ਰਿਸ਼ਤੇ ਲਈ ਫਿਰਦੇ ਰਹੇ।
----
ਦੋਸ਼ ਕੀ ਦੇਈਏ ਕਿਸੇ ਨੂੰ ਆਪਣੀ ਹੀ ਭੁੱਲ ਸੀ 'ਮਾਨ'
ਪੱਥਰਾਂ ਦੇ ਸ਼ਹਿਰ ਵਿਚ ਸ਼ੀਸ਼ੇ ਲਈ ਫਿਰਦੇ ਰਹੇ।
====
ਗ਼ਜ਼ਲ
ਵਕਤ ਦੇ ਦਾਅ-ਪੇਚ ਸਾਰੇ ਜੇ ਮੈਂ ਹੁੰਦਾ ਜਾਣਦਾ।
ਮੈਂ ਵੀ ਤਾਂ ਹੋ ਜਾਵਣਾ ਸੀ ਜ਼ਿੰਦਗੀ ਦੇ ਹਾਣਦਾ।
-----
ਉਸ ਨੇ ਕੇਰਾਂ ਸੁਪਨੇ ਅੰਦਰ ਵੇਖੀ ਸੀ ਵਗਦੀ ਨਦੀ
ਰਾਤ ਦਿਨ ਉਹ ਫਿਰ ਰਿਹਾ ਹੈ ਟਿੱਬਿਆਂ ਨੂੰ ਛਾਣਦਾ।
-----
ਸ਼ੋਖ ਰੰਗਾਂ ਦੀ ਅਦਾ ਤੋਂ ਹਰ ਕੋਈ ਕੁਰਬਾਨ ਹੈ
ਕੌਣ ਏਥੇ ਫੁੱਲਾਂ ਦੀ ਖੁਸ਼ਬੋਈ ਨੂੰ ਹੈ ਮਾਣਦਾ।
----
ਕੀ ਪਤਾ ਸੀ ਲਾਸ਼ ਉਸ ਦੀ ਧੁੱਪ 'ਚ ਇਉਂ ਸੜਦੀ ਰਹੂ
ਆਪਣੇ ਪਰਛਾਵੇਂ 'ਤੇ ਵੀ ਜੋ ਸੀ ਛਤਰੀ ਤਾਣਦਾ।
-----
ਕਦ ਕਿਸੇ ਨੇ ਸਮਝਿਆ ਹੈ ਟਾਹਣੀਆਂ ਦੇ ਦਰਦ ਨੂੰ
ਧੁੱਪ 'ਚ ਸੜਦੇ ਰੁੱਖਾਂ ਦੀ ਛਾਂ ਹਰ ਕੋਈ ਹੈ ਮਾਣਦਾ।
2 comments:
khoobsoorat biyaan naal, taghazzul naal bharpoor ghazlaan.Maan saab ghazal da khoob hunar rakhde han.
ਸਾਹਿਤਕ ਸਲਾਮ ਹਰਦਮ ਮਾਨ ਜੀ ,
ਆਰਸੀ ਪਰਿਵਾਰ ਚ ਹਾਜ਼ਰੀ ਲਾਉਣ ਲਈ ਜੀ ਆਇਆਂ ਨੂੰ , ਤੁਹਾਡੀਆਂ ਦੋਵੇਂ ਗ਼ਜ਼ਲਾਂ ਖੂਬਸੂਰਤ ਨੇ , ਸਾਰੇ ਸ਼ਿਅਰ ਕਮਾਲ ਦੇ ਨੇ ,ਇਵੇਂ ਹੀ ਦਰਸ਼ਨ ਦਿੰਦੇ ਰਹੋ , ਰੱਬ ਚੜ੍ਹਦੀ ਕਲਾ ਤੇ ਖੁਸ਼ ਰੱਖੇ
Post a Comment