ਰਹਿਬਰਾਂ ਦਾ ਵਣਜ ਹੈ ਹੁਣ ਹਰ ਤਰ੍ਹਾਂ ਦੇ ਜ਼ਹਿਰ ਦਾ।
ਤੜਫਦਾ ਮਿਲਦੈ ਤਦੇ ਹਰ ਸ਼ਖ਼ਸ ਮੇਰੇ ਸ਼ਹਿਰ ਦਾ।
-----
ਚੋਰ - ਡਾਕੂ ਜਿਸ ਤਰਾਂ ਸਰਗਰਮ ਨੇ ਹੁਣ ਰਾਤ - ਦਿਨ ,
ਖ਼ੌਫ਼ ਨੇ ਲੋਕਾਂ ਦਾ ਲੁੱਟਿਆ ਚੈਨ ਅੱਠੇ ਪਹਿਰ ਦਾ।
-----
ਆੜ ਲੈ ਕੇ ਧਰਮ ਦੀ ਨਾ ਖੇਡ ਖ਼ੂਨੀ ਹੋਲੀਆਂ ,
ਹਰ ਕਿਸੇ ਨੂੰ ਸੇਕ ਲੱਗਦੈ, ਬੇਵਜ੍ਹਾ ਇਸ ਕਹਿਰ ਦਾ।
-----
ਤੂੰ ਸਮੁੰਦਰ ਦਾ ਨਜ਼ਾਰਾ ਦੇਖਣਾ ਤਾਂ ਦੇਖ , ਪਰ ,
ਨਾ ਕਿਨਾਰੇ ਕੋਲ ਜਾਵੀਂ, ਕੀ ਭਰੋਸਾ ਲਹਿਰ ਦਾ।
-----
ਖ਼ੁਦ ਚਿਰਾਗ਼ਾਂ ਨੂੰ ਖ਼ਬਰ ਨਈਂ ਆਪਣੀ ਔਕਾਤ ਦੀ ,
ਰੌਸ਼ਨੀ ਅੱਗੇ ਹਨੇਰਾ ਤਾਂ ਕਦੇ ਨਈਂ ਠਹਿਰਦਾ।
-----
ਦੇਖ ਸੁੱਕੀ ਨਹਿਰ ਕਰਦੇ ਨੇ ਵਿਚਾਰਾਂ ਬਿਰਖ ਵੀ ,
ਇਸ ਤਰਾਂ ਪਹਿਲਾਂ ਕਦੇ ਰੁੱਸਿਆ ਨਈਂ ਪਾਣੀ ਨਹਿਰ ਦਾ।
-----
ਕੀ ਗ਼ਜ਼ਲ ਦੇ ਐਬ ਦੇਖੂ, ਕੀ ਉਹ ਜਾਣੂ ਖ਼ੂਬੀਆਂ ?
ਜੋ ਨਿਯਮ ਹੀ ਜਾਣਦਾ ਨਈਂ ਰੁਕਨ ਦਾ ਜਾਂ ਬਹਿਰ ਦਾ।
-----
ਜਾਣਦਾ ਹਾਂ ਤੂੰ ਬੜਾ ਮਸਰੂਫ਼ ਰਹਿਨੈਂ 'ਮਹਿਰਮਾ',
ਪਰ ਕਦੇ ਤਾਂ ਵਕਤ ਕੱਢ ਲੈ, ਕੁਝ ਦਿਨਾਂ ਦੀ ਠਹਿਰ ਦਾ।
-----
ਬਹਿ ਨਾ 'ਮਹਿਰਮ' ਬੇਧਿਆਨਾ, ਸਾਂਭ ਗਠੜੀ ਆਪਣੀ ,
ਆ ਰਿਹੈ ਤੂਫ਼ਾਨ ਚੜ੍ਹ ਕੇ , ਹੈ ਇਸ਼ਾਰਾ ਗਹਿਰ ਦਾ।
1 comment:
ਮਹਿਰਮ ਜੀ ਕਮਾਲ ਕਰ ਦਿਤਾ--
ਖ਼ੁਦ ਚਿਰਾਗ਼ਾਂ ਨੂੰ ਖ਼ਬਰ ਨਈਂ ਆਪਣੀ ਔਕਾਤ ਦੀ ,
ਰੌਸ਼ਨੀ ਅੱਗੇ ਹਨੇਰਾ ਤਾਂ ਕਦੇ ਨਈਂ ਠਹਿਰਦਾ।
Post a Comment