ਦੋ ਅਸ਼ਕ ਡਿੱਗੇ ਬੁੱਕਲ ‘ਚ, ਵਸਲ ਦੀ ਰਾਤ ਪਿੱਛੋਂ।
ਸੋਚ ਸੋਚ ਰੋਏ, ਥੰਮ ਚੁੱਕੇ ਜਜ਼ਬਾਤ ਪਿੱਛੋਂ।
-----
ਦਿਸ਼ਾ ਕਿੰਝ ਖੋ ਗਈ, ਪਾਣੀ ’ਚ ਜਹਾਜ਼ ਦੀ।
ਧੋਖਾ ਗੱਭੇ ਦੇ ਗਈ, ਸੂਈ ਕੰਪਾਸ ਦੀ।
ਸਾਹਵਾਂ ਨੇ ਝੰਝੋੜ ਲਿਆ, ਗੁਜ਼ਰੇ ਹਾਲਾਤ ਪਿੱਛੋਂ,
ਸੋਚ ਸੋਚ ਰੋਏ, ਥੰਮ ਚੁੱਕੇ ਜਜ਼ਬਾਤ ਪਿੱਛੋਂ।
-----
ਰੰਗ ਜਾਂਦੇ ਬਦਲ ਨੇ, ਤਾਸ਼ ਵਿੱਚ ਪੱਤਿਆਂ ਦੇ।
ਕਾਹਨੂੰ ਮਹਿਲ ਉਸਰਦੇ, ਕਾਗਜ਼ੀ ਗੱਤਿਆਂ ਦੇ।
ਚਾਨਣ ਅਸਾਂ ਵੇਖਿਆਂ, ਬੀਤੀ ਪ੍ਰਭਾਤ ਪਿੱਛੋਂ,
ਸੋਚ ਸੋਚ ਰੋਏ, ਥੰਮ ਚੁੱਕੇ ਜਜ਼ਬਾਤ ਪਿੱਛੋਂ।
-----
ਇਹ ਨਾ ਸਮਝ ਉਮਰ, ਜਾਂ ਅੱਲੜ੍ਹ ਨਾਦਾਨਗੀ।
ਝੋਲੀ ਵਿੱਚ ਪਾ ਗਈ, ਸਦਾ ਲਈ ਵੈਰਾਨਗੀ।
ਚੁੱਪ ਦੀਆਂ ਬੇੜੀਆਂ, ਖ਼ਾਬਾਂ ਦੀ ਹਵਾਲਾਤ ਪਿੱਛੋਂ,
ਸੋਚ ਸੋਚ ਰੋਏ, ਥੰਮ ਚੁੱਕੇ ਜਜ਼ਬਾਤ ਪਿੱਛੋਂ।
----
ਦੋ ਅਸ਼ਕ ਡਿੱਗੇ ਬੁੱਕਲ ’ਚ, ਵਸਲ ਦੀ ਰਾਤ ਪਿੱਛੋਂ।
ਸੋਚ ਸੋਚ ਰੋਏ, ਥੰਮ ਚੁੱਕੇ ਜਜ਼ਬਾਤ ਪਿੱਛੋਂ।
No comments:
Post a Comment