ਚਾਹਤ ਹੈ ਮਿਲਣ ਦੀ, ਜੇ ਰਾਹ ਆਪ ਬਣਾ ਲੈ ਤੂੰ।
ਆ ਪਿਆਸ ਬੁਝਾ ਮੇਰੀ, ਅਪਣੀ ਵੀ ਬੁਝਾ ਲੈ ਤੂੰ।
-----
ਹਮਦਰਦ ਨਹੀਂ ਏਥੇ, ਗ਼ਮਖ਼ਾਰ ਨਹੀਂ ਕੋਈ,
ਗ਼ਮ ਦਰਦ ਜੋ ਦਿਲ ਵਿੱਚ ਨੇ ਦਿਲ ਵਿਚ ਹੀ ਛੁਪਾ ਲੈ ਤੂੰ।
-----
ਕੀ ਹੋਇਆ ਕੋਈ ਤੇਰਾ, ਹਮਦਰਦ ਨਹੀਂ ਬਣਿਆ,
ਗ਼ਮ ਦਰਦ ਜ਼ਮਾਨੇ ਦੇ, ਸਭ ਅਪਣੇ ਬਣਾ ਲੈ ਤੂੰ।
-----
ਕਾਲਖ਼ ਦੀ ਹਨੇਰੀ ਨਾ, ਮਿੱਟੀ ‘ਚ, ਮਿਲਾ ਦੇਵੇ,
ਦੌਲਤ ਹਾਂ, ਮੁਹੱਬਤ ਦੀ, ਸੀਨੇ, ਚ ਛੁਪਾ ਲੈ ਤੂੰ ।
-----
ਡੁਬ ਡੁਬ ਕੇ ਮੈਂ ਰੰਗਾਂ ਵਿਚ, ਬਦਰੰਗ ਨ ਹੋ ਜਾਵਾਂ,
ਆ ਅਪਣੀ ਮੁਹੱਬਤ ਦੇ, ਰੰਗਾਂ ‘ਚ ਸਜਾ ਲੈ ਤੂੰ ।
-----
ਤਨਹਾਈ ਦੇ ਆਲਮ ਵਿੱਚ, ਪਾਗਲ ਹੀ ਨ ਹੋ ਜਾਈਂ,
ਹਮਦਰਦ ਬਣਾ ਕੋਈ ,ਹਮਰਾਜ਼ ਬਣਾ ਲੈ ਤੂੰ ।
-----
ਇਹ ਦਰਦ ਜੁਦਾਈ ਦਾ, ਹੁਣ ਜੀਣ ਨਹੀਂ ਦਿੰਦਾ ,
ਜਾਂ ਕੋਲ ਮੇਰੇ ਆ ਜਾ, ਜਾਂ ਕੋਲ ਬੁਲਾ ਲੈ ਤੂੰ ।
-----
ਦੁਨੀਆ ਤੋਂ ਮੁਹੱਬਤ ਦੀ, ਖ਼ੈਰਾਤ ਨਹੀਂ ਮਿਲਦੀ,
ਦੁਨੀਆ ਨੂੰ ਭੁਲਾ ਦੇ ਜਾਂ, ਖ਼ੁਦ ਨੂੰ ਵੀ ਭੁਲਾ ਲੈ ਤੂੰ।
-----
ਇਕ ਵਕਤ ਸੀ ਜਦ ਤੈਨੂੰ, ਉਂਗਲਾਂ ਤੇ ਨਚਾਉਂਦੀ ਸੀ,
ਹੁਣ ਵਕਤ ਹੈ ਦੁਨੀਆਂ ਨੂੰ, ਉਂਗਲਾਂ ਤੇ ਨਚਾ ਲੈ ਤੂੰ।
-----
ਮਿਲਿਆ ਹੈ ਸਬੱਬੀਂ ਹੁਣ, ਫਿਰ ਵਕਤ ਨਹੀਂ ਮਿਲਣੈਂ,
ਸ਼ਿਕਵਾ ਨ ਰਹੇ ਕੋਈ, ਸਭ ਸ਼ੱਕ ਮਿਟਾ ਲੈ ਤੂੰ ।
----
“ਮਾਨਵ” ਨੂੰ ਮੁਹੱਬਤ ਦੀ, ਜੋ ਮਰਜ਼ੀ ਸਜ਼ਾ ਦੇ ਦੇ,
ਨਜ਼ਰਾਂ ਚੋਂ ਗਿਰਾ ਦੇ ਜਾਂ, ਨਜ਼ਰਾਂ ‘ਚ ਵਸਾ ਲੈ ਤੂੰ।
No comments:
Post a Comment