ਨਜ਼ਮ
ਮੈਂ ਤੇਰੇ ਕੋਲ਼ ਹਾਂ
ਜਿਉਂ ਨਦੀਆਂ ਕੋਲ਼ ਪਾਣੀ ਹੋਵੇ
ਜਿਉਂ ਪਾਣੀਆਂ ‘ਚ ਰਵਾਨੀ ਹੋਵੇ
ਕਾਗਜ਼ੀ ਕਿਸ਼ਤੀਆਂ ਦੀ ਕਹਾਣੀ ਹੋਵੇ
ਅੱਲ੍ਹੜ ਦੀ ਜਵਾਨੀ ਹੋਵੇ
..............
ਮੈਂ ਤੇਰੇ ਕੋਲ਼ ਹਾਂ
ਸਾਉਂਣ ਮਹੀਨੇ ਪਿੱਪਲ਼ਾਂ ‘ਤੇ ਪੀਂਘ ਵਾਂਗ
ਮਾਹੀਏ ਦੀ ਮੁੰਦਰੀ ਦੀ ਚੀਂਘ ਵਾਂਗ
ਚਾਨਣੀ ਰਾਤੇ ਰੇਤ ‘ਤੇ ਤੁਰਦੇ ਸੱਪ ਦੀ ਰੀਂਘ ਵਾਂਗ
.......
ਮੈਂ ਤੇਰੇ ਕੋਲ਼ ਹਾਂ
ਖਜ਼ੂਰ ‘ਤੇ ਅਟਕੀ ਪਤੰਗ ਦੀ ਤਰ੍ਹਾਂ
ਕਬਰ 'ਤੇ ਬੈਠੇ ਮਲੰਗ ਦੀ ਤਰ੍ਹਾਂ
ਹਿਰਦੇ ‘ਚੋਂ ਉੱਠਦੀ ਤਰੰਗ ਦੀ ਤਰ੍ਹਾਂ
..........
ਮੈਂ ਤੇਰੇ ਕੋਲ਼ ਹਾਂ
ਜਿਉਂ...
ਆਜੜੀ ਦਾ ਗੀਤ ਹੋਵੇ
ਜ਼ਮਾਨੇ ਦੀ ਰੀਤ ਹੋਵੇ
ਪੌਣਾਂ ‘ਚ ਸੀਤ ਹੋਵੇ
...........
ਮੈਂ ਇੰਝ ਤੇਰੇ ਕੋਲ਼ ਹਾਂ
ਜਿਵੇਂ ਮੇਲੇ ‘ਚ ਡਰਿਆ ਬਾਲ ਹੁੰਦਾ ਹੈ
ਸਹਿਮ ਕੇ ਫੜੀ
ਮਾਂ ਦੀ ਉਂਗਲ਼ ਦਾ ਖ਼ਿਆਲ ਹੁੰਦਾ ਹੈ
ਰੰਗਦਾਰ ਭੰਬੀਰੀਆਂ ਦਾ ਵਵਾਲ ਹੁੰਦਾ ਹੈ
..............
ਮੈਂ....
ਇੰਝ ਹੀ
ਤੇਰੇ ਕੋਲ਼ ਕਿਉਂ ਹਾਂ...?
.........
ਤੂੰ ....
ਇੰਝ ਹੀ
ਮੇਰੇ ਕੋਲ਼ ਕਿਉਂ ਨਹੀਂ..??
No comments:
Post a Comment