ਨਜ਼ਮ
ਮਾਏ ਨੀ ਮੁੜ ਸਾਡੇ ਹਿੱਸੇ ਆਈ ਏ ਰੁੱਤ ਮਾੜੀ।
ਲਹਿਣੇਦਾਰਾਂ ਸੌਣੀ ਸਾਂਭੀ ਗੜਿਆਂ ਮਾਰੀ ਹਾੜ੍ਹੀ।
ਬੀਜ ਸਿਰਾਂ ਦੇ ਖੇਤੀਂ ਬੀਜੇ ਖ਼ੂਨ ਰਗਾਂ ‘ਚੋਂ ਪਾਇਆ,
ਫਲ਼ ਪੱਕੇ ਤਾਂ ਸਾਡੇ ਹਿੱਸੇ ਆਈ ਨਾ ਇਕ ਫਾੜੀ।
-----
ਅਸੀਂ ਤਾਂ ਉਹ ਖੇਤ ਨੀ ਮਾਏ ਜੋ ਵਾੜਾਂ ਖ਼ੁਦ ਖਾਧੇ,
ਸਾਡੀ ਹਰ ਤਬਾਹੀ ਉੱਤੇ ਸਾਡਿਆਂ ਮਾਰੀ ਤਾੜੀ।
ਨਾ ਬਿਜਲੀ ਨਾ ਡੀਜ਼ਲ ਮਾਏ ਨਹਿਰਾਂ ਸਾਥੋਂ ਰੁੱਸੀਆਂ,
ਦਰਿਆਵਾਂ ਦੇ ਹੁੰਦਿਆਂ ਸੁੰਦਿਆਂ ਫ਼ਸਲ ਸੋਕਿਆਂ ਸਾੜੀ।
-----
ਕਰਜ਼ੇ ਦੀ ਪੰਡ ਬਾਬਲ ਮੇਰਾ ਵੀਰ ਦੇ ਸਿਰ ਧਰ ਮੋਇਆ,
ਇਕ ਤਾਂ ਇਸਦੀ ਉਮਰ ਨਿਆਣੀ ਇਕ ਭੈੜੀ ਇਹ ਭਾਰੀ।
ਦੁਨੀਆਂ ਦੀ ਹਰ ਅੱਖ ਪਰਖ ਸਕੇ ਨਾ ਕੀ ਅਸਲੀ ਕੀ ਨਕਲੀ?
ਅੱਜ ਹਿਰਨੀ ਦਾ ਕਰੇ ਜਣੇਪਾ ਖ਼ੁਦ ਭੁੱਖੀ ਬਘਿਆੜੀ।
-----
ਜੀਵਨ ਦੇ ਸਾਰੇ ਹੱਕ ਖੋਹ ਕੇ ਵੀਰਾ ਬੇ-ਹੱਕ ਕਰਿਆ,
ਹੱਕ ਮੰਗੇ ਤਾਂ ਕਹਿ ਅੱਤਵਾਦੀ ਫ਼ੌਜ ਓਸ ‘ਤੇ ਚਾੜ੍ਹੀ।
‘ਚੰਦ ਵਰਗਾ ਇਕ ਵੀਰਨ ਮੇਰਾ ਸ਼ਹਿਰ ਗਿਆ ਨਾ ਮੁੜਿਆ,
ਮਹਿੰਦੀ ਰੰਗੇ ਹੱਥਾਂ ਵਾਲ਼ੀ ਘਰ ਉਡੀਕੇ ਨਾਰੀ।
1 comment:
changgi nazm.
Post a Comment