ਤੇਰੀ ਨਜ਼ਰ ਦਾ ਮੈਨੂੰ, ਜੇ ਆਸਰਾ ਨਾ ਹੁੰਦਾ।
ਦਿਲ ਵਿਚ ਮੇਰੇ ਬਗ਼ਾਵਤ, ਦਾ ਹੌਸਲਾ ਨਾ ਹੁੰਦਾ।
-----
ਮੇਰੀ ਤਰ੍ਹਾਂ ਜੇ ਉਹਦੇ, ਦਿਲ ਵਿਚ ਵੀ ਖ਼ਾਰ ਹੁੰਦੀ,
ਹਰ ਥਾਂ ਉਹਦੀ ਖ਼ੁਸ਼ਾਮਦ, ਇੱਜ਼ਤ ਤੇ ਚਾਅ ਨਾ ਹੁੰਦਾ।
-----
ਚਰਚਾ ਕਦੋਂ ਕਿਸੇ ਦਾ, ਹੋਣਾ ਸੀ ਇਸ ਜਹਾਨ ਵਿਚ,
ਜੇਕਰ ਵਫ਼ਾ ਦੇ ਅੰਦਰ, ਕੋਈ ਫ਼ਨਾਹ ਨਾ ਹੁੰਦਾ।
-----
ਮੇਰੇ ਇਰਾਦਿਆਂ ਵਿਚ, ਭੋਰਾ ਨਾ ਹੁੰਦੀ ਹਲਚਲ,
ਜੇ ਤੇਰੇ ਜਜ਼ਬਿਆਂ ਵਿਚ, ਗਰਮੀ ਤੇ ਤਾਅ ਨਾ ਹੁੰਦਾ।
-----
ਮੈਂ ਜਾਣਦਾ ਜੇ ਉਹਨੇ, ਸਭ ਤੋੜਨੇ ਨੇ ਵਾਅਦੇ,
ਉਸਨੂੰ ਮੈਂ ਦਿਲ ਨਾ ਦੇਂਦਾ, ਉਸ ਤੇ ਫ਼ਿਦਾ ਨਾ ਹੁੰਦਾ।
-----
ਤੇਰੇ ਬਗ਼ੈਰ ਹਾਲੀ, ਲੋੜਾਂ ਦਾ ਸਾਹ ਰੁਕੇਂਦੈ,
ਵਰਨਾ ਵਜੂਦ ਤੇਰਾ, ਗਹੁ ਗੋਚਰਾ ਨਾ ਹੁੰਦਾ।
-----
ਹਿੱਸੇ ‘ਚੋਂ ਮੇਰੇ ਲੋਕੀ, ਖ਼ੁਸ਼ੀਆਂ ਧਰੂਹ ਲੈਂਦੇ,
ਦਾਤਾ ਜੇ ਹਰ ਕਿਸੇ ਦਾ, ਇਕੋ ਖ਼ੁਦਾ ਨਾ ਹੁੰਦਾ।
-----
ਮੈਥੋਂ ਲਿਖੀ ਨਾ ਜਾਂਦੀ, ਮਜ਼ਲੂਮ ਦੀ ਕਹਾਣੀ,
ਮੰਜ਼ਰ ਜਹਾਂ ਦਾ ਜੇਕਰ, ਕਰਬਲ1 ਜਿਹਾ ਨਾ ਹੁੰਦਾ।
-----
ਜੀਵਨ ਦੀ ਕੋਈ ਖ਼ਾਹਸ਼, ਹੁੰਦੀ ਨਾ ਮੈਨੂੰ ‘ਅਸ਼ਰਫ਼’,
ਧੜਕਣ ‘ਚ ਮਿਰੀ ਜੇਕਰ, ਤੂੰ ਧੜਕਦਾ ਨਾ ਹੁੰਦਾ।
******
ਔਖੇ ਸ਼ਬਦਾਂ ਦੇ ਅਰਥ - ਕਰਬਲ 1 – ਅਮਾਨ ਹੁਸੈਨ ਦੀ ਸ਼ਹੀਦੀ ਦਾ ਸਥਾਨ
No comments:
Post a Comment