ਜ਼ਿੰਦਗੀ ਦੀ ਪੀਂਘ ਨੂੰ ਐਸਾ ਹੁਲਾਰਾ ਆ ਗਿਆ।
ਹੁਣ ਮੇਰੇ ਪੈਰਾਂ ਦੇ ਨੇੜੇ ਹਰ ਸਿਤਾਰਾ ਆ ਗਿਆ।
-----
ਇਸ਼ਕ ਦੇ ਸਭ ਗਿਲੇ ਸ਼ਿਕਵੇ ਓਸ ਦੇ ਵਿਚ ਵਹਿ ਗਏ,
ਹੁਸਨ ਦੇ ਨੈਣਾਂ ‘ਚ ਜਦ ਇਕ ਹੰਝੂ ਖਾਰਾ ਆ ਗਿਆ।
-----
ਦੇ ਗਈ ਉਸ ਨੂੰ ਝਕਾਨੀ ਮਹਿਕ ਉਸ ਦੀ ਨਾਫ਼ ਦੀ,
ਜਿਸ ਨੂੰ ਲੱਭਦਾ ਜਾਲ਼ ਅੰਦਰ ਹਿਰਨ ਪਿਆਰਾ ਆ ਗਿਆ।
-----
ਜਾਣਦਾ ਸੀ ਉਹ ਕਿ ਉਸ ਨੂੰ ਹਰ ਕਿਸੇ ਦੁਤਕਾਰਨਾ,
ਦਰਦ ਮੇਰੇ ਕੋਲ਼ ਏਸੇ ਡਰ ਦਾ ਮਾਰਾ ਆ ਗਿਆ।
-----
ਰੋਕਿਓ ਮੇਰਾ ਜਨਾਜ਼ਾ ਪਲ ਦੋ ਪਲ ਲਈ ਰੋਕਿਓ!
ਕਰ ਲਵਾਂ ਦੀਦਾਰ ਸੱਜਣ ਦਾ ਦੁਆਰਾ ਆ ਗਿਆ।
No comments:
Post a Comment