ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, December 10, 2009

ਸੁਭਾਸ਼ ਕਲਾਕਾਰ - ਗ਼ਜ਼ਲ

ਸਾਹਿਤਕ ਨਾਮ: ਸੁਭਾਸ਼ ਕਲਾਕਾਰ

ਅਜੋਕਾ ਨਿਵਾਸ: ਲੁਧਿਆਣਾ, ਪੰਜਾਬ

ਕਿਤਾਬਾਂ: ਗ਼ਜ਼ਲ-ਸੰਗ੍ਰਹਿ: ਸ਼ਾਮ ਦੇ ਦੀਵੇ ( 1992) ਅਤੇ ਮੈਂ ਮੁਹਾਜਿਰ ਹਾਂ ( 2005) ਪ੍ਰਕਾਸ਼ਿਤ ਹੋ ਚੁੱਕੇ ਹਨ।

-----

ਦੋਸਤੋ! ਦਵਿੰਦਰ ਸਿੰਘ ਪੂਨੀਆ ਜੀ ਨੇ ਮੈਨੂੰ ਸੁਭਾਸ਼ ਕਲਾਕਾਰ ਜੀ ਦਾ ਗ਼ਜ਼ਲ-ਸੰਗ੍ਰਹਿ ਮੈਂ ਮੁਹਾਜਿਰ ਹਾਂ ਪੜ੍ਹਨ ਲਈ ਦਿੱਤਾ, ਮੈਂ ਉਹਨਾਂ ਦੀ ਸ਼ੁਕਰਗੁਜ਼ਾਰ ਹਾਂ। ਸੋਚਿਆ ਕਿ ਅੱਜ ਕਲਾਕਾਰ ਜੀ ਦੀਆਂ ਵੱਖਰੇ ਜਿਹੇ ਰੰਗ ਦੀਆਂ ਕੁਝ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਤੁਹਾਡੇ ਨਾਲ਼ ਸਾਂਝੀਆਂ ਜ਼ਰੂਰ ਕਰਾਂ, ਜੋ ਮੈਨੂੰ ਬਹੁਤ ਪਸੰਦ ਆਈਆਂ ਨੇ ਤੇ ਆਸ ਹੈ ਕਿ ਤੁਹਾਡੇ ਦਿਲ ਨੂੰ ਵੀ ਜ਼ਰੂਰ ਟੁੰਬਣਗੀਆਂ। ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਖ਼ੁਸ਼ਆਮਦੀਦ ਆਖਦਿਆਂ, ਅੱਜ ਆਪਾਂ ਉਹਨਾਂ ਦੀਆਂ ਤਿੰਨ ਗ਼ਜ਼ਲਾਂ ਆਰਸੀ ਚ ਸ਼ਾਮਿਲ ਕਰ ਰਹੇ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

********

ਗ਼ਜ਼ਲ

ਖੇਤ ਦੀ ਰਾਖੀ ਕਰਨ ਫਸਲੀ ਬਟੇਰੇ, ਕਹਿਰ ਹੈ।

ਜਾਪਦਾ ਹੈ ਦੋਸਤੋ! ਕਿ ਸ਼ਹਿਰ ਜ਼ੇਰੇ-ਕਹਿਰ ਹੈ।

-----

ਝੂਠਿਆਂ ਫੁੱਲਾਂ ਦਾ ਪੌਧ ਵੀ ਜ਼ਰੂਰੀ ਹੈ ਮਗਰ,

ਜ਼ਹਿਰ ਹੁੰਦੇ ਜਾ ਰਹੇ ਸੁੱਚੇ ਲਵੇਰੇ, ਕਹਿਰ ਹੈ।

-----

ਰੇਸ਼ਮੀ ਦਾਗੇ ਦੀ ਗੁੰਝਲ਼ ਦਾ ਸਿਰਾ ਲਭਦਾ ਨਹੀਂ,

ਸ਼ਹਿਰੀਅਤ ਦਾ ਵਧ ਰਿਹਾ ਜੰਗਲ਼ ਚੁਫ਼ੇਰੇ, ਕਹਿਰ ਹੈ।

-----

ਲੋਕ ਵਿਕਦੇ ਨੇ ਅਜੇ ਤਕ ਵੀ ਜ਼ਮੀਨਾਂ ਦੀ ਤਰ੍ਹਾਂ,

ਖ਼ਾਕ ਆਪਣੀ ਖ਼ੂਨ ਵਿਚ ਗੋਂਦੇ ਪਥੇਰੇ, ਕਹਿਰ ਹੈ।

-----

ਲੋਕ ਆਸਾਰੇ-ਕਦੀਮਾ ਚੰਨ ਤਕ ਪਹੁੰਚੇ ਨੇ ਪਰ,

ਸੌਂ ਗਏ ਕ਼ਬਰਾਂ ਚ ਸਾਰੇ ਵੱਡ-ਵਡੇਰੇ, ਕਹਿਰ ਹੈ।

=====

ਗ਼ਜ਼ਲ

ਦੀਪਕ ਰਾਗ ਸੁਣਾਏ ਚੁੱਪ ਵਿਚ ਸ਼ੋਰ ਜਿਹਾ।

ਸਾਦਾ ਦਿਲ ਹਾਂ ਦਰਿਆ ਕੰਢੇ ਖ਼ੋਰ ਜਿਹਾ।

-----

ਝੂਠ ਸਮੇਂ ਦਾ ਸੱਪ ਦੀ ਟੇਢੀ ਟੋਰ ਜਿਹਾ।

ਆਪਣਾ ਸੱਚ ਹੈ ਪੈਲਾਂ ਪਾਂਦੇ ਮੋਰ ਜਿਹਾ।

-----

ਕਾਸ਼ ! ਕਿ ਵੇਖੇ ਤੂੰ ਵੀ ਸਾਡਾ ਲੁਧਿਆਣਾ,

ਕਾਸ਼ ! ਕਿ ਵੇਖਾਂ ਮੈਂ ਵੀ ਸ਼ਹਿਰ ਲਹੌਰ ਜਿਹਾ।

-----

ਤੂੰ ਚਾਹੇਂ ਜ਼ੰਜੀਰ ਬਣਾ ਵੀ ਸਕਦੇ ਹਾਂ,

ਹਾਲੇ ਸਾਡਾ ਰਿਸ਼ਤਾ ਕੱਚੀ ਡੋਰ ਜਿਹਾ।

-----

ਇਕ ਦੂਜੇ ਨੂੰ ਹਸਦੇ ਮੱਥੇ ਮਿਲ਼ਦੇ ਹਾਂ,

ਤਾਜ ਮਹਿਲ ਵੀ ਹੈ ਤਾਂ ਅੰਦਰੋਂ ਗੋਰ ਜਿਹਾ।

-----

ਸ਼ਾਇਰ ਹੈਂ ਤਾਂ ਸੱਚੇ ਲੋਕਾਂ ਬਾਰੇ ਲਿਖ,

ਦੁਨੀਆਂ ਦਾ ਦਿਲ ਕਾਗ਼ਜ਼ ਨਵਾਂ ਨਕੋਰ ਜਿਹਾ।

-----

ਮੇਰੇ ਭਾਣੇ ਕਿੰਨੇ ਮੌਸਮ ਬੀਤ ਗਏ,

ਤੇਰਾ ਮਿਲ਼ਣਾ ਵਰਖਾ ਰੁੱਤ ਦੇ ਲੋਰ ਜਿਹਾ।

-----

ਆ ਤੇਰੇ ਜੂੜੇ ਵਿਚ ਗਜਰਾ ਟੁੰਗ ਦਿਆਂ,

ਸਾਵਣ ਰੁੱਤ ਵਿਚ ਬਿਜਲੀ ਦੀ ਲਿਸ਼ਕੋਰ ਜਿਹਾ।

=====

ਗ਼ਜ਼ਲ

ਸ਼ਾਮ ਦੇ ਦੀਵੇ ਹੌਲ਼ੀ ਹੌਲ਼ੀ ਸੁਬਹ ਤੀਕਰ ਬਲ਼ ਜਾਂਦੇ ਨੇ।

ਰਾਤਾਂ ਦੇ ਪਰਛਾਵੇਂ ਵਿਚ ਵੀ ਸੂਰਜ ਦੇ ਕਣ ਢਲ਼ ਜਾਂਦੇ ਨੇ।

-----

ਨਦੀਆਂ ਵਿਚ ਬਰਸਾਤੀ ਨਾਲ਼ੇ ਆਪਣਾ ਆਪ ਗੁਆਂਦੇ ਜਿੱਦਾਂ,

ਦੁਨੀਆਂ ਭਰ ਦੇ ਦੁੱਖਾਂ ਵਿਚ ਕੁਝ ਤੇਰੇ ਗ਼ਮ ਵੀ ਰਲ਼ ਜਾਂਦੇ ਨੇ।

-----

ਸੁੱਤੇ ਨੈਣਾਂ ਦਾ ਮੂੰਹ ਚੁੰਮਣ ਸੁਪਨੇ ਵਿਚ ਉਸ ਆਉਂਦੇ ਨੇ ਪਰ,

ਸਰਘੀ ਵੇਲ਼ੇ ਸੱਜਣ ਸਾਨੂੰ ਅੱਥਰੂ ਬਣ ਕੇ ਛਲ਼ ਜਾਂਦੇ ਨੇ।

-----

ਬਾਸਮਤੀ ਦੀ ਸਾਵੀ ਮੁੰਜਰ ਬਣ ਜਾਂਦੀ ਪਾਸੇ ਦਾ ਸੋਨਾ,

ਭਾਵੇਂ ਬੰਜਰ ਧਰਤੀ ਉਸਨੂੰ ਦਭ ਦੇ ਬੂਝੇ ਫ਼ਲ਼ ਜਾਂਦੇ ਨੇ।

-----

ਆਖਿਰ ਵੇਖੀਂ ਮੁੱਲ ਪੈਣਾ ਹੈ ਮੇਰੇ ਹੀ ਸੱਚੇ ਸੌਦੇ ਦਾ,

ਭਾਵੇਂ ਨਿੱਤ ਨੀਲਾਮ ਘਰਾਂ ਵਿਚ ਖੋਟੇ ਸਿੱਕੇ ਚਲ ਜਾਂਦੇ ਨੇ।

-----

ਤੂੰ ਪੁਲ਼, ਤੇ ਮੈਂ ਪਾਣੀ, ਤੈਨੂੰ ਚੁੰਮਣਾ ਚਾਹੁੰਨਾ ਚੁੰਮ ਸਕਾਂ ਨਾ,

ਬਸਤੀ ਵਾਲ਼ੇ ਮੇਰੇ ਦਿਲ ਦੀ ਹਸਰਤ ਤੋਂ ਵੀ ਜਲ਼ ਜਾਂਦੇ ਨੇ।

1 comment:

Rajinderjeet said...

Kalaakar sahib nu Aarsi te mil ke bahut khushi hoyi...