ਅਜੋਕਾ ਨਿਵਾਸ: ਜਲੰਧਰ, ਪੰਜਾਬ।
ਕਿਤਾਬਾਂ: ਸੂਰਜਮੁਖੀ, ਆਈਨਾ (ਪੰਜਾਬੀ ਗ਼ਜ਼ਲ ), ਪਰਵਾਜ਼ ਉਰਦੂ ਗ਼ਜ਼ਲ ), ਤ੍ਰਿਵੇਣੀ ( ਗੀਤ-ਗ਼ਜ਼ਲ ), ਬੜ੍ਹੇ ਚਲੋ ( ਹਿੰਦੀ ਦੇਸ਼ ਪਿਆਰ ਦੇ ਗੀਤ ), ਨੱਚਦੇ ਬੋਲ ( ਪੰਜਾਬੀ ਗੀਤ ), ਮਹਿਕ ਵਤਨ ਦੀ ( ਪੰਜਾਬੀ ਦੇਸ਼ ਪਿਆਰ ਦੇ ਗੀਤ ), ਮੇਰਾ ਦੇਸ਼ ( ਦੇਸ਼ ਪਿਆਰ ਦੇ ਗੀਤ ), ਆਉ ਪੜ੍ਹੀਏ ( ਬੱਚਿਆਂ ਲਈ ਕਵਿਤਾਵਾਂ ) ਪ੍ਰਕਾਸ਼ਿਤ ਹੋ ਚੁੱਕੀਆਂ ਹਨ।
-----
ਦੋਸਤੋ! ਦਵਿੰਦਰ ਸਿੰਘ ਪੂਨੀਆ ਜੀ ਨੇ ਮੈਨੂੰ ਡੀ.ਆਰ.ਧਵਨ ਜੀ ਦਾ ਪੰਜਾਬੀ ਗ਼ਜ਼ਲ-ਸੰਗ੍ਰਹਿ ‘ਆਈਨਾ’ ਪੜ੍ਹਨ ਲਈ ਦਿੱਤਾ, ਮੈਂ ਉਹਨਾਂ ਦੀ ਸ਼ੁਕਰਗੁਜ਼ਾਰ ਹਾਂ। ਧਵਨ ਸਾਹਿਬ ਪੰਜਾਬੀ ਗ਼ਜ਼ਲਗੋਈ ਦਾ ਇਕ ਖ਼ੂਬਸੂਰਤ ਹਸਤਾਖ਼ਰ ਹਨ। ਅੱਜ ਉਹਨਾਂ ਦੀਆਂ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਤੁਹਾਡੇ ਨਾਲ਼ ਸਾਂਝੀਆਂ ਕਰਨ ਜਾ ਰਹੀ ਹਾਂ, ਆਸ ਹੈ ਤੁਹਾਨੂੰ ਜ਼ਰੂਰ ਪਸੰਦ ਆਉਣਗੀਆਂ। ਆਰਸੀ ਪਰਿਵਾਰ ਵੱਲੋਂ ਧਵਨ ਸਾਹਿਬ ਨੂੰ ਖ਼ੁਸ਼ਆਮਦੀਦ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ‘ਤਮੰਨਾ’
*********
ਗ਼ਜ਼ਲ
ਬਰਫ਼ ਵਾਂਗਰ ਖੁਰ ਕੇ ਪਾਣੀ ਹੋ ਗਿਆ।
ਉਹ ਮੇਰੇ ਸਾਹਾਂ ‘ਚੋਂ ਮਨਫ਼ੀ ਹੋ ਗਿਆ।
-----
ਲਹਿਰ ਉੱਠੀ, ਖ਼ਤਮ ਹੋਈ, ਫਿਰ ਉੱਠੀ,
ਦਿਲ ਸਮੁੰਦਰ ਕੀ ਤੋਂ ਹੈ ਕੀ ਹੋ ਗਿਆ।
-----
ਇੱਕ ਲੈਲਾ ਹੈ ਤੇ ਮਜਨੂੰ ਸੈਂਕੜੇ,
ਦੀਨ ਮਜ਼ਹਬ ਸਭ ਦਾ ਕੁਰਸੀ ਹੋ ਗਿਆ।
-----
ਇਸ਼ਕ ਦਾ ਉਲਟਾ ਜਿਹਾ ਦਸਤੂਰ ਹੈ,
ਦਰਦ ਇਕ ਦਿਨ ਖ਼ੁਦ ਦਵਾਈ ਹੋ ਗਿਆ।
-----
ਪਾਣੀ ਦਾ ਕ਼ਤਰਾ ਸੀ ਜਦ ਆਜ਼ਾਦ ਸੀ,
ਜਦ ਪਿਆ ਸਿੱਪੀ ‘ਚ ਮੋਤੀ ਹੋ ਗਿਆ।
-----
ਕੱਲ੍ਹ ਤਲਕ ਪੀਂਦਾ ਸੀ ਜਿਹੜਾ ਮੰਗ ਕੇ,
ਵੇਖਿਆ ਮੈਂ ਅੱਜ ਉਹ ਸਾਕ਼ੀ ਹੋ ਗਿਆ।
-----
ਕੁਝ ਮੁਹੱਬਤ ਦਾ ਅਸਰ ਹੁੰਦੈ ਜ਼ਰੂਰ,
ਕਲ੍ਹ ਸੀ ਜੋ ਮਿਰਚਾਂ ਉਹੀ ਮਿਸ਼ਰੀ ਹੋ ਗਿਆ।
-----
ਇਹ ‘ਧਵਨ’ ਚਲਦੀ ਦਾ ਹੈ ਸਭ ਚਮਤਕਾਰ,
ਕਲ੍ਹ ਦਾ ਸੀ ਜੋ ਮੁਨਸ਼ੀ ਉਹ ਡਿਪਟੀ ਹੋ ਗਿਆ।
=====
ਗ਼ਜ਼ਲ
ਹਵਾ ਦਾ ਰੁਖ਼ ਜੁ ਬਦਲਿਆ ਬਦਲ ਗਏ ਚਿਹਰੇ।
ਅਜੀਬ ਰੁੱਤ ਹੈ ਕਿ ਰਿਸ਼ਤੇ ਵੀ ਨਾ ਰਹੇ ਰਿਸ਼ਤੇ।
-----
ਸਦਾ ਹੀ ਸੜਦੇ ਰਹੇ ਰੌਸ਼ਨੀ ਲਈ ਜਿਹੜੇ,
ਉਨ੍ਹਾਂ ਨੂੰ ਆਪਣੇ ਹੀ ਘਰ ਰੌਸ਼ਨੀ ਤੋਂ ਖ਼ਾਲੀ ਮਿਲ਼ੇ।
-----
ਸਿਸਕਦੀ ਰਾਤ ਹੈ ਏਥੇ ਤੇ ਸਹਿਮੇ ਸਹਿਮੇ ਦਿਨ,
ਅਜਬ ਹੈ ਆਪਣੇ ਹੀ ਲਗਦੇ ਨੇ ਅਜਨਬੀ ਏਥੇ।
-----
ਘਰਾਂ ਦੇ ਬੂਹੇ ਵੀ ਖੁਲ੍ਹਦੇ ਨੇ ਸਹਿਮ ਕੇ ਅਜਕਲ੍ਹ,
ਯਕੀਨ ਕੌਣ ਕਰੇ ਸਚ ‘ਤੇ ਵੀ ਨੇ ਸੌ ਪਹਿਰੇ।
-----
ਦੁਪਹਿਰ ਸੜਦੀ ‘ਚ ਉਨ੍ਹਾਂ ਰੁੱਖਾਂ ਦੀ ਯਾਦ ਆਈ,
ਅਸਾਂ ਨੇ ਆਪ ਹੀ ਕੱਟ ਕੇ ਮੁਕਾ ਲਏ ਜਿਹੜੇ।
-----
ਚਮਨ ‘ਚ ਐਸੀ ਫ਼ਜ਼ਾ ਹੈ ਬਹਾਰ ਆਵੇ ਕਿਵੇਂ,
ਚਮਨ ਦੇ ਬਾਗ਼ਬਾਂ ਖ਼ੁਦ ਨੇ ਡਰੇ ਡਰੇ ਫਿਰਦੇ।
-----
ਜਿਨ੍ਹਾਂ ਨੂੰ ਪਾਸ ਨਹੀਂ ਹੈ ਕਿ ਦਰਦ ਕੀ ਹੋਂਦੈ,
ਉਨ੍ਹਾਂ ਤੋਂ ਆਸ ਦਵਾ ਦੀ ਤੁਸੀਂ ਹੋ ਕਿਉਂ ਕਰਦੇ।
-----
ਜੁ ਪੰਛੀ ਡਰਕੇ ਗਏ ਮੁੜ ਨ ਆਲ੍ਹਣੀਂ ਆਏ,
ਕਿ ਬਾਗ਼ਬਾਂ ਨੂੰ ਕਹੋ ਉਨ੍ਹਾਂ ਦੀ ਤਲਾਸ਼ ਕਰੇ।
-----
ਕੋਈ ਤਾਂ ਪਿਆਰ ਦੀ ਵੰਝਲੀ ‘ਤੇ ਆ ਕੇ ਸੁਰ ਛੇੜੋ,
ਤੁਸਾਂ ਨੂੰ ਝੰਗ ਦੇ ਬੇਲੇ ‘ਚ ਕੋਈ ਯਾਦ ਕਰੇ।
-----
ਅਸਾਂ ਦੇ ਗੀਤ ਗੁਆਚੇ, ਉਦਾਸ ਨੇ ਕਲਮਾਂ,
ਕਹੋ ਫ਼ਰੀਦ ਨੂੰ, ਨਾਨਕ ਨੂੰ ਘਰ ਦੀ ਸਾਰ ਲਵੇ।
------
ਸ਼ਮਾਂ ਦੇ ਵਾਂਗ ਜਲ਼ੋ ਰੌਸ਼ਨੀ ਦਿਉ ਸਭ ਨੂੰ,
‘ਧਵਨ’ ਉਹ ਬਾਤ ਕਰੋ ਜਿਸ ਤੋਂ ਸਭ ਨੂੰ ਚੈਨ ਮਿਲ਼ੇ।
No comments:
Post a Comment