ਕਿਸ ਖ਼ਤਾ ਦੀ ਇਹ ਕੇਹੀ ਮੈਨੂੰ ਸਜ਼ਾ ਦੇਂਦਾ ਏਂ।
ਨਾਂ ਮਿਰਾ ਕੰਧ ‘ਤੇ ਲਿਖ ਲਿਖ ਕੇ ਮਿਟਾ ਦੇਂਦਾ ਏਂ।
-----
ਇਸ ਤਰ੍ਹਾਂ ਨਾਲ਼ ਨਿਭਾ ਕਰਨਾ ਲਗਾਵਟ ਤਾਂ ਨਹੀਂ,
ਆਪੇ ਖ਼ਤ ਲਿਖਦਾ ਏਂ, ਆਪੇ ਹੀ ਹਟਾ ਦੇਂਦਾ ਏਂ।
-----
ਮੈਂ. ਕਿ ਇਤਬਾਰ ਰਹਾਂ ਕਰਦਾ, ਵਫ਼ਾ ਤੇਰੀ ‘ਤੇ,
ਯਾਰ, ਹਰ ਵਾਰ ਮਿਨੂੰ ਤੂੰ ਹੀ ਦਗ਼ਾ ਦੇਂਦਾ ਏਂ।
-----
ਹਰ ਖ਼ਤਾ ਤੇਰੀ ਉਡਾ ਦੇਂਦਾ ਹਾਂ ਧੂੰਏਂ ਵਾਂਗੂੰ,
ਅੱਲੇ ਜ਼ਖ਼ਮਾਂ ਨੂੰ ਤੂਹੀਂ ਹੈਂ, ਕਿ ਹਵਾ ਦੇਂਦਾ ਏਂ।
-----
ਸੋਚ ਮੇਰੀ ਨੂੰ ਤਾਂ ਇੰਝ ਚੋਟ ਬੜੀ ਲਗਦੀ ਏ,
ਖ਼ਾਬ ਅਪਣੇ ‘ਚੋਂ ਹਰਿਕ ਰੋਜ਼ ਜਗਾ ਦੇਂਦਾ ਏਂ।
-----
ਓਪਰਾ ਬਣ ਕੇ ਧਰੇਂ ਦੋਸ਼ ਮਿਰੇ ਸਿਰ ਉੱਤੇ,
ਆਪਣੇ ਇਸ ਢੰਗ ਜਿਹੇ ਨਾਲ਼ ਡਰਾ ਦੇਂਦਾ ਏਂ।
-----
ਮਸਤ ਹਰ ਕੋਈ ਅਜੇ ਤੋਰ ‘ਚ ਆਪੋ ਅਪਣੀ,
ਇਸ ਜ਼ਮਾਨੇ ਨੂੰ ਤੂੰ ਕਿਉਂ ਕੋਈ ਦਿਸ਼ਾ ਦੇਂਦਾ ਏਂ।
No comments:
Post a Comment