ਭੈਣਾਂ ਮੈਂ ਕੱਤਦੀ ਕੱਤਦੀ ਹੁੱਟੀ।
ਖਿੜੀ ਪਿੱਛੇ ਪਛਵਾੜੇ ਰਹਿ ਗਈ,
ਹੱਥ ਵਿਚ ਰਹਿ ਗਈ ਜੁੱਟੀ।
-----
ਅੱਗੇ ਚਰਖਾ ਪਿੱਛੇ ਪੀਹੜਾ,
ਮੇਰੇ ਹੱਥੋਂ ਤੰਦ ਤਰੁੱਟੀ।
ਭੈਣਾਂ ਮੈਂ ਕੱਤਦੀ ਕੱਤਦੀ...
-----
ਦਾਜ ਜਵਾਹਰ ਅਸਾਂ ਕੀ ਕਰਨਾ,
ਜਿਸ ਪਰੇਮ ਕਟਵਾਈ ਮੁੱਠੀ।
ਭੈਣਾਂ ਮੈਂ ਕੱਤਦੀ ਕੱਤਦੀ...
-----
ਓਹੋ ਚੋਰ ਮੇਰਾ ਪਕੜ ਮੰਗਾਓ,
ਜਿਸ ਮੇਰੀ ਜਿੰਦ ਕੁੱਠੀ।
ਭੈਣਾਂ ਮੈਂ ਕੱਤਦੀ ਕੱਤਦੀ...
-----
ਭਲਾ ਹੋਇਆ ਮੇਰਾ ਚਰਖਾ ਟੁੱਟਾ,
ਮੇਰੀ ਜਿੰਦ ਅਜ਼ਾਬੋਂ ਛੁੱਟੀ।
ਭੈਣਾਂ ਮੈਂ ਕੱਤਦੀ ਕੱਤਦੀ...
-----
ਬੁੱਲ੍ਹਾ ਸ਼ੌਹ ਨੇ ਨਾਚ ਨਚਾਏ,
ਓਥੇ ਧੁੰਮ ਪਈ ਕੜ-ਕੁੱਟੀ।1
ਭੈਣਾਂ ਮੈਂ ਕੱਤਦੀ ਕੱਤਦੀ...
=====
ਕਾਫ਼ੀ
ਹੱਥੀ ਢਿਲਕ ਗਈ ਮੇਰੇ ਚਰਖੇ ਦੀ ਹੁਣ ਮੈਥੋਂ ਕੱਤਿਆ ਨਾ ਜਾਵੇ।
ਹੁਣ ਦਿਨ ਚੜ੍ਹਿਆ ਕਦ ਹੋਵੇ ਮੈਨੂੰ ਪਿਆਰਾ ਮੂੰਹ ਦਿਖਾਲਾਵੇ।
ਤੱਕਲ਼ੇ ਨੂੰ ਵਲ਼ ਪੈ ਪੈ ਜਾਂਦੇ ਕੌਣ ਲੁਹਾਰ ਲਿਆਵੇ।
ਹੱਥੀ ਢਿਲਕ ਗਈ ਮੇਰੇ ਚਰਖੇ ਦੀ...
-----
ਤੱਕਲ਼ਿਉਂ ਵਲ਼ ਕੱਢ ਲੁਹਾਰਾ ਤੰਦ ਚਲੇਂਦਾ ਨਾਹੀਂ,
ਘੜੀ-ਘੜੀ ਇਹ ਝੋਲੇ ਖਾਂਦਾ ਛੱਲੀ ਕਿਤ ਬਿਧ ਲਾਹਵੇ।
ਹੱਥੀ ਢਿਲਕ ਗਈ ਮੇਰੇ ਚਰਖੇ ਦੀ....
-----
ਪਲੀਤਾ ਨਹੀਂ ਜੋ ਬੀੜੀ ਬੰਨਾਂ ਬਾਇੜ ਹੱਥ ਨਾ ਆਵੇ।
ਚਮੜਿਆਂ 2 ਨੂੰ ਚੋਪੜ ਨਾਹੀਂ ਮਾਲ੍ਹ ਪਈ ਬੜਲਾਵੇ।
ਹੱਥੀ ਢਿਲਕ ਗਈ ਮੇਰੇ ਚਰਖੇ ਦੀ....
-----
ਤ੍ਰਿੰਜਣ ਕੱਤਣ ਸੱਦਣ ਸਈਆਂ ਬਿਰਹੋਂ ਢੋਲ ਵਜਾਵੇ।
ਤੀਲੀ ਨਹੀਂ ਜੋ ਪੂਣੀਆਂ ਵੱਟਾਂ ਵੱਛਾ ਗੋਹੜੇ ਖਾਵੇ।
ਹੱਥੀ ਢਿਲਕ ਗਈ ਮੇਰੇ ਚਰਖੇ ਦੀ.....
-----
ਮਾਹੀ ਛਿੜ ਗਿਆ ਨਾਲ਼ ਮਹੀਂ ਦੇ ਹੁਣ ਕੱਤਣ ਕਿਸਨੂੰ ਭਾਵੇ।
ਜਿੱਤ ਵੱਲ ਯਾਰ ਉਤੇ ਵੱਲ ਅੱਖੀਆਂ ਮੇਰਾ ਦਿਲ ਬੇਲੇ ਵੱਲ ਧਾਵੇ।
ਹੱਥੀ ਢਿਲਕ ਗਈ ਮੇਰੇ ਚਰਖੇ ਦੀ....
-----
ਅਰਜ਼ ਏਹੋ ਮੈਨੂੰ ਆਣ ਮਿਲ਼ੇ ਹੁਣ ਕੌਣ ਵਸੀਲਾ ਜਾਵੇ। 3
ਸੈ ਮਣਾਂ ਦਾ ਕੱਤ ਲਿਆ ਬੁੱਲ੍ਹਾ ਸ਼ਹੁ ਮੈਨੂੰ ਗਲ਼ ਲਾਵੇ।
ਹੱਥੀ ਢਿਲਕ ਗਈ ਮੇਰੇ ਚਰਖੇ ਦੀ....
**********
ਔਖੇ ਸ਼ਬਦਾਂ ਦੇ ਅਰਥ – ਕੜ-ਕੁੱਟੀ - ਢੋਲ ਦੇ ਡਗੇ ਦੀ ਆਵਾਜ਼, ਚਮੜਿਆਂ 2 – ਚਰਮਖ਼ਾਂ, ਅਰਜ਼ ਏਹੋ ਮੈਨੂੰ ਆਣ ਮਿਲ਼ੇ ਹੁਣ ਕੌਣ ਵਸੀਲਾ ਜਾਵੇ 3 - ਗ਼ਰਜ਼ ਏਹੋ ਮੈਨੂੰ ਆਣ ਮਿਲ਼ੇ ਹੁਣ ਕੌਣ ਵਸੀਲਾ ਪਾਵੇ
No comments:
Post a Comment