ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰਕਾਸ਼ ਦਿਹਾੜਾ
ਨਜ਼ਮ
ਗੁਰੂ ਗੋਬਿੰਦ ਸਿੰਘ ਸਾਹਿਬ ਪ੍ਰਕਾਸ਼ ਦਿਹਾੜਾ
ਸੋਚਿਆ
ਵਧਾਈ ਦੇ ਆਵਾਂ ਸਭ ਨੂੰ
ਤੁਰਿਆ
ਯਾਦ ਕਰਦਾ ਤੇਰੀ ਸੋਚ ਨੂੰ
“ਮਾਨਸ ਜੀ ਜਾਤ ਸਭੈ ਏਕੈ ਪਹਿਚਾਨਬੋ”
ਝੁਕ ਗਿਆ ਸਿਰ ਆਪ ਮੁਹਾਰੇ
ਇੱਕ ਦਹਿਲੀਜ਼ ‘ਤੇ
“ਘਰ ਘਰ ਅੰਦਰ ਧਰਮਸਾਲ” ਜਾਣ ਕੇ
ਚੁੱਕਿਆ ਸਿਰ ਤਾਂ ਨਜ਼ਰ ਆਈ
ਚਿੱਟੀ ਕੰਧ ‘ਤੇ ਕਾਲ਼ੀ ਇਬਾਰਤ
“ਗੁਰਦੁਆਰਾ ਰਾਮਗੜ੍ਹੀਆ”
ਤੇ...ਨਾਲ਼ ਦੇ ਦਰਵਾਜ਼ੇ ‘ਤੇ ਲਿਖੇ ਸ਼ਬਦ
“ਗੁਰੂ ਰਵਿਦਾਸ ਟੈਂਪਲ”
ਤੇਰੀ ਸੋਚ ਦਾ ਮੂੰਹ ਚਿੜਾਉਂਦੇ ਨਜ਼ਰ ਆਏ
ਫਿਰ ਤੇਰਾ....
ਤੇ ਸਿਰਫ਼ ਤੇਰਾ ਦੁਆਰਾ ਕਿੱਥੇ ?
.........
ਅੱਗੇ ਤੁਰਿਆ ਤਾਂ
“ਦਸ਼ਮੇਸ਼ ਦਰਬਾਰ” ਵਿੱਚੋਂ
ਵੱਡੇ ਭੌਂਪੂ ਦੀ ਕੰਨ ਪਾੜਵੀਂ ਆਵਾਜ਼
"ਪਾਂਚ ਬਾਰ ਗੀਦੜ ਪੁਕਾਰੇ ਪੜੇ ਸੀਤਕਾਲ”
ਦੀ ਯਾਦ ਕਰਵਾ ਗਈ
ਪਰ ਰਾਗੀ ਸਿੰਘਾਂ ਦੀ ਆਵਾਜ਼
ਫਿਰ ਮੋਹ ਗਈ ਮਨ ਨੂੰ
ਉਹ ਪੜ੍ਹ ਰਹੇ ਸਨ
ਤੁਹਾਡੇ ਹੱਥੀ ਥਾਪੇ
“ਗੁਰੂ” ਵਿੱਚੋਂ
““ਸੋ ਕਿਉਂ ਮੰਦਾ ਆਖੀਐ ਜਿਤ ਜੰਮਹਿ ਰਾਜਾਨ””
...................
...ਤੇ ਇਹਨਾਂ ਸ਼ਬਦਾਂ ਨੂੰ
ਸਿਜਦਾ ਕਰਨ ਨੂੰ ਝੁਕਦੀ ਨਿਗਾਹ
ਜਾ ਪਈ ਹਫ਼ਤਾਵਾਰੀ ਅਖ਼ਬਾਰ ਦੇ
ਮੁੱਖ ਪੰਨੇ ‘ਤੇ
ਛਪੀ ਸੀ ਜਿੱਥੇ
ਘੱਟ ਦਾਜ ਲਿਆਉਣ ਪਿੱਛੇ
ਜ਼ਿੰਦਾ ਸਾੜੀ ਗਈ
ਨਵੀਂ ਵਿਆਹੀ ਅਬਲਾ ਦੀ
ਸੂਹੇ ਲਿਬਾਸ ਵਿੱਚ ਫੋਟੋ..
ਤੇ
“ਸ਼ਰਤੀਆ ਮੁੰਡੇ ਹੋਣ ਦੀ ਦਵਾਈ ”
ਤੇ..
“ਕੁੜੀ ਹੋਵੇ ਤਾਂ ਗਰਭਪਾਤ ਕਰਵਾਉਣ ਲਈ ਮਿਲੋ ”
ਦੀ ਮਸ਼ਹੂਰੀ ਨਾਲ਼
ਸਾਬਤ ਸੂਰਤ ਸਰਦਾਰ ਦੀ ਤਸਵੀਰ
ਤੇ ..ਤੇ
ਨਾਲ਼ ਹੀ
ਕਲਗੀ ਸਜਾ ਕੇ
ਗੱਦੀ ਬੈਠੇ
ਅਸੰਤ ਦਾ ਬਿਆਨ
“ਵੱਢ ਦਿਆਂਗੇ ਲੱਤਾਂ
ਜੇ ਕਿਸੇ ਬੀਬੀ ਨੇ
ਦਰਬਾਰ ਸਾਹਿਬ
ਕੀਰਤਨ ਕਰਨ ਲਈ
ਪੈਰ ਪਾਇਆ ਤਾਂ”
ਹੁਣ ਤੂੰ ਹੀ ਦੱਸ !
ਧੀ ਨੂੰ ਕੁੰਵਰ ਦੀ ਪਦਵੀ ਦੇਣ ਵਾਲ਼ਿਆ
ਮੈਂ ਕਿਸ ਨੂੰ ਆਖਾਂ
ਤੇਰਾ ਜਨਮ ਦਿਨ ‘ਮੁਬਾਰਕ’..??
2 comments:
bahut hi vadhia nazm hai, mehr hove sabh te ki janmdiwas manaonde manaonde aseen unhaa mahaan guruaan de sidhaantaan nu vi angikaar kar sakie......
Anam ji bahut vada suneha hai garkde ja rahe sade samaj laee. Bahut vadhia nazam hai.........kalm di umar lambi hove....Surjit
Post a Comment