ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, January 6, 2010

ਮਰਹੂਮ ਚਰਨ ਸਿੰਘ ਸਫ਼ਰੀ - ਬਰਸੀ 'ਤੇ ਵਿਸ਼ੇਸ਼ - ਗੀਤ

ਸਾਹਿਤਕ ਨਾਮ: ਚਰਨ ਸਿੰਘ ਸਫ਼ਰੀ

ਜਨਮ: 23 ਅਪ੍ਰੈਲ, 1918 ( ਪਿੰਡ ਬੋਦਲਾਂ, ਜ਼ਿਲ੍ਹਾ: ਹੁਸ਼ਿਆਰਪੁਰ) 5 ਜਨਵਰੀ, 2006

ਕਿਤਾਬਾਂ: ਸਿੱਖੀ ਦੀਆਂ ਵਾਟਾਂ, ਲਹੂ ਦੀਆਂ ਲਾਟਾਂ, ਅੰਮ੍ਰਿਤ ਭਿੱਜੇ ਬੋਲ, ਗੁਰੂ ਰਵਿਦਾਸ ਮਹਿਮਾ, ਖ਼ਾਲਸਿਓ! ਤਨਖ਼ਾਹਾਂ ਮੰਗਦੇ ਹੋ, ਅੰਬਰਾਂ ਦੇ ਵੇ ਤਾਰਿਓ, ਨੌਵੇਂ ਗੁਰੂ ਜਦ ਕ਼ਤਲਗਾਹ ਵਿਚ ਆਏ, ਤੇਗ਼ ਦੀ ਧਾਰ ਉੱਤੇ, ਤੱਕਲ਼ੇ ਦੇ ਵਲ਼ ਕੱਢ ਲੈ ਸਹਿਤ ਕਈ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

-----

ਦੋਸਤੋ ਸਫ਼ਰੀ ਸਾਹਿਬ ਦੇ ਗੀਤ ਗਾ ਕੇ ਅਨੇਕਾਂ ਗਾਇਕਾਂ ਨੇ ਮਕਬੂਲੀਅਤ ਹਾਸਲ ਕੀਤੀ ਹੈ। ਬਚਪਨ ਚੋਂ ਜਦੋਂ ਵੀ ਉਹਨਾਂ ਦੇ ਸਪੁੱਤਰ ਤਰਸੇਮ ਸਫ਼ਰੀ ਸਾਹਿਬ ( ਜੋ ਆਪ ਵੀ ਬਹੁਤ ਵਧੀਆ ਗ਼ਜ਼ਲਗੋ ਹਨ ) ਲੁਧਿਆਣੇ ਸਾਡੇ ਘਰ ਆਏ, ਮੇਰੀ ਇੱਛਾ ਹੁੰਦੀ ਸੀ ਕਿ ਕਦੇ ਚਰਨ ਸਿੰਘ ਸਫ਼ਰੀ ਸਾਹਿਬ ਦੇ ਵੀ ਦਰਸ਼ਨ ਹੋਣ, ਕਿਉਂਕਿ ਮੈਨੂੰ ਉਹਨਾਂ ਦੇ ਲਿਖੇ ਗੀਤ ਬਹੁਤ ਪਸੰਦ ਹੁੰਦੇ ਸਨ। ਖ਼ੈਰ! ਮੇਰੀ ਇਹ ਇੱਛਾ ਤਾਂ ਪੂਰੀ ਨਾ ਹੋਈ। ਪਰ ਉਹਨਾਂ ਦੀਆਂ ਕਿਤਾਬਾਂ ਪੜ੍ਹਨ ਦਾ ਮੌਕਾ ਜ਼ਰੂਰ ਮਿਲ਼ਿਆ ਹੈ। ਰੁਮਾਂਟਿਕ ਤੋਂ ਲੈ ਕੇ ਧਾਰਮਿਕ ਗੀਤ ਲਿਖਣ ਵਿਚ ਉਹਨਾਂ ਦਾ ਕੋਈ ਸਾਨੀ ਨਹੀਂ। ਸਫ਼ਰੀ ਸਾਹਿਬ 1981 ਅਤੇ 1998 ਵਿਚ ਕੈਨੇਡਾ ਅਤੇ ਹੋਰ ਮੁਲਕਾਂ ਦੀ ਫੇਰੀ ਤੇ ਆਏ। 5 ਜਨਵਰੀ, 2006 ਨੂੰ ਸਾਡੇ ਲਈ ਉਹ ਕਦੇ ਨਾ ਵਿਸਰਨ ਵਾਲ਼ੇ ਗੀਤਾਂ ਦਾ ਖ਼ਜ਼ਾਨਾ ਛੱਡ ਕੇ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ।! ਅੱਜ ਪ੍ਰਸਿੱਧ ਗੀਤਕਾਰ ਚਰਨ ਸਿੰਘ ਸਫ਼ਰੀ ਜੀ ਦੀ ਬਰਸੀ ਦੇ ਮੌਕੇ ਤੇ ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਸਤਿਕਾਰ ਸਹਿਤ ਯਾਦ ਕਰਦਿਆਂ, ਉਹਨਾਂ ਦੀ ਕਲਮ ਨੂੰ ਸਲਾਮ ਕਰਦਿਆਂ, ਉਹਨਾਂ ਦੇ ਕੁਝ ਬੇਹੱਦ ਖ਼ੂਬਸੂਰਤ ਗੀਤ ਆਰਸੀ ਚ ਸ਼ਾਮਲ ਕਰਨ ਜਾ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

********

ਜ਼ਾਤ ਕਿਸੇ ਪੁੱਛਣੀ ਨਹੀਂ

ਗੀਤ

ਉੱਥੇ ਅਮਲਾਂ ਦੇ ਹੋਣਗੇ ਨਿਬੇੜੇ

ਜ਼ਾਤ ਕਿਸੇ ਪੁੱਛਣੀ ਨਹੀਂ।

ਵਾਧੂ ਪਾਈ ਜਾਨੈਂ ਕਾਸ ਨੂੰ ਬਖੇੜੇ

ਜ਼ਾਤ ਕਿਸੇ ਪੁੱਛਣੀ ਨਹੀਂ।

-----

ਮੁੱਖੜੇ ਤੇ ਝੂਠਾ ਮੂਠਾ ਪੋਚਾ ਨਹੀਓਂ ਲਾਈਦਾ

ਅੱਗੇ ਜਾ ਕੇ ਮੁੱਲ ਪੈਣਾ ਦਿਲ ਦੀ ਸਫ਼ਾਈ ਦਾ

ਪਾਰ ਲੰਘਣੇ ਸਚਾਈ ਵਾਲ਼ੇ ਬੇੜੇ

ਜ਼ਾਤ ਕਿਸੇ ਪੁੱਛਣੀ ਨਹੀਂ।

-----

ਸਚੇ ਦਿਲੋਂ ਸਜਦਾ ਤਾਂ ਇੱਕੋ ਹੀ ਕਬੂਲ ਹੈ

ਵਾਰ ਵਾਰ ਉਕਣਾ ਫਜ਼ੂਲ ਹੀ ਫਜ਼ੂਲ ਹੈ

ਕੱਢ ਮੰਦਰਾਂ ਮਸੀਤਾਂ ਦੇ ਨਾ ਗੇੜੇ

ਜ਼ਾਤ ਕਿਸੇ ਪੁੱਛਣੀ ਨਹੀਂ।

-----

ਕਾਜੀਓ! ਹਿਸਾਬ ਕਰੋ ਰਾਂਝਣੇ ਫ਼ਕੀਰ ਦਾ

ਮੂਰਖੋ! ਮਾਲੂਮ ਕਰੋ ਦਿਲ ਕਿੱਥੇ ਹੀਰ ਦਾ

ਧੀਦੋ ਰਾਂਝਣੇ ਬੇਸ਼ੱਕ ਹੋਣ ਖੇੜੇ

ਜ਼ਾਤ ਕਿਸੇ ਪੁੱਛਣੀ ਨਹੀਂ।

-----

ਸਫ਼ਰੀ ਹੰਕਾਰ ਵਿਚ ਜ਼ਰਾ ਵੀ ਤੂੰ ਆਵੀਂ ਨਾ

ਦੌਲਤਾਂ ਦੇ ਪਿੱਛੇ ਯਾਰੀ ਕਿਸੇ ਦੀ ਭੁਲਾਵੀਂ ਨਾ

ਐਵੇਂ ਅੱਗੇ ਜਾ ਕੇ ਕਰੇਂਗਾ ਲਫ਼ੇੜੇ

ਜ਼ਾਤ ਕਿਸੇ ਪੁੱਛਣੀ ਨਹੀਂ।

=====

ਚੰਨ ਮਾਹੀ ਮੁੱਕਰ ਗਿਆ

ਗੀਤ

ਸਾਨੂੰ ਲਾਰਾ ਮੁਹੱਬਤਾਂ ਦਾ ਲਾ ਕੇ

ਸਾਡੇ ਸਿਰ ਦੀਆਂ ਕਸਮਾਂ ਖਾ ਕੇ

ਚੰਨ ਮਾਹੀ ਮੁੱਕਰ ਗਿਆ।

-----

ਅਸੀਂ ਜੇ ਬੁਲਾਈਏ ਚੰਨ ਜ਼ਰਾ ਵੀ ਨਾ ਬੋਲਦਾ

ਗ਼ੈਰ ਦੇ ਸੁਨੇਹੇ ਉੱਤੋਂ ਜਿੰਦ ਜਾਨ ਘੋਲ਼ਦਾ

ਦਿਲ ਅੱਲੜ ਵਰੇਸ ਨਾਲ਼ ਲਾ ਕੇ

ਚੰਨ ਮਾਹੀ ਮੁੱਕਰ ਗਿਆ।

ਸਾਨੂੰ ਲਾਰਾ ਮੁਹੱਬਤਾਂ ਦਾ....

-----

ਬੜੇ ਵੈਦ ਆਏ ਪੀੜਾਂ ਕਿਸੇ ਨਾ ਪਛਾਣੀਆਂ

ਰੋੜ੍ਹ ਗਈਆਂ ਅੱਖਾਂ ਸਾਨੂੰ ਰੁੜ੍ਹ-ਪੁੜ੍ਹ ਜਾਣੀਆਂ

ਹਾਏ! ਅੱਖੀਆਂ, ਨਾਲ਼ ਅੱਖੀਆਂ ਮਿਲ਼ਾ ਕੇ,

ਸਾਡੇ ਦਿਲ ਨਾਲ਼ ਦਿਲ ਨੂੰ ਵਟਾ ਕੇ

ਚੰਨ ਮਾਹੀ ਮੁੱਕਰ ਗਿਆ।

ਸਾਨੂੰ ਲਾਰਾ ਮੁਹੱਬਤਾਂ ਦਾ....

-----

ਵੰਗਾਂ ਕੀ ਚੜ੍ਹਾਈਆਂ ਨਾਂ ਬਦੂੰ ਹੋ ਕੇ ਰਹਿ ਗਿਆ

ਨਿੱਕੀ ਨਿੱਕੀ ਗੱਲ ਦਾ ਪੁਆੜਾ ਕਿੰਨਾ ਪੈ ਗਿਆ

ਪੀਂਘ ਪਿੰਡ ਦੇ ਪਿੱਪਲ਼ ਨਾਲ਼ ਪਾ ਕੇ

ਸਾਡੀ ਹਵਾ ਨਾਲ਼ ਚੁਨਰੀ ਉੜਾ ਕੇ

ਚੰਨ ਮਾਹੀ ਮੁੱਕਰ ਗਿਆ।

ਸਾਨੂੰ ਲਾਰਾ ਮੁਹੱਬਤਾਂ ਦਾ....

-----

ਸਫ਼ਰੀ ਕੀ ਰੁੱਤ ਗਇਆਂ ਸੱਜਣਾਂ ਨੂੰ ਮੋੜੀਏ

ਟੁੱਟ ਗਈ ਪਤੰਗ ਸਾਡੀ ਦੱਸ ਕਿੱਦਾਂ ਜੋੜੀਏ

ਹੱਥ ਘੁੱਟ ਕੇ ਕਲ਼ੇਜੇ ਨਾਲ਼ ਲਾ ਕੇ

ਸਾਨੂੰ ਸੂਹੇ ਸੂਹੇ ਗਜਰੇ ਚੜ੍ਹਾ ਕੇ

ਚੰਨ ਮਾਹੀ ਮੁੱਕਰ ਗਿਆ।

ਸਾਨੂੰ ਲਾਰਾ ਮੁਹੱਬਤਾਂ ਦਾ....

======

ਮੈਂ ਨੀ ਬੋਲਣਾ

ਗੀਤ

ਤੌਬਾ ਮੇਰੀ ਨਾ ਓ ਸੱਜਣਾ

ਮੈਂ ਨੀ ਬੋਲਣਾ।

ਨਹੀਂ ਬੋਲਣ ਦੀ ਥਾਂ ਓ ਸੱਜਣਾ

ਮੈਂ ਨੀ ਬੋਲਣਾ।

-----

ਮੈਂ ਪੱਥਰਾਂ ਨੂੰ ਗੀਤ ਸੁਣਾਏ

ਮੈਨੂੰ ਕਹਿਣ ਮੇਰੇ ਅੱਥਰੂ ਆਏ

ਕੋਇਲਾਂ ਦਾ ਏਥੇ ਬੋਲ ਸੁਰੀਲਾ

ਖਾ ਜਾਂਦੇ ਨੇ ਕਾਂ ਓ ਸੱਜਣਾ

ਮੈਂ ਨੀ ਬੋਲਣਾ।

-----

ਬਾਗ਼ਾਂ ਦੇ ਵਿਚ ਬੁਲਬੁਲ ਬੋਲੇ

ਫੁੱਲ ਕੰਡਿਆਂ ਨੂੰ ਦੇਣ ਦਹੋਲੇ

ਬੋਲਣ ਵਾਲ਼ੇ ਹਰ ਪੰਛੀ ਦਾ

ਛੁਰੀਆਂ ਹੇਠ ਨਿਆਂ ਓ ਸੱਜਣਾ

ਮੈਂ ਨੀ ਬੋਲਣਾ।

-----

ਡੂੰਘੀਆਂ ਛੱਲਾਂ ਦੂਰ ਕਿਨਾਰਾ

ਕੀ ਕਰ ਸਕਦਾ ਸੀ ਘੜਾ ਵਿਚਾਰਾ

ਸੋਹਣੀ ਦੇ ਇੱਕ ਲਹੂ ਚ ਹਾਏ!

ਨ੍ਹਾਤੀ ਕਿਵੇਂ ਝਨਾਂ ਓ ਸੱਜਣਾ

ਮੈਂ ਨੀ ਬੋਲਣਾ।

-----

ਮੈਂ ਦਿਲ ਕੀਤਾ ਅੱਗ ਹਵਾਲੇ

ਅੱਖੀਆਂ ਹੋਈਆਂ ਛਾਲੇ ਛਾਲੇ

ਇਸ ਦੁਨੀਆਂ ਦੇ ਹਰ ਬੂਟੇ ਦੀ

ਦੋਜ਼ਖ਼ ਵਰਗੀ ਛਾਂ ਓ ਸੱਜਣਾ

ਮੈਂ ਨੀ ਬੋਲਣਾ।

-----

ਲਾਸ਼ ਮੇਰੀ ਦੇ ਲਾਗੇ ਆ ਕੇ

ਮੁੱਖ ਤੋਂ ਜ਼ਰਾ ਕਫ਼ਨ ਸਰਕਾ ਕੇ

ਲੱਖ ਆਵਾਜ਼ਾਂ ਦੇਵੀਂ ਸਫ਼ਰੀ

ਲੈ ਲੈ ਮੇਰਾ ਨਾਂ ਓ ਸੱਜਣਾ

ਮੈਂ ਨੀ ਬੋਲਣਾ।

No comments: