ਤੁਹਾਡੇ ਨਾਲ਼ ਮੰਜ਼ਿਲ ਤਕ ਜੇ ਦਿਲ ਦੇ ਵਲਵਲੇ ਜਾਂਦੇ।
ਤਾਂ ਰਾਹਾਂ ਵਿਚ ਮੇਰੇ ਅਹਿਸਾਸ ਨਾ ਏਦਾਂ ਛਲੇ ਜਾਂਦੇ।
-----
ਤੁਹਾਡਾ ਨਾਮ ਆਉਂਦਾ ਹੈ ਜਦੋਂ ਗੱਲਬਾਤ ਕਰਦੇ ਹਾਂ,
ਤੁਹਾਡਾ ਨਾਮ ਲੈ ਲੈ ਕੇ ਹੀ ਸਾਡੇ ਤੌਖ਼ਲੇ ਜਾਂਦੇ।
-----
ਤੁਸੀਂ ਜੋ ਦਰਦ ਦਿੱਤਾ ਹੈ, ਉਹ ਸਾਡੇ ਦਿਲ ‘ਚ ਭਰਿਆ ਹੈ,
ਨਹੀਂ ਤਾਂ ਮੁਫ਼ਲਿਸੀ ਦੇ ਦੌਰ ਵਿਚ ਤਾਂ ਖੋਖਲੇ ਜਾਂਦੇ।
-----
ਖ਼ੁਦਾ ਖ਼ੈਰਾਂ ਕਰੇ ਪਰ ਆਪ ਕੁਝ ਹੋ ਇਸ ਤਰ੍ਹਾਂ ਚੱਲੇ,
ਹਵਾ ਹੰਕਾਰ ਦੀ ਭਰਕੇ ਜਿਵੇਂ ਹਨ ਬੁਲਬੁਲੇ ਜਾਂਦੇ।
-----
ਤੁਹਾਨੂੰ ਵੀ ਕਦੇ ਇਹ ਇਸ਼ਕ਼ ਜਦ ਫਿਰ ਯਾਦ ਆਵੇਗਾ,
ਤੁਸੀਂ ਤੱਕਣਾ ਕਿਵੇਂ ਯਾਦਾਂ ਦੇ ਭਰ ਭਰ ਕਾਫ਼ਲੇ ਜਾਂਦੇ।
-----
ਜਦੋਂ ਆਉਂਦੇ ਨੇ ਹੋ ਜਾਂਦੇ ਕੋਈ ਦਰਵੇਸ਼ ਜਾਂ ਸ਼ਾਇਰ,
ਉਹ ਕਮਸਿਨ ਲੋਕ ਜੋ ਅਕਸਰ ਘਰੋਂ ਨੇ ਦਿਨ ਢਲ਼ੇ ਜਾਂਦੇ।
-----
ਉਹ ਸ਼ਹਿਰੋਂ ਨਾਲ਼ ਲੈ ਆਉਂਦੇ ਸੁਆਰਥ ਸ਼ਬਦ ਦੇ ਮਾਅਨੇ,
ਉਹ ਕੁਝ ਪੇਂਡੂ ਮੁਕੱਦਸ ਦਿਲ ਜਦੋਂ ਜਾਂਦੇ ਭਲੇ ਜਾਂਦੇ।
-----
ਉਨ੍ਹਾਂ ਨੇ ਫੇਰ ਮੇਰੀ ਜ਼ਿੰਦਗੀ ਵਿਚ ਸੀ ਨਹੀਂ ਰਹਿਣਾ,
ਉਨ੍ਹਾਂ ਪਿੱਛੇ ਅਗਰ ‘ਜਸਬੀਰ’ ਦਿਲ ਦੇ ਵਲਵਲੇ ਜਾਂਦੇ।
No comments:
Post a Comment