ਇਸ ਵਾਰੀ ਜਦ ਪਿੰਡੋਂ ਹੋ ਕੇ ਆਇਆ ਹਾਂ।
ਆਪਣੇ ਹੀ ਗਲ਼ ਲਗ ਲਗ ਰੋ ਕੇ ਆਇਆ ਹਾਂ।
-----
ਬੰਦ ਪਏ ਸੀ ਬੂਹੇ ਜੋ, ਮੈਂ ਖੋਲ੍ਹੇ ਨਾ,
ਰਹਿ ਗਏ ਸੀ ਜੋ ਖੁੱਲ੍ਹੇ, ਢੋ ਕੇ ਆਇਆ ਹਾਂ।
-----
ਪੈੜ ਨਹੀਂ ਸੀ ਮੇਰੀ ਹੁਣ ਪਗਡੰਡੀਆਂ ‘ਤੇ,
ਪਗਡੰਡੀਆਂ ਦੇ ਕੋਲ਼ ਖਲੋ ਕੇ ਆਇਆ ਹਾਂ।
-----
ਜਿਸ ਥਾਂ ਤੋਂ ਖ਼ਤ ਉਸਦੇ ਕੱਢੇ ਪੜ੍ਹਨ ਲਈ,
ਉਸ ਹੀ ਥਾਂ ‘ਤੇ ਫੇਰ ਲੁਕੋ ਕੇ ਆਇਆ ਹਾਂ।
-----
ਮੋਈ ਮਾਂ ਦੇ ਮੈਲ਼ੇ ਜਿਹੇ ਦੁਪੱਟੇ ਨੂੰ,
ਸੀਨੇ ਲਾ ਲਾ ਰੋ ਰੋ ਧੋ ਕੇ ਆਇਆ ਹਾਂ।
-----
ਆ ਕੇ ਸਭਨਾਂ ਨੂੰ ਮਿਲ਼ਿਆ ਹਾਂ ਹਸ ਹਸ ਕੇ,
ਦੱਸਿਆ ਨਹੀਂ ਮੈਂ ਕਿੰਨਾ ਰੋ ਕੇ ਆਇਆ ਹਾਂ।
1 comment:
bahut hi khoobsurat ........ heart touching............
Post a Comment