ਨਜ਼ਮ
ਆਪਣੀ ਬੁੱਕ-ਸ਼ੈਲਫ਼ ਦੇ ਸੰਘਣੇ ਜੰਗਲ ‘ਚ
ਬਹੁਤ ਖਿੰਡ ਗਿਆ ਹਾਂ ਮੈਂ ਚਿੰਤਨ ਦੇ ਹਨੇਰਿਆਂ ‘ਚ
ਕਾਮੂ, ਕਾਫ਼ਲਾ, ਕੀਟਸ
ਹੈਮਿੰਗਵੇ, ਸਾਰਤਰ, ਪ੍ਰੇਮ ਪ੍ਰਕਾਸ਼
ਇਹਨਾਂ ਦੇ ਨਿੰਮੇ ਨਿੰਮੇ ਚਾਨਣ ‘ਚ
.............
ਮੈਂ ਬਹੁਤ ਡਰ ਗਿਆ ਹਾਂ
ਡਰ ਗਿਆ ਹਾਂ
ਹਾਂ, ਬੀਬਾ ਹਾਂ!
ਤੇਰੇ ਲਈ ਬਹੁਤ ਰਮਣੀਕ ਹੈ
ਇਨ੍ਹਾਂ ਸ਼ਬਦਾਂ ਦੀਆਂ ਪਗਡੰਡੀਆਂ ‘ਤੇ
ਮਟਕ-ਮਟਕ ਕੇ ਕ਼ਦਮ ਧਰਨੇ
ਹੁਸੀਨ ਖ਼੍ਵਾਬਾਂ ਦੀਆਂ ਅਕ੍ਰਿਤੀਆਂ ਦੇ ਚਿਤਰਨ ਕਰਨੇ
................
ਪਰ ਇਸ ਚੁੱਪ ਦੇ ਜਜ਼ੀਰੇ ਵਿਚ
ਖ਼ੌਰੂ ਪਾਉਂਦੇ ਸਮੁੰਦਰਾਂ ਦਾ ਦਖ਼ਲ ਹੈ
ਤਟ ਹੈ ਸ਼ਾਮਿਲ.....
ਸਨ-ਸਨਾਉਂਦੇ ਸਵੈ ਦੀ ਆਤਮ-ਹੱਤਿਆ!
..............
ਸੋ ਮੈਂ ਸਹਿਜੇ-ਸਹਿਜੇ ਆਪਣੇ ਸਮੇਤ
ਤੇਰੇ ਪੱਲੂ ‘ਚੋਂ ਵੀ ਖਿਸਕ ਜਾਵਾਂਗਾ
ਤੇ ਇੰਝ ਹੀ ਜੇ ਮੈਂ
ਕਿਤਾਬਾਂ ਦੀ ਫ਼ਸੀਲ ‘ਤੇ ਲਿਖਦਾ ਰਿਹਾ
ਮੁਖ਼ਾਤਬੀ ਪੱਤਰ
ਤਾਂ ਅਗਲੀ ਹਾਕ ਤਾਈਂ ਮੁੜ ਜਾਣਾ
ਗ਼ੈਰ-ਯਕੀਨੀ ਨਹੀਂ
ਇਸੇ ਲਈ ਆਪਣੀ ਬੁੱਕ-ਸ਼ੈਲਫ਼ ਦੇ ਸੰਘਣੇ ਜੰਗਲ ‘ਚੋਂ
ਹੁਣ..
ਮੈਂ ਪਰਤ ਆਉਣਾ ਚਾਹੁੰਦਾ ਹਾਂ...!!
No comments:
Post a Comment