ਜਦੋਂ ਘਰ ਦੇ ਬਨੇਰੀਂ ਰਾਤ ਆ ਕੇ ਬਾਤ ਪਾਉਂਦੀ ਹੈ।
ਹੁੰਘਾਰਾ ਭਰ ਨਹੀਂ ਹੁੰਦਾ ਤੇ ਨਾ ਹੀ ਨੀਂਦ ਆਉਂਦੀ ਹੈ।
-----
ਕਦੇ ਭੁੱਲਾ ਨਾ ਜਾਣੋ, ਸ਼ਾਮ ਤੱਕ ਜੋ ਪਰਤ ਆਉਂਦਾ ਹੈ,
ਸਵੇਰਾ ਉਸ ਸਮੇਂ ਸਮਝੋ, ਜਦੋਂ ਵੀ ਜਾਗ ਆਉਂਦੀ ਹੈ।
-----
ਸਮਾਂ ਕਿੱਦਾਂ ਭਰੂ? ਮੰਨਿਆਂ ਪੁਰਾਣਾ ਜ਼ਖ਼ਮ ਹੈ ਭਾਵੇਂ ,
ਸਿਤਮਗਰ ਯਾਦ ਹੀ ਜਦ ਰੋਜ਼ ਇਸ ਤੇ ਲੂਣ ਪਾਉਂਦੀ ਹੈ!
-----
ਪਤਾ ਲੱਗਦਾ ਕਿ ਸਦਮਾ ਬਿਰਖ਼ ਨੂੰ ਹੋਇਆ ਬੜਾ ਯਾਰੋ!
ਲਗਰ ਜਦ ਓਸਦੀ ਸਰਘੀ ਸਮੇਂ ਹੰਝੂ ਵਹਾਉਂਦੀ ਹੈ।
-----
ਬੜਾ ਨਜ਼ਰਾਂ ਨੂੰ ਮੋਂਹਦਾ ਹੈ ਉਹ ਸੂਹੇ ਰੰਗ ਦਾ ਜਾਦੂ,
ਸਵੇਰੇ ਜਦ ਨਦੀ ਕਿਰਨਾਂ ਦੇ ਪਾਣੀ ਨਾਲ਼ ਨ੍ਹਾਉਂਦੀ ਹੈ।
-----
ਦਿਨੇ ਹੀ ਨ੍ਹੇਰ ਜਾਪੇ, ਰਾਤ ਦੀ ਤਾਂ ਗੱਲ ਹੀ ਵੱਖਰੀ,
ਨਗਰ ਦੀ ਹਰ ਗਲੀ ਉਂਜ ਰਾਤ ਭਰ ਹੀ ਜਗਮਗਾਉਂਦੀ ਹੈ।
1 comment:
bahut vadhia ghazal.bimb bahut sohne varte gae han.
Post a Comment