ਸ਼ਾਖ਼ੋਂ ਟੁੱਟੇ, ਉਡ-ਉਡ ਥੱਕੇ, ਥਕ-ਥਕ ਹਾਰੇ ਪੀਲ਼ੇ ਪੱਤ।
ਮਿਲ਼ਿਆ ਨਹੀਂ ਟਿਕਾਣਾ, ਭਟਕਣ ਬਿਨਾ ਸਹਾਰੇ ਪੀਲ਼ੇ ਪੱਤ।
-----
ਏਹੋ ਹੀ ਸਨ ਸੁਪਨ ਸੁਹਾਣੇ ਰੁੰਡ-ਮਰੁੰਡ ਹੋਈਆਂ ਸ਼ਾਖ਼ਾਂ ਦੇ,
ਇਹੋ ਬਹਾਰਾਂ ਦੀ ਕੁਖ ਵਿਚ ਸਨ ਪਲ਼ਦੇ ਪਿਆਰੇ ਪੀਲ਼ੇ ਪੱਤ।
-----
ਕੱਲ੍ਹ ਤੀਕਰ ਜੋ ਜਿੰਦ ਜਨ ਸਨ ਖਿੜੀਆਂ ਬਾਗ਼ ਬਹਾਰਾਂ ਦੀ,
ਥਾਂ-ਥਾਂ ਮਿੱਟੀ ਵਿਚ ਉਹ ਰੁਲ਼ ਗਏ ਕਿਸਮਤ ਮਾਰੇ, ਪੀਲ਼ੇ ਪੱਤ।
-----
ਸਾਵੀ ਗੰਦਲ਼, ਕੈਲ, ਕਰੁੰਬਲ਼, ਗੋਭ, ਲਗਰ ਨੂੰ ਹਰ ਪਿਆਰੇ,
ਕੋਈ ਦਿਲ ਕਿਧਰੇ ਨਾ ਲੱਭਾ ਜਿਸਨੇ ਪਿਅਰੇ ਪੀਲ਼ੇ ਪੱਤ।
-----
ਧਰਤੀ ਤੇ ਆਕਾਸ਼ ਨੂੰ ਇਕ ਦਿਨ ਮਿਲ਼ਕੇ ਏਹੀ ਮੱਲਣਗੇ,
ਝੱਖੜ ਦਾ ਰਾਹ ਦੇਖ ਰਹੇ ਨੇ ਹੁਣ ਤਾਂ ਸਾਰੇ ਪੀਲ਼ੇ ਪੱਤ।
-----
ਭਾਵੇਂ ਹਨ ਇਹ ਬਿਨਾ ਸਹਾਰੇ ਪਰ ਇਹ ਨਹੀਂ ਨਕਾਰੇ ਮੂਲ,
ਇਕ ਨਾ ਇਕ ਦਿਨ ਕਰਕੇ ਰਹਿਣਗੇ ਹੁਣ ਤਾਂ ਕਾਰੇ ਪੀਲ਼ੇ ਪੱਤ।
------
ਆਕੀ ਅੱਜ ਬਹਾਰਾਂ ਤੋਂ ਹਨ ਤੇ ਹਨ ਬਾਗ਼ੀ ਬਾਗ਼ਾਂ ਤੋਂ,
ਬਣ ਚੁੱਕੇ ਹਨ ਅੱਜ ਬਗ਼ਾਵਤ ਦੇ ਅੰਗਿਆਰੇ ਪੀਲ਼ੇ ਪੱਤ।
No comments:
Post a Comment