ਨਜ਼ਮ
ਹਰ ਰੰਗ ਰਵਾਂ ਹੈ ਜ਼ਿੰਦਗੀ, ਇਸ ਨੂੰ ਹੈ ਮਾਣ ਲੈਣਾ ।
ਹਰ ਪਲ ‘ਚ ਮੌਤ ਹਾਜ਼ਰ, ਇਹ ਵੀ ਹੈ ਜਾਣ ਲੈਣਾ ।
ਹੁੰਦਾ ਹਮੇਸ਼ ਹੀ ਨਾ, ਹਰ ਪਲ ਸਦੀਵ ਸੁਹਣਾ,
ਚੰਗਾ ਹੈ ਜ਼ਹਿਮਤਾਂ ਨੂੰ , ਸੀਨੇ ‘ਤੇ ਸਾਣ ਲੈਣਾ ।
-----
ਇਹ ਭੇਖ ਸ਼ਕਲ ਸੂਰਤ, ਪੋਂਹਦੇ ਨਾ ਜਾਚਕਾਂ ਨੂੰ,
ਸੀਰਤ ਨੂੰ ਪਰਖ ਜਿਹਨਾਂ, ਬੰਦਾ ਸਿਆਣ ਲੈਣਾ ।
ਰੱਖੀਂ ਬਣਾ ਕੇ ਬੰਦੇ! ਜ਼ਿੰਦਗੀ ਦੀ ਰਾਸ ਏਦਾਂ,
ਕਲੀਆਂ ਤੋਂ ਸ਼ਾਨ ਲੈਣੀ, ਫੁੱਲਾਂ ਤੋਂ ਮਾਣ ਲੈਣਾ ।
-----
ਸੱਟਾਂ ਤੇ ਸੱਲ ਸਦਮੇ, ਉਹਨਾਂ ਦੀ ਆਸ਼ਿਕ਼ੀ ਹੈ,
ਗ਼ੈਰਾਂ ਦਾ ਦਰਦ ਜਿਹਨਾਂ, ਆਪਣਾ ਹੀ ਠਾਣ ਲੈਣਾ ।
ਸਮਿਆਂ ਦੇ ਗੇੜ ਧੋਖਾ, ਉਹਨਾਂ ਨੂੰ ਕੀ ਹੈ ਦੇਣਾ,
ਸਾਹਾਂ ਦੇ ਸੱਚ ਨੂੰ ਹੈ, ਜਿਹਨਾਂ ਪਛਾਣ ਲੈਣਾ ।
-----
ਉਹਨਾਂ ਨੂੰ ਹਾਦਸੇ ਕੀ, ਰਾਹਾਂ ਦੇ ਕੀ ਛਲਾਵੇ,
ਹਿੰਮਤ ਦੇ ਨਾਲ ਜਿਹਨਾਂ, ਨ੍ਹੇਰਾਂ ਨੂੰ ਛਾਣ ਲੈਣਾ ।
ਚੰਗਾ ਹੈ ਬਹੁਤ ਸੁਹਣਾ, ਆਸ਼ਾ ਇਹ ਜ਼ਿੰਦਗੀ ਦਾ,
ਫੁੱਲਾਂ ਤੋਂ ਸੁਹਜ ਲੈਣਾ, ਕੰਡਿਆਂ ਤੋਂ ਤਾਣ ਲੈਣਾ ।
No comments:
Post a Comment