
ਨਜ਼ਮ
ਤੇਰਾ ਮੋਹ ਸੀ ਬੜਾ
ਮੋਹ-ਮੋਹ ਵਿਚ ਬਣ ਗਿਆ –
ਤੂੰ ਹਰ ਪਲ ਦਾ ਮਾਲਕ
ਬਿਨ ਤੇਰੇ ਮੈਂ ਸਾਹ ਨਾ ਲੈਂਦੀ ।
.............
ਮੈਂ ਤੁਰਦੀ
ਤੂੰ ਅੰਗ-ਸੰਗ ਤੁਰਦਾ
ਹੱਥ ਵਿਛਾਉਂਦਾ –
ਮੇਰੇ ਪੈਰੀਂ
ਇੱਕ ਟੋਟਾ ਵੀ ਧੁੱਪ ਦਾ ਆਉਂਦਾ –
ਤੂੰ ਮੇਰੀ ਛਤਰੀ ਬਣ ਜਾਂਦਾ ।
............
ਨਿੱਕੇ-ਨਿੱਕੇ ਸਾਂ ਦੋਵੇਂ ਜਦ
ਮੋਹ ਨੇ ਆਪਣੀ ਜੜ੍ਹ ਲਾਈ ਸੀ
ਸੰਗ ਨਿਭਣ ਦੇ ਕੌਲ ਹੋ ਗਏ –
ਆਪ-ਮੁਹਾਰੇ
ਚੁੱਪ-ਚੁਪੀਤੇ ।
ਏਸੇ ਮੋਹ ਵਿਚ ਬੀਤ ਗਿਆ ਸੀ ਮੇਰਾ ਬਚਪਨ
ਪਰ ਤੇਰਾ ਮੋਹ
ਮੈਨੂੰ ਬੱਚਿਆਂ ਵਾਂਗ ਰੱਖਦਾ
ਸਭ ਕੁਝ ਸੀ ਤੇਰੇ ’ਤੇ ਨਿਰਭਰ ।
ਖ਼ੁਸ਼ ਸੀ ਮੇਰੀ ਜਿੰਦ ਕੁਆਰੀ
ਜੋ ਤੇਰੀ ਜਾਗੀਰ ਬਣੀ ਸੀ ।
...............
ਮੈਨੂੰ ਕੁਝ ਨਾ ਦਿਸਦਾ ਸੀ –
ਤੇਰੇ ਤੋਂ ਬਾਹਰ
ਤੇਰੇ ਅੰਦਰ
ਮੇਰੇ ਭਾਣੇ ਜੱਗ ਵਸਦਾ ਸੀ ।
ਫਿਰ ਇੱਕ ਦਿਨ ਕੀ ਪਰਲੋ ਆਈ
ਕਿਸੇ ਸਰਾਪ ਨੇ ਡੰਗਿਆ ਮੈਨੂੰ
ਤੇ ਤੂੰ ਮੈਥੋਂ ਦੂਰ ਹੋ ਗਿਆ ।
ਸੁੰਨਾ ਹੋ ਗਿਆ ਸਭ ਜੱਗ ਮੇਰਾ
ਹਵਾ ’ਚ ਉੱਡ ਗਈ ਛਤਰੀ ਮੇਰੀ
ਧੁੱਪ ’ਚ ਸੜਨੇ ਜੋਗੀ ਰਹਿ ਗਈ –
ਜਿੰਦ ਕੁਆਰੀ
ਕੱਲੀ-ਕਾਰੀ
ਤੈਨੂੰ ਲੱਭਦੀ ਨਜ਼ਰ ਘੁਮਾਉਂਦੀ –
ਚੌਹੀਂ ਪਾਸੀਂ
ਪਰ ਹਰ ਪਾਸੇ ਨ੍ਹੇਰਾ ਦਿਸਦਾ
ਮਨ ਕਰਦਾ ‘ਬੀਤਾ’ ਬਣ ਜਾਵਾਂ
ਨਹਿਰ, ਸੜਕ ਜਾਂ ਲਾਈਨ ਰੇਲ ਦੀ
ਹਰਦਮ ਮੈਨੂੰ ’ਵਾਜਾਂ ਲਾਉਂਦੇ ।
............
ਪਰ ਫਿਰ ਇਕ ਆਵਾਜ਼ ਸੀ
ਮੇਰੇ ਅੰਦਰੋਂ ਆਈ
ਜੀਵਨ ਦੇ ਸੂਰਜ ਦੀ
ਜਿਉਂ ਇਕ ਕਿਰਨ ਦਿਸੀ ਸੀ ।
ਪਿੱਛੇ ਮੁੜ ਕੇ ਤੱਕਿਆ ਤਾਂ
ਅਫ਼ਸੋਸ ਹੀ ਹੋਇਆ
ਆਪਣਾ ਆਪਾ ਕੈਦ ਕਰੀਂ ਰੱਖਿਆ ਮੈਂ ਕਿਉਂਕਰ
ਸੋਚ-ਉਡਾਰੀ
ਕਦੇ ਨਾ ਮਾਰੀ ।
............
ਫਿਰ ਤਾਂ ਮੈਂ ਦਰਵੇਸ਼ ਹੋ ਗਈ
ਮਨ ਵਿਚਲੇ ਸਭ ਗੀਤ ਸੀ ਗਾਏ
ਦਿਲ ਕਹਿੰਦਾ ਜਿੱਧਰ –
ਤੁਰ ਜਾਂਦੀ
ਖ਼ੁਦ ਜਾਗੀਰ ਸਾਂ ਪਹਿਲਾਂ
ਤੇ ਹੁਣ ਫਿਰਾਂ
ਸਾਗਰਾਂ ਦੀ ਥਹੁ ਪਾਉਂਦੀ ।
...........
ਹੁਣ ਜਿਊਂਦੀ ਹਾਂ
ਪਲ-ਪਲ
ਛਿਣ-ਛਿਣ
ਸਭ ਕੁਝ ਸਹਿਜ-ਸੁਭਾਅ ਵਿੱਚ ਹੁੰਦਾ ਹੈ –
ਤੇਰੇ ਬਿਨ ।
No comments:
Post a Comment